ਅੰਮ੍ਰਿਤਾ ਦੇ ਤੁਰ ਜਾਣ ਪਿੱਛੋਂ
ਜਸਬੀਰ ਭੁੱਲਰ
ਅੰਮ੍ਰਿਤਾ ਇਮਰੋਜ਼ ਦਾ ਸੁਪਨਿਆਂ ਵਾਲਾ ਇੱਕ ਘਰ ਹੁੰਦਾ ਸੀ। ਪਹਿਲੋਂ ਉਹ ਘਰ ਵਿਕਿਆ ਸੀ ਤੇ ਫਿਰ ਢਹਿ-ਢੇਰੀ ਹੋਇਆ ਸੀ। ਮੋਏ ਹੋਏ ਸੁਪਨਿਆਂ ਦਾ ਮਲਬਾ ਕਈ ਦਿਨਾਂ ਤੱਕ ਉੱਥੇ ਹੀ ਪਿਆ ਰਿਹਾ ਸੀ। ਉੱਥੇ ਟੁੱਟੀਆਂ ਇੱਟਾਂ, ਸੀਮਿੰਟ ਦੇ ਖਲੇਪੜ, ਜੰਗਾਲੇ ਸਰੀਏ, ਚੁਗਾਠਾਂ ਸਮੇਤ ਪੁੱਟੇ ਹੋਏ ਦਰਵਾਜ਼ੇ, ਬਾਰੀਆਂ, ਰੋੜੀਆਂ ਵਾਲੀ ਮਿੱਟੀ, ਬਿਜਲੀ ਦੀਆਂ ਖਿੱਲਰੀਆਂ ਉਲਝੀਆਂ ਤਾਰਾਂ ਤੇ ਇਹੋ ਜਿਹਾ ਹੀ ਹੋਰ ਬੜਾ ਕੁਝ ਚੁਫ਼ੇਰੇ ਖਿੱਲਰਿਆ ਦਿਸਦਾ ਸੀ।
ਉਹ ਘਰ ਜਦੋਂ ਮਲਬਾ ਨਹੀਂ ਸੀ, ਉੱਥੇ ਲੇਖਕ ਜ਼ਿਆਰਤ ਵਾਂਗੂ ਜਾਂਦੇ ਸਨ ਤੇ ਉੱਥੋਂ ਸੁਪਨੇ ਤੇ ਪ੍ਰੇਰਨਾ ਲੈ ਕੇ ਪਰਤਦੇ ਸਨ।
ਬੰਦਿਆਂ ਦੇ ‘ਸੀ’ ਹੋਣ ਵਾਂਗੂੰ ਉਹ ਘਰ ਵੀ ‘ਹੈ’ ਤੋਂ ‘ਸੀ’ ਹੋ ਗਿਆ ਸੀ।
ਉਸ ‘ਸੀ’ ਦੇ ਇੱਕ ਕਮਰੇ ਵਿੱਚ ਬੈਠਿਆਂ ਅੰਮ੍ਰਿਤਾ ਨੇ ਇੱਕ ਵਾਰ ਮੈਨੂੰ ਦੱਸਿਆ ਸੀ, ‘‘ਮੇਰੇ ਤੁਰ ਜਾਣ ਬਾਅਦ ਸਾਰਾ ਕੁਝ ਇਸ ਤਰ੍ਹਾਂ ਰਹੇਗਾ! ਇਹ ਘਰ! ...ਇਹ ਤਸਵੀਰਾਂ! ...ਇਹ ਕਿਤਾਬਾਂ ਅਤੇ...। ਕੁਝ ਵੀ ਨਹੀਂ ਬਦਲੇਗਾ। ਬੱਸ, ਇਮੂ ਕੁਝ ਇਸ ਤਰ੍ਹਾਂ ਕਰੇਗਾ ਕਿ ਮੈਂ ਇੱਥੇ ਹੀ ਤੁਰਦੀ ਫਿਰਦੀ ਰਹਾਂ।’’
ਅੰਮ੍ਰਿਤਾ ਦਾ ਇਮੂ! ... ਉਰਫ਼ ਜੀਤੀ! ... ਉਰਫ਼ ਇਮਰੋਜ਼ ਵੀ ਇਹੋ ਚਾਹੁੰਦਾ ਸੀ ਕਿ ਹਰ ਸ਼ੈਅ ਉਸੇ ਥਾਂ ਪਈ ਰਹੇ ਜਿੱਥੇ ਅੰਮ੍ਰਿਤਾ ਦੇ ਵੇਲੇ ਸੀ।
ਮੁੱਢਲੀ ਵਸੀਅਤ ਵੇਲੇ ਵਿਚਕਾਰਲੀ ਮੰਜ਼ਿਲ ਇਮਰੋਜ਼ ਦੀ ਸੀ। ਉਹ ਕੀਤਾ ਕੌਲ ਨਿਭਾ ਸਕਦਾ ਸੀ। ਫੇਰ ਪਤਾ ਨਹੀਂ ਕਿਹੜੇ ਵੇਲੇ ਉਹ ਵਸੀਅਤ ਬਦਲ ਗਈ ਸੀ। ਇਮਰੋਜ਼ ਨੂੰ ਪ੍ਰੇਮੀ ਹੋਣ ਦਾ ਹੱਕ ਹਾਸਲ ਸੀ ਪਰ ਵਿਰਾਸਤ ਦੇ ਹੱਕ ਹਕੂਕ ਤੋਂ ਉਹ ਵਿਰਵਾ ਸੀ।
ਸੁਣਿਆ ਹੈ, ਅੰਮ੍ਰਿਤਾ ਦੀ ਵਸੀਅਤ ਵਿੱਚ ਬੱਸ ਏਨਾ ਕੁ ਲਿਖਿਆ ਹੋਇਆ ਸੀ ਕਿ ਇਮਰੋਜ਼ ਅੰਮ੍ਰਿਤਾ ਦੇ ਬਾਅਦ ਵੀ ਉੱਥੇ ਰਹਿ ਲਵੇ, ਜਦੋਂ ਤੱਕ ਉਹਦੇ ਕੋਲ ਸਾਹ ਨੇ।
ਮੁਹੱਬਤ ਉਨ੍ਹਾਂ ਇੱਟਾਂ ਦੀ ਵਾਰਸ ਨਹੀਂ ਸੀ। ਇਸ ਕਾਰਨ ਕੁਝ ਵੀ ਉਹਦੇ ਵੱਸ ਵਿੱਚ ਨਹੀਂ ਸੀ।
...ਤੇ ਇਮਰੋਜ਼ ਬੜਾ ਕੁਝ ਬਦਲਦਾ ਹੋਇਆ ਵੇਖ ਰਿਹਾ ਸੀ, ...ਚੁੱਪ ਚਾਪ! ... ਗੁੰਮ ਸੁੰਮ।
ਪਹਿਲੋਂ ਹੌਜ਼ ਖ਼ਾਸ ਦੀ ਹਵਾ ਬਦਲੀ ਸੀ ਤੇ ਫਿਰ ਉਸ ਘਰ ਦੀ।
...
ਅੰਮ੍ਰਿਤਾ ਪ੍ਰੀਤਮ ਦੀ ਮੌਤ ਤੋਂ ਪਿੱਛੋਂ ਇੱਕ-ਡੇਢ ਵਰ੍ਹਾ ਮੈਂ ਦਿੱਲੀ ਨਹੀਂ ਸਾਂ ਗਿਆ।
ਅੰਮ੍ਰਿਤਾ-ਇਮਰੋਜ਼ ਦਾ ਘਰ ਉੱਥੇ ਹੀ ਸੀ, ਫੇਰ ਵੀ ਲਗਦਾ ਸੀ ਕਿ ਉੱਥੇ ਨਹੀਂ। ਸੋਚਿਆ ਆਪਣੇ ਯਕੀਨ ਲਈ ਉੱਥੇ ਜਾਵਾਂ। ਮੇਰੀ ਇਹੋ ਤਵੱਕੋ ਸੀ ਕਿ ਕੁਝ ਨਹੀਂ ਬਦਲਿਆ। ਅੰਮ੍ਰਿਤਾ ਚਲੇ ਗਈ ਸੀ, ਪਰ ਗ਼ੈਰ-ਹਾਜ਼ਰ ਨਹੀਂ ਸੀ ਹੋਈ। ਹੁਣ ਵੀ ਮੈਂ ਬੂਹੇ ਦੀਆਂ ਸੂਹੀਆਂ ਘਰਾਲਾਂ ਉੱਤੇ ਲਿਖੀ ਅੰਮ੍ਰਿਤਾ ਦੀ ਨਜ਼ਮ ਪੜ੍ਹਾਂਗਾ:
‘‘ਪਰਛਾਵਿਆਂ ਨੂੰ ਪਕੜਨ ਵਾਲਿਓ।
ਛਾਤੀ ’ਚ ਬਲਦੀ ਅੱਗ ਦਾ
ਪਰਛਾਵਾਂ ਨਹੀਂ ਹੁੰਦਾ।’’
ਮੇਰੇ ਪੈਰ ਉੱਥੇ ਹੀ ਥੰਮ ਜਾਣਗੇ। ਮੇਰੀ ਨਜ਼ਰ ਨੂੰ ਦੂਸਰਾ ਬੂਹਾ ਬੋਚ ਲਵੇਗਾ। ਉਸ ਬੂਹੇ ਉੱਤੇ ਲਿਖੀ ਨਜ਼ਮ ਨੂੰ ਵੀ ਮੇਰੀਆਂ ਅੱਖਾਂ ਸਿਜਦਾ ਕਰਨਗੀਆਂ
‘‘ਇੱਕ ਦਰਦ ਹੈ
ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪਚਾਪ ਪੀਤਾ ਹੈ
ਕੁਝ ਨਜ਼ਮਾਂ ਹਨ
ਜੋ ਸਿਗਰਟ ਦੇ ਨਾਲੋਂ
ਮੈਂ ਰਾਖ ਵਾਂਗਣ ਝਾੜੀਆਂ।’’
ਮੈਂ ਅੰਮ੍ਰਿਤਾ ਦੇ ਕਮਰੇ ਵਿੱਚ ਪੈਰ ਧਰਾਂਗਾ। ਉੱਥੇ ਮੈਂ ਅੰਮ੍ਰਿਤਾ ਨੂੰ ਮਹਿਸੂਸ ਕਰਾਂਗਾ। ਉਸ ਬਿਸਤਰੇ ਨੂੰ ਛੋਹ ਕੇ ਵੇਖਾਂਗਾ ਜਿੱਥੇ ਉਹਨੇ ਅੱਧ-ਲੇਟਿਆਂ ਅਥਾਹ ਸਾਹਿਤ ਰਚਿਆ ਸੀ।
ਉਸ ਬਿਸਤਰੇ ਉੱਤੇ ਗ਼ੁਲਾਬ ਦਾ ਇੱਕ ਸੂਹਾ ਫੁੱਲ ਧਰ ਕੇ ਮੈਂ ਪਰਤ ਆਵਾਂਗਾ।
ਕੁਝ ਹੋਰ ਵਰ੍ਹੇ ਬੀਤਣ ਪਿੱਛੋਂ ਉਹ ਘਰ ਸਹਿਜ ਜ਼ਿੰਦਗੀ ਜਿਊਂ ਰਿਹਾ ਹੋਵੇਗਾ, ਪਰ ਉਦੋਂ ਉੱਥੇ ਇਮਰੋਜ਼ ਨੇ ਨਹੀਂ ਹੋਣਾ।
ਉਦੋਂ ਸ਼ਾਇਦ ਮੈਂ ਵੀ ਨਹੀਂ ਹੋਣਾ। ਜੇ ਮੈਂ ਉਦੋਂ ਹੋਇਆ ਵੀ ਤਾਂ ਹੌਜ਼ ਖ਼ਾਸ ਦੀਆਂ ਉਹ ਪੌੜੀਆਂ ਨਹੀਂ ਚੜ੍ਹ ਸਕਾਂਗਾ।
ਉਦੋਂ ਮੈਂ ਉਸ ਘਰ ਦਾ ਅਜਨਬੀ ਹੋਵਾਂਗਾ।
...
ਆਖ਼ਰਕਾਰ ਦਿੱਲੀ ਜਾਣ ਦਾ ਸਬੱਬ ਬਣਿਆ। ਮੈਂ ਉਸ ਬੂਹੇ ਸਾਹਵੇਂ ਖਲੋ ਕੇ ਬੀਤੇ ਨੂੰ ਹਾਕ ਮਾਰੀ।
ਉਸ ਬੂਹੇ ਨੂੰ ਨਾ ਕਿਸੇ ਨਜ਼ਮ ਦੀ ਉਡੀਕ ਸੀ ਤੇ ਨਾ ਕਹਾਣੀ ਦੀ। ਜਿਸ ਦੀ ਇਹ ਲੋੜ ਸੀ, ਉਹ ਉੱਥੇ ਨਹੀਂ ਸੀ।
ਮੈਂ ਉਸ ਘਰ ਨੂੰ ਭਰਵੀਂ ਨਜ਼ਰ ਨਾਲ ਵੇਖਿਆ। ਲਗਦਾ ਸੀ, ਸਾਰਾ ਕੁਝ ਪਹਿਲਾਂ ਵਾਂਗ ਹੀ ਸੀ। ਬਾਹਰਲੇ ਗੇਟ ਦੀ ਬੁਰਜੀ ਉੱਤੇ ਲੱਗਾ ਫਿੱਕੇ ਨਸਵਾਰੀ ਰੰਗ ਦਾ ਪੱਥਰ ਉੱਥੇ ਹੀ ਸੀ। ਉਸ ਉੱਤੇ ਇਮਰੋਜ਼ ਦੀ ਅੱਖਰਕਾਰੀ ਵਿੱਚ ‘ਅੰਮ੍ਰਿਤਾ-ਇਮਰੋਜ਼’ ਖੁਣਿਆ ਹੋਇਆ ਸੀ।
ਉਦਾਸ ਰੰਗ ਦਾ ਉਹ ਪੱਥਰ ਪਥਰਾਇਆ ਹੋਇਆ ਪ੍ਰਤੀਤ ਹੋਇਆ।
ਲੋਹੇ ਦਾ ਗੇਟ ਅੱਧ-ਖੁੱਲ੍ਹਾ ਸੀ। ਲਗਦਾ ਸੀ, ਅੰਮ੍ਰਿਤਾ ਹੁਣੇ ਗਈ ਹੈ, ਛੇਤੀ ਹੀ ਪਰਤ ਆਵੇਗੀ।
ਅੰਦਰਵਾਰ ਪੈਰ ਧਰਦਿਆਂ ਮੈਂ ਗੇਟ ਬੰਦ ਕਰ ਦਿੱਤਾ।
ਗਮਲਿਆਂ ਵਿੱਚ ਲੱਗੇ ਹੋਏ ਵੇਲ ਬੂਟੇ ਸਲੀਕਾ ਭੁੱਲ ਕੇ ਝਾੜ ਬਣੇ ਹੋਏ ਸਨ। ਉਹ ਜਿਵੇਂ ਉੱਥੇ ਆਉਣ ਵਾਲਿਆਂ ਦੇ ਰਾਹ ਨੂੰ ਰੋਕਣ ਦੇ ਯਤਨ ਵਿੱਚ ਸਨ।
ਕਾਲ ਬੈੱਲ ਦੇ ਜਵਾਬ ਵਿੱਚ ਵਰਤਮਾਨ ਪੌੜੀਆਂ ਉੱਤਰ ਆਇਆ ਸੀ। ਇਮਰੋਜ਼ ਨੇ ਮੈਨੂੰ ਬਾਹਵਾਂ ਵਿੱਚ ਘੁੱਟ ਲਿਆ ਸੀ।
ਉਹ ਹੱਥ ਫੜ ਕੇ ਮੈਨੂੰ ਪੌੜੀਆਂ ਵੱਲ ਲੈ ਤੁਰਿਆ।
ਉਨ੍ਹਾਂ ਕੰਧਾਂ ਦੇ ਅੰਦਰਵਾਰ ਬੜਾ ਕੁਝ ਵਾਪਰਿਆ ਸੀ। ਉਸ ਘਰ ਦੇ ਜੀਅ ਅਨੇਕ ਜਵਾਰ-ਭਾਟਿਆਂ ਵਿੱਚ ਜੀਵੇ ਸਨ।
1964 ਵਿੱਚ ਜਦੋਂ ਉਹ ਕੋਠੀ ਬਣ ਕੇ ਤਿਆਰ ਹੋਈ ਸੀ ਤਾਂ ਇਮਰੋਜ਼ ਨੇ ਅੰਮ੍ਰਿਤਾ ਲਈ ਉਹ ਪੌੜੀਆਂ ਚੜ੍ਹੀਆਂ ਸਨ ਤੇ ਫਿਰ ਉਹ ਉਸ ਘਰ ਦਾ ਹੋ ਗਿਆ ਸੀ। ਉਦੋਂ ਹੀ ਅੰਮ੍ਰਿਤਾ ਦਾ ਪਤੀ ਉਸ ਘਰ ਲਈ ਅਜਨਬੀ ਹੋਇਆ ਸੀ। ਉੱਥੇ ਹੀ ਅੰਮ੍ਰਿਤਾ ਦੀ ਧੀ ਅਤੇ ਪੁੱਤਰ ਨਵਰਾਜ ਦੇ ਘਰ ਬਣੇ ਵੀ ਸਨ ਤੇ ਟੁੱਟੇ ਵੀ ਸਨ।
ਉੱਥੇ ਹੀ ਨਵਰਾਜ ਮਾਨਸਿਕ ਸੰਤਾਪ ਵਿੱਚ ਜੀਵਿਆ ਸੀ, ਪਰ ਇਮਰੋਜ਼ ਨੂੰ ਪਿਤਾ ਨਹੀਂ ਸੀ ਕਹਿ ਸਕਿਆ।
ਉੱਥੇ ਹੀ ਅੰਮ੍ਰਿਤਾ ਆਪਣੇ ਸਾਹਾਂ ਲਈ ਮੌਤ ਨਾਲ ਕਈ ਵਰ੍ਹੇ ਲੜਦੀ ਰਹੀ ਸੀ।
ਉੱਥੇ ਹੀ ਅੰਮ੍ਰਿਤਾ ਨੇ ਖ਼ੂਬਸੂਰਤ ਰਚਨਾਵਾਂ ਰਚੀਆਂ ਸਨ, ਵੱਡੇ ਵੱਡੇ ਇਨਾਮ ਸਨਮਾਨ ਹਾਸਿਲ ਕੀਤੇ ਸਨ।
ਪੌੜੀਆਂ ਦੀਆਂ ਕੰਧਾਂ ਉੱਤੇ ਤਸਵੀਰਾਂ ਲੱਗੀਆਂ ਹੋਈਆਂ ਸਨ। ਪੌੜੀਆਂ ਦੇ ਹਰ ਮੋੜ ਉੱਤੇ ਰੰਗੋਲੀ ਸੀ।
ਸਿਖ਼ਰਲੀ ਪੌੜੀ ਉੱਤੇ ਪਹੁੰਚ ਕੇ ਇਮਰੋਜ਼ ਇੱਕ ਛਿਣ ਲਈ ਰੁਕ ਗਿਆ ਜਿਵੇਂ ਸਾਹ ਸਾਵਾਂ ਕਰ ਰਿਹਾ ਹੋਵੇ। ਮੇਰਾ ਖ਼ਿਆਲ ਸੀ, ਉਹ ਪਹਿਲਾਂ ਵਾਂਗ ਹੀ ਹਾਕ ਮਾਰ ਕੇ ਕਹੇਗਾ, ‘‘ਵੇਖ ਮਲਿਕਾ! ਜਸਬੀਰ ਆਇਐ।
ਪਰ ਉਹਨੇ ਇਸ ਤਰ੍ਹਾਂ ਨਹੀਂ ਸੀ ਕਿਹਾ। ਉਹ ਮੈਨੂੰ ਕਾਲੀਆਂ ਕੁਰਸੀਆਂ ਤਕ ਲੈ ਗਿਆ।
ਲੌਬੀ, ਜਿਸ ਚਕੋਰ ਥਾਂ ਨੂੰ ਉਹ ‘ਨਾਗਮਣੀ’ ਦਾ ਦਫ਼ਤਰ ਆਖਦੇ ਹੁੰਦੇ ਸਨ, ਉੱਥੇ ਚਨੁੱਕਰੇ ਸਟੈਂਡ ਪਏ ਹੋਏ ਸਨ। ਉਨ੍ਹਾਂ ਉੱਤੇ ਇਮਰੋਜ਼ ਦੇ ਬਣਾਏ ਹੋਏ ਚਿੱਤਰ ਲੱਗੇ ਹੋਏ ਸਨ।
ਇੱਕ ਚਿੱਤਰ ਉੱਤੇ ਲਿਖਿਆ ਹੋਇਆ ਸੀ, ‘‘ਤੁਹਾਨੂੰ ਪਿਆਰ ਨੂੰ ਜਿਊਣਾ ਚਾਹੀਦਾ ਏ।’’
ਕੁਰਸੀ ਉੱਤੇ ਬੈਠਣ ਤੋਂ ਪਹਿਲਾਂ ਮੈਂ ਤਸਵੀਰਾਂ ਵੇਖਣ ਲੱਗ ਪਿਆ।
ਬੈਠਕ ਵਿੱਚ ਵੀ ਉਹੋ ਜਿਹੇ ਸਟੈਂਡ ਪਏ ਹੋਏ ਸਨ। ਤਸਵੀਰਾਂ ਦੇ ਵਿਖਾਲੇ ਲਈ ਥਾਂ ਬਹੁਤ ਥੋੜ੍ਹੀ ਸੀ ਤੇ ਤਸਵੀਰਾਂ ਦੀ ਗਿਣਤੀ ਅਤਿ ਦੀ ਜ਼ਿਆਦਾ।
ਕੰਮ ਵਾਲੀ ਸਾਨੂੰ ਕੱਪਾਂ ਵਿੱਚ ਚਾਹ ਫੜਾ ਗਈ। ਉਰਦੂ ਅਫ਼ਸਾਨਾਨਿਗਾਰ ਕੁਰਤਲੈਨ ਹੈਦਰ ਨੇ ‘ਇਲੱਸਟਰੇਟਡ ਵੀਕਲੀ ਆਫ ਇੰਡੀਆ’ ਵਿੱਚ ਅੰਮ੍ਰਿਤਾ ਦੇ ਘਰ ਪੀਤੀ ਚਾਹ ਨੂੰ ‘ਅੰਮ੍ਰਿਤਾ ਪ੍ਰੀਤਮਿਸ ਟੀ’ ਲਿਖਿਆ ਸੀ। ਯਾਨੀ ਗਲਾਸਾਂ ਵਿੱਚ ਦੋ ਦੋ ਘੁੱਟ ਚਾਹ ਹੁੰਦੀ ਸੀ ਤੇ ਮਸਾਂ ਬੁੱਲ੍ਹ ਗਿੱਲੇ ਕਰਦੀ ਸੀ।
ਪਰ ਉਸ ਦਿਨ ਕੱਪ ਭਰੇ ਹੋਏ ਸਨ।
ਉਸ ਦਿਨ ਮੈਂ ਤੇ ਇਮਰੋਜ਼ ਨੇ ਪੁਰਾਣੇ ਵੇਲਿਆਂ ਵਾਂਗ ਹੀ ਚਾਹ ਵਾਰ ਵਾਰ ਪੀਤੀ ਸੀ।
...
ਇਮਰੋਜ਼ ਉਸ ਵੇਲੇ ਚੇਤਿਆਂ ਦੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੌੜੀਆਂ ਉੱਤਰ ਰਿਹਾ ਸੀ, ਚੜ੍ਹ ਰਿਹਾ ਸੀ। ਬੋਲਿਆ, ‘‘ਜਸਬੀਰ! ਜਦੋਂ ਮੈਂ ਆਖ਼ਰੀ ਵਾਰ ਅੰਮ੍ਰਿਤਾ ਦਾ ਹੱਥ ਫੜਿਆ ਸੀ ਤਾਂ ਉਹਦੇ ਪੋਟਿਆਂ ਰਾਹੀਂ ਕਵਿਤਾ ਮੇਰੇ ਅੰਦਰ ਉਤਰ ਗਈ ਸੀ। ਵੇਖ, ਮੈਂ ਸ਼ਾਇਰ ਹੋ ਗਿਆ ਵਾਂ। ਪਿਆਰ ਵਿੱਚ ਤਾਂ ਬੰਦਾ ਵੈਸੇ ਵੀ ਸ਼ਾਇਰ ਹੋ ਜਾਂਦਾ ਏ। ਮੈਂ ਤਾਂ ਕਵਿਤਾ ਨਾਲ ਪੂਰਾ ਜੀਵਨ ਜਿਊਂ ਲਿਆ ਸੀ। ਕਵੀ ਤਾਂ ਮੈਂ ਹੋਣਾ ਹੀ ਸੀ।’’
ਇਮਰੋਜ਼ ਨੇ ਇੱਕ ਨਜ਼ਮ ਸੁਣਾਈ। ਉਸ ਨਜ਼ਮ ਦਾ ਕੋਈ ਨਾਮ ਨਹੀਂ ਸੀ, ਫੇਰ ਵੀ ਉਸ ਨਜ਼ਮ ਦਾ ਨਾਮ ਅੰਮ੍ਰਿਤਾ ਸੀ;
ਇੱਕ ਦਿਨ
ਵਕਤ ਨੇ ਮੈਨੂੰ ਪੁੱਛਿਆ
ਕਿ ਉਹ ਤੇਰੀ ਕੌਣ ਹੈ
ਮੈਂ ਹੱਸ ਕੇ ਵਕਤ ਨੂੰ ਕਿਹਾ
ਚੰਗਾ ਹੁੰਦਾ ਜੇ ਤੂੰ ਮੈਨੂੰ ਪੁੱਛਦਾ
ਕਿ ਉਹ ਤੇਰੀ ਕੌਣ ਨਹੀਂ।
ਉੱਥੇ ਹਵਾ ਵਿੱਚ ਅੰਮ੍ਰਿਤਾ ਦਾ ਵੇਲਾ ਠਹਿਰਿਆ ਹੋਇਆ ਸੀ।
ਮੈਨੂੰ ਮੁਹਾਲੀ ਵਾਪਸ ਜਾਣ ਦੀ ਕਾਹਲੀ ਸੀ। ਮੈਂ ਉੱਠ ਕੇ ਖਲੋ ਗਿਆ। ਮੈਂ ਕਿਹਾ, ‘‘ਹੁਣ ਮੈਂ ਜਾਣੈਂ। ਜਾਂਦਾ ਜਾਂਦਾ ਦੀਦੀ ਨੂੰ ਵੀ ਸਲਾਮ ਕਹਿ ਦੇਵਾਂ।’’
ਇਮਰੋਜ਼ ਉੱਠ ਕੇ ਮੇਰੇ ਨਾਲ ਤੁਰ ਪਿਆ। ਅੰਮ੍ਰਿਤਾ ਦੇ ਕਮਰੇ ਵਿੱਚ ਕੋਈ ਵਿਸ਼ੇਸ਼ ਤਬਦੀਲੀ ਨਹੀਂ ਸੀ ਹੋਈ।
ਅੰਮ੍ਰਿਤਾ ਪ੍ਰੀਤਮ ਦੇ ਕਮਰੇ ਦਾ ਚਿੱਟਾ ਪਲੰਘ ਮੋਟੇ ਮੋਟੇ ਗੱਦਿਆਂ ਵਿੱਚ ਲੁਕਿਆ ਹੋਇਆ ਸੀ। ਇਮਰੋਜ਼ ਨੇ ਦੱਸਿਆ, ‘‘ਬੈਠਣੇ ਪਲੰਘ ਉੱਤੇ ਐਮੀ ਨੂੰ ਉੱਠਣ ਲੱਗਿਆਂ ਔਖ ਹੁੰਦੀ ਸੀ। ਮੈਂ ਗਦੈਲੇ ਰੱਖ ਕੇ ਆਸਣ ਉੱਚਾ ਕਰ ਦਿੱਤਾ ਸੀ ਤੇ ਪਿੱਛੇ ਕਿੰਨੇ ਸਾਰੇ ਸਿਰਹਾਣੇ ਰੱਖ ਦਿੱਤੇ ਸਨ ਤਾਂ ਕਿ ਅੰਮ੍ਰਿਤਾ ਨੂੰ ਪੂਰਾ ਆਰਾਮ ਮਿਲੇ।
ਚਿੱਟੇ ਪਲੰਘ ਦੇ ਨਾਲ ਹੀ ਅਲਮਾਰੀ ਵਿੱਚ ਅੰਮ੍ਰਿਤਾ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਪਈਆਂ ਰਹਿੰਦੀਆਂ ਸਨ; ਕਿਤਾਬਾਂ ਉਸ ਦਿਨ ਵੀ ਉੱਥੇ ਹੀ ਪਈਆਂ ਹੋਈਆਂ ਸਨ। ਆਪਣੀਆਂ ਹੀ ਲਿਖੀਆਂ ਹੋਈਆਂ ਕਿਤਾਬਾਂ ਨੂੰ ਕਦੀ ਕਦਾਈਂ ਫਰੋਲ ਕੇ ਵੇਖਣਾ, ਕਦੀ ਕਦਾਈਂ ਵਿੱਚ ਵਿਚਾਲਿਓਂ ਇੱਕ ਅੱਧ ਸਫ਼ਾ ਪੜ੍ਹ ਲੈਣਾ ਅੰਮ੍ਰਿਤਾ ਨੂੰ ਅਜਬ ਆਨੰਦ ਦਿੰਦਾ ਹੋਵੇਗਾ।
ਹੁਣ ਉਹ ਕਿਤਾਬਾਂ ਕੋਈ ਨਹੀਂ ਸੀ ਫਰੋਲਦਾ। ਉਨ੍ਹਾਂ ਕਿਤਾਬਾਂ ਉੱਤੇ ਘੱਟਾ ਪਿਆ ਹੋਇਆ ਸੀ। ਚਿੱਟੇ ਪਲੰਘ ਦੀ ਬੂਹੇ ਨੇੜਲੀ ਬਾਹੀ ਕੋਲ ਦੋ ਦਰਾਜ਼ਾਂ ਵਾਲਾ ਨਿੱਕਾ ਜਿਹਾ ਮੇਜ਼ ਪਿਆ ਹੁੰਦਾ ਸੀ। ਇੱਕ ਦਰਾਜ਼ ਵਿੱਚ ‘ਨਾਗਮਣੀ’ ਲਈ ਨਜ਼ਮਾਂ ਹੁੰਦੀਆਂ ਸਨ ਤੇ ਇੱਕ ਵਿੱਚ ਕਹਾਣੀਆਂ।
ਦੋ ਦਰਾਜ਼ਾਂ ਵਾਲਾ ਮੇਜ਼ ਉਸ ਦਿਨ ਉੱਥੇ ਨਹੀਂ ਸੀ।
ਹੁਣ ‘ਨਾਗਮਣੀ’ ਵੀ ਨਹੀਂ ਸੀ। ‘ਨਾਗਮਣੀ’ ਤੋਂ ਪਿੱਛੋਂ ਮੇਜ਼ ਦੀ ਉੱਥੇ ਲੋੜ ਵੀ ਕੀ ਸੀ ਭਲਾ।
ਇੱਕ ਵਿਸ਼ੇਸ਼ ਪੇਂਟਿੰਗ ਪਹਿਲਾਂ ਵਾਲੀ ਥਾਂ ਉੱਤੇ ਹੀ ਲਟਕ ਰਹੀ ਸੀ, ਅੰਮ੍ਰਿਤਾ ਦੇ ਬੈੱਡ ਦੇ ਸਿਰਹਾਣੇ ਵਾਲੇ ਪਾਸੇ। ਇਮਰੋਜ਼ ਦੇ ਬਣਾਏ ਚਿੱਤਰਾਂ ਵਿੱਚੋਂ ਉਹ ਪੇਂਟਿੰਗ ਅੰਮ੍ਰਿਤਾ ਨੇ ਆਪਣੇ ਕਮਰੇ ਲਈ ਚੁਣੀ ਸੀ।
ਉਸ ਪੇਂਟਿੰਗ ਵਿੱਚ ਦੋ ਖੰਭ ਸਨ ਤੇ ਉਹ ਖੰਭ ਉਡਾਣ ਵਿੱਚ ਸਨ।
ਉਹ ਖੰਭ ਅੰਮ੍ਰਿਤਾ ਦੀ ਕਲਪਨਾ ਦੇ ਖੰਭ ਸਨ।
ਉਨ੍ਹਾਂ ਖੰਭਾਂ ਦੇ ਹੇਠਾਂ ਅੰਮ੍ਰਿਤਾ ਆਪਣੇ ਬਿਸਤਰੇ ਉੱਤੇ ਅੱਧ ਲੇਟੀ ਸੋਚਦੀ ਸੀ, ਲਿਖਦੀ ਸੀ ਤੇ ਪੜ੍ਹਦੀ ਸੀ। ਉਹਦੀ ਰੌਸ਼ਨੀ ਲਈ ਪਲੰਘ ਦੇ ਦੋਹੀਂ ਪਾਸੀਂ ਲੈਂਪ ਸਨ।
ਅੰਮ੍ਰਿਤਾ ਦੇ ਖੱਬੇ ਹੱਥ ਵਾਲੀ ਕੰਧ ਵਿੱਚ ਬਾਰੀ ਦੀ ਥਾਂ ਛੱਡ ਕੇ, ਪੂਰੀ ਦੀ ਪੂਰੀ ਹੀ ਜਿਵੇਂ ਕਿਤਾਬਾਂ ਦੀ ਬਣੀ ਹੋਈ ਸੀ। ਦਰਵਾਜ਼ਿਆਂ ਦੀ ਥਾਂ ਛੱਡ ਕੇ ਸਾਹਮਣੀ ਕੰਧ ਵੀ ਕਿਤਾਬਾਂ ਲਈ ਸੀ। ਇਹ ਸਾਰੀਆਂ ਉਹ ਕਿਤਾਬਾਂ ਸਨ ਜੋ ਅੰਮ੍ਰਿਤਾ ਪ੍ਰੀਤਮ ਨੂੰ ਆਪਣੇ ਨੇੜੇ ਚਾਹੀਦੀਆਂ ਸਨ।
ਕਿਤਾਬਾਂ ਦੇ ਨੇੜੇ ਇਮਰੋਜ਼ ਸੱਜਰੇ ਫੁੱਲ ਰੱਖਦਾ ਹੁੰਦਾ ਸੀ। ਉਸ ਵੇਲੇ ਉਹ ਗੁੱਠ ਫੁੱਲਾਂ ਤੋਂ ਊਣੀ ਸੀ। ਪਰ ਉੱਥੇ ਕਿਤਾਬਾਂ ਕੋਲ ਅੰਮ੍ਰਿਤਾ ਦੇ ਬੱਚਿਆਂ ਦੀਆਂ ਤਸਵੀਰਾਂ ਪਹਿਲਾਂ ਵਾਂਗੂੰ ਹੀ ਹੱਸ ਰਹੀਆਂ ਸਨ। ਅਲਮਾਰੀ ਦੇ ਬੰਦ ਹਿੱਸੇ ਉੱਤੇ ਇੱਕ ਕਿੱਲ ਨਾਲ ਕਦੀ ਮੋਨਾਲਿਜ਼ਾ ਦੀ ਤਸਵੀਰ ਲਟਕੀ ਹੁੰਦੀ ਸੀ, ਕਦੀ ਖਲੀਲ ਜ਼ਿਬਰਾਨ ਦੀ ਤੇ ਕਦੀ...।
ਉਸ ਵੇਲੇ ਕਿੱਲ ਨਾਲ ਕੋਈ ਤਸਵੀਰ ਨਹੀਂ ਸੀ।
ਅੰਮ੍ਰਿਤਾ ਆਖਦੀ ਸੀ, ‘‘ਇਹ ਉਹੀ ਕਮਰਾ ਏ ਜਿਹੋ ਜਿਹਾ ਮੈਂ ਆਪਣੇ ਲਈ ਚਾਹੁੰਦੀ ਸਾਂ। ਵੇਖ ਜਸਬੀਰ। ਧਰਤੀ ਕੋਲੋਂ ਜਾ ਕੇ ਧਰਤੀ ਨਾਲ ਫੇਰ ਕੋਈ ਵਾਸਤਾ ਰਹਿੰਦਾ ਹੈ ਕਿ ਨਹੀਂ, ਮੈਂ ਨਹੀਂ ਜਾਣਦੀ, ਪਰ ਜੇ ਰਹਿੰਦਾ ਹੋਵੇ ਤਾਂ ਮੇਰਾ ਇਸ ਕਮਰੇ ਨਾਲ ਜ਼ਰੂਰ ਰਹੇਗਾ। ਤੇ ਇਸ ਵਿਸ਼ਵਾਸ ਜਿਹੇ ਵਿੱਚ ਮੈਂ ਵਸੀਅਤ ਕੀਤੀ ਹੋਈ ਹੈ ਕਿ ਮੇਰਾ ਪੁੱਤਰ ਤੇ ਮੇਰੀ ਧੀ ਮੇਰੇ ਕਮਰੇ ਨੂੰ ਮੇਰੇ ਬਾਅਦ ਵੀ ‘ਮੇਰਾ’ ਰੱਖਣਗੇ।’’
ਮਨ ਦਾ ਉਹ ਕਿਹੋ ਜਿਹਾ ਰੌਂਅ ਸੀ ਕਿ ਉਸ ਪਲ ਗੱਲ ਵਿੱਚ ਇਮਰੋਜ਼ ਦਾ ਜ਼ਿਕਰ ਨਹੀਂ ਸੀ ਆਇਆ।
ਚਿੱਟੇ ਪਲੰਘ ਉੱਤੇ ਪੈਂਦ ਵਾਲੇ ਪਾਸੇ ਟੀਵੀ ਸੈੱਟ ਪਿਆ ਸੀ। ਅੰਮ੍ਰਿਤਾ ਨੂੰ ਟੀਵੀ ਵੇਖਣਾ ਬਹੁਤਾ ਪਸੰਦ ਨਹੀਂ ਸੀ। ਟੀਵੀ ਦਾ ਉੱਥੇ ਹੋਣਾ ਮੈਨੂੰ ਕੁਝ ਓਪਰਾ ਲੱਗਾ।
ਇਮਰੋਜ਼ ਨੇ ਮੇਰੇ ਮਨ ਦਾ ਸੁਆਲ ਬੁੱਝ ਲਿਆ।
ਉਸ ਨੇ ਦੱਸਿਆ, ‘‘ਉਪਰਲੀ ਤੇ ਹੇਠਲੀ ਮੰਜ਼ਿਲ ਉੱਪਰ ਅੱਜਕੱਲ੍ਹ ਅਸਾਂ ਪੀ.ਜੀ. ਬਣਾ ਲਿਆ ਏ। ਕੰਦਲਾ ਨੇ ਇੱਥੋਂ ਨੇੜੇ ਹੀ ਆਪਣਾ ਮਕਾਨ ਬਣਾਇਆ ਹੋਇਐ। ਉਹ ਉੱਥੇ ਜਾ ਕੇ ਰਹਿਣ ਲੱਗ ਪਈ ਐ। ਅਲਕਾ ਉੱਪਰ ਲਾਇਬਰੇਰੀ ਵਾਲੇ ਕਮਰੇ ਵਿੱਚ ਸ਼ਿਫਟ ਕਰ ਗਈ ਐ। ਇਸ ਕਮਰੇ ਵਿੱਚ ਬੈਠ ਕੇ ਉਹ ਟੀਵੀ ਵੇਖ ਲੈਂਦੀ ਐ।’’
‘‘...ਤੇ ਨਵਰਾਜ।’’
‘‘ਉਹਨੇ ਹੇਠਾਂ ਬਾਹਰ ਵੱਲ ਦਾ ਕਮਰਾ ਮੱਲਿਆ ਹੋਇਐ।
ਵਕਤ ਦੇ ਨਿਸ਼ਾਨ ਫਿੱਕੇ ਪੈ ਰਹੇ ਸਨ। ਉਸ ਕਮਰੇ ਵਿੱਚ ਅੰਮ੍ਰਿਤਾ ਹੌਲੀ ਹੌਲੀ ਗੁਆਚ ਰਹੀ ਸੀ। ਜਿਸ ਪਲੰਘ ਉੱਤੇ ਅੱਧ ਲੇਟਿਆਂ ਅੰਮ੍ਰਿਤਾ ਨੇ ਪਤਾ ਨਹੀਂ ਕਿੰਨੀਆਂ ਕੁ ਕਿਤਾਬਾਂ ਲਿਖੀਆਂ ਸਨ। ਉਸ ਪਲੰਘ ਉੱਤੇ ਟੀਵੀ ਧਰੇ ਜਾਣ ਨਾਲ ਜਾਪਿਆ, ਕਮਰੇ ਦੀ ਪਵਿੱਤਰਤਾ ਭੰਗ ਹੋਈ ਸੀ।
ਮੈਂ ਸੋਚਿਆ ਸੀ, ਜਦੋਂ ਕਦੀ ਵੀ ਦਿੱਲੀ ਅੰਮ੍ਰਿਤਾ ਨੂੰ ਸਲਾਮ ਕਹਿਣ ਜਾਵਾਂਗਾ ਤੇ ਉਹ ਫੁੱਲ ਅੰਮ੍ਰਿਤਾ ਦੇ ਪਲੰਘ ਉੱਤੇ ਧਰ ਕੇ ਪਰਤ ਆਵਾਂਗਾ।
ਉਸ ਵੇਲੇ ਮੇਰੇ ਹੱਥ ਵਿੱਚ ਭਾਵੇਂ ਕੋਈ ਫੁੱਲ ਨਹੀਂ ਸੀ, ਪਰ ਮੇਰੀਆਂ ਨਜ਼ਰਾਂ ਵਿੱਚ ਸੂਹੇ ਗੁਲਾਬ ਸਨ।
ਉਹ ਸੂਹੇ ਗੁਲਾਬ ਉਸ ਕਮਰੇ ਦੀ ਹਵਾ ਨੂੰ ਸੌਂਪ ਕੇ ਮੈਂ ਉੱਥੋਂ ਤੁਰ ਪਿਆ ਸਾਂ।
ਅੰਮ੍ਰਿਤਾ ਇਮਰੋਜ਼ ਦੇ ਉਸ ਘਰ ਬਾਰੇ ਹਵਾੜਿਆਂ ਨੂੰ ਹਵਾ ਮਿਲ ਰਹੀ ਸੀ। ਮੇਰੇ ਇਹ ਚਿੱਤ ਖ਼ਿਆਲ ਵੀ ਨਹੀਂ ਸੀ ਕਿ ਬੜਾ ਕੁਝ ਏਨੀ ਛੇਤੀ ਬਦਲ ਜਾਵੇਗਾ।
ਮੈਂ ਤਾਂ ਇਹੋ ਸੁਣਿਆ ਪੜ੍ਹਿਆ ਸੀ ਕਿ ਇਹੋ ਜਿਹੇ ਘਰਾਂ ਨੂੰ ਸਿਆਣੀਆਂ ਕੌਮਾਂ ਢਾਹੁੰਦੀਆਂ ਨਹੀਂ ਹੁੰਦੀਆਂ, ਸਾਂਭਦੀਆਂ ਹੁੰਦੀਆਂ ਨੇ। ਸ਼ੇਕਸਪੀਅਰ ਦੇ ਘਰ ਜਾਂ ਥਾਮਸ ਹਾਰਡੀ ਦੇ ਘਰ ਵਾਂਗੂੰ।
ਅੰਮ੍ਰਿਤਾ ਦਾ ਘਰ ਵੀ ਉਹੋ ਜਿਹੇ ਘਰਾਂ ਦੀ ਫਹਿਰਿਸਤ ਵਿੱਚ ਹੀ ਆਉਂਦਾ ਸੀ ਜਿਹੜੇ ਢਾਹੁਣ ਲਈ ਨਹੀਂ ਸਨ।
ਪਰ ਉਹ ਘਰ ਢਹਿ ਗਿਆ ਸੀ।
ਪੰਜਾਬੀਆਂ ਦੀ ਵਿਰਾਸਤ ਦੇ ਬਹੁਤੇ ਘਰ ਢਾਹੁਣ ਲਈ ਹੀ ਬਣੇ ਹੋਏ ਹੁੰਦੇ ਨੇ।
ਸਰਕਾਰਾਂ ਕੋਲ ਇਹੋ ਜਿਹੇ ਖਲਜਗਣਾਂ ਲਈ ਵਿਹਲ ਕਿੱਥੇ ਹੁੰਦੀ ਹੈ। ਪਹਿਲਾਂ ਵੀ ਇਹੋ ਜਿਹੇ ਕਿੰਨੇ ਕੁ ਘਰ ਸਾਂਭੇ ਨੇ ਉਨ੍ਹਾਂ? ਸਆਦਤ ਹਸਨ ਮੰਟੋ ਦਾ ਕਿ ਨਾਨਕ ਸਿੰਘ ਦਾ? ਕਿਸ ਨੂੰ ਪਤਾ ਹੈ ਕਿ ਭਾਈ ਵੀਰ ਸਿੰਘ ਦੀ ਕੋਠੀ ਅੰਮ੍ਰਿਤਸਰ ਵਿੱਚ ਕਿੱਥੇ ਕੁ ਸੀ। ਕੌਣ ਜਾਣਦਾ ਹੈ ਕਿ ਓਪੇਂਦਰ ਨਾਥ ਅਸ਼ਕ ਜਲੰਧਰ ਸ਼ਹਿਰ ਦੇ ਕਿਹੜੇ ਗਲੀ ਮੁਹੱਲੇ ਵਿੱਚ ਰਹਿੰਦਾ ਸੀ। ਨੰਦ ਲਾਲ ਨੂਰਪੁਰੀ ਦਾ ਘਰ ਖ਼ੁਦਕੁਸ਼ੀ ਵਾਲੇ ਖੂਹ ਦੇ ਲਾਗੇ ਸੀ ਕਿ ਦੂਰ।
ਕਰੋੜਾਂ ਰੁਪਏ ਦੇ ਮਲਬੇ ਦੇ ਢੇਰ ਚੰਗੇ ਕਿ ਖਾਲੀ ਪਿਆ ਕਿਸੇ ਲੇਖਕ ਦਾ ਕਿਰਨ ਮੁਕਿਰਨੀ ਘਰ ਚੰਗਾ।
ਪਰ ਉਹ ਫ਼ਕੀਰ ਕਿੱਧਰ ਜਾਵੇ ਜਿਹੜਾ ਅੰਮ੍ਰਿਤਾ ਦੇ ਡੇਰੇ ਤੋਂ ਬਿਨਾਂ ਕਿਸੇ ਹੋਰ ਥਾਂ ਨੂੰ ਨਹੀਂ ਸੀ ਜਾਣਦਾ। ਉਮਰ ਭਰ ਜਿਸ ਦੀ ਧੂਣੀ ਉੱਥੇ ਧੁਖ਼ਦੀ ਰਹੀ ਸੀ।
ਮਕਾਨ ਵਿਕਣ ਤੋਂ ਬਾਅਦ ਇਹ ਸੁਆਲ ਪੰਜਾਬੀ ਪਿਆਰਿਆਂ ਦਾ ਵੀ ਸੀ ਤੇ ਇਹੋ ਫ਼ਿਕਰ ਇਮਰੋਜ਼ ਦਾ ਸੀ।
ਡਾ. ਰੇਣੂਕਾ ਨੇ ਆਖਿਆ, ‘‘ਤੂੰ ਭਾਵੇਂ ਮੇਰੇ ਭਾਪਾ ਜੀ (ਭਾਪਾ ਪ੍ਰੀਤਮ ਸਿੰਘ) ਦੇ ਧੁੱਪ ਦੀ ਮਹਿਫ਼ਲ ਵਾਲੇ ਫ਼ਾਰਮ ਹਾਊਸ ਵਿੱਚ ਰਹਿ। ਵੈਸੇ ਆਪਾਂ ਕੋਰਟ ਵਿੱਚੋਂ ਸਟੇਅ ਵੀ ਲੈ ਸਕਦੇ ਹਾਂ। ਫੇਰ ਕੋਈ ਉਸ ਮਕਾਨ ਨੂੰ ਵੇਚ ਨਹੀਂ ਸਕੂਗਾ।’’
ਇਮਰੋਜ਼ ਤਾਂ ਇਹੋ ਜਿਹਾ ਕੁਝ ਸੋਚ ਵੀ ਨਹੀਂ ਸੀ ਸਕਦਾ। ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਪੁੱਤਰ ਵਿਰੁੱਧ ਕੋਰਟ-ਕਚਹਿਰੀ ਕਿਉਂ ਜਾਵੇ? ਸੁਣਿਆ ਹੈ, ਇਮਰੋਜ਼ ਲਈ ਹੁਕਮ ਤਾਂ ਇਹ ਵੀ ਸੀ ਕਿ ਉਹ ਆਪਣੀਆਂ ਮੂਰਤਾਂ ਦੇ ਢੇਰ, ਕਿਤਾਬਾਂ ਦੀ ਰੱਦੀ, ਅੰਮ੍ਰਿਤਾ ਦੀਆਂ ਨਿਸ਼ਾਨੀਆਂ ਭਾਵੇਂ ਚੁੱਕੇ ਤੇ ਭਾਵੇਂ ਸੁੱਟੇ।
ਨਵਰਾਜ ਤਾਂ ਅੰਮ੍ਰਿਤਾ ਦਾ ਨਾਮੋ-ਨਿਸ਼ਾਨ ਮਿਟਾਉਣ ਉੱਤੇ ਤੁਲਿਆ ਹੋਇਆ ਸੀ। ਉਹਦੇ ਇਸ ਵਤੀਰੇ ਦੀ ਸਮਝ ਆਉਂਦੀ ਸੀ।
ਵੈਸੇ ਵੀ ਉਸ ਮਲਬੇ ਦੀ ਮੰਡੀ ਵਿੱਚ ਕੀਮਤ ਕੁਝ ਵੀ ਨਹੀਂ ਸੀ।
ਉਹ ਕੋਠੀ ਇਮਰੋਜ਼ ਦੇ ਦਸਤਖ਼ਤਾਂ ਤੋਂ ਬਿਨਾਂ ਵਿਕ ਨਹੀਂ ਸੀ ਸਕਦੀ। ਅੰਮ੍ਰਿਤਾ ਦੀ ਵਸੀਅਤ ਵਿੱਚ ਇਹੋ ਜਿਹਾ ਵੀ ਕੁਝ ਲਿਖਿਆ ਹੋਇਆ ਸੀ ਕਿ ਨਵਰਾਜ ਨੂੰ ਇਮਰੋਜ਼ ਦੀ ਸਹਿਮਤੀ ਲੈਣੀ ਪੈਣੀ ਸੀ।
ਨਵਰਾਜ ਨੇ ਕਾਗਜ਼ ਇਮਰੋਜ਼ ਦੇ ਸਾਹਮਣੇ ਕਰ ਦਿੱਤੇ।
ਇਮਰੋਜ਼ ਨੇ ਦਸਤਖ਼ਤ ਕਰ ਕੇ ਮੁਹੱਬਤ ਦੀ ਇੱਕ ਹੋਰ ਰੀਤ ਪੂਰੀ ਕਰ ਦਿੱਤੀ।
ਹੁਣ ਖ਼ਾਨਾਬਦੋਸ਼ ਕਿੱਧਰ ਜਾਵੇ?
ਮੋਹਤਬਰਾਂ ਨੇ ਜਦੋਂ ਨਵਰਾਜ ਨੂੰ ਸਮਝਾਇਆ ਤਾਂ ਉਹਨੇ ਮਿਹਰਬਾਨ ਹੋ ਕੇ ਕਿਹਾ, ‘‘ਇਹ ਕਿਰਾਏ ਉੱਤੇ ਰਹਿ ਲਵੇ। ਮੈਂ ਕਿਰਾਇਆ ਦੇ ਦੇਵਾਂਗਾ।’’
ਬੰਦੇ ਦਾ ਚੇਤਾ ਮਾੜਾ ਹੁੰਦਾ ਏ, ਕੀ ਪਤਾ ਏ ਕਦੋਂ ਨਵਰਾਜ ਨੂੰ ਕਿਰਾਇਆ ਦੇਣ ਦਾ ਚੇਤਾ ਭੁੱਲ ਜਾਵੇ।
ਮੋਹਤਬਰਾਂ ਦੀ ਦਖ਼ਲਅੰਦਾਜ਼ੀ ਪਿੱਛੋਂ ਆਖ਼ਰਕਾਰ ਨਵਰਾਜ ਦੇ ਮਨ ਮਿਹਰ ਪੈ ਹੀ ਗਈ। ਦਿੱਲੀ ਦੇ ਗਰੇਟਰ ਕੈਲਾਸ਼ ਵਿੱਚ ਉਹਨੂੰ ਛੱਤ ਮਿਲ ਗਈ। ਉਸ ਛੱਤ ਹੇਠ ਬੜਾ ਇਕੱਲਾ ਸੀ ਇਮਰੋਜ਼।
ਉਹਦੇ ਆਸਰੇ ਲਈ ਉੱਥੇ ਅੰਮ੍ਰਿਤਾ ਦੀ ਨੂੰਹ ਅਲਕਾ ਸੀ ਤੇ ਅਲਕਾ ਦੇ ਆਸਰੇ ਲਈ ਉੱਥੇ ਇਮਰੋਜ਼ ਸੀ। ਨਵਰਾਜ ਤਾਂ ਆਪਣੀਆਂ ਲਾਲਸਾਵਾਂ, ਕਾਮਨਾਵਾਂ ਅਤੇ ਕਰੋੜਾਂ ਦੀ ਰਾਸ਼ੀ ਸਮੇਤ ਮੁੰਬਈ ਜਾ ਵਸਿਆ ਸੀ। ਉਹਨੂੰ ਆਪਣੀਆਂ ਇੱਛਾਵਾਂ ਤੇ ਖ਼ੁਸ਼ੀਆਂ ਦੀ ਪੂਰਤੀ ਫਿਲਮਾਂ ਦੇ ਕਿੱਤੇ ਵਿੱਚ ਵਿਖਾਈ ਦਿੱਤੀ ਸੀ।
ਮੈਂ ਏਨਾ ਕੁਝ ਵਾਪਰਨ ਬਾਰੇ ਬੇਖ਼ਬਰ ਸਾਂ। ਇੱਕ ਦੁਪਹਿਰ ਇਮਰੋਜ਼ ਦੀ ਚਿੱਠੀ ਮਿਲੀ।
ਜਸਬੀਰ! ਪਿਆਰ!
ਅਜੇ ਵੀ ਪਿਆਰ ਪਿਆਰ ਹੀ ਹੈ, ਮਜ਼ਹਬ ਨਹੀਂ ਬਣਿਆ...
ਆਪਾਂ ਉਸੇ ਕਬੀਲੇ ਵਿੱਚੋਂ ਹੋਵਾਂਗੇ
ਜਿਹਨਾਂ ਵਿੱਚ ਕਿਸੇ ਲਈ ਵੀ
ਕੰਮ ਕਰਦਿਆਂ ਖੇਚਲ ਨਹੀਂ ਹੁੰਦੀ;
ਜਿਵੇਂ ਕੰਮ ਆਪੇ ਹੋ ਜਾਂਦਾ ਹੋਵੇ
...
ਪਰ ਕਬੀਲੇ ਕਬੀਲੇ ਹੀ ਰਹੇ
ਦੁਨੀਆ ਨਹੀਂ ਬਣੇ...
ਇਮਰੋਜ਼ ਉਸ ਚਿੱਠੀ ਦੇ ਨਾਲ ਇੱਕ ਕਵਿਤਾ ਨੱਥੀ ਸੀ। ਉਸ ਕਵਿਤਾ ਦਾ ਅਨੁਵਾਨ ਸੀ- ਨਵਾਂ ਪਤਾ: ਉਸ ਨਾਲ ਰਲ ਕੇ/ ਇੱਟ ਇੱਟ ਕਮਾ ਕੇ/ ਇੱਟ ਇੱਟ ਲਾ ਕੇ/ ਇੱਕ ਮਕਾਨ ਬਣਾਇਆ ਸੀ/ ਤੇ ਸਾਹ ਸਾਹ ਜਿਊਂ ਕੇ/ ਇੱਕ ਸਾਥ ਵੀ/ ਸਾਥ ਤੇ ਸਾਥ ਦਾ ਅਹਿਸਾਸ ਵੀ/ ਇੱਕ ਮਕਾਨ ਹੁੰਦਾ ਹੈ/ ਇਹ ਮੈਨੂੰ ਉਸ ਦੇ ਜਾਣ ਦੇ ਬਾਅਦ/ ਪਤਾ ਲੱਗਾ ਹੈ.../ ਹੁਣ ਸਾਮਾਨ ਤਾਂ ਮੇਰਾ/ ਕੱਲ੍ਹ ਦੇ ਮਕਾਨ ਵਿੱਚ ਹੈ/ ਤੇ ਮੈਂ ਸ਼ਿਫਟ ਕਰ ਲਿਆ ਹੈ/ ਸਾਥ ਦੇ ਮਕਾਨ ਵਿੱਚ/ ਮੇਰਾ ਨਵਾਂ ਪਤਾ/ ਮਕਾਨ ਨੰਬਰ, ਗਲੀ ਨੰਬਰ, ਸੜਕ ਨੰਬਰ/ ਇਲਾਕਾ ਤੇ ਸ਼ਹਿਰ ਮੈਂ ਹੀ ਹਾਂ/ ਤੇ ਆਪਣੇ ਆਪ ਦਾ ਪਤਾ/ ਹੋਰ ਕੋਈ ਨਹੀਂ ਹੁੰਦਾ/ ਆਪਣਾ ਆਪ ਹੀ ਹੁੰਦਾ ਹੈ...
ਅੰਮ੍ਰਿਤਾ ਦੇ ਘਰ ਨੇ ਆਖ਼ਰ ਢਹਿਣਾ ਹੀ ਸੀ। ਉਸ ਘਰ ਵਿੱਚ ਤਰੇੜਾਂ ਸਨ। ਮੈਂ ਉਹ ਤਰੇੜਾਂ ਚਿਰਾਂ ਤੋਂ ਵੇਖ ਰਿਹਾ ਸਾਂ। ਉਹ ਤਰੇੜਾਂ ਦਿਨ-ਬ-ਦਿਨ ਵੱਡੀਆਂ ਹੋ ਰਹੀਆਂ ਸਨ।
ਅੰਮ੍ਰਿਤਾ ਦੇ ਪੁੱਤ ਦੇ ਅੰਦਰ ਤਾਉਮਰ ਰੋਹ, ਵਿਦਰੋਹ, ਬੇਬਸੀ, ਕੁਝ ਜ਼ਿੱਲਤ, ਕੁਝ ਨਫ਼ਰਤ ਤੇ..., ਇਹੋ ਜਿਹਾ ਬੜਾ ਕੁਝ ਹੋਰ ਵੀ ਜਮ੍ਹਾਂ ਹੁੰਦਾ ਰਿਹਾ ਸੀ। ਇਹ ਵਿਸਫੋਟਕ ਸਮੱਗਰੀ ਸੀ। ਇਸ ਸਮੱਗਰੀ ਨੇ ਦੇਰ-ਸਵੇਰ ਫਟਣਾ ਹੀ ਸੀ।
ਅੰਮ੍ਰਿਤਾ ਪ੍ਰੀਤਮ ਨੇ 31 ਅਕਤੂਬਰ 2005 ਦੇ ਦਿਨ ਆਪਣੇ ਜਹਾਨ ਨੂੰ ਅਲਵਿਦਾ ਕਹਿ ਦਿੱਤੀ ਸੀ। ਇਮਰੋਜ਼ ਦਾ ਪੂਰੇ ਹੋਣ ਦਾ ਵਰ੍ਹਾ 2023 ਸੀ। ਵਿਚਕਾਰਲੇ ਵੇਲੇ ਜ਼ਿੰਦਗੀ ਰਵਾਂ ਰਵੀਂ ਨਹੀਂ ਸੀ ਤੁਰੀ। ਇਸ ਦੌਰਾਨ ਅੰਮ੍ਰਿਤਾ ਦੇ ਬੇਟੇ ਨਵਰਾਜ ਦਾ ਮੁੰਬਈ ਵਿੱਚ ਕਤਲ ਹੋਇਆ ਸੀ। ਉਹਦੇ ਸਾਮਾਨ ਵਿੱਚੋਂ ਕਾਮ-ਖੇਡ ਦੇ ਖਿਡੌਣਿਆਂ ਦਾ ਮਿਲਣਾ, ਕੁਲ ਰਾਸ਼ੀ ਦਾ ਗਾਇਬ ਹੋ ਜਾਣਾ, ਅਖ਼ਬਾਰਾਂ ਦਾ ਅੰਮ੍ਰਿਤਾ ਦਾ ਨਾਂ ਲੈ ਕੇ ਖ਼ਬਰਾਂ ਨੂੰ ਨਸ਼ਰ ਕਰਨਾ ਅਤਿ ਦਾ ਦੁਖਦਾਈ ਸੀ। ਮੁਹੱਬਤ ਦੀ ਮਿੱਟੀ ਦਰਦ ਦੀ ਮਿੱਟੀ ਹੋ ਗਈ ਸੀ। ਇੱਥੋਂ ਜਾ ਕੇ ਇਮਰੋਜ਼ ਅੰਮ੍ਰਿਤਾ ਨੂੰ ਮਿਲਿਆ ਤਾਂ ਹੋਊ। ਸਾਰੀਆਂ ਗੱਲਾਂ ਕੀਤੀਆਂ ਹੋਣਗੀਆਂ। ਅੰਮ੍ਰਿਤਾ ਨੇ ਅਨੇਕ ਵਾਰ ਮਨ ਭਰ ਲਿਆ ਹੋਊ। ਹਉਕਿਆਂ-ਹਾਵਿਆਂ ਦੀ ਇਬਾਰਤ ਵੀ ਲਿਖੀ ਹੋਊ। ਸੰਭਲ ਜਾਣ ਪਿੱਛੋਂ ਸ਼ਾਇਦ ਉਸ ਕਿਹਾ ਹੋਵੇ, ‘‘ਜੀਤੀ! ਮੇਰੇ ਲੋਕਾਂ ਨੂੰ ਮੁਹੱਬਤ ਜਿਊਣ ਦੀ ਜਾਚ ਕਿਉਂ ਨਹੀਂ ਆਈ?’’