For the best experience, open
https://m.punjabitribuneonline.com
on your mobile browser.
Advertisement

ਜਦੋਂ ਭੂਤ ਚਿੰਬੜੇ...

08:17 AM Oct 21, 2024 IST
ਜਦੋਂ ਭੂਤ ਚਿੰਬੜੇ
Advertisement

ਸੀ ਮਾਰਕੰਡਾ

ਇਸੇ ਵਰ੍ਹੇ ਜੂਨ ਦਾ ਘਟਨਾਕ੍ਰਮ ਹੈ। ਪੈਰ ਤਿਲਕਣ ਕਰ ਕੇ ਚੂਲੇ ’ਤੇ ਗੰਭੀਰ ਚੋਟ ਆ ਗਈ। ਲੱਗਿਆ ਜਿਵੇਂ ਚੂਲੇ ਦੀ ਹੱਡੀ ਟੁੱਟ ਗਈ ਹੋਵੇ। ਦਰਦ ਨੇ ਲੇਰਾਂ ਕਢਾ ਦਿੱਤੀਆਂ ਤੇ ਸਰੀਰ ਦਾ ਬੁਰਾ ਹਾਲ ਹੋ ਗਿਆ। ਪਤਨੀ ਵੀ ਘਬਰਾ ਗਈ। ਘਰ ’ਚ ਸਾਵੇਂ ਜੀਅ ਹੋਣ ਕਰ ਕੇ ਹੋਰ ਕੌਣ ਡੰਗੋਰੀ ਬਣਦਾ! ਡਾਕਟਰ ਪੁੱਤਰ ਨੂੰ ਫੋਨ ਕੀਤਾ ਤਾਂ ਉਹਨੇ ਟੈਕਸੀ ਕਰ ਕੇ ਤੁਰੰਤ ਲੁਧਿਆਣੇ ਆਪਣੇ ਕੋਲ ਪੁੱਜਣ ਦੀ ਸਲਾਹ ਦਿੱਤੀ। ਦਰਦਾਂ ਨਾਲ ਨਿਮਾਣੀ ਜਿੰਦ ਹੱਡਾਂ ਨੂੰ ਕੜਕਾ ਰਹੀ ਸੀ ਤੇ ਮੁਗਲ ਬਹਾਦਰ ਸ਼ਾਹ ਜਫ਼ਰ ਦਾ ਸ਼ੇਅਰ ਮੇਰੇ ਦਰਦਾਂ ਨੂੰ ਪਲੋਸ ਰਿਹਾ ਸੀ:
ਪੜੀਏ ਗਰ ਬੀਮਾਰ ਤੋ ਕੋਈ ਨ ਹੋ ਤੀਮਾਰਦਾਰ
ਯੂੰ ਅਗਰ ਮਰ ਜਾਈਏ ਤੋ ਨਹੁ ਖਵਾਂ ਕੋਈ ਨ ਹੋ
ਕੋਈ ਜੁੰਡੀ ਦਾ ਯਾਰ ਹੀ ਇਸ ਔਖੀ ਘੜੀ ’ਚ ਢਾਰਸ ਬਣ ਸਕਦਾ ਸੀ। ਤਾਜੋਕੇ ਵਾਲੇ ਹਾਕਮ ਸਿੰਘ ਚੌਹਾਨ ਨੂੰ ਫੋਨ ਕੀਤਾ ਤਾਂ ਉਹ ‘ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ’ ਵਾਂਗ ਆਖ ਝੱਟ ਟੈਕਸੀ ਲੈ ਕੇ ਆਣ ਬਹੁੜਿਆ। ਪਤਨੀ ਸਮੇਤ ਅਸੀਂ ਲੁਧਿਆਣੇ ਵੱਲ ਚਾਲੇ ਪਾ ਦਿੱਤੇ।
ਸਾਡੇ ਜਾਣ ਸਾਰ ਪੁੱਤਰ ਮੈਨੂੰ ਹੱਡੀਆਂ ਦੇ ਰੋਗਾਂ ਵਾਲੇ ਹਸਪਤਾਲ ਲੈ ਗਿਆ। ਟੀਕੇ ਲਾਉਣ ਅਤੇ ਡਾਕਟਰ ਦੇ ਦਵਾਈ ਦੇਣ ਤੋਂ ਬਾਅਦ ਐਕਸਰੇ ਲਿਆ ਗਿਆ। ਚੈੱਕ ਕਰਨ ’ਤੇ ਡਾਕਟਰ ਨੇ ਦੱਸਿਆ ਕਿ ਚੂਲਾ ਠੀਕ ਹੈ, ਹੱਡੀ ਟੁੱਟਣੋਂ ਬੱਚਤ ਰਹਿ ਗਈ ਪਰ ਅੰਦਰਲਾ ਮਾਸ ਜ਼ਿਆਦਾ ਫਟਣ ਕਾਰਨ ਤਕਲੀਫ਼ ਹੋ ਰਹੀ ਹੈ। ਟੀਕੇ ਤੇ ਦਵਾਈ ਲਿਖ ਕੇ ਡਾਕਟਰ ਨੇ ਪੁੱਤਰ ਨੂੰ ਆਖ ਦਿੱਤਾ ਕਿ ਹਸਪਤਾਲ ’ਚ ਦਾਖਲ ਹੋਣ ਦੀ ਲੋੜ ਨਹੀਂ, ਤੁਸੀਂ ਖ਼ੁਦ ਹੀ ਘਰੇ ਇਲਾਜ ਕਰਦੇ ਰਹਿਣਾ ਤੇ ਹਫ਼ਤੇ ਮਗਰੋਂ ਚੈੱਕ ਕਰਵਾ ਜਾਣਾ। ਘਰੇ ਹੀ ਪੁੱਤਰ ਇਲਾਜ ਕਰਦਾ ਰਿਹਾ ਤੇ ਰਾਹਤ ਮਿਲ ਗਈ।
ਕੁਝ ਦਿਨਾਂ ਮਗਰੋਂ ਇਕ ਰਾਤ ਨੇ ਬੇਚੈਨ ਕਰ ਦਿੱਤਾ। ਉਸਲਵੱਟੇ ਲੈਂਦਿਆਂ ਮਸਾਂ ਗਈ ਰਾਤ ਤੱਕ ਨੀਂਦ ਆਈ। ਉਣੀਂਦਰੇ ਤੇ ਡਡਿਆਈਆਂ ਅੱਖਾਂ ਸਾਝਰੇ ਹੀ ਖੁੱਲ੍ਹ ਗਈਆਂ। ਕਮਰੇ ’ਚ ਝਾਕਿਆ ਤਾਂ ਅਜੀਬ ਕਿਸਮ ਦਾ ਮੰਜ਼ਰ ਅੱਖਾਂ ਸਾਹਵੇਂ ਘੁੰਮਣ ਲੱਗਾ। ਇਸ ਤਰ੍ਹਾਂ ਦੇ ਦ੍ਰਿਸ਼ ਕਦੀ ਸੁਫਨੇ ’ਚ ਵੀ ਨਹੀਂ ਸਨ ਤੱਕੇ। ਜਾਗਦੀਆਂ ਤੇ ਜਗਾ ਰਹੀਆਂ ਅੱਖਾਂ ਜਿਧਰ ਵੀ ਝਾਕਦੀਆਂ, ਉਧਰ ਹੀ ਅਜੀਬੋ-ਗਰੀਬ ਤੇ ਬਦਸੂਰਤ ਮੜੰਗੇ ਵਾਲੀਆਂ ਡਰਾਉਣੀਆਂ ਔਰਤਾਂ ਖਾਣ ਨੂੰ ਪੈਂਦੀਆਂ। ਪਲ-ਪਲ ਮਗਰੋਂ ਰੰਗ ਵਟਾਉਂਦੀਆਂ। ਸਫ਼ੈਦ ਕੰਧਾਂ ’ਤੇ ਲਗਦਾ ਜਿਵੇਂ ਭੈਭੀਤ ਕਰਨ ਵਾਲੀਆਂ ਭੈੜੀਆਂ ਮੂਰਤਾਂ ਤੁਰ ਫਿਰ ਰਹੀਆਂ ਹੋਣ। ਕਦੀ-ਕਦੀ ਕੰਧਾਂ ’ਤੇ ਗੂੜ੍ਹੇ ਰੰਗਾਂ ਦੀਆਂ ਬੂਟੀਦਾਰ ਘੱਗਰੀਆਂ ਪਹਿਨੀ ਔਰਤਾਂ ਜਿਹੀਆਂ ਘੁਮੰਦੀਆਂ ਲਗਦੀਆਂ। ਫਿਰ ਆਹਿਸਤਾ-ਆਹਿਸਤਾ ਸਰਕ ਕੇ ਛੱਤ ਵਿਚ ਜਾ ਕੇ ਲੁਪਤ ਹੋ ਜਾਂਦੀਆਂ। ਉਹ ਲੋਪ ਹੁੰਦੀਆਂ ਤਾਂ ਦਿਲ ਕੰਬਾਊ ਤੇ ਭੈਭੀਤ ਕਰਨ ਵਾਲੇ ਚਿੱਬ-ਖੜਿੱਬੇ ਮੂੰਹ ਟੱਡੀ ਮੇਰੇ ਵੱਲ ਆਉਂਦੇ ਲਗਦੇ, ਅੱਗ ਉਗਲਦੀਆਂ ਜੀਭਾਂ ਵਾਲੇ ਮੁਹਾਾਂਦਰੇ ਆਪੋ ਵਿਚ ਭਿੜਦੇ ਜਿਵੇਂ ਮੈਨੂੰ ਵੀ ਦਬੋਚ ਲੈਣਗੇ। ਉਘੜ-ਦੁਗੜੇ ਜਬਾੜਿਆਂ ਵਾਲੇ ਜਿੰਨਾ ’ਚ ਵੱਡੇ-ਵੱਡੇ ਟੇਢੇ-ਮੇਢੇ ਸਲੰਘ ਦੀਆਂ ਸੁੱਤਾਂ ਵਰਗੇ ਤਿੱਖੇ-ਤਿੱਖੇ ਦੰਦ ਜਿਵੇਂ ਹੁਣੇ ਹੀ ਬੁਰਕ ਭਰ ਲੈਣਗੇ। ਖੂੰਖਾਰ ਨਕਸ਼ਾਂ ਤੇ ਧਰਤੀ ਦੇ ਬੰਦਿਆਂ ਤੋਂ ਭਿੰਨ ਤਰ੍ਹਾਂ ਦੇ ਜਿਵੇਂ ਨਰਕਾਂ ਦੇ ਵਾਸੀ ਭੂਤ ਪ੍ਰੇਤ ਹੋਣ। ਉਹ 3-ਡੀ ਫਿਲਮ ਦੀਆਂ ਤਸਵੀਰਾਂ ਵਾਂਗ ਮੇਰੀ ਤਰਫ ਦਨਦਨਾਉਂਦੇ ਆਉਂਦੇ ਤੇ ਜਦ ਮੈਂ ਉਨ੍ਹਾਂ ਨੂੰ ਟੋਹਣ ਲਗਦਾ ਤਾਂ ਹਵਾ ਹੀ ਹੱਥ ਲਗਦੀ। ਮੈਨੂੰ ਲੱਗਿਆ ਜਿਵੇਂ ਮੇਰੀਆਂ ਅੱਖਾਂ ’ਚ ਕੋਈ ਵੱਡਾ ਨੁਕਸ ਪੈ ਗਿਆ ਹੈ। ਅੱਖਾਂ ਮੀਚਣ ’ਤੇ ਕੁਝ ਵੀ ਨਜ਼ਰ ਨਾ ਆਉਂਦਾ ਤੇ ਅੱਖਾਂ ਖੋਲ੍ਹਣ ਸਾਰ ਭਾਣਾ ਮੁੜ ਆਨੇ ਆਲੀ ਥਾਂ ’ਤੇ ਆ ਕੇ ਡਰਾਉਣ ਲਗਦਾ। ਮੇਰੀ ਥਾਂ ’ਤੇ ਜੇ ਕੋਈ ਕਮਦਿਲ ਹੁੰਦਾ ਤਾਂ ਜ਼ਰੂਰ ਚੀਕ ਉਠਦਾ ਪਰ ਮੇਰੀ ਚੇਤਨ ਬਿਰਤੀ ਨਾ ਡੋਲੀ।
ਪੁੱਤਰ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ। ਉਸ ਨੂੰ ਮੇਰੀਆਂ ਗੱਲਾਂ ਬੌਲਿ਼ਆਂ ਵਰਗੀਆਂ ਜਾਪੀਆਂ। ਉਸ ਨੇ ਆਪਣੀ ਲਿਆਕਤ ਅਨੁਸਾਰ ਆਖਿਆ ਕਿ ਅੱਖਾਂ ਚੈੱਕ ਕਰ ਲਈਆਂ ਹਨ ਤੇ ਠੀਕ-ਠਾਕ ਹਨ। ਲਗਦੈ, ਬਿਮਾਰੀ ਅੱਖਾਂ ਦੀ ਨਹੀਂ, ਦਿਮਾਗੀ ਖਾਮੀ ਹੈ, ਨਿਊਰੋ ਸਿਟੀ ਹਸਪਤਾਲ ਵਾਲਾ ਡਾਕਟਰ ਮੇਰਾ ਵਾਕਿਫ਼ ਹੈ। ਉਸ ਤੋਂ ਸਮਾਂ ਲੈ ਕੇ ਚੈੱਕਅਪ ਕਰਵਾ ਲਿਆਵਾਂਗੇ। ਅਗਲੇ ਮਰਹਲੇ ਉਹ ਮੈਨੂੰ ਨਿਊਰੋ ਦੇ ਡਾਕਟਰ ਕੋਲ ਲੈ ਗਿਆ। ਹਸਪਤਾਲ ਦੇ ਅਮਲੇ ਦੀ ਮੁਢਲੀ ਜਾਂਚ ਮਗਰੋਂ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਕੋਲ ਲਿਜਾਇਆ ਗਿਆ। ਪੁੱਤਰ ਨੇ ‘ਮਾੜਾ ਢੱਗਾ ਛੱਤੀ ਰੋਗ’ ਵਰਗੇ ਸਰੀਰ ਨੂੰ ਹੁਣ ਤੱਕ ਲੱਗੀਆਂ ਬਿਮਾਰੀਆਂ ਬਾਰੇ ਸਮਝਾ ਦਿੱਤਾ। ਮੇਰੀ ਐੱਮਆਈਆਰ ਕਰਵਾਈ ਗਈ। ਦਿਮਾਗ ਦੀ ਇੱਕ ਨਾੜੀ ਦੇ ਲਹੂ ਦਾ ਜਮਾਅ (ਇਨਫਾਕਟ) ਨਿਕਲਿਆ। ਲਹੂ ਦੇ ਜਮਾਅ ਅਤੇ ਰਸਾਇਣਾਂ ਦਾ ਸੰਤੁਲਨ ਵਿਗੜਨ (ਇਲੈਕਟ੍ਰੋਲਾਇਟਸ ਇੰਬੈਲੈਂਸ) ਕਰ ਕੇ ਮੈਡੀਕਲ ਅਵਸਥਾ ਡਿਲੀਰੀਅਮ ਪੈਦਾ ਹੋ ਗਈ ਸੀ ਜਿਸ ਵਿੱਚ ਰੋਗੀ ਨੂੰ ਭੁਲੇਖੇ ਪੈਣ ਲੱਗ ਪੈਂਦੇ ਹਨ। ਖ਼ੈਰ! ਇਲਾਜ ਸ਼ੁਰੂ ਹੋਇਆ, ਰਾਤ ਤੱਕ ਭੂਤ ਪ੍ਰੇਤ ਕਿਧਰੇ ਕਾਫ਼ੂਰ ਹੋ ਗਏ। ਅੱਖਾਂ ਵੀ ਨੌ-ਬਰ-ਨੌ ਸਨ।

Advertisement

ਸੰਪਰਕ: 94172-72161

Advertisement

Advertisement
Author Image

sukhwinder singh

View all posts

Advertisement