ਜਦੋਂ ਮੈਂ ਔਨਲਾਈਨ ਠੱਗੀ ਦਾ ਸ਼ਿਕਾਰ ਹੁੰਦਾ-ਹੁੰਦਾ ਬਚਿਆ...
ਡਾ. ਸੰਦੀਪ ਸਿੰਘ ਮੁੰਡੇ *
ਮੈਂ ਆਪਣੇ ਰੁਟੀਨ ਮੁਤਾਬਿਕ ਸਵੇਰੇ ਸੈਰ ਮਗਰੋਂ ਨਹਾ-ਧੋ ਕੇ ਆਪਣਾ ਲੈਪਟਾਪ ਖੋਲ੍ਹ ਇੱਕ ਖੋਜ ਪੱਤਰ ਲਿਖਣ ਲਈ ਬੈਠਾ ਹੀ ਸੀ ਕਿ ਮੇਰੇ ਮੋਬਾਈਲ ਦੀ ਘੰਟੀ ਵੱਜੀ। ਮੈਂ ਸਪੀਕਰ ’ਤੇ ਫੋਨ ਕਰਕੇ ਸੁਣਿਆ ਤਾਂ ਕੰਪਿਊਟਰ ਨੇ ਬੋਲਣਾ ਸ਼ੁਰੂ ਕੀਤਾ, ‘‘ਇਹ ਕਾਲ ਤੁਹਾਨੂੰ ਇੰਡੀਅਨ ਪੋਸਟ ਦੀ ਇੰਟਰਨੈਸ਼ਨਲ ਸਰਵਿਸ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਮੁਆਫ਼ੀ ਨਾਲ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਰਜਿਸਟਰ ਪਾਰਸਲ ਦਿੱਤੇ ਐਡਰੈੱਸ ’ਤੇ ਨਹੀਂ ਪਹੁੰਚ ਸਕਿਆ। ਜੇਕਰ ਤੁਸੀਂ ਇਸ ਪਾਰਸਲ ਬਾਰੇ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਪੰਜ ਦਬਾਓ।’’ ਮੈਂ ਇਹ ਸੁਣ ਕੇ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਮੇਰੀ ਕਿਹੜੀ ਰਜਿਸਟਰਡ ਪਾਰਸਲ ਨੂੰ ਇੰਡੀਅਨ ਪੋਸਟ ਦਿੱਤੇ ਐਡਰੈੱਸ ’ਤੇ ਨਹੀਂ ਪਹੁੰਚਾ ਸਕਿਆ। ਇੰਨੇ ਨੂੰ ਦੁਬਾਰਾ ਆਵਾਜ਼ ਆਈ, ‘‘ਜੇਕਰ ਤੁਸੀਂ ਆਪਣੇ ਪਾਰਸਲ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੰਜ ਦਬਾਓ।’’ ਮੈਂ ਤੁਰੰਤ ਪੰਜ ਦੱਬ ਦਿੱਤਾ। ਫਿਰ ਕੰਪਿਊਟਰ ਬੋਲਿਆ ਕਿ ਤੁਸੀਂ ਹਿੰਦੀ ਜਾਂ ਅੰਗਰੇਜ਼ੀ ਵਿੱਚੋਂ ਕਿਹੜੀ ਭਾਸ਼ਾ ਵਿੱਚ ਕਸਟਮਰ ਕੇਅਰ ਨਾਲ ਗੱਲ ਕਰਨਾ ਚਾਹੋਗੇ ਤਾਂ ਮੈਂ ਹਿੰਦੀ ਨੂੰ ਚੁਣ ਲਿਆ।
ਕੁਝ ਸਕਿੰਟਾਂ ਬਾਅਦ ‘ਹੈਲੋ’ ਦੀ ਆਵਾਜ਼ ਆਈ ਤੇ ਕਸਟਮਰ ਕੇਅਰ ਵਾਲੇ ਨੇ ਕਿਹਾ, ‘‘ਭਾਰਤੀ ਡਾਕ ਦੀ ਇੰਟਰਨੈਸ਼ਨਲ ਸੇਵਾ ਵਿੱਚ ਤੁਹਾਡਾ ਸਵਾਗਤ ਹੈ,
ਕਸਟਮਰ ਕੇਅਰ ਵਾਲੇ ਨੇ ਦੱਸਿਆ ਕਿ ਸਾਡਾ ਫ਼ਰਜ਼ ਹੈ ਕਿ ਜੋ ਪਾਰਸਲ ਦਿੱਤੇ ਪਤੇ ’ਤੇ ਨਹੀਂ ਪਹੁੰਚਦੇ, ਅਸੀਂ ਉਸ ਦੀ ਜਾਣਕਾਰੀ ਭੇਜਣ ਵਾਲੇ ਨਾਲ ਸਾਂਝੀ ਕਰਦੇ ਹਾਂ। ਇਸ ਕਰਕੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਆਧਾਰ ਕਾਰਡ ਦੀ ਡਿਟੇਲਜ਼ ਨੂੰ ਕਿਸੇ ਨੇ ਮਿਸਯੂਜ਼ (ਦੁਰਵਰਤੋਂ) ਕੀਤਾ ਹੋਵੇ। ਇਸ ਲਈ ਤੁਸੀਂ ਕਾਪੀ ਪੈੱਨ ਲਓ ਅਤੇ ਪਾਰਸਲ ਦੀ ਪੂਰੀ ਜਾਣਕਾਰੀ ਨੋਟ ਕਰ ਲਓ। ਉਸ ਨੇ ਪਾਰਸਲ ਭੇਜਣ ਦਾ ਰਜਿਸਟਰਡ ਨੰਬਰ ਦੱਸਦਿਆਂ ਕਿਹਾ ਕਿ ਇਹ ਪਾਰਸਲ 5 ਸਤੰਬਰ 2024 ਨੂੰ ਇੰਡੀਅਨ ਇੰਟਰਨੈਸ਼ਨਲ ਸਰਵਿਸ, ਅੰਧੇਰੀ ਈਸਟ ਮੁੰਬਈ ਬਰਾਂਚ ਵਿੱਚ ਰਜਿਸਟਰਡ ਕਰਵਾਇਆ ਗਿਆ ਸੀ ਅਤੇ ਇਸ ਨੂੰ ਸ਼ੇਖ਼ ਅਬਦੁਲ ਗਫਾਰ ਨੂੰ ਭੇਜਿਆ ਜਾਣਾ ਸੀ। ਉਸ ਨੇ ਮੈਨੂੰ ਸ਼ੇਖ਼ ਅਬਦੁਲ ਗਫਾਰ ਦਾ ਮੋਬਾਈਲ ਨੰਬਰ, ਪੂਰਾ ਪਤਾ ਅਤੇ ਪਿੰਨ ਕੋਡ ਤੱਕ ਦੱਸਦਿਆਂ ਕਿਹਾ ਕਿ ਇਸ ਪਾਰਸਲ ਨੂੰ ਕਸਟਮ ਵਿਭਾਗ ਵਾਲਿਆਂ ਨੇ ਜ਼ਬਤ ਕਰ ਲਿਆ ਹੈ ਕਿਉਂਕਿ ਇਸ ਵਿੱਚੋਂ 9 ਪੁਲੀਸ ਵਰਦੀਆਂ, 13 ਪੁਲੀਸ ਆਈ ਕਾਰਡ, 150 ਗ੍ਰਾਮ ਕੇਟਾਮੀਨ ਡਰੱਗ ਅਤੇ 3 ਡੈਬਿਟ ਕਾਰਡ ਫੜੇ ਗਏ ਹਨ।
ਮੈਂ ਇਹ ਸੁਣਦੇ ਹੀ ਘਬਰਾ ਗਿਆ। ਮੈਂ ਉਸ ਨੂੰ ਕਿਹਾ, ‘‘ਮੈਂ ਕਿਵੇਂ ਯਕੀਨ ਕਰਾਂ ਕਿ ਤੁਸੀਂ ਇੰਡੀਅਨ ਪੋਸਟ ਵਿਭਾਗ ਤੋਂ ਹੀ ਗੱਲ ਕਰ ਰਹੇ ਹੋ?’’ ਉਸ ਨੇ ਆਪਣਾ ਨਾਮ ਸੁਨੀਲ ਵਰਮਾ ਦੱਸਿਆ ਅਤੇ ਆਪਣਾ ਆਈ.ਡੀ. ਨੰਬਰ ਵੀ ਮੈਨੂੰ ਨੋਟ ਕਰਵਾਇਆ। ਉਸ ਨੇ ਮੇਰੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਸ਼ਿਕਾਇਤ ਪੁਲੀਸ ਥਾਣੇ ਦੇ ਦਿਓ ਤਾਂ ਜੋ ਤੁਹਾਡਾ ਬਚਾਅ ਹੋ ਸਕੇ, ਜੇਕਰ ਤੁਸੀਂ ਔਨਲਾਈਨ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਕਾਲ ਮੁੰਬਈ ਪੁਲੀਸ ਦੀ ਸਾਈਬਰ ਕ੍ਰਾਈਮ ਟੀਮ ਨੂੰ ਟਰਾਂਸਫਰ ਕਰ ਦਿੰਦਾ ਹਾਂ। ਔਨਲਾਈਨ ਸ਼ਿਕਾਇਤ ਦੀ ਗੱਲ ਸੁਣ ਕੇ ਮੈਂ ਇਸ ਲਈ ਹਾਮੀ ਭਰ ਦਿੱਤੀ। ਕੁਝ ਸਮੇਂ ਬਾਅਦ ਉਹ ਕਾਲ ਮੁੰਬਈ ਪੁਲੀਸ ਥਾਣੇ ਵਿੱਚ ਟਰਾਂਸਫਰ ਹੋ ਗਈ। ਉਨ੍ਹਾਂ ਮੇਰਾ ਸਵਾਗਤ ਕਰਦਿਆਂ ਕਿਹਾ, ‘‘ਜੇਕਰ ਤੁਹਾਡੇ ਨਾਲ ਕੋਈ ਔਨਲਾਈਨ ਫਰਾਡ ਜਾਂ ਕੁਝ ਗ਼ਲਤ ਹੋਇਆ ਹੈ ਤਾਂ ਜਾਣਕਾਰੀ ਡਿਟੇਲ ਵਿੱਚ ਦਰਜ ਕਰਵਾ ਦਿਓ।’’ ਮੈਂ ਇੰਡੀਅਨ ਪੋਸਟ ਦੇ ਕਸਟਮਰ ਕੇਅਰ ਵੱਲੋਂ ਦਿੱਤੀ ਜਾਣਕਾਰੀ ਨੋਟ ਕਰਵਾ ਦਿੱਤੀ। ਉਸਨੇ ਮੈਨੂੰ ਕਿਹਾ ਕਿ ਤੁਸੀਂ ਕਾਲ ਕੱਟਣੀ ਨਹੀਂ, ਅਸੀਂ ਤੁਹਾਡੀ ਛੇਤੀ ਹੀ ਮਦਦ ਕਰਦੇ ਹਾਂ।
ਇੱਕ ਟਿਊਨ ਵੱਜਣ ਮਗਰੋਂ ਉਹ ਕਾਲ ਇੱਕ ਹੋਰ ਪੁਲੀਸ ਅਧਿਕਾਰੀ ਨੇ ਚੁੱਕੀ ਤੇ ਕਿਹਾ, ‘‘ਤੁਹਾਡਾ ਮਾਮਲਾ ਬਹੁਤ ਹੀ ਪੇਚੀਦਾ ਹੈ। ਜੇਕਰ ਤੁਸੀਂ ਔਨਲਾਈਨ ਮਦਦ ਚਾਹੁੰਦੇ ਹੋ ਤਾਂ ਮੁੰਬਈ ਪੁਲੀਸ ਵੱਲੋਂ ਤੁਹਾਡੇ ਕੋਲ ਵੱਟਸਐਪ ਕਾਲ ਆਵੇਗੀ। ਤੁਸੀਂ ਉਸ ਨੂੰ ਰਿਸੀਵ ਕਰਕੇ ਆਪਣੀ ਕਹਾਣੀ ਬਿਆਨ ਕਰ ਦੇਣਾ।’’ ਫੋਨ ਕੱਟਦੇ ਹੀ ਮੇਰੇ ਕੋਲ ਮੁੰਬਈ ਪੁਲੀਸ ਦੇ ਨਾਂ ਹੇਠਾਂ ਵੱਟਸਐਪ ਵੀਡੀਓ ਕਾਲ ਆ ਗਈ ਤੇ ਮੈਂ ਉਸਨੂੰ ਅਟੈਂਡ ਕਰ ਲਿਆ। ਪੁਲੀਸ ਦੀ ਵਰਦੀ ਪਾਈ ਅਧਿਕਾਰੀ ਬਣੇ ਬੈਠੇ ਇੱਕ ਬੰਦੇ, ਜਿਸ ਦਾ ਦਫ਼ਤਰ ਥਾਣਾ ਹੀ ਜਾਪਦਾ ਸੀ, ਨੇ ਮੈਥੋਂ ਸਾਰੀ ਗੱਲ ਪੁੱਛ ਕੇ ਕਿਹਾ, ‘‘ਤੁਸੀਂ ਔਨਲਾਈਨ ਰਹਿਣਾ, ਮੈਂ ਤੁਹਾਡੀ ਰਿਪੋਰਟ ਚੈੱਕ ਕਰਵਾਉਂਦਾ ਹਾਂ।’’ ਫਿਰ ਉਸ ਨੇ ਦੋ ਤਿੰਨ ਜਗ੍ਹਾ ’ਤੇ ਗੱਲ ਕੀਤੀ। ਉਸ ਗੱਲਬਾਤ ਦੀ ਰਿਕਾਰਡਿੰਗ ਮੈਨੂੰ ਵੀ ਸੁਣੀ। ਉਹ ਇੱਕ ਦੂਜੇ ਨੂੰ ਜੈ ਹਿੰਦ ਸਰ, ਜੈ ਹਿੰਦ ਸਰ ਕਰਕੇ ਗੱਲ ਕਰ ਰਹੇ ਸਨ ਜਿਸ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ ਕਿ ਉਹ ਅਸਲੀ ਹਨ ਜਾਂ ਨਕਲੀ। ਉਹ ਕੁਝ ਸਮਾਂ ਵੀਡੀਓ ਕਾਲ ’ਤੇ ਰਹਿ ਕੇ ਮੈਨੂੰ ਆਪਣੀ ਸ਼ਕਲ ਦਿਖਾਉਂਦਾ ਰਿਹਾ। ਉਸ ਨੇ ਆਪਣੇ ਆਪ ਨੂੰ ਜਾਂਚ ਅਧਿਕਾਰੀ ਅਨਵਰ ਰਾਣਾ ਵਜੋਂ ਪੇਸ਼ ਕੀਤਾ। ਫਿਰ ਉਸ ਨੇ ਕਿਹਾ, ‘‘ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੇਸ ਦਾ ਔਨਲਾਈਨ ਹੀ ਨਿਪਟਾਰਾ ਹੋ ਜਾਏ ਤਾਂ ਤੁਸੀਂ ਕਾਲ ’ਤੇ ਬਣੇ ਰਹਿਣਾ।’’ ਮੈਂ ਸੋਚਿਆ ਕਿ ਔਨਲਾਈਨ ਪੈਰਵੀ ਨਾਲ ਖਹਿੜਾ ਛੁੱਟ ਜਾਵੇਗਾ ਤਾਂ ਠੀਕ ਹੈ, ਪਰ ਇਹ ਮੇਰੇ ਮਨ ਦਾ ਵਹਿਮ ਸੀ।
ਉਸ ਨੇ ਕੁਝ ਸਮੇਂ ਬਾਅਦ ਮੈਨੂੰ ਕਿਹਾ, ‘‘ਅਸੀਂ ਤੁਹਾਡੇ ਆਧਾਰ ਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਤੁਹਾਡੇ ਤਿੰਨ ਬੈਂਕ ਖਾਤੇ ਦੁਬਈ ਵਿੱਚ ਐਕਟਿਵ ਹਨ, ਜਿਨ੍ਹਾਂ ਰਾਹੀਂ ਮਨੀ ਲਾਂਡਰਿੰਗ ਕਰਕੇ 2 ਕਰੋੜ 52 ਲੱਖ ਰੁਪਏ ਦੀ ਟੈਰਰ ਫੰਡਿੰਗ ਹੋਈ ਹੈ।’’ ਇਹ ਸੁਣਦਿਆਂ ਹੀ ਮੈਂ ਸੁੰਨ ਹੋ ਗਿਆ। ਮੈਂ ਕਿਹਾ, ‘‘ਇਹ ਕਿਵੇਂ ਸੰਭਵ ਹੈ? ਮੈਂ ਆਪਣੇ ਸ਼ਹਿਰ ਤੋਂ ਇਲਾਵਾ ਕਿਸੇ ਹੋਰ ਥਾਂ ਕੋਈ ਬੈਂਕ ਖਾਤਾ ਨਹੀਂ ਖੁਲ੍ਹਵਾਇਆ।’’ ਉਸ ਨੇ ਕਿਹਾ, ‘‘ਅਸੀਂ ਪੂਰੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਿਆ ਹੈ ਕਿਉਂਕਿ ਸਾਡੇ ਕੋਲ ਮੁਹੰਮਦ ਇਸਮਾਈਲ ਨਾਲ ਜੁੜੇ 194 ਕੇਸ ਰਜਿਸਟਰਡ ਹਨ। ਅਸੀਂ ਤਹਿ-ਦਰ-ਤਹਿ ਇਨ੍ਹਾਂ ਕੇਸਾਂ ਨੂੰ ਇਨਵੈਸਟੀਗੇਟ ਕਰ ਰਹੇ ਹਾਂ। ਮੁਹੰਮਦ ਇਸਮਾਈਲ ਇੱਕ ਬਹੁਤ ਵੱਡਾ ਮੁਜਰਮ ਹੈ ਅਤੇ ਉਸ ਨਾਲ ਇੱਕ ਬੈਂਕ ਦਾ ਸਾਬਕਾ ਮੈਨੇਜਰ ਅਨੁਰਾਗ ਵੀ ਜੁੜਿਆ ਹੋਇਆ ਹੈ। ਇਨ੍ਹਾਂ ਦਾ ਇੱਕ ਵੱਡਾ ਗਰੋਹ ਹੈ। ਹੁਣ ਇਹ ਦੋਵੇਂ ਜੇਲ੍ਹ ਵਿੱਚ ਬੰਦ ਹਨ। ਫਿਰ ਵੀ ਇਨ੍ਹਾਂ ਦੇ ਸਲੀਪਰ ਸੈੱਲ ਅਤੇ ਗੁਰਗੇ ਕੰਮ ਕਰ ਰਹੇ ਹਨ। ਕੇਟਾਮੀਨ ਡਰੱਗ, ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਦੇ ਕੇਸ ਗ਼ੈਰ-ਜ਼ਮਾਨਤੀ ਹੁੰਦੇ ਹਨ। ਇਸ ਲਈ ਤੁਹਾਨੂੰ ਤੁਰੰਤ ਫੜ ਕੇ ਮੁੰਬਈ ਲਿਆਂਦਾ ਜਾਵੇਗਾ ਅਤੇ ਥਰਡ ਡਿਗਰੀ ਦਾ ਇਸਤੇਮਾਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਔਨਲਾਈਨ ਕਸਟਡੀ ਵਿੱਚ ਲੈ ਕੇ ਤੁਹਾਥੋਂ ਪੁੱਛਗਿੱਛ ਕਰ ਸਕਦਾ ਹਾਂ।’’ ਮੈਂ ਛੇਤੀ ਖਹਿੜਾ ਛੁਡਵਾਉਣ ਦੀ ਖ਼ਾਤਰ ਹਾਮੀ ਭਰ ਦਿੱਤੀ। ਉਸ ਨੇ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਦਾ ਢੌਂਗ ਰਚਿਆ। ਮੈਨੂੰ ਉਨ੍ਹਾਂ ਦੀ ਗੱਲਬਾਤ ਸਾਫ਼-ਸਾਫ਼ ਸੁਣ ਰਹੀ ਸੀ: ਕੇਟਾਮੀਨ ਡਰੱਗ ਔਰ ਟੈਰਰ ਫੰਡਿੰਗ ਕੇ ਕੇਸ ਵਾਲੇ ਸਸਪੈਕਟ ਸੇ ਕਿਸੀ ਤਰਹ ਕਾ ਲਿਹਾਜ ਨਹੀਂ ਕੀਆ ਜਾ ਸਕਦਾ, ਤੁਰੰਤ ਅਰੈਸਟ ਵਰੰਟ ਜਾਰੀ ਕਰ ਦੋ। ... ਜਨਾਬ ਨਿਵੇਦਨ ਹੈ ਕਿ ਸਸਪੈਕਟ ਨੇ ਖ਼ੁਦ ਆਪਣੀ ਸ਼ਿਕਾਇਤ ਲਿਖਵਾਣੇ ਕੇ ਲੀਏ ਕਾਲ ਕੀਆ ਹੈ, ਇਸ ਲੀਏ ਕੁਛ ਰਿਆਇਤ ਦੇਣੀ ਚਾਹੀਏ... ਯੇਹ ਪੌਸੀਬਲ ਨਹੀਂ ਹੈ, ਦੇਸ਼ ਧ੍ਰੋਹ ਕਾ ਮਾਮਲਾ ਬਣਤਾ ਹੈ। ... ਸਰ ਮੇਰੇ ਰਿਸਕ ਪਰ ਇੱਕ ਬਾਰ ਔਨਲਾਈਨ ਕਸਟਡੀ ਕਾ ਆਰਡਰ ਜਾਰੀ ਕਰ ਦੋ। ਠੀਕ ਹੈ ਜਵਾਨ, ਆਪ ਆਪਣੀ ਨੌਕਰੀ ਕੋ ਦਾਵ ਪਰ ਲਗਾ ਰਹੇ ਹੋ।
ਜਾਂਚ ਅਧਿਕਾਰੀ ਬਣੇ ਅਨਵਰ ਰਾਣਾ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ ਕਿ ਬੜੀ ਮੁਸ਼ਕਲ ਨਾਲ ਸੀਨੀਅਰ ਅਧਿਕਾਰੀ ਨੂੰ ਤੇਰੀ ਔਨਲਾਈਨ ਕਸਟਡੀ ਲਈ ਰਾਜ਼ੀ ਕੀਤਾ ਹੈ, ਇਸ ਲਈ ਸਭ ਤੋਂ ਪਹਿਲਾਂ ਆਪਣੀ ਸਟੇਟਮੈਂਟ ਔਨਲਾਈਨ ਦਰਜ ਕਰਵਾਉਣ ਲਈ ਰੈਡੀ ਹੋ ਜਾਓ। ਮੈਂ ਆਪਣੇ ਨਾਲ ਬੀਤੀ ਸਾਰੀ ਘਟਨਾ ਔਨਲਾਈਨ ਦਰਜ ਕਰਵਾ ਦਿੱਤੀ। ਫਿਰ ਉਸ ਨੇ ਮੈਨੂੰ ਦਬਕੇ ਮਾਰ-ਮਾਰ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ: ਤੁਹਾਨੂੰ ਸ਼ਰਮ ਨਹੀਂ ਆਈ ਦੇਸ਼ ਨਾਲ ਗ਼ੱਦਾਰੀ ਕਰਦਿਆਂ? ਸਾਬਕਾ ਮੈਨੇਜਰ ਅਨੁਰਾਗ ਨੂੰ ਕਦੋਂ ਤੋਂ ਜਾਣਦੇ ਹੋ? ਮੁਹੰਮਦ ਇਸਮਾਈਲ ਨਾਲ ਕਦੋਂ ਤੇ ਕਿਵੇਂ ਜੁੜੇ? ਉਸ ਤੋਂ ਕਿੰਨਾ ਪੈਸਾ ਲਿਆ ਹੈ? ਹੁਣ ਤੱਕ ਕਿੰਨਾ ਟੈਰਰ ਫੰਡ ਦੂਸਰੇ ਮੁਲਕਾਂ ਵਿੱਚ ਭੇਜ ਚੁੱਕੇ ਹੋ? ਮੁੰਬਈ ’ਚ ਬੈਂਕ ਖਾਤੇ ਕਦੋਂ ਤੇ ਕਿਸ ਲਈ ਖੋਲ੍ਹੇ? ਕੀ ਸਿੱਖਿਆ ਦਿੰਦੇ ਹੋਵੋਗੇ ਆਪਣੇ ਵਿਦਿਆਰਥੀਆਂ ਨੂੰ? ਹੁਣ ਤੱਕ ਕਿੰਨੇ ਵਿਦਿਆਰਥੀਆਂ ਨੂੰ ਆਪਣੇ ਗਰੋਹ ਵਿੱਚ ਸ਼ਾਮਲ ਕੀਤਾ ਹੈ? ਕਿੰਨੇ ਹਥਿਆਰ ਖਰੀਦੇ ਅਤੇ ਕਿਸ-ਕਿਸ ਨੂੰ ਵੰਡੇ ਹਨ? ਹੁਣ ਤੁਹਾਡੇ ਕੋਲ ਕਿੰਨੇ ਹਥਿਆਰ ਹਨ? ਮਿਲੇ ਪੈਸੇ ਨੂੰ ਕਿੱਥੇ ਇਨਵੈਸਟ ਕੀਤਾ ਹੈ? ਕਿੰਨੀ ਪ੍ਰਾਪਰਟੀ ਖਰੀਦੀ ਹੈ? ਪਾਸਪੋਰਟ ਕਦੋਂ ਬਣਾਇਆ ਅਤੇ ਕਿਹੜੇ-ਕਿਹੜੇ ਦੇਸ਼ ਦੀ ਯਾਤਰਾ ਕੀਤੀ? ਕਿੰਨੇ ਫ਼ਰਜ਼ੀ ਪਾਸਪੋਰਟ ਨੇ ਤੇਰੇ ਕੋਲ?
ਉਹ ਲਗਾਤਾਰ ਮੇਰੇ ’ਤੇ ਸਵਾਲ ਦਾਗ਼ ਰਿਹਾ ਸੀ, ਪਰ ਮੇਰਾ ਇੱਕੋ ਜਵਾਬ ਸੀ ਕਿ ਮੈਂ ਇਨ੍ਹਾਂ ਨੂੰ ਨਹੀਂ ਜਾਣਦਾ ਅਤੇ ਇਨ੍ਹਾਂ ਨਾਲ ਮੇਰਾ ਕੋਈ ਵਾਸਤਾ ਨਹੀਂ। ਜਿਵੇਂ ਨਾਟਕਾਂ ਵਿੱਚ ਸੀਆਈਡੀ ਵਾਲੇ ਪੁੱਛਗਿੱਛ ਕਰਦੇ ਹਨ, ਹੂ-ਬ-ਹੂ ਉਸੇ ਤਰ੍ਹਾਂ ਮੇਰੇ ਤੋਂ ਪੁੱਛਗਿੱਛ ਹੋ ਰਹੀ ਸੀ।
ਜਾਂਚ ਅਧਿਕਾਰੀ ਬਣੇ ਅਨਵਰ ਰਾਣਾ ਨੇ ਪੁੱਛਗਿੱਛ ਦੌਰਾਨ ਆਪਣੀ ਪੂਰੀ ਵਾਹ ਲਾਈ। ਫਿਰ ਮੈਂ ਉਸ ਨੂੰ ਕਿਹਾ ਕਿ ਮੇਰੇ ਕਾਲਜ ਜਾਣ ਦਾ ਸਮਾਂ ਹੋ ਗਿਆ ਹੈ। ਉਸ ਨੇ ਕਿਹਾ, ‘‘ਤੁਹਾਨੂੰ ਆਪਣੀ ਜ਼ਿੰਦਗੀ ਚਾਹੀਦੀ ਹੈ ਜਾਂ ਨਹੀਂ? ਜੇਕਰ ਤੁਸੀਂ ਸਹਿਯੋਗ ਨਹੀਂ ਕਰਦੇ ਤਾਂ ਤੁਹਾਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਬੇਗੁਨਾਹ ਹੋਵੋ, ਜੇਕਰ ਬੇਗੁਨਾਹੀ ਸਾਬਤ ਕਰਦੇ ਕਰਦੇ ਦੋ ਸਾਲ ਲੰਘ ਗਏ ਤਾਂ ਤੁਹਾਡਾ ਕਰੀਅਰ ਤੇ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਅਤੇ ਜੀਵਨ ’ਤੇ ਇੱਕ ਬਹੁਤ ਵੱਡਾ ਕਲੰਕ ਲੱਗ ਜਾਵੇਗਾ। ਹਰ ਬੰਦਾ ਤੁਹਾਨੂੰ ਸ਼ੱਕ ਨਾਲ ਦੇਖੇਗਾ। ਤੁਹਾਡੇ ਵਿਦਿਆਰਥੀ ਤੁਹਾਡੇ ’ਤੇ ਵਿਸ਼ਵਾਸ ਨਹੀਂ ਕਰਨਗੇ ਅਤੇ ਸੋਚਣਗੇ ਕਿ ਇਹ ਕਿੰਨਾ ਘਟੀਆ ਇਨਸਾਨ ਨਿਕਲਿਆ।’’ ਫਿਰ ਉਸਨੇ ਮੇਰੇ ਨਾਲ ਹਮਦਰਦੀ ਜਤਾਉਂਦਿਆਂ ਕਿਹਾ, ‘‘ਮੈਨੂੰ ਤੁਸੀਂ ਇਨੋਸੈਂਟ ਲੱਗਦੇ ਹੋ, ਪਰ ਇਸ ਦਾ ਫ਼ੈਸਲਾ ਮੈਂ ਨਹੀਂ ਕਰ ਸਕਦਾ। ਡੀਸੀਪੀ ਸਾਹਿਬ ਹੀ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਤੁਹਾਨੂੰ ਬੇਗੁਨਾਹ ਕਰਾਰ ਦੇ ਸਕਦੇ ਹਨ। ਪਰ ਅਜੇ ਵੀ ਤੁਹਾਡੇ ਕੋਲ ਮੌਕਾ ਹੈ, ਸਾਰੀ ਗੱਲ ਸੱਚ-ਸੱਚ ਦੱਸਣ ਦਾ। ਕੋਈ ਗੱਲ ਛੁਪਾਈ ਹੈ ਤਾਂ ਦੱਸ ਦਿਓ, ਨਹੀਂ ਤਾਂ ਤੁਸੀਂ ਤਾਂ ਮੁਸ਼ਕਲ ’ਚ ਪਵੋਗੇ ਹੀ, ਮੇਰੀ ਨੌਕਰੀ ਵੀ ਖ਼ਤਰੇ ’ਚ ਪਾ ਸਕਦੇ ਹੋ।’’ ਮੈਂ ਉਸ ਨੂੰ ਕਿਹਾ ਕਿ ਮੇਰੀ ਡੀਸੀਪੀ ਸਾਹਿਬ ਨਾਲ ਮੀਟਿੰਗ ਕਰਵਾ ਦਿਓ। ਉਸ ਨੇ ਕਿਹਾ ਕਿ ਇਹ ਤੁਹਾਡਾ ਕੋਈ ਸੈਮੀਨਾਰ ਜਾਂ ਵੈੱਬੀਨਾਰ ਨਹੀਂ ਜੋ ਤੁਹਾਡੀ ਡੀਸੀਪੀ ਸਾਹਿਬ ਨਾਲ ਮੀਟਿੰਗ ਹੋਵੇਗੀ, ਡੀਸੀਪੀ ਸਾਹਿਬ ਸਖ਼ਤੀ ਨਾਲ ਇਨਵੈਸਟੀਗੇਸ਼ਨ ਕਰਨਗੇ।
ਫਿਰ ਉਸ ਨੇ ਮੈਨੂੰ ਕਾਲਜ ਜਾਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਤੁਹਾਡਾ ਮੋਬਾਈਲ ਬੰਦ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਾਲ ਡਿਸਕਨੈਕਟ ਕਰਨੀ ਹੈ, ਬਾਕੀ ਪੁੱਛਗਿੱਛ ਸ਼ਾਮ ਨੂੰ ਕਰਾਂਗੇ। ਮੈਂ ਕਾਲਜ ਦਾ ਕੰਮ ਨਿਪਟਾ ਕੇ ਵਾਪਸ ਘਰ ਆਇਆ ਤਾਂ ਅਨਵਰ ਰਾਣਾ ਨੇ ਫਿਰ ਪੁੱਛਗਿੱਛ ਕਰਨੀ ਸ਼ੁਰੂ ਕੀਤੀ, ਪਰ ਹੁਣ ਉਸਦਾ ਲਹਿਜ਼ਾ ਨਰਮ ਸੀ। ਹੁਣ ਉਹ ਮੇਰੇ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਸੀ, ‘‘ਤੁਸੀਂ ਭਾਗਾਂ ਵਾਲੇ ਹੋ ਕਿਉਂਕਿ ਤੁਸੀਂ ਖ਼ੁਦ ਆਪਣੀ ਸ਼ਿਕਾਇਤ ਦਰਜ ਕਰਾਉਣ ਵਾਸਤੇ ਆਏ ਹੋ, ਇਸ ਕਰਕੇ ਡੀਸੀਪੀ ਸਾਹਿਬ ਨੇ ਤੁਹਾਡੀ ਇਨਵੈਸਟੀਗੇਸ਼ਨ ਕਰਨ ਲਈ ਮੈਨੂੰ ਨਿਯੁਕਤ ਕੀਤਾ ਹੈ।’’ ਮੈਂ ਉਸ ਨੂੰ ਪੁੱਛਿਆ, ‘‘ਮੈਂ ਕਦੇ ਮੁੰਬਈ ਨਹੀਂ ਗਿਆ ਅਤੇ ਨਾ ਹੀ ਮੁੰਬਈ ਵਿੱਚ ਕੋਈ ਬੈਂਕ ਖਾਤਾ ਖੁਲ੍ਹਵਾਇਆ। ਮੇਰੇ ਆਧਾਰ ਦਾ ਓਟੀਪੀ ਮੇਰੇ ਮੋਬਾਈਲ ਅਤੇ ਮੇਰੀ ਈ-ਮੇਲ ’ਤੇ ਆਉਂਦਾ ਹੈ। ਮੇਰੇ ਕੋਲ ਕਦੇ ਕੋਈ ਓਟੀਪੀ ਨਹੀਂ ਆਇਆ ਅਤੇ ਨਾ ਹੀ ਮੈਂ ਕਦੇ ਓਟੀਪੀ ਕਿਸੇ ਨਾਲ ਸ਼ੇਅਰ ਕੀਤਾ, ਫਿਰ ਅਕਾਊਂਟ ਕਿਵੇਂ ਖੁੱਲ੍ਹ ਗਏ?’’ ਉਸ ਨੇ ਦੱਸਿਆ ਕਿ ਸਾਬਕਾ ਮੈਨੇਜਰ ਅਨੁਰਾਗ ਨੇ ਪੁੱਛਗਿੱਛ ਦੌਰਾਨ ਪੁਲੀਸ ਅੱਗੇ ਮੰਨਿਆ ਹੈ ਕਿ ਉਹ ਫ਼ਰਜ਼ੀ ਬੈਂਕ ਅਕਾਊਂਟ ਖੋਲ੍ਹਦਾ ਸੀ ਅਤੇ ਖਾਤਾ ਧਾਰਕ ਨੂੰ ਜਮ੍ਹਾਂ ਰਾਸ਼ੀ ਦਾ 25 ਤੋਂ 30 ਫ਼ੀਸਦੀ ਪੈਸੇ ਦੇ ਦਿੰਦਾ ਸੀ। ਜਿਹੜੇ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਕਰਦੇ ਹਨ, ਉਹ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਧੜੱਲੇ ਨਾਲ ਸਾਡੇ ਦੇਸ਼ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਦੇ ਹੱਥ ਕਿੱਡੇ ਲੰਮੇ ਹੋਣਗੇ? ਸਾਡੇ ਦੇਸ਼ ਦੀ ਇਹ ਬਦਕਿਸਮਤੀ ਹੈ ਕਿ ਕਈ ਨੇਤਾ, ਕਈ ਪੁਲੀਸ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਪੈਸੇ ਖ਼ਾਤਰ ਇਨ੍ਹਾਂ ਗੈਂਗਾਂ ਨਾਲ ਜੁੜੇ ਹੋਏ ਹਨ, ਇਸ ਕਰਕੇ ਉਨ੍ਹਾਂ ਦਾ ਧੰਦਾ ਚੱਲ ਰਿਹਾ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਅਸਲੀ ਗੁਨਾਹਗਾਰ ਨੂੰ ਫੜ ਲਿਆ ਜਾਵੇ ਕਿਉਂਕਿ ਪੁਲੀਸ ਨੂੰ ਇਹੋ ਸਿਖਾਇਆ ਜਾਂਦਾ ਹੈ ਕਿ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਅਤੇ ਕੋਈ ਵੀ ਗੁਨਾਹਗਾਰ ਕਦੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।’’ ਉਹ ਗੱਲਾਂ ਤੋਂ ਮੈਨੂੰ ਬੜਾ ਦੇਸ਼ਭਗਤੀ ਦੇ ਜਜ਼ਬੇ ਵਾਲਾ ਲੱਗ ਰਿਹਾ ਸੀ। ਫਿਰ ਉਸ ਨੇ ਦੱਸਿਆ, ‘‘ਕੱਲ੍ਹ ਸਵੇਰੇ ਤੁਹਾਨੂੰ ਡੀਸੀਪੀ ਸਾਹਿਬ ਸਾਹਮਣੇ ਪੇਸ਼ ਹੋਣਾ ਪਵੇਗਾ। ਹੋ ਸਕਦਾ ਹੈ ਉਹ ਤੁਹਾਨੂੰ ਬੇਕਸੂਰ ਕਰਾਰ ਦੇ ਦੇਣ।’’ ਨਾਲ ਹੀ ਉਸ ਨੇ ਮੈਨੂੰ ਤਾੜਨਾ ਵੀ ਕੀਤੀ, ‘‘ਤੁਸੀਂ ਕਾਲ ਡਿਸਕਨੈਕਟ ਨਹੀਂ ਕਰੋਗੇ ਅਤੇ ਨਾ ਹੀ ਇਸ ਦੌਰਾਨ ਕਿਸੇ ਹੋਰ ਨਾਲ ਗੱਲ ਕਰੋਗੇ। ਤੁਸੀਂ ਕੈਮਰੇ ਸਾਹਮਣੇ ਰਹੋਗੇ, ਤੁਹਾਡੀ ਕਾਲ ਲਾਈਨ ਪੂਰੀ ਤਰ੍ਹਾਂ ਸੇਫ਼ ਹੈ ਕਿਉਂਕਿ ਇਸ ਨੂੰ ਐੱਸਆਈਐੱਸ ਤੋਂ ਚੈੱਕ ਕਰਵਾ ਲਿਆ ਹੈ। ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਮੁੰਬਈ ਪੁਲੀਸ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਉਹ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਨਗੇ ਜਿਸ ਕਰਕੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖ਼ਤਰਾ ਹੋ ਸਕਦਾ ਹੈ। ਇਸ ਕਰਕੇ ਜਿੰਨਾ ਚਿਰ ਤੁਹਾਡੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ, ਇਸ ਗੱਲ ਨੂੰ ਆਪਣੇ ਤੱਕ ਹੀ ਸੀਮਤ ਰੱਖਿਓ। ਮੈਂ ਸੀਨੀਅਰ ਰਾਹੀਂ ਡੀਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਕੇਸ ਨੂੰ ਪੌਜ਼ੀਟਿਵ ਤਰੀਕੇ ਨਾਲ ਦੇਖਣ। ਮੈਂ ਸਿੱਧੀ ਤਰ੍ਹਾਂ ਤੁਹਾਡੀ ਮਦਦ ਨਹੀਂ ਕਰ ਸਕਦਾ, ਪਰ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਬੇਗੁਨਾਹ ਹੋ।’’
ਰਾਤ ਅੱਠ ਕੁ ਵਜੇ ਜਾਂਚ ਅਧਿਕਾਰੀ ਬਣੇ ਅਨਵਰ ਰਾਣਾ ਨੇ ਮੈਨੂੰ ਤਾਕੀਦ ਕਰਦਿਆਂ ਕਿਹਾ, ‘‘ਅਸੀਂ ਦੇਸ਼ ਦੇ ਦੋਸ਼ੀਆਂ ਨੂੰ ਫੜਨ ਲਈ 24 ਘੰਟੇ ਡਿਊਟੀ ਕਰਨ ਲਈ ਤਿਆਰ ਹਾਂ, ਪਰ ਘਰ ਬੀਵੀ-ਬੱਚਿਆਂ ਨੂੰ ਵੀ ਸਮਾਂ ਦੇਣਾ ਹੁੰਦਾ ਹੈ। ਮੈਂ ਹੁਣ ਘਰ ਜਾ ਰਿਹਾ ਹਾਂ। ਇਸ ਦੌਰਾਨ ਤੁਹਾਡੀ ਨਿਗਰਾਨੀ ਮੇਰੇ ਜੂਨੀਅਰ ਕਰਨਗੇ। ਪਰ ਕਾਲ ਚਲਦੀ ਰਹਿਣੀ ਚਾਹੀਦੀ ਹੈ। ਜੇਕਰ ਤੁਸੀਂ ਕਾਲ ਕੱਟੋਗੇ ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਸਹਿਯੋਗ ਨਹੀਂ ਕਰ ਰਹੇ। ਇਸ ਕਰਕੇ ਤੁਹਾਡੇ ਕੋਲ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦਾ ਕੋਈ ਤਰੀਕਾ ਨਹੀਂ ਬਚੇਗਾ। ਇਸ ਲਈ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਤਾਂ ਕਿ ਸਾਡੇ ਅਧਿਕਾਰੀ ਸਾਹਿਬਾਨ ਨੂੰ ਇਹ ਲੱਗੇ ਕਿ ਜੋ ਸਸਪੈਕਟ ਸਾਡੀ ਮਦਦ ਕਰ ਰਿਹਾ ਹੈ ਤਾਂ ਉਹ ਬੇਗੁਨਾਹ ਹੀ ਹੋਵੇਗਾ।’’ ਰਾਤ ਨੂੰ ਇੱਕ ਦੋ ਵਾਰ ਫੋਨ ਕੱਟਿਆ ਗਿਆ ਤਾਂ ਉਨ੍ਹਾਂ ਨੇ ਦੁਬਾਰਾ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਫੋਨ ਕਿਉਂ ਕੱਟ ਰਹੇ ਹੋ? ਮੈਂ ਕਿਹਾ ਕਿ ਮੇਰੇ ਵੱਲੋਂ ਫੋਨ ਨਹੀਂ ਕੱਟਿਆ ਗਿਆ, ਕੋਈ ਨੈੱਟਵਰਕ ਇਸ਼ੂ ਹੋ ਸਕਦਾ ਹੈ।
ਸਵੇਰ ਹੁੰਦੇ ਹੀ ਉਨ੍ਹਾਂ ਨੇ ਮੈਨੂੰ ਚਾਹ ਪੀਣ, ਫਰੈੱਸ਼ ਹੋਣ ਅਤੇ ਨਹਾਉਣ ਦੀ ਇਜਾਜ਼ਤ ਦਿੱਤੀ। ਫਿਰ ਸਾਢੇ ਅੱਠ ਵਜੇ ਅਨਵਰ ਰਾਣਾ ਆ ਗਿਆ। ਉਸ ਨੇ ਕਿਹਾ, ‘‘ਮੈਂ ਤੁਹਾਨੂੰ ਦੁਬਾਰਾ ਫਿਰ ਪੁੱਛਦਾ ਹਾਂ ਕਿ ਜੇਕਰ ਤੁਸੀਂ ਗ਼ਲਤੀ ਕੀਤੀ ਹੈ ਤਾਂ ਮੈਨੂੰ ਦੱਸ ਦਿਓ। ਕਿਤੇ ਇਹ ਨਾ ਹੋਵੇ ਕਿ ਤੁਸੀਂ ਡੀਸੀਪੀ ਸਾਹਮਣੇ ਕੁਝ ਕਬੂਲ ਕਰ ਲਓ ਜੋ ਮੇਰੇ ਸਾਹਮਣੇ ਕਬੂਲ ਨਹੀਂ ਕੀਤਾ ਜਾਂ ਮੈਨੂੰ ਨਹੀਂ ਦੱਸਿਆ। ਅਜੇ ਵੀ ਤੁਹਾਡੇ ਕੋਲ ਮੌਕਾ ਹੈ, ਮੈਨੂੰ ਸਹੀ ਜਾਣਕਾਰੀ ਦੇ ਦਿਓ। ਤੁਹਾਨੂੰ ਕਿਸੇ ’ਤੇ ਸ਼ੱਕ ਹੈ ਤਾਂ ਵੀ ਦੱਸ ਦਿਓ। ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡਾ ਕੋਈ ਸਾਥੀ, ਦੋਸਤ ਜਾਂ ਵਿਦਿਆਰਥੀ ਇਸ ਕੇਸ ਵਿੱਚ ਫਸਾ ਰਿਹਾ ਹੋਵੇ। ਜੋ ਤੁਹਾਡੇ ਸਮਾਜਿਕ ਰੁਤਬੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ, ਅਜਿਹੇ ਲੋਕ ਵੀ ਤੁਹਾਨੂੰ ਕੇਸ ਵਿੱਚ ਫਸਾ ਸਕਦੇ ਹਨ।’’ ਮੈਂ ਕਿਹਾ, ‘‘ਸਮਾਜ ਵਿੱਚ ਮੇਰਾ ਕੋਈ ਦੁਸ਼ਮਣ ਨਹੀਂ ਹੈ ਜੋ ਅਜਿਹਾ ਘਟੀਆ ਕਦਮ ਚੁੱਕੇਗਾ। ਜੋ ਮੈਂ ਕੱਲ੍ਹ ਜਾਣਕਾਰੀ ਦੇ ਰਿਹਾ ਸੀ, ਉਹੀ ਜਾਣਕਾਰੀ ਮੇਰੇ ਕੋਲ ਅੱਜ ਹੈ ਅਤੇ ਉਹੀ ਜਾਣਕਾਰੀ ਮੈਂ ਡੀਸੀਪੀ ਸਾਹਿਬ ਨੂੰ ਦੇਵਾਂਗਾ।’’ ਕੁਝ ਸਮੇਂ ਬਾਅਦ ਫਿਰ ਉਸ ਨੇ ਮੈਨੂੰ ਦੱਸਿਆ, ‘‘ਡੀਸੀਪੀ ਸਾਹਿਬ ਆ ਗਏ ਹਨ ਤੁਸੀਂ ਚਾਹ ਵਗੈਰਾ ਪੀ ਲਓ ਤਾਂ ਕਿ ਆਪਣੀ ਗੱਲ ਵਧੀਆ ਤਰੀਕੇ ਨਾਲ ਕਹਿ ਸਕੋ। ਮੈਂ ਤੁਹਾਡੇ ਬਾਰੇ ਆਪਣੇ ਸੀਨੀਅਰ ਰਾਹੀਂ ਉਨ੍ਹਾਂ ਕੋਲ ਤੁਹਾਡੇ ਕੇਸ ਦੀ ਫਾਈਲ ਭੇਜੀ ਹੈ ਅਤੇ ਬੇਨਤੀ ਕੀਤੀ ਹੈ ਕਿ ਉਹ ਛੇਤੀ ਤੁਹਾਡੀ ਫਾਈਲ ਦੇਖ ਕੇ ਇਨਵੈਸਟੀਗੇਸ਼ਨ ਕਰਨ।’’ ਮੈਂ ਚਾਹ ਪੀਤੀ ਅਤੇ ਡੀਸੀਪੀ ਦੀ ਇਨਵੈਸਟੀਗੇਸ਼ਨ ਲਈ ਤਿਆਰ ਹੋ ਗਿਆ। ਇਸ ਦੌਰਾਨ ਉਸ ਨੇ ਮੈਨੂੰ ਕਿਹਾ, ‘‘ਹੁਣ ਦੋ ਮਿੰਟਾਂ ਵਿੱਚ ਡੀਸੀਪੀ ਤੁਹਾਡੇ ਨਾਲ ਗੱਲ ਕਰਨਗੇ, ਤੁਸੀਂ ਗੱਲ ਦਾ ਸਹੀ ਤੇ ਸਪਸ਼ਟ ਉੱਤਰ ਦੇਣਾ ਤਾਂ ਕਿ ਤੁਹਾਡਾ ਬਚਾਅ ਹੋ ਸਕੇ।’’ ਕੁਝ ਸਮੇਂ ਬਾਅਦ ਡੀਸੀਪੀ ਬਣਿਆ ਬੰਦਾ ਮੇਰੇ ਨਾਲ ਗੱਲ ਕਰਨ ਲੱਗ ਪਿਆ। ਉਸ ਨੇ ਬੜੇ ਰੋਹਬ ਨਾਲ ਮੈਥੋਂ ਉਹੀ ਸਵਾਲ ਪੁੱਛੇ ਅਤੇ ਮੇਰੇ ਜੁਆਬ ਵੀ ਪਹਿਲਾਂ ਵਾਲੇ ਹੀ ਰਹੇ। ਫਿਰ ਉਸ ਨੇ ਕਾਫ਼ੀ ਸਮੇਂ ਬਾਅਦ ਮੈਨੂੰ ਕਿਹਾ, ‘‘ਅਸੀਂ ਆਰਬੀਆਈ ਨਾਲ ਰਾਬਤਾ ਕਰ ਰਹੇ ਹਾਂ ਅਤੇ ਤੁਹਾਡੇ ਦੂਜੇ ਬੈਂਕ ਅਕਾਊਂਟਾਂ ਨਾਲ ਮਿਲਾਣ ਕਰ ਰਹੇ ਹਾਂ ਤਾਂ ਜੋ ਪਤਾ ਚੱਲ ਸਕੇ ਕਿ ਤੁਸੀਂ ਕਿੰਨੀ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਕੀਤੀ ਹੈ। ਜੇਕਰ ਤੁਸੀਂ ਬੇਗੁਨਾਹ ਹੋਏ ਤਾਂ ਤੁਹਾਡੇ ਨਾਂ ’ਤੇ ਖੋਲ੍ਹੇ ਗਏ ਫ਼ਰਜ਼ੀ ਬੈਂਕ ਖਾਤੇ ਸੀਲ ਕਰ ਦਿੱਤੇ ਜਾਣਗੇ ਅਤੇ ਤੁਹਾਡੇ ਅਸਲੀ ਖਾਤੇ ਸੇਫ ਰਹਿਣਗੇ।’’ ਮੈਂ ਸੋਚਿਆ ਕਿ ਜਦੋਂ ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ ਤਾਂ ਮੈਨੂੰ ਡਰ ਕਿਸ ਗੱਲ ਦਾ। ਇਸ ਲਈ ਮੈਨੂੰ ਬੈਂਕ ਜਾਣ ਲਈ ਕਿਹਾ ਗਿਆ ਤਾਂ ਕਿ ਫ਼ਰਜ਼ੀ ਬੈਂਕ ਖਾਤਿਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਆਰੰਭ ਹੋ ਸਕੇ। ਡੀਸੀਪੀ ਨੇ ਕਿਹਾ ਕਿ ਇਸ ਦੌਰਾਨ ਤੁਹਾਨੂੰ ਲਗਾਤਾਰ ਸਾਡਾ ਸਹਿਯੋਗ ਕਰਨਾ ਪਵੇਗਾ ਅਤੇ ਬੈਂਕ ਵਾਲਿਆਂ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮੁੰਬਈ ਪੁਲੀਸ ਜਾਂਚ ਕਰ ਰਹੀ ਹੈ। ਮੈਂ ਹਾਂ ਕਰ ਦਿੱਤੀ ਅਤੇ ਅਕਾਊਂਟ ਨਾਲ ਸਬੰਧਿਤ ਵੇਰਵੇ ਲੈ ਕੇ ਬੈਂਕ ਜਾਣ ਲਈ ਤਿਆਰ ਹੋ ਗਿਆ। ਫਿਰ ਅਨਵਰ ਰਾਣਾ ਨੇ ਕਿਹਾ, ‘‘ਤੁਸੀਂ ਬਾਈਕ ’ਤੇ ਨਾ ਜਾਣਾ, ਕਾਰ ਲੈ ਕੇ ਜਾਣਾ, ਕਿਉਂਕਿ ਤੁਹਾਡੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਜੇਕਰ ਮੁਹੰਮਦ ਇਸਮਾਈਲ ਦੇ ਗੁਰਗਿਆਂ ਨੂੰ ਪਤਾ ਲੱਗ ਗਿਆ ਤਾਂ ਉਹ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਹਨ।’’ ਮੈਂ ਕਿਹਾ ਕਿ ਮੈਂ ਬਾਈਕ ’ਤੇ ਹੀ ਜਾਵਾਂਗਾ, ਸਾਡਾ ਏਰੀਆ ਸੇਫ਼ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਉਸ ਨੇ ਕਿਹਾ, ‘‘ਤੁਹਾਡਾ ਮੋਬਾਈਲ ਲਗਾਤਾਰ ਚਲਦਾ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਆਪਣੀ ਲੋਕੇਸ਼ਨ ਸਾਨੂੰ ਭੇਜ ਦਿਓ ਤਾਂ ਕਿ ਲੋਕਲ ਪੁਲੀਸ ਨਾਲ ਮਿਲ ਕੇ ਅਸੀਂ ਤੁਹਾਡੀ ਸੁਰੱਖਿਆ ਕਰ ਸਕੀਏ।’’ ਮੈਂ ਕਿਹਾ, ‘‘ਮੈਨੂੰ ਅਜਿਹੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਬਿਲਕੁਲ ਸੇਫ ਹਾਂ।’’ ਰਸਤੇ ਵਿੱਚ ਦੋ ਤਿੰਨ ਵਾਰ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਕੁ ਪਹੁੰਚ ਗਏ, ਕਿੰਨਾ ਕੁ ਟਾਈਮ ਤੁਹਾਨੂੰ ਪਹੁੰਚਣ ਨੂੰ ਲੱਗੇਗਾ।
ਜਦੋਂ ਮੈਂ ਦੱਸਿਆ ਕਿ ਮੈਂ ਬੈਂਕ ਪਹੁੰਚ ਗਿਆ ਹਾਂ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਸੁਰੱਖਿਅਤ ਥਾਂ ’ਤੇ ਆ ਕੇ ਸਾਡੇ ਨਾਲ ਗੱਲ ਕਰੋ। ਇਸ ਦੌਰਾਨ ਉਨ੍ਹਾਂ ਨੇ ਮੈਨੂੰ ਆਰਬੀਆਈ ਵੱਲੋਂ ਜਾਰੀ ਇੱਕ ਲੈਟਰ ਭੇਜਿਆ। ਇਸ ਲੈਟਰ ਵਿੱਚ ਮੇਰੇ ਅਕਾਊਂਟ ਬਾਰੇ ਲਿਖਿਆ ਗਿਆ ਸੀ ਅਤੇ ਵੈਰੀਫਿਕੇਸ਼ਨ ਲਈ 3,58,756 ਰੁਪਏ ਨੈਫਟ ਕਰਵਾਉਣ ਲਈ ਵੀ ਲਿਖਿਆ ਸੀ, ਜੋ ਕਿ 30 ਮਿੰਟ ਬਾਅਦ ਵਾਪਸ ਮਿਲ ਜਾਣਗੇ। ਉਸ ਨੇ ਮੈਨੂੰ ਉਹ ਪੜ੍ਹ ਕੇ ਰਿਕਾਰਡ ਕਰਵਾਉਣ ਲਈ ਕਿਹਾ, ਮੈਂ ਜਾਣ-ਬੁਝ ਕੇ ਟੁੱਟੀ-ਫੁੱਟੀ ਅੰਗਰੇਜ਼ੀ ਅਤੇ ਗ਼ਲਤ ਮਲਤ ਪੜ੍ਹ ਕੇ ਖਹਿੜਾ ਛੁਡਵਾਇਆ। ਫਿਰ ਉਸ ਨੇ ਕਿਹਾ ਕਿ ਤੁਸੀਂ ਬੈਂਕ ਤੋਂ ਨੈਫਟ ਫਾਰਮ ਲੈ ਕੇ ਆਓ। ਮੈਂ ਇਸ ਦਾ ਡਟ ਕੇ ਵਿਰੋਧ ਕਰਦਿਆਂ ਕਿਹਾ, ‘‘ਮੈਂ ਕਿਸੇ ਨੂੰ ਪੈਸੇ ਨੈਫਟ ਨਹੀਂ ਕਰਾਂਗਾ।’’ ਉਨ੍ਹਾਂ ਨੇ ਕਿਹਾ, ‘‘ਆਰਬੀਆਈ ਦੇ ਲੈਟਰ ਮੁਤਾਬਿਕ ਹੀ ਕਾਰਵਾਈ ਕਰਨੀ ਹੈ ਕਿਉਂਕਿ ਤੁਹਾਡੇ ਬੈਂਕ ਖਾਤਿਆਂ ਦਾ ਮਿਲਾਣ ਕਰਨਾ ਹੈ ਕਿ ਤੁਹਾਨੂੰ ਕੋਈ ਟੈਰਰ ਫੰਡਿੰਗ ਜਾਂ ਮਨੀ ਲਾਂਡਰਿੰਗ ਦਾ ਪੈਸਾ ਮਿਲਿਆ ਹੈ ਜਾਂ ਨਹੀਂ।’’ ਮੈਂ ਫਿਰ ਕਿਹਾ, ‘‘ਮੇਰੀ ਅਕਾਊਂਟ ਸਟੇਟਮੈਂਟ ਮੈਨੂੰ ਪਤਾ ਹੈ। ਮੇਰੇ ਖਾਤੇ ਵਿੱਚ ਰੱਤੀ ਭਰ ਪੈਸਾ ਗ਼ਲਤ ਨਹੀਂ ਆਇਆ।’’ ਉਸ ਨੇ ਮੈਨੂੰ ਦੁਬਾਰਾ ਕਿਹਾ, ‘‘ਇਹ ਆਰਬੀਆਈ ਦੇ ਨਿਰਦੇਸ਼ ਹਨ। ਜੇਕਰ ਵਿਸ਼ਵਾਸ ਨਹੀਂ ਤਾਂ ਇਹ ਕਾਲ ਆਰਬੀਆਈ ਨੂੰ ਟਰਾਂਸਫਰ ਕਰ ਰਹੇ ਹਾਂ। ਤੁਸੀਂ ਉਨ੍ਹਾਂ ਨਾਲ ਗੱਲ ਕਰ ਲਓ।’’
ਆਰਬੀਆਈ ਅਧਿਕਾਰੀ ਬਣੇ ਬੰਦੇ ਨੇ ਮੈਨੂੰ ਕਾਫ਼ੀ ਸਮਝਾਉਣ ਮਗਰੋਂ ਇੱਕ ਅਕਾਊਂਟ ਨੰਬਰ ਭੇਜ ਕੇ ਕਿਹਾ ਕਿ ਤੁਸੀਂ ਆਰਬੀਆਈ ਦੇ ਲੈਟਰ ਮੁਤਾਬਿਕ ਲਿਖੀ ਰਕਮ ਇਸ ਖਾਤੇ ਵਿੱਚ ਪਾ ਦਿਓ। ਮੇਰਾ ਮੱਥਾ ਠਣਕਿਆ। ਮੈਂ ਕਿਹਾ, ‘‘ਇਹ ਤਾਂ ਠੱਗੀ ਹੈ। ਮੈਂ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਪੈਸੇ ਨੈਫਟ ਨਹੀਂ ਕਰ ਸਕਦਾ। ਮੈਂ ਤੁਹਾਡੇ ’ਤੇ ਵਿਸ਼ਵਾਸ ਕਿਵੇਂ ਕਰਾਂ ਕਿ ਇਹ ਪੈਸੇ ਅੱਧੇ ਘੰਟੇ ਬਾਅਦ ਵਾਪਸ ਹੋ ਜਾਣਗੇ।’’ ਉਸ ਨੇ ਕਿਹਾ ਕਿ ਤੁਸੀਂ ਆਰਬੀਆਈ ਦਾ ਲੈਟਰ ਪੜ੍ਹ ਲਓ, ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ। ਮੈਂ ਪੈਸੇ ਨੈਫਟ ਕਰਨ ਤੋ ਕੋਰੀ ਨਾਂਹ ਕਰ ਦਿੱਤੀ। ਉਸ ਨੇ ਥੱਕ-ਹਾਰ ਕੇ ਮੇਰੀ ਕਾਲ ਦੁਬਾਰਾ ਡੀਸੀਪੀ ਨੂੰ ਟਰਾਂਸਫਰ ਕਰ ਦਿੱਤੀ। ਡੀਸੀਪੀ ਨੇ ਮੈਨੂੰ ਦਬਕੇ ਮਾਰਦਿਆਂ ਕਿਹਾ, ‘‘ਤੁਸੀਂ ਸਹਿਯੋਗ ਕਿਉਂ ਨਹੀਂ ਕਰ ਰਹੇ? ਤੁਹਾਨੂੰ ਆਰਬੀਆਈ ਅਧਿਕਾਰੀਆਂ ਦਾ ਕਹਿਣਾ ਮੰਨਣਾ ਪਵੇਗਾ। ਜੇਕਰ ਤੁਸੀਂ ਇਸ ਕੇਸ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਜਿਵੇਂ ਉਹ ਕਹਿ ਰਹੇ ਹਨ, ਓਵੇਂ ਮੰਨ ਲਵੋ। ਸਾਨੂੰ ਇਨਵੈਸਟੀਗੇਸ਼ਨ ਰਾਹੀਂ ਇਹ ਮਹਿਸੂਸ ਹੋਇਆ ਹੈ ਕਿ ਤੁਸੀਂ ਬੇਗੁਨਾਹ ਹੋ। ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਈ ਨੁਕਸਾਨ ਹੋਵੇ। ਇਸ ਲਈ ਆਰਬੀਆਈ ਅਧਿਕਾਰੀ ਦੀ ਮਦਦ ਕਰੋ ਕਿਉਂਕਿ ਆਰਬੀਆਈ ਅਧਿਕਾਰੀ ਹੀ ਇਹ ਸਾਬਤ ਕਰ ਸਕਦੇ ਹਨ ਕਿ ਤੁਹਾਡੇ ਕੋਲ ਕੋਈ ਗ਼ੈਰ-ਕਾਨੂੰਨੀ ਪੈਸਾ ਆਇਆ ਜਾਂ ਨਹੀਂ।’’ ਇਹ ਕਹਿ ਕੇ ਉਸ ਨੇ ਦੁਬਾਰਾ ਕਾਲ ਅਖੌਤੀ ਆਰਬੀਆਈ ਅਧਿਕਾਰੀ ਨੂੰ ਟਰਾਂਸਫਰ ਕਰ ਦਿੱਤੀ।
ਆਰਬੀਆਈ ਅਧਿਕਾਰੀ ਬਣੇ ਵਿਅਕਤੀ ਨੇ ਕਿਹਾ, ‘‘ਜੇਕਰ ਤੁਸੀਂ ਮਦਦ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ, ਪਰ ਸਾਨੂੰ ਨੈਫਟ ਦੇ ਯੂਟੀਆਰ ਨੰਬਰ ਰਾਹੀਂ ਕੋਡ ਦਾ ਮਿਲਾਣ ਕਰਨਾ ਹੀ ਪਵੇਗਾ।’’ ਮੈਂ ਖਹਿੜਾ ਛੁਡਵਾਉਣਾ ਸੀ। ਇਸ ਲਈ ਮੈਨੂੰ ਕੁਝ ਸੁੱਝਿਆ ਤੇ ਮੈਂ ਨੈਫਟ ਲਈ ਹਾਂ ਕਰ ਦਿੱਤੀ। ਮੈਂ ਗ਼ਲਤ ਮਲਤ ਅਤੇ ਅਧੂਰਾ ਜਿਹਾ ਨੈਫਟ ਫਾਰਮ ਭਰਿਆ, ਜਿੱਥੇ ਨਾਂ ਲਿਖਣਾ ਸੀ ਉੱਥੇ ਬਰਾਂਚ ਦਾ ਨਾਂ ਲਿਖ ਦਿੱਤਾ ਜਿੱਥੇ ਬਰਾਂਚ ਦਾ ਨਾਮ ਲਿਖਣਾ ਸੀ ਉੱਥੇ ਪੈਸੇ ਪ੍ਰਾਪਤੀ ਕਰਨ ਵਾਲੇ ਦਾ ਨਾਂ ਲਿਖ ਦਿੱਤਾ। ਫਾਰਮ ਵਿੱਚ ਥਾਂ-ਥਾਂ ’ਤੇ ਕਟਿੰਗ ਕਰਕੇ ਆਪਣੇ ਜਾਅਲੀ ਜਿਹੇ ਦਸਤਖ਼ਤ ਕਰ ਦਿੱਤੇ। ਫਿਰ ਉਸ ਨੇ ਕਿਹਾ ਕਿ ਸਾਨੂੰ ਨੈਫਟ ਫਾਰਮ ਦੀ ਫੋਟੋ ਭੇਜੋ। ਫੋਟੋ ਚੈੱਕ ਕਰਨ ਮਗਰੋਂ ਉਸ ਨੇ ਮੈਨੂੰ ਚੈੱਕ ਕੱਟਣ ਲਈ ਕਿਹਾ, ਪਰ ਮੈਂ ਨਾਂਹ ਕਰ ਦਿੱਤੀ। ਉਸ ਨੇ ਫਿਰ ਕਾਲ ਡੀਸੀਪੀ ਨੂੰ ਟਰਾਂਸਫਰ ਕਰ ਦਿੱਤੀ। ਡੀਸੀਪੀ ਨੇ ਮੈਨੂੰ ਧਮਕਾਉਂਦਿਆਂ ਕਿਹਾ, ‘‘ਅਸੀਂ ਪਿਛਲੇ 25-30 ਘੰਟਿਆਂ ਤੋਂ ਤੇਰੀ ਸਹਾਇਤਾ ਲਈ ਸਭ ਕੁਝ ਕਰ ਰਹੇ ਹਾਂ ਕਿਉਂਕਿ ਤੂੰ ਸਾਨੂੰ ਬੇਗੁਨਾਹ ਜਾਪਦਾ ਏਂ। ਪਰ ਬੇਗੁਨਾਹੀ ਸਾਬਤ ਕਰਨ ਲਈ ਆਰਬੀਆਈ ਅਧਿਕਾਰੀਆਂ ਦੀ ਗੱਲ ਮੰਨਣੀ ਪਵੇਗੀ।’’
ਮੈਂ ਸੋਚਿਆ, ਕੀ ਕਰਾਂ? ਬੜੇ ਕਸੂਤੇ ਫਸੇ। ਫਿਰ ਮੇਰੇ ਦਿਮਾਗ਼ ਵਿੱਚ ਇੱਕ ਖ਼ਿਆਲ ਆਇਆ। ਮੈਂ ਉਸ ਖਾਤੇ ਦੀ ਚੈੱਕ ਬੁੱਕ ਲਈ ਜਿਸ ਵਿੱਚ ਤੀਹ ਕੁ ਹਜ਼ਾਰ ਹੀ ਸੀ। ਮੈਂ ਉਸ ਖਾਤੇ ਦੇ ਚੈੱਕ ਵਿਚ 3,58,756 ਰੁਪਏ ਦੀ ਰਾਸ਼ੀ ਭਰ ਦਿੱਤੀ ਅਤੇ ਥੱਲੇ ਜਾਅਲੀ ਜਿਹੇ ਦਸਤਖ਼ਤ ਕਰ ਕੇ ਉਸ ਦੀ ਫੋਟੋ ਉਨ੍ਹਾਂ ਨੂੰ ਭੇਜ ਦਿੱਤੀ। ਉਸ ਨੇ ਕਿਹਾ, ‘‘ਹੁਣ ਤੁਸੀਂ ਬੈਂਕ ਜਾ ਕੇ ਇਹ ਨੈਫਟ ਫਾਰਮ ਅਤੇ ਚੈੱਕ ਕਾਊਂਟਰ ’ਤੇ ਦੇ ਦਿਓ। ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ ਕਿਉਂਕਿ ਤੁਹਾਡੀ ਰਿਕਾਰਡਿੰਗ ਚੱਲ ਰਹੀ ਹੈ।’’ ਮੈਂ ਬੈਂਕ ਗਿਆ। ਨੈਫਟ ਕਾਊਂਟਰ ’ਤੇ ਮੇਰਾ ਦੋਸਤ ਹੀ ਬੈਠਾ ਸੀ। ਮੈਂ ਇੱਕ ਕਾਗ਼ਜ਼ ’ਤੇ ਲਿਖਿਆ ਕਿ ਮੈਂ ‘ਔਨ ਕਾਲ’ ਹਾਂ, ਗੱਲ ਨਹੀਂ ਕਰਨੀ, ਜੋ ਮੈਂ ਤੁਹਾਨੂੰ ਨੈਫਟ ਫਾਰਮ ਦੇ ਰਿਹਾ ਹਾਂ, ਇਸ ਨੂੰ ਨਹੀਂ ਕਰਨਾ ਅਤੇ ਕੋਈ ਬਹਾਨਾ ਬਣਾ ਦੇਣਾ। ਮੈਂ ਕਾਊਂਟਰ ’ਤੇ ਨੈਫਟ ਦਾ ਫਾਰਮ ਦੇ ਕੇ ਇੱਕ ਪਾਸੇ ਬਣੇ ਇਨਵਰਟਰ ਰੂਮ ’ਚ ਬੈਠ ਗਿਆ। ਉਹ ਕਾਗ਼ਜ਼ ਪੜ੍ਹ ਕੇ ਮੇਰੇ ਕੋਲ ਆ ਗਿਆ। ਮੈਂ ਉਸ ਨੂੰ ਇਸ਼ਾਰਾ ਕੀਤਾ ਕਿ ਮੇਰੇ ਨਾਲ ਗੱਲ ਨਾ ਕਰੇ। ਮੈਂ ਉਸ ਨੂੰ ਆਰਬੀਆਈ ਦਾ ਲੈਟਰ ਦਿਖਾਇਆ। ਉਸ ਨੇ ਲਿਖਤ ਵਿੱਚ ਮੈਨੂੰ ਜਵਾਬ ਦਿੱਤਾ ਕਿ ਇਹ ਤਾਂ ਫ਼ਰਜ਼ੀ ਜਾਪਦਾ ਹੈ। ਇਸ ਦੌਰਾਨ ਉਸ ਆਰਬੀਆਈ ਅਧਿਕਾਰੀ ਨੇ ਮੈਨੂੰ ਕਿਹਾ ਕਿ ਪਤਾ ਕਰੋ ਨੈਫਟ ਹੋਇਆ ਹੈ ਜਾਂ ਨਹੀਂ। ਮੈਂ ਕਿਹਾ, ‘‘ਪਤਾ ਕਰਦਾ ਹਾਂ।’’ ਮੈਂ ਉਸ ਨੂੰ ਦੱਸਿਆ ਕਿ ਨੈਫਟ ਨਹੀਂ ਹੋ ਰਿਹਾ। ਉਸ ਨੇ ਕਿਹਾ, ‘‘ਮੇਰੀ ਵੀਡੀਓ ਕਾਲ ’ਤੇ ਉਸ ਕਾਊਂਟਰ ’ਤੇ ਬੈਠੇ ਕਰਮਚਾਰੀ ਨਾਲ ਗੱਲ ਕਰਾਓ, ਜੋ ਨੈਫਟ ਨਹੀਂ ਕਰ ਰਿਹਾ, ਉਸ ਨੂੰ ਹੁਣੇ ਲੋਕਲ ਪੁਲੀਸ ਤੋਂ ਚੁਕਵਾਉਂਦੇ ਹਾਂ।’’ ਮੈਂ ਮੋਬਾਈਲ ਆਪਣੇ ਦੋਸਤ ਨੂੰ ਦੇ ਦਿੱਤਾ। ਉਸ ਨੇ ਦੱਸਿਆ ਕਿ ਸਰਵਰ ਡਾਊਨ ਹੈ, ਇਸ ਕਰਕੇ ਪੇਮੈਂਟ ਨਹੀਂ ਹੋ ਰਹੀ। ਮੇਰੇ ਦੋਸਤ ਨੇ ਉੱਚੀ ਆਵਾਜ਼ ’ਚ ਉਸ ਨਾਲ ਗੱਲ ਕੀਤੀ ਤਾਂ ਆਰਬੀਆਈ ਅਧਿਕਾਰੀ ਕਾਹਲਾ ਪੈ ਗਿਆ। ਉਸ ਨੇ ਕਿਹਾ ਕਿ ਮੋਬਾਈਲ ਕਸਟਮਰ ਨੂੰ ਦਿਓ, ਮੈਂ ਉਸ ਨਾਲ ਗੱਲ ਕਰਨੀ ਹੈ। ਦੋਸਤ ਨੇ ਉੱਤਰ ਦਿੱਤਾ, ‘‘ਨਹੀਂ, ਤੁਸੀਂ ਮੇਰੇ ਨਾਲ ਹੀ ਗੱਲ ਕਰੋ ਕਿਉਂਕਿ ਨੈਫਟ ਮੈਂ ਕਰਨੀ ਹੈ ਅਤੇ ਮੇਰੇ ਕੋਲ ਇਸ ਦਾ ਅਧਿਕਾਰ ਹੈ।’’ ਜਦੋਂ ਕੁਝ ਸਮਾਂ ਉਨ੍ਹਾਂ ਦੀ ਆਪਸੀ ਬਹਿਸ ਹੋਈ ਤਾਂ ਉਹ ਫ਼ਰਜ਼ੀ ਅਧਿਕਾਰੀ ਆਪਣੇ ਪੈਰੋਂ ਉੱਖੜ ਗਿਆ। ਉਹ ਪਰੇਸ਼ਾਨ ਹੋ ਕੇ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗਿਆ ਤਾਂ ਮੇਰੇ ਦੋਸਤ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬੰਦਾ ਫ਼ਰਜ਼ੀ ਹੈ। ਮੇਰੇ ਦੋਸਤ ਨੇ ਕਾਲ ਡਿਸਕਨੈਕਟ ਕਰਕੇ ਮੋਬਾਈਲ ਬੰਦ ਕਰ ਦਿੱਤਾ। ਫਿਰ ਉਸ ਨੇ ਆ ਕੇ ਮੈਨੂੰ ਦੱਸਿਆ ਕਿ ਇਹ ਤਾਂ ਕੋਈ ਠੱਗ ਹੀ ਸੀ। ਮੈਂ ਕਿਹਾ, ‘‘ਮੈਨੂੰ ਵੀ ਲੱਗਦਾ ਸੀ ਕਿ ਠੱਗ ਹੈ, ਇਸੇ ਕਰਕੇ ਮੈਂ ਤੁਹਾਨੂੰ ਲਿਖ ਕੇ ਭੇਜਿਆ ਸੀ ਕਿ ਇਹ ਟਰਾਂਜ਼ੈਕਸ਼ਨ ਨਹੀਂ ਕਰਨੀ। ਬਾਕੀ ਜਿਸ ਖਾਤੇ ਦਾ ਚੈੱਕ ਮੈਂ ਭਰ ਕੇ ਦਿੱਤਾ ਹੈ, ਉਸ ਖਾਤੇ ਵਿੱਚ ਇੰਨਾ ਪੈਸਾ ਹੀ ਨਹੀਂ ਸੀ, ਚੈੱਕ ਵੈਸੇ ਵੀ ਬਾਊਂਸ ਹੋ ਜਾਣਾ ਸੀ।’’ ਮੇਰੇ ਦੋਸਤ ਨੇ ਤੁਰੰਤ ਐੱਸ.ਪੀ. ਦੇ ਪੀ.ਏ. ਨਾਲ ਗੱਲ ਕੀਤੀ। ਐੱਸ.ਪੀ. ਦੀ ਪੀ.ਏ. ਨੇ ਮੈਨੂੰ ਕਿਹਾ, ‘‘ਅਜਿਹੀਆਂ ਠੱਗੀਆਂ ਅੱਜਕੱਲ੍ਹ ਔਨਲਾਈਨ ਹੋਣ ਲੱਗੀਆਂ ਹਨ। ਤੁਸੀਂ ਚੰਗੇ ਰਹੇ ਕਿ ਆਪਣਾ ਬਚਾਅ ਕਰ ਲਿਆ। ਜੇਕਰ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ।’’ ਫਿਰ ਮੈਂ ਅਤੇ ਮੇਰਾ ਬੈਂਕ ਵਾਲਾ ਦੋਸਤ ਥਾਣੇ ਗਏ। ਥਾਣੇ ਵਾਲਿਆਂ ਨੇ ਦੱਸਿਆ ਕਿ ਠੱਗੀ ਦੇ ਅਜਿਹੇ ਕੇਸਾਂ ਦਾ ਸਾਡੇ ਇੱਥੇ ਕੁਝ ਨਹੀਂ ਬਣਦਾ। ਸਾਈਬਰ ਕ੍ਰਾਈਮ ਥਾਣਾ ਵੀ ਸਿਰਫ਼ ਉਨ੍ਹਾਂ ਦੀ ਹੀ ਮਦਦ ਕਰ ਸਕਦਾ ਹੈ ਜਿਨ੍ਹਾਂ ਨਾਲ ਧੋਖਾ ਹੋ ਜਾਂਦਾ ਹੈ। ਤੁਸੀਂ ਭਾਗਸ਼ਾਲੀ ਹੋ ਕਿ ਤੁਹਾਡੇ ਨਾਲ ਧੋਖਾ ਨਹੀਂ ਹੋਇਆ। ਬੱਸ ਤੁਸੀਂ ਉਸ ਫੋਨ ਨੰਬਰ ਨੂੰ ਬਲੌਕ ਕਰ ਦਿਓ, ਤੁਹਾਡਾ ਨੁਕਸਾਨ ਨਹੀਂ ਹੋਇਆ, ਇਸ ਕਰਕੇ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ। ਬੱਸ ਖ਼ੁਦ ਜਾਗਰੂਕ ਰਹੋ ਅਤੇ ਦੂਜਿਆਂ ਨੂੰ ਜਾਗਰੂਕ ਕਰਦੇ ਰਹੋ।
ਫਿਰ ਅਸੀਂ ਬੈਂਕ ਵਿੱਚ ਆ ਗਏ। ਚਾਹ ਪੀਤੀ ਤੇ ਸੁਖ ਦਾ ਸਾਹ ਲਿਆ। ਇਹ ਤਰ੍ਹਾਂ ਮੈਂ ਪਿਛਲੇ 30 ਘੰਟਿਆਂ ਦੀ ਆਫ਼ਤ ਤੋਂ ਬਾਅਦ ਬਿਨਾਂ ਕੁਝ ਗਵਾਏ ਛੁਟਕਾਰਾ ਪਾ ਲਿਆ। ਆਫ਼ਤ ਦੇ 30 ਘੰਟਿਆਂ ਦੌਰਾਨ ਮੈਂ ਅਡੋਲ ਰਿਹਾ, ਪਰ ਹੁਣ ਸੋਚ ਕੇ ਰੂਹ ਕੰਬ ਜਾਂਦੀ ਹੈ।
* ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ, ਸੀਸੀ ਹੈਡ, ਸ੍ਰੀ ਗੰਗਾਨਗਰ (ਰਾਜ.) ਕਨਵੀਨਰ, ਬੋਰਡ ਔਫ ਸਟਡੀਜ਼, ਪੰਜਾਬੀ, ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ (ਰਾਜਸਥਾਨ)।
ਸੰਪਰਕ: 94136-52646
ਵਿੱਚ ਕੋਈ ਜਾਣਕਾਰ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ। ਮੈਂ ਗੰਗਾਨਗਰ ਦਾ ਰਹਿਣ ਵਾਲਾ ਮੁੰਬਈ ਜਾ ਕੇ ਕਿਸੇ ਨੂੰ ਕੋਈ ਪਾਰਸਲ ਕਿਉਂ ਭੇਜਾਂਗਾ, ਇਸ ਕਰਕੇ ਇਹ ਪਾਰਸਲ ਮੇਰਾ ਨਹੀਂ।
ਕਸਟਮਰ ਕੇਅਰ ਵਾਲੇ ਨੇ ਦੱਸਿਆ ਕਿ ਸਾਡਾ ਫ਼ਰਜ਼ ਹੈ ਕਿ ਜੋ ਪਾਰਸਲ ਦਿੱਤੇ ਪਤੇ ’ਤੇ ਨਹੀਂ ਪਹੁੰਚਦੇ, ਅਸੀਂ ਉਸ ਦੀ ਜਾਣਕਾਰੀ ਭੇਜਣ ਵਾਲੇ ਨਾਲ ਸਾਂਝੀ ਕਰਦੇ ਹਾਂ। ਇਸ ਕਰਕੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਆਧਾਰ ਕਾਰਡ ਦੀ ਡਿਟੇਲਜ਼ ਨੂੰ ਕਿਸੇ ਨੇ ਮਿਸਯੂਜ਼ (ਦੁਰਵਰਤੋਂ) ਕੀਤਾ ਹੋਵੇ।