ਜਦੋਂ ਫੋਕਾ ਦਬਕਾ ਕੰਮ ਆਇਆ
ਗੁਰਮੀਤ ਸਿੰਘ ਵੇਰਕਾ
ਮੈਂ ਆਰਥਿਕ ਅਪਰਾਧ ਸ਼ਾਖਾ ’ਚ ਤਫ਼ਤੀਸ਼ੀ ਅਫਸਰ ਲੱਗਾ ਸੀ। ਉਸ ਸਮੇਂ ਦੌਰਾਨ ਇੱਕ ਸੇਵਾਮੁਕਤ ਅਸਿਸਟੈਂਟ ਪ੍ਰਿੰਸੀਪਲ ਨੇ ਆਪਣੇ ਨਾਲ ਹੋਈ ਚਾਰ ਲੱਖ ਰੁਪਏ ਦੀ ਠੱਗੀ ਬਾਰੇ ਇੱਕ ਦਰਖ਼ਾਸਤ ਪੁਲੀਸ ਕਮਿਸ਼ਨਰ ਨੂੰ ਦਿੱਤੀ। ਕਮਿਸ਼ਨਰ ਸਾਹਿਬ ਨੇ ਇਹ ਦਰਖ਼ਾਸਤ ਅੱਗੋਂ ਸਾਡੇ ਇੰਚਾਰਜ ਨੂੰ ਨਿੱਜੀ ਤੌਰ ’ਤੇ ਸੌਂਪਦਿਆਂ ਕਿਹਾ ਸੀ ਕਿ ਉਹ ਪ੍ਰਿੰਸੀਪਲ ਦੇ ਪੈਸੇ ਮੁੜਵਾਉਣੇ ਯਕੀਨੀ ਬਣਾਵੇ। ਜੇਕਰ ਠੱਗੀ ਕਰਨ ਵਾਲੀ ਧਿਰ ਜ਼ਬਾਨੀ ਕਲਾਮੀ ਨਾ ਮੰਨੇ ਤਾਂ ਉਸ ਸੂਰਤ ਵਿੱਚ ਪਰਚਾ ਦਰਜ ਕਰਨ ਦੀ ਹਦਾਇਤ ਕੀਤੀ ਗਈ। ਮੇਰੇ ਸੀਨੀਅਰ ਨੇ ਅੱਗੋਂ ਇਹ ਦਰਖ਼ਾਸਤ ਮੈਨੂੰ ਦਿੰਦਿਆਂ ਜਾਂਚ ਪੜਤਾਲ ਕਰ ਕੇ ਅਸਲੀਅਤ ਦਾ ਪਤਾ ਲਗਾਉਣ ਤੇ ਪ੍ਰਿੰਸੀਪਲ ਦੀ ਮਦਦ ਕਰਨ ਦੇ ਆਦੇਸ਼ ਦਿੱਤੇ।
ਦਰਖ਼ਾਸਤ ਦੀ ਦਰਿਆਫ਼ਤ ਤੋਂ ਇਹ ਗੱਲ ਸਾਹਮਣੇ ਆਈ ਕਿ ਪ੍ਰਿੰਸੀਪਲ ਦੇ ਪਤੀ ਨੇ ਜਿਊਂਦੇ ਜੀਅ ਆਪਣੇ ਦੋਸਤ ਡਾਕਟਰ ਨਾਲ ਇੱਕ ਪਲਾਟ ਦਾ ਸੌਦਾ ਕੀਤਾ ਸੀ। ਇਕਰਾਰਨਾਮਾ ਲਿਖ ਕੇ ਦੇਣ ਮਗਰੋਂ ਡਾਕਟਰ ਨੇ ਚਾਰ ਲੱਖ ਰੁਪਏ ਹਾਸਲ ਕਰ ਲਏ ਸਨ। ਪ੍ਰਿੰਸੀਪਲ ਦੇ ਪਤੀ ਦੀ ਮੌਤ ਤੋਂ ਪਹਿਲਾਂ ਡਾਕਟਰ ਨੇ ਰਜਿਸਟਰੀ ਕਰਵਾਉਣ ਦੇ ਬਹਾਨੇ ਨਾਲ ਉਹ ਅਸਲ ਇਕਰਾਰਨਾਮਾ ਲੈ ਲਿਆ ਸੀ। ਬਾਅਦ ਵਿੱਚ ਜਦੋਂ ਪ੍ਰਿੰਸੀਪਲ ਨੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਅੱਗੋਂ ਟਾਲ-ਮਟੋਲ ਕਰਨ ਲੱਗਿਆ। ਹੌਲੀ ਹੌਲੀ ਉਸ ਨੇ ਰਜਿਸਟਰੀ ਕਰਵਾਉਣ ਤੋਂ ਨਾਂਹ ਕਰ ਦਿੱਤੀ ਤੇ ਲਏ ਪੈਸਿਆਂ ਤੋਂ ਵੀ ਮੁੱਕਰ ਗਿਆ। ਪ੍ਰਿੰਸੀਪਲ ਕੋਲ ਇਕਰਾਰਨਾਮੇ ਦਾ ਕੋਈ ਅਸਲ ਸਬੂਤ ਮੌਜੂਦ ਨਹੀਂ ਸੀ ਜਿਸ ਤੋਂ ਇਹ ਸਾਬਤ ਹੋਵੇ ਕਿ ਡਾਕਟਰ ਨੇ ਪੈਸੇ ਲਏ ਹਨ। ਇਕਰਾਰਨਾਮੇ ਵਿੱਚ ਜੋ ਗਵਾਹ ਸੀ ਉਹ ਵੀ ਡਾਕਟਰ ਦਾ ਬੰਦਾ ਸੀ। ਇਸ ਲਈ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ। ਜਦੋਂ ਮੈਂ ਡਾਕਟਰ ਨੂੰ ਪੜਤਾਲ ਲਈ ਬੁਲਾਇਆ, ਉਹ ਬੇਖ਼ੌਫ਼ ਜਾਪਿਆ। ਉਹ ਨੱਕ ’ਤੇ ਮੱਖੀ ਨਹੀਂ ਸੀ ਬੈਠਣ ਦੇ ਰਿਹਾ। ਕਹਿ ਰਿਹਾ ਸੀ ਕਿ ਤੁਹਾਡੇ ਪਾਸ ਮੇਰੇ ਖਿਲਾਫ਼ ਪੈਸਿਆਂ ਦੇ ਲੈਣ ਬਾਰੇ ਕੋਈ ਪੁਖ਼ਤਾ ਸਬੂਤ ਹਨ ਤਾਂ ਬੇਸ਼ੱਕ ਮੇਰੇ ਖਿਲਾਫ਼ ਪਰਚਾ ਦਰਜ ਕਰ ਦਿਓ।
ਕੇਸ ਦੀ ਡੂੰਘੀ ਪੜਤਾਲ ਕਰਨ ਮਗਰੋਂ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਪਲਾਟ ਦਾ ਇਕਰਾਰਨਾਮਾ ਹੋਇਆ ਸੀ ਅਤੇ ਡਾਕਟਰ ਨੇ ਚਾਰ ਲੱਖ ਰੁਪਏ ਬਿਆਨੇ ਵਜੋਂ ਲਏ ਸਨ। ਪ੍ਰਿੰਸੀਪਲ ਦੇ ਪਤੀ ਦੀ ਮੌਤ ਤੇ ਪਲਾਟ ਦਾ ਭਾਅ ਵਧਣ ਕਰਕੇ ਉਸ ਦੀ ਨੀਅਤ ਵਿਗੜ ਗਈ ਸੀ। ਉਹ ਰਜਿਸਟਰੀ ਕਰਵਾਉਣ ਦੇ ਨਾਲ ਨਾਲ ਬਿਆਨੇ ਦੇ ਪੈਸੇ ਵਾਪਸ ਕਰਨ ਤੋਂ ਵੀ ਮੁੱਕਰ ਗਿਆ। ਮੈਂ ਆਪਣੀ ਨੌਕਰੀ ਦੇ ਤਜਰਬੇ ਦੇ ਆਧਾਰ ’ਤੇ ਆਪਣੇ ਦਿਮਾਗ਼ ਦੀ ਵਰਤੋਂ ਕਰ ਕੇ ਡਾਕਟਰ ਨੂੰ ਕਿਹਾ, ‘‘ਬਿਆਨੇ ਵਾਲੀ ਜਿਹੜੀ ਅਸਲ ਲਿਖਤ ਪ੍ਰਿੰਸੀਪਲ ਦੇ ਪਤੀ ਕੋਲੋਂ ਰਜਿਸਟਰੀ ਕਰਨ ਬਹਾਨੇ ਲੈ ਚੁੱਕੇ ਹੋ, ਉਸ ਦੀ ਫੋਟੋ ਕਾਪੀ ਪ੍ਰਿੰਸੀਪਲ ਪਾਸ ਸੀ, ਮੈਂ ਲੈ ਲਈ ਹੈ। ਜਿੱਥੋਂ ਪਰਨੋਟ ਖਰੀਦਿਆ, ਜਿਸ ਅਰਜ਼ੀਨਵੀਸ ਨੇ ਲਿਖਤ ਕੀਤੀ, ਉਨ੍ਹਾਂ ਦੇ ਬਿਆਨ ਤੇ ਰਿਕਾਰਡ ਮੈਂ ਕਬਜ਼ੇ ’ਚ ਲੈ ਲਿਆ ਹੈ। ਇਸ ਲਈ ਤੁਹਾਡੇ ਖਿਲਾਫ਼ ਪਰਚਾ ਦਰਜ ਹੋ ਸਕਦਾ ਹੈ।’’
ਡਾਕਟਰ ਮੇਰੀ ਗੱਲ ਸੁਣ ਕੇ ਕੁਝ ਡਰ ਗਿਆ ਕਿ ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਲਈ ਨਰਮ ਪੈ ਗਿਆ। ਦਰਅਸਲ, ਪ੍ਰਿੰਸੀਪਲ ਕੋਲ ਕੋਈ ਫੋਟੋ ਕਾਪੀ ਮੌਜੂਦ ਨਹੀਂ ਸੀ। ਮੈਂ ਡਾਕਟਰ ਨੂੰ ਸਿਰਫ਼ ਦਬਕਾ ਹੀ ਮਾਰਿਆ ਸੀ। ਮੈਂ ਉਸ ਨੂੰ ਪ੍ਰਿੰਸੀਪਲ ਦੇ ਪੈਸੇ ਵਾਪਸ ਕਰਨ ਲਈ ਦੋ ਦਿਨ ਦੀ ਮੋਹਲਤ ਦਿੰਦਿਆਂ ਕਿਹਾ, ‘‘ਜੇ ਪੈਸੇ ਵਾਪਸ ਨਾ ਕੀਤੇ ਤਾਂ ਤੁਹਾਡੇ ਖਿਲਾਫ਼ ਪਰਚਾ ਦਰਜ ਕਰ ਕੇ ਥਾਣੇ ਅੰਦਰ ਬੰਦ ਕਰ ਦਿੱਤਾ ਜਾਵੇਗਾ।’’ ਦੋ ਦਿਨ ਕੀ, ਡਾਕਟਰ ਤਾਂ ਅਗਲੇ ਦਿਨ ਹੀ ਸਵੇਰੇ ਮੇਰੇ ਦਫਤਰ ਆ ਢੁੱਕਿਆ। ਮੇਰਾ ਮਾਰਿਆ ਫੋਕਾ ਦਬਕਾ ਕੰਮ ਕਰ ਗਿਆ ਸੀ। ਡਾਕਟਰ ਨੇ ਨਿਮਰਤਾ ਨਾਲ ਸਾਰੀ ਗੱਲ ਕਬੂਲ ਕਰ ਲਈ ਅਤੇ ਨਾਲ ਹੀ ਕਿਹਾ ਕਿ ਉਹ ਪੈਸੇ ਵਾਪਸ ਕਰਨ ਲਈ ਤਿਆਰ ਹੈ, ਪਰ ਪਲਾਟ ਦੀ ਰਜਿਸਟਰੀ ਲਈ ਦਬਾਅ ਨਾ ਪਾਇਆ ਜਾਵੇ ਕਿਉਂਕਿ ਇਸ ਨਾਲ ਉਸ ਨੂੰ ਕਾਫ਼ੀ ਘਾਟਾ ਪੈ ਸਕਦਾ ਹੈ। ਮੈਂ ਪ੍ਰਿੰਸੀਪਲ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਤਾਂ ਉਹ ਪੈਸੇ ਲੈਣ ਲਈ ਸਹਿਮਤ ਹੋ ਗਈ। ਮਾਮਲਾ ਇੰਨੀ ਛੇਤੀ ਨਿੱਬੜ ਜਾਣ ’ਤੇ ਕਮਿਸ਼ਨਰ ਸਾਹਿਬ ਪਾਸੋਂ ਸ਼ਾਬਾਸ਼ੀ ਮਿਲਣਾ ਸੁਭਵਿਕ ਹੀ ਸੀ।
ਸੰਪਰਕ: 98786-00221