For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਕੌਸ਼ਲਤਾ ਦਾ ਝਲਕਾਰਾ ਦਿੰਦੀ ਖਿਦਰਾਣੇ ਦੀ ਜੰਗ

04:21 AM Jan 06, 2025 IST
ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਕੌਸ਼ਲਤਾ ਦਾ ਝਲਕਾਰਾ ਦਿੰਦੀ ਖਿਦਰਾਣੇ ਦੀ ਜੰਗ
ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ।
Advertisement

ਗੁਰਸੇਵਕ ਸਿੰਘ ਪ੍ਰੀਤ

Advertisement

ਅੱਜ ਤੋਂ ਕਰੀਬ 320 ਵਰ੍ਹੇ ਪਹਿਲਾਂ 1705 ਈਸਵੀ ਨੂੰ ਲੋਕਾਈ ਦੇ ਭਲੇ ਲਈ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਨਾਲ ਖਿਦਰਾਣੇ ਦੀ ਢਾਬ ’ਤੇ ਫ਼ੈਸਲਾਕੁਨ ਜੰਗ ਲੜੀ ਸੀ। ਇਹ ਜੰਗ ਦੁਨੀਆ ਦੀ ਅਸਾਵੀਂ ਜੰਗ ਸੀ। ਇਕ ਪਾਸੇ ਮੁੱਠੀ ਭਰ ਸਿੰਘ; ਦੂਜੇ ਪਾਸੇ ਮੁਗਲ ਸਾਮਰਾਜ ਤੇ ਪਹਾੜੀ ਰਾਜਿਆਂ ਦੇ ਵੱਡੇ ਲਾਮ ਲਸ਼ਕਰ ਪਰ ਜੰਗ ਦੌਰਾਨ ਗੁਰੂ ਜੀ ਨੇ ਯੁੱਧ ਕਲਾ ਦੀ ਕੌਸ਼ਲਤਾ, ਜੰਗੀ ਰਣਨੀਤੀ, ਹਿੰਮਤ, ਦਲੇਰੀ ਦਾ ਅਜਿਹਾ ਜਜ਼ਬਾ ਭਰਿਆ ਕਿ ਮੁੱਠੀ ਭਰ ਸਿੰਘਾਂ ਨੇ ‘ਸਵਾ ਲਾਖ ਸੇ ਏਕ ਲੜਾਊਂ’ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੁਗਲਾਂ ਨੂੰ ਮਾਤ ਦਿੱਤੀ।
ਜੰਗ ਵਾਲੇ ਕਾਲ ਵਿੱਚ ਇਹ ਥਾਂ ਰੇਤਲਾ ਇਲਾਕਾ ਸੀ। ਚਹੁੰ ਪਾਸੀਂ ਰੇਤਾ। ਰੇਤੇ ਦੇ ਉਚੇ ਟਿੱਬੇ। ਵਣ ਕਰੀਰ। ਟਿੱਬਿਆਂ ਦੇ ਵਿਚਕਾਰ ਪਾਣੀ ਦੀ ਢਾਬ। ਗੁਰੂ ਜੀ ਨੂੰ ਜੰਗੀ ਨੁਕਤਾ-ਨਜ਼ਰ ਤੋਂ ਇਹ ਥਾਂ ਢੁਕਵਾਂ ਲੱਗਿਆ। ਤੱਥਾਂ ਅਨੁਸਾਰ, ਇਹ ਲੜਾਈ 21 ਵਿਸਾਖ ਨੂੰ ਲੜੀ ਗਈ ਸੀ। ਜ਼ਾਹਿਰ ਹੈ ਕਿ ਉਪਰੋਂ ਸੂਰਜ ਅੱਗ ਵਰ੍ਹਾਉਂਦਾ ਹੋਵੇਗਾ ਤੇ ਥੱਲਿਓਂ ਭੱਠੀ ਬਣਿਆ ਰੇਤਾ ਸਾੜਦਾ ਹੋਵੇਗਾ। ਇਸ ਸੂਰਤ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਗੁਰੂ ਜੀ ਨੇ ਢਾਬ (ਜਿਥੇ ਮੀਂਹਾਂ ਦਾ ਪਾਣੀ ਇਕੱਤਰ ਹੋ ਜਾਂਦਾ ਹੈ) ’ਤੇ ਸਿੰਘਾਂ ਦੇ ਡੇਰੇ ਲਵਾ ਦਿੱਤੇ। ਕਰੀਰ, ਵਣ (ਜੰਗਲੀ ਰੁੱਖ ਜਿਸ ਨੂੰ ਪੀਲਾਂ ਲੱਗਦੀਆਂ ਹਨ) ਅਤੇ ਝਾੜ ਬੂਝਿਆਂ ਉਪਰ ਚਾਦਰਾਂ ਪਾ ਦਿੱਤੀਆਂ ਜਿਹੜੀਆਂ ਦੂਰੋਂ ਤੰਬੂਆਂ ਦਾ ਭੁਲੇਖਾ ਪਾਉਂਦੇ ਸਨ। ਗੁਰੂ ਜੀ ਨੇ ਖ਼ੁਦ ਦੂਰ ਉਚੀ ਟਿੱਬੀ ਮੱਲ ਲਈ। ਯੁੱਧ ਦਾ ਮੈਦਾਨ ਤਿਆਰ ਹੋ ਗਿਆ। ਜਦੋਂ ਮੁਗਲ ਫੌਜਾਂ ਪਿੱਛਾ ਕਰਦੀਆਂ ਇਥੇ ਪੁੱਜੀਆਂ ਤਾਂ ਉਹ ਝਾੜ ਬੂਝਿਆਂ ਉਪਰ ਪਾਈਆਂ ਚਾਦਰਾਂ ਨੂੰ ਤੰਬੂ ਸਮਝ ਕੇ ਘਬਰਾ ਗਈਆਂ। ਉਨ੍ਹਾਂ ਨੂੰ ਸੂਹ ਤਾਂ ਇਹ ਮਿਲੀ ਸੀ ਕਿ ਥੋੜ੍ਹੇ ਜਿਹੇ ਭੁੱਖੇ-ਪਿਆਸੇ ਸਿੰਘ ਹਨ ਪਰ ਇਥੇ ਤਾਂ ਸੈਂਕੜੇ ਤੰਬੂ ਲੱਗੇ ਹੋਏ ਹਨ! ਭਾਵ, ਵੱਡੀ ਗਿਣਤੀ ’ਚ ਫੌਜ ਹੈ। ਗੁਰੂ ਜੀ ਮੁਗਲ ਫੌਜਾਂ ਦੇ ਹੌਸਲੇ ਪਸਤ ਕਰਨ ਦੀ ਯੋਜਨਾ ’ਚ ਸਫਲ ਹੋ ਗਏ। ਘਬਰਾਏ ਮੁਗਲਾਂ ਉਪਰ ਸਿੰਘ ਟੁੱਟ ਕੇ ਪੈ ਗਏ। ਉਪਰ ਟਿੱਬੀ ’ਤੇ ਬੈਠੇ ਗੁਰੂ ਜੀ ਨੇ ਤੀਰਾਂ ਦੀ ਵਰਖਾ ਕਰ ਦਿੱਤੀ। ਜੰਗ ਦੌਰਾਨ ਹੀ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੰਘ ਵੀ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਆ ਗਏ।
ਵਰ੍ਹਦੀ ਅੱਗ ’ਚ ਗਹਿਗੱਚ ਲੜਾਈ ਹੋਈ। ਦਿਨ ਢਲਿਆ। ਲੜਾਈ ਰੁਕੀ। ਗੁਰੂ ਜੀ ਨੇ ਜ਼ਖਮੀ ਸਿੰਘਾਂ ਦੀ ਸਾਰ ਲਈ। ਆਸ਼ੀਰਵਾਦ ਦਿੱਤਾ। ਅਗਲਾ ਦਿਨ ਚੜ੍ਹਿਆ, ਯੁੱਧ ਹੋਇਆ। ਇਸ ਤਰ੍ਹਾਂ ਕੁਝ ਦਿਨ ਚੱਲਦਾ ਰਿਹਾ, ਤੇ ਅਖੀਰ ਜਿੰਨੇ ਕੁ ਮੁਗਲ ਬਚੇ ਸਨ, ਉਹ ਜਾਨ ਬਚਾਉਂਦੇ ਹੋਏ ਵਾਪਸ ਭੱਜ ਗਏ। ਗੁਰੂ ਜੀ ਨੇ ਜਿਊਂਦੇ ਸਿੰਘਾਂ ਦੀ ਪਿੱਠ ਥਾਪੜੀ। ਸ਼ਹੀਦੀ ਨੇੜੇ ਪੁੱਜੇ ਸਿੰਘਾਂ ਦੇ ਸਿਰ ਆਪਣੀ ਗੋਦ ’ਚ ਰੱਖ ਕੇ ਪੰਜ ਹਜ਼ਾਰੀ, ਦਸ ਹਜ਼ਾਰੀ, ਪੰਜਾਹ ਹਜ਼ਾਰੀ ਦੀਆਂ ਬਖਸ਼ਿਸ਼ਾਂ ਦਿੱਤੀਆਂ। ਭਾਈ ਮਹਾਂ ਸਿੰਘ ਦੀ ਅਰਜੋਈ ’ਤੇ ਬੇਦਾਵਾ ਪਾੜਦਿਆਂ, ਟੁੱਟੀ ਗੰਢੀ। ਸ਼ਹੀਦਾਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ।
ਸ਼ਹੀਦਾਂ ਦੇ ਖੂਨ ਨਾਲ ਪਵਿੱਤਰ ਹੋਈ ਇਹ ਧਰਤੀ ਦੀ ਹਿੱਕ ’ਤੇ ਲਿਖਿਆ- ‘ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ। ਹੋਏ ਸਾਬਤ ਜੂਝੇ ਜਬ ਬਡੈ ਮਰਤਬੋ ਲੀਨ।’ ਕ੍ਰਿਸ਼ਮਾ ਹੋ ਗਿਆ। ਖਿਦਰਾਣੇ ਦੀ ਢਾਬ, ਮੁਕਤੀ ਦਾ ਸਰ ਬਣ ਗਈ ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਕਰ ਕੇ ਜਾਣਿਆ ਜਾਂਦਾ ਹੈ।
ਪੁਰਾਤਨ ਚੇਤੇ ਫਰੋਲਿਆਂ ਪਤਾ ਲੱਗਦਾ ਹੈ ਕਿ ਪਹਿਲਾਂ ਇਥੇ ਸਰੋਵਰ ਵਜੋਂ ਛੱਪੜ ਹੁੰਦਾ ਸੀ; ਫਿਰ ਹੌਲੀ-ਹੌਲੀ ਛੋਟੀ ਇੱਟ ਦੀਆ ਇਮਾਰਤਾਂ ਬਣੀਆਂ। ਸਰੋਵਰ ਬਣਿਆ। 15 ਕੁ ਕਿਲੋਮੀਟਰ ਦੁਰਾਡੇ ਪਿੰਡ ਹਰੀਕੇ ਕਲਾਂ ਦੇ ਨਿਰਮਲੇ ਸੰਤ ਪਿੰਡੋਂ ਲੰਗਰ ਤਿਆਰ ਕਰਕੇ ਲਿਆਉਂਦੇ। ਸੰਗਤਾਂ ਨੂੰ ਛਕਾਉਂਦੇ। ਕਾਰ ਸੇਵਾ ਚੱਲਦੀ ਰਹਿੰਦੀ। ਉਨ੍ਹਾਂ ਸੰਤਾਂ ਨੂੰ ਭਾਈ ਲੰਗਰ ਸਿੰਘ ਕਿਹਾ ਜਾਣ ਲੱਗਿਆ। ਉਨ੍ਹਾਂ ਦੇ ਨਾਮ ’ਤੇ ਕੋਟ ਕਪੂਰਾ ਰੋਡ ’ਤੇ ਗੇਟ ਬਣਿਆ ਹੈ। ਇਥੇ ਵਿਸਾਖ ਮਹੀਨੇ ਮੇਲਾ ਲੱਗਦਾ ਸੀ ਪਰ ਹੁਣ ਵਿਸਾਖ ਦੀ ਬਜਾਇ ਮਾਘ ਮਹੀਨੇ ’ਚ ਮੇਲਾ ਲੱਗਦਾ ਹੈ। ਚਾਲੀ ਮੁਕਤਿਆਂ ਦੀ ਯਾਦ ਵਿੱਚ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ ਅਖੰਡ ਪਾਠਾਂ ਦੀ ਲੜੀ ਹਰ ਵਰ੍ਹੇ ਚਲਦੀ ਹੈ।
1945 ਵਿੱਚ ਗੁਰਦੁਆਰਾ ਐਕਟ-1925 ਵਿੱਚ ਤਰਮੀਮ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਸ੍ਰੀ ਪੰਜਾ ਸਾਹਿਬ ਨਾਲ ਸ੍ਰੀ ਦਰਬਾਰ ਸਾਹਿਬ ਮੁਕਤਸਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਰ ਦਿੱਤਾ। ਚਾਲੀ ਮੁਕਤਿਆਂ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਨੂੰ ‘ਸ੍ਰੀ ਦਰਬਾਰ ਸਾਹਿਬ’ ਦਾ ਮਾਣ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਮਹਾਰਾਜਾ ਹੀਰਾ ਸਿੰਘ ਨੇ ਕਰਵਾਈ। ਟਿੱਕਾ ਰਿਪੁਦਮਨ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ 700 ਮਣ ਦਾ ਨਿੱਗਰ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਇੰਗਲੈਂਡ ਤਿਆਰ ਹੋਇਆ। ਇਹ ਹੁਣ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸਸ਼ੋਭਤ ਹੈ। ਇਸ ਨੂੰ ਸਹਾਰਾ ਦੇਣ ਵਾਲੀ ਅਟਾਰੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਪੁਰਾਣੀ ਛੋਟੀ ਇੱਟ ਦੀ ਇਮਾਰਤ ਸਣੇ ਹੋਰ ਕਈ ਇਮਾਰਤਾਂ 1984 ਦੇ ਹਮਲੇ ਵਿੱਚ ਢਹਿ ਗਈਆਂ ਸਨ ਜਿਨ੍ਹਾਂ ਦਾ ਕਾਰ ਸੇਵਾ ਵਾਲੇ ਬਾਬਿਆਂ ਨਵ-ਨਿਰਮਾਣ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਸ਼ਹੀਦ ਗੰਜ ਸਾਹਿਬ, ਤੰਬੂ ਸਾਹਿਬ, ਮਾਈ ਭਾਗੋ, ਭਾਈ ਮਹਾਂ ਸਿੰਘ ਦੀਵਾਨ ਹਾਲ, ਅਜਾਇਬ ਘਰ, ਸਰਾ ਤੇ ਵਿਸ਼ਾਲ ਸਰੋਵਰ ਮੌਜੂਦ ਹੈ।
ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਬਹੁਤ ਵਿਉਂਤ ਨਾਲ ਪੱਤੀਆਂ (ਬਸਤੀਆਂ) ਬਣਾਈਆਂ ਗਈਆਂ ਹਨ ਜਿਥੇ ਕਾਰੀਗਰ, ਕਿਸਾਨ, ਪੁਜਾਰੀ, ਜੁਲਾਹੇ, ਬਾਜ਼ੀਗਰ ਰਹਿੰਦੇ ਹਨ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਹਨ।
14 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਸ ਧਰਤੀ ਨੂੰ ਸਿਜਦਾ ਕਰਨ ਅਤੇ ਖਿਦਰਾਣੇ ਦੀ ਜੰਗ ਦੇ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਲਈ ਦੁਨੀਆ ਭਰ ’ਚੋਂ ਆਏ ਲੱਖਾਂ ਸ਼ਰਧਾਲੂ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨਗੇ। 15 ਜਨਵਰੀ ਨੂੰ ਸ੍ਰੀ ਟੁੱਟੀ ਗੰਢੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਜਾਵੇਗਾ। ਉਥੇ ਨਿਹੰਗ ਸਿੰਘ ਗੱਤਕਾ ਬਾਜ਼ੀ ਦੇ ਜੌਹਰ ਦਿਖਾਉਣਗੇ।
ਆਓ, ਚਾਲੀ ਮੁਕਤਿਆਂ ਦੇ ਇਸ ਜੋੜ ਮੇਲ ਨਾਲ ਗੁਰੂ ਜੀ ਦੀ ਯੁੱਧ ਕੌਸ਼ਲਤਾ ਨੂੰ ਅਜੋਕੀ ਪੀੜ੍ਹੀ ਤੱਕ ਲੈ ਕੇ ਚੱਲੀਏ। ਸਿੱਖ ਧਰਮ ਦੇ ਅਸੂਲਾਂ ਨੂੰ ਸਮਝਣ ਤੇ ਅਪਣਾਉਣ ਦੇ ਨਾਲ-ਨਾਲ ਜ਼ੁਲਮ ਨਾਲ ਟਾਕਰਾ ਲੈਣ ਦੀ ਹਿੰਮਤ ਇਕੱਠੀ ਕਰੀਏ ਅਤੇ ਪੁਰਾਤਨ ਵਿਰਸੇ ਨੂੰ ਸਾਂਭੀਏ।
ਸੰਪਰਕ: 88472-98293

Advertisement

Advertisement
Author Image

Jasvir Samar

View all posts

Advertisement