ਕਦ ਡਰਦਾ ਹੈ ਕਵੀ...
ਅਮੋਲਕ ਸਿੰਘ
ਚੋਟੀ ਦੇ ਇਨਕਲਾਬੀ ਸ਼ਾਇਰ ਵਰਵਰਾ ਰਾਓ ਅਤੇ ਵਿਸ਼ਵ ਪ੍ਰਸਿੱਧ ਖੋਜੀ ਲੇਖਿਕਾ ਅਰੁੰਧਤੀ ਰਾਏ ਦੋ ਵਰ੍ਹੇ ਪਹਿਲਾਂ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੱਦੇ ’ਤੇ ਸ਼ਕਤੀ ਕਲਾ ਮੰਦਰ, ਬਰਨਾਲਾ ਇਕੋ ਮੰਚ ’ਤੇ ਇਕੋ ਵੇਲੇ ਸੰਬੋਧਨ ਕਰਨ ਆਏ। ਦੋਵਾਂ ਨੇ ਪੰਜਾਬ ਵਾਸੀਆਂ ਨੂੰ ਪੰਜਾਬੀ ਕਵੀ ਪਾਸ਼ ਦੇ ਕਾਵਿ ਹਵਾਲੇ ਨਾਲ ਮੁਖ਼ਾਤਬਿ ਹੁੰਦਿਆਂ ਸੁਚੇਤ ਕੀਤਾ ਸੀ ਕਿ ਕਿਸੇ ਕੀਮਤ ’ਤੇ ਵੀ ਸਾਡੇ ਸੁਪਨੇ ਨਹੀਂ ਮਰਨੇ ਚਾਹੀਦੇ:
ਸਭ ਤੋਂ ਖ਼ਤਰਨਾਕ
ਪੇਟ ਦੀ ਭੁੱਖ ਨਹੀਂ ਹੁੰਦੀ
ਸਭ ਤੋਂ ਖ਼ਤਰਨਾਕ
ਪੁਲੀਸ ਦੀ ਕੁੱਟ ਨਹੀਂ ਹੁੰਦੀ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ।
ਇਹ ਵੀ ਮੌਕਾ ਮੇਲ ਹੀ ਸਮਝੋ ਕਿ ਦੋਵੇਂ ਬੁਲਾਰਿਆ ਨੇ ਜਿੱਥੇ ਪਾਸ਼ ਦੇ ਉਪਰੋਕਤ ਫ਼ਿਕਰ ਦੀ ਬਾਂਹ ਫੜੀ, ਉੱਥੇ ਆਪੋ ਆਪਣੀ ਤਕਰੀਰ ਦਾ ਸਿਖਰਲਾ ਤੋੜਾ ਪਾਸ਼ ਦੀ ਹੀ ਕਵਿਤਾ ਨਾਲ ਪੈਗ਼ਾਮ ਰੂਪੀ ਅੰਦਾਜ਼ ’ਚ ਛੱਡਿਆ:
ਅਸੀਂ ਲੜਾਂਗੇ ਸਾਥੀ
ਜਦੋਂ ਤਕ ਲੜਨ ਦੀ ਲੋੜ ਹੋਵੇਗੀ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ।
ਇਹ ਗਰਮ ਹਵਾ ਦਾ ਉਹ ਵੇਲਾ ਸੀ ਜਦੋਂ ਜੰਗਲ, ਜਲ, ਜ਼ਮੀਨ ਉਪਰ ਕਾਰਪੋਰੇਟ ਘਰਾਣਿਆਂ ਨੇ ਧਾਵਾ ਬੋਲ ਰੱਖਿਆ ਸੀ। ਜਦੋਂ ਆਦਿਵਾਸੀ ਕਾਮਿਆਂ ਦੇ 600 ਪਿੰਡ ਅਗਨੀ ਭੇਟ ਕਰ ਦਿੱਤੇ ਸੀ। ਜਦੋਂ ਸਲਵਾ ਜੁਡਮ ਵਰਗੀਆਂ ਨਿੱਜੀ ਫ਼ੌਜਾਂ ਨੇ ਹਕੂਮਤੀ ਮਸ਼ੀਨਰੀ ਦੀ ਸੁਰੱਖਿਆ ਛਤਰੀ ਸਦਕਾ ਜੰਗਲ ਦੇ ਜਾਇਆਂ ਨੂੰ ਉਜਾੜਨ, ਬੇਪੱਤ-ਉਧਾਲੇ ਕਰਨ ਅਤੇ ਫ਼ਰਜ਼ੀ ਮੁਕਾਬਲਿਆਂ ਦੀ ਹਨੇਰਗਰਦੀ ਮਚਾ ਕੇ ਮਾਰ-ਮੁਕਾਉਣ ਦਾ ਸਿਲਸਿਲਾ ਜੋਬਨ ’ਤੇ ਪਹੁੰਚਾ ਰੱਖਿਆ ਸੀ। ਜਦੋਂ ਕਲਮ, ਕਲਾ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਮੌਲਿਕ ਆਜ਼ਾਦੀ ਸੰਗੀਨਾਂ ’ਤੇ ਟੰਗ ਰੱਖੀ ਸੀ।
ਦੋਵੇਂ ਬੁੱਧੀਮਾਨ ਬੁਲਾਰਿਆਂ ਨੇ ਭਵਿੱਖ ਦੀ ਬੁੱਕਲ ’ਚ ਜਨਿ੍ਹਾਂ ਖ਼ਤਰਿਆਂ ਵੱਲ ਸੈਨਤਾਂ ਕੀਤੀਆਂ, ਅੱਜ ਊਹ ਸਭ ਕੁਝ ਆਵਾਮ ਦੇ ਸਾਹਮਣੇ ਹੈ। ਉਨ੍ਹਾਂ ਦਾ ਸਪਸ਼ਟ ਇਸ਼ਾਰਾ ਸੀ ਕਿ ਇਹ ਲੋਕਾਂ ਖ਼ਿਲਾਫ਼ ਜੰਗ ਹੈ। ਇਹ ਜੰਗਲ ਤਕ ਸੀਮਤ ਨਹੀਂ ਰਹੇਗੀ। ਇਹ ਨਾ ਸਮਝੋ ਕਿ ਜਮਹੂਰੀ ਹੱਕਾਂ ਉਪਰ ਝਪਟਦੇ ਮਾਰੂ ਪੰਜਿਆਂ ਦੀ ਜਕੜ ਵਿਚ ਸਿਰਫ਼ ਕਸ਼ਮੀਰ ਦੀਆਂ ਘਾਟੀਆਂ ਹੀ ਰਹਿਣਗੀਆਂ। ਜੇਕਰ ਜਾਗਦੇ ਲੋਕਾਂ ਦੀ ਸੂਝ-ਬੂਝ ਭਰੀ ਆਵਾਜ਼, ਉਹ ਵੀ ਸ਼ਕਤੀਸ਼ਾਲੀ ਆਵਾਜ਼ ਸਾਹਮਣੇ ਨਾ ਆਈ ਤਾਂ ਦੇਸ਼ ਨੂੰ ਇਸ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਵੇਗੀ।
ਅੱਜ ਜੇ.ਐਨ.ਯੂ., ਜਾਮੀਆ ਮਿਲੀਆ, ਸ਼ਾਹੀਨ ਬਾਗ਼ ਸਮੇਤ ਹਰ ਥਾਂ ਫਿਜ਼ਾ ਅੰਦਰ, ਸੁੰਨ-ਮਸਾਨ ਵਿਹੜਿਆਂ ਅੰਦਰ ਫੈਲੀ ਕਬਰਾਂ ਵਰਗੀ ਚੁੱਪ ਵੀ ਹੈ। ਧਰਤੀ ਹੇਠ ਪਲਦਾ ਲਾਵਾ ਵੀ ਹੈ। ਸੁੱਤੇ, ਸੁੱਤੇ ਅਤੇ ਜਾਗਦੇ ਖੇਤ ਵੀ ਹਨ।
ਬਰਨਾਲਾ ਦੇ ਇਸ ਮੰਚ ’ਤੇ ਵਰਵਰਾ ਰਾਓ ਨਾਲ ਹੋਈਆਂ ਗੱਲਾਂ ’ਚ ਇਕ ਮਹੱਤਵਪੂਰਨ ਗੱਲ ਇਹ ਸੀ ਕਿ ਉਸ ਦੇ ਚਿੰਤਨ ਵਿਚ ਇਹ ਵਿਸ਼ਵਾਸ ਜਿਉਂਦਾ, ਜਾਗਦਾ ਅਤੇ ਰੜਕਦਾ ਸੀ ਕਿ ਸਥਾਪਤੀ ਜਿੰਨੀ ਮਰਜ਼ੀ ਬਲਵਾਨ ਜਾਪਦੀ ਹੋਵੇ, ਉਹ ਸੱਚ ਨਾਲੋਂ ਅਤੇ ਮਿਹਨਤਕਸ਼ ਲੋਕਾਂ ਨਾਲੋਂ ਕਦੇ ਵੀ ਸ਼ਕਤੀਸ਼ਾਲੀ ਨਹੀਂ ਹੁੰਦੀ। ਅਪਰੇਸ਼ਨ ਗਰੀਨ ਹੰਟ ਅਤੇ ਚੌਤਰਫੇ਼ ਹੱਲੇ ਦਾ ਵਰਤਾਰਾ ਕਵੀ ਵਰਵਰਾ ਰਾਓ ਦੀ ਗੱਲਬਾਤ ਵਿਚ ਇਉਂ ਸਮੋਇਆ ਸੀ ਕਿ ਇਹ ਨਾ ਨਵਾਂ-ਨਵੇਲਾ ਹੈ ਅਤੇ ਨਾ ਹੀ ਇਸ ਦਾ ਭਵਿੱਖ ਹੈ। ਹਿਟਲਰ, ਮਸੋਲਨਿੀ ਦੀ ਸੱਤਾ ਦੇ ਖੰਡਰਾਂ ਵਿਚੋਂ ਖਿੜੇ ਸੂਹੇ ਫੁੱਲਾਂ ਦੀ ਮਹਿਕ ਉਸ ਦੇ ਬੋਲਾਂ ਅਤੇ ਕਵਿਤਾਵਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਸੀ।
ਅੱਜ ਜਦੋਂ ਪੂਰੇ ਦੇਸ਼ ਅੰਦਰ ਉਨ੍ਹਾਂ ਦੀ ਸਿਹਤਯਾਬੀ ਅਤੇ ਰਿਹਾਈ ਲਈ ਆਵਾਜ਼ ਉੱਠ ਰਹੀ ਹੈ ਤਾਂ ਪੌਣਾਂ ਅੰਦਰ ਉਨ੍ਹਾਂ ਦੀ ਹੀ ਕਵਿਤਾ ਦੇ ਬੋਲ, ਗੀਤ ਬਣ ਕੇ ਗੂੰਜਦੇ ਪ੍ਰਤੀਤ ਹੁੰਦੇ ਹਨ:
ਕਦ ਡਰਦਾ ਹੈ ਦੁਸ਼ਮਣ ਕਵੀ ਤੋਂ?
ਜਦ ਕਵੀ ਦੇ ਗੀਤ ਹਥਿਆਰ ਬਣ ਜਾਂਦੇ ਨੇ
ਉਹ ਕੈਦ ਕਰ ਲੈਂਦਾ ਹੈ ਕਵੀ ਨੂੰ
ਫਾਂਸੀ ’ਤੇ ਚੜ੍ਹਾਉਂਦਾ ਹੈ
ਫਾਂਸੀ ਦੇ ਇਕ ਪਾਸੇ ਹੁੰਦੀ ਹੈ ਸਰਕਾਰ
ਦੂਜੇ ਪਾਸੇ ਅਮਰਤਾ
ਕਵੀ ਜਿਉਂਦਾ ਹੈ ਆਪਣੇ ਗੀਤਾਂ ’ਚ
ਅਤੇ ਗੀਤ ਜਿਉਂਦਾ ਹੈ ਲੋਕਾਂ ਦੇ ਦਿਲਾਂ ’ਚ।
ਸੰਪਰਕ: 94170-76735