...ਜਦੋਂ ਮਾਰੂਤੀ ਕਾਰ ’ਚ ਅੱਠ ਜਣਿਆਂ ਨੇ ਸਵਾਰੀ ਕੀਤੀ
ਸੁਰਜੀਤ ਸਿੰਘ ਸ਼ਹਿਣਾ
ਪੰਜਾਬ ਦੇ ਮੇਲਿਆਂ ਵਿੱਚੋਂ ਸਿਰਮੌਰ ਪ੍ਰੋ. ਮੋਹਨ ਸਿੰਘ ਮੇਲੇ ਦਾ ਕਈ ਸਾਲ ਆਨੰਦ ਮਾਣਿਆ। ਇਸ ਮੇਲੇ ਨੂੰ ਭਰ ਜੋਬਨ ਉੱਤੇ ਦੇਖਿਆ ਜਦੋਂ ਪੰਜਾਬ ਖ਼ਾਸਕਰ ਮਾਲਵੇ ਵਿੱਚ ਲੋਕ ਆਪਣੇ ਵਿਆਹ-ਸ਼ਾਦੀ ਦੇ ਪ੍ਰੋਗਰਾਮ ਵੀ ਮੇਲੇ ਦੀਆਂ ਤਰੀਕਾਂ ਤੋਂ ਅੱਗੇ-ਪਿੱਛੇ ਰੱਖਦੇ ਸਨ ਅਤੇ ਗਾਉਣ ਵਾਲਿਆਂ ਦੇ ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਵੀ ਇਸੇ ਮੇਲੇ ਤੋਂ ਹੁੰਦੀ ਸੀ। ਜਿਹੜਾ ਗਵੱਈਆ ਮੇਲੇ ਵਿੱਚ ਛਾ ਜਾਂਦਾ, ਅਗਲੇ ਸੀਜ਼ਨ ਵਿੱਚ ਉਸ ਦੇ ਅਖਾੜੇ ਦੀਆਂ ਤਰੀਕਾਂ ਮੁਸ਼ਕਿਲ ਨਾਲ ਮਿਲਦੀਆਂ ਸਨ। ਸਮੇਂ ਨਾਲ ਭਾਵੇਂ ਇਸ ਮੇਲੇ ਦਾ ਪਹਿਲਾਂ ਵਾਲਾ ਰੂਪ ਨਹੀਂ ਰਿਹਾ, ਪਰ ਅੱਜ ਵੀ ਜਦੋਂ ਅਕਤੂਬਰ ਮਹੀਨਾ ਆਉਂਦਾ ਹੈ ਤਾਂ ਮੇਲੇ ਦੀਆਂ ਯਾਦਾਂ ਵਿੱਚ ਗੁਆਚ ਜਾਈਦਾ ਹੈ। ਜੀਅ ਕਰਦਾ ਹੈ ਕਿ ਉੱਡ ਕੇ ਮੇਲੇ ਵਿੱਚ ਪਹੁੰਚ ਜਾਈਏ। ਪਿਛਲੇ 10-11 ਸਾਲਾਂ ਤੋਂ ਅਮਰੀਕਾ ਰਹਿੰਦੇ ਹੋਣ ਕਰਕੇ ਹਰ ਵਾਰ ਮੇਲਾ ਦੇਖਣ ਤੋਂ ਖੁੰਝ ਜਾਈਦਾ ਹੈ। ਹੁਣ ਫੇਰ ਜਦੋਂ ਲੁਧਿਆਣਾ ਵਿਖੇ 20 ਅਕਤੂਬਰ ਤੋਂ ਜੁੜਨ ਵਾਲੇ ਮੇਲੇ ਦੀਆਂ ਤਿਆਰੀਆਂ ਬਾਰੇ ਖ਼ਬਰਾਂ ਪੜ੍ਹੀਆਂ ਤਾਂ ਇਸ ਨਾਲ ਜੁੜੀਆਂ ਅਨੇਕਾਂ ਯਾਦਾਂ ਫਿਰ ਤਾਜ਼ੀਆਂ ਹੋ ਗਈਆਂ।
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬੀ ਭਵਨ, ਮੇਲੇ ਦੇ ਇੱਕਠ ਨੂੰ ਸਮਾਉਣ ਤੋਂ ਅਸਮਰੱਥ ਹੋ ਗਿਆ ਸੀ ਤਾਂ ਮੇਲਾ ਪੱਖੋਵਾਲ ਰੋਡ ’ਤੇ ਪਿੰਡ ਦਾਦ ਕੋਲ ਪਾਲਮ ਵਿਹਾਰ ਵਿਖੇ ਖੁੱਲ੍ਹੇ ਥਾਂ ਵਿੱਚ ਲੱਗਦਾ ਸੀ। ਮੈਂ ਤੇ ਮੇਰਾ ਮਿੱਤਰ ਜਤਿੰਦਰ ਕੋਹਲੀ, ਜੋ ਉਸ ਸਮੇਂ ਬਰਨਾਲੇ ਹੀ ਰਹਿੰਦਾ ਸੀ, ਮੇਰੇ ਨਾਲ ਸੀ। ਮੇਲੇ ਵਿੱਚ ਸਾਨੂੰ ਜਲਾਲ ਤੋਂ ਜਤਿੰਦਰ ਕੋਹਲੀ ਦਾ ਸਭ ਤੋਂ ਛੋਟਾ ਭਰਾ ਭੀਮ ਸੈਨ ਮਿਲ ਗਿਆ ਜੋ ਆਪਣੀ ਮਾਰੂਤੀ 800 ਕਾਰ ’ਤੇ ਆਪਣੇ ਮਿੱਤਰਾਂ ਨਾਲ ਆਇਆ ਸੀ। ਉਦੋਂ ਮਾਰੂਤੀ ਕਾਰ ਸਭ ਤੋਂ ਵੱਡੀ ਲਗਜ਼ਰੀ ਹੁੰਦੀ ਸੀ। ਕੋਹਲੀ ਭਰਾਵਾਂ ਦਾ ਪਿੰਡ ਜਲਾਲ ਹੋਣ ਕਰਕੇ ਉਨ੍ਹਾਂ ਦੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਪਰਿਵਾਰਕ ਸਬੰਧ ਸਨ। ਉਨ੍ਹਾਂ ਕਰਕੇ ਮੇਰੇ ਵੀ ਮਾਣਕ ਹੋਰਾਂ ਨਾਲ ਚੰਗੇ ਸਬੰਧ ਸਨ। ਉੱਪਰੋਂ ਮਾਣਕ ਨਾਲ ਕੋਰਸ ਗਾਉਣ ਵਾਲਾ ਤੀਰਥ ਭਗਤਾ ਮੇਰਾ ਡੀ.ਪੀ.ਐੱਡ. ਦਾ ਜਮਾਤੀ ਹੋਣ ਕਰਕੇ ਸਾਂਝ ਹੋਰ ਪਕੇਰੀ ਹੋ ਗਈ। ਇਸੇ ਕਰਕੇ ਮੈਂ ਤੇ ਕੋਹਲੀ ਭਰਾ ਪ੍ਰੋ. ਮੋਹਨ ਸਿੰਘ ਮੇਲਾ ਹਰ ਸਾਲ ਦੇਖਣ ਜਾਂਦੇ ਸੀ।
ਜਿਉਂ-ਜਿਉਂ ਦਿਨ ਛਿਪ ਰਿਹਾ ਸੀ ਮੇਲਾ ਆਪਣੇ ਸਿਖਰ ਵੱਲ ਵਧ ਰਿਹਾ ਸੀ, ਪਰ ਸਾਨੂੰ ਵਾਪਸੀ ਦਾ ਫ਼ਿਕਰ ਹੋ ਰਿਹਾ ਸੀ ਕਿਉਂਕਿ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਾਰਨ ਰਾਤ ਦੀ ਬੱਸ ਸਰਵਿਸ ਬੰਦ ਸੀ। ਇਹ ਹਰ ਵਾਰ ਹੀ ਹੁੰਦਾ ਸੀ ਕਿ ਸਿਖਰ ਵੱਲ ਵਧਦੇ ਮੇਲੇ ਵਿੱਚ ਸਾਡੇ ਵਾਂਗ ਬਰਨਾਲਾ-ਬਠਿੰਡਾ ਦੇ ਬੈਠੇ ਮੇਲੀ ਆਖ਼ਰੀ ਬੱਸ ਫੜਨ ਦਾ ਫ਼ਿਕਰ ਕਰਦੇ। ਉਸ ਵੇਲੇ ਪ੍ਰਬੰਧਕਾਂ ਉੱਪਰ ਗੁੱਸਾ ਵੀ ਆਉਣਾ ਕਿ ਚੰਗੇ ਗਵੱਈਏ ਹਾਲੇ ਲਗਾਏ ਨਹੀਂ। ਅਸੀਂ ਅਣਮੰਨੇ ਜਿਹੇ ਮਨ ਨਾਲ ਬੱਸ ਫੜਨ ਲਈ ਤੁਰਨ ਲੱਗੇ ਤਾਂ ਭੀਮ ਕਹਿਣ ਲੱਗਿਆ, ‘‘ਹੁਣ ਤਾਂ ਮੇਲਾ ਮਘਣ ਲੱਗਿਆ ਸੀ ਤੇ ਤੁਸੀਂ ਤੁਰੇ ਜਾਂਦੇ ਹੋ।’’ ਅਸੀਂ ਬੱਸ ਵਾਲੀ ਮਜਬੂਰੀ ਦੱਸੀ ਤਾਂ ਉਹ ਕਹਿੰਦਾ ਕਿ ਆਪਾਂ ਕਾਰ ’ਤੇ ਚੱਲਾਂਗੇ। ਅਸੀਂ ਕਿਹਾ, ‘‘ਯਾਰ, ਤੁਸੀਂ ਤਾਂ ਪਹਿਲਾਂ ਹੀ ਛੇ ਜਣੇ ਹੋ, ਆਪਾਂ ਅੱਠ ਕਿਵੇਂ ਚੱਲਾਂਗੇ!’’ ਉਹ ਕਹਿੰਦਾ, ‘‘ਔਖੇ-ਸੌਖੇ ਚਲੇ ਚੱਲਾਂਗੇ। ਤੁਸੀਂ ਮੇਲੇ ਦਾ ਅਨੰਦ ਮਾਣੋ।’’ ਫੇਰ ਅਸੀਂ ਬੱਸ ਦਾ ਫ਼ਿਕਰ ਭੁੱਲ ਕੇ ਮੇਲਾ ਦੇਖਣ ਲੱਗੇ। ਬਾਪੂ ਜੱਸੋਵਾਲ ਦਾ ਪੂਰਾ ਜਲੌਅ ਦੇਖਿਆ। ਨਾਮੀ ਗਾਇਕਾਂ ਨੂੰ ਸੁਣਿਆ। ਪੂਰਾ ਮੇਲਾ ਦੇਖਦਿਆਂ ਅਸੀਂ ਭਰਪੂਰ ਆਨੰਦ ਮਾਣਿਆ। ਮੇਲਾ ਖ਼ਤਮ ਹੋਣ ਮਗਰੋਂ ਅਸੀਂ ਕਾਰ ਵਿੱਚ ਬੈਠਣ ਲੱਗੇ ਤਾਂ ਕਾਰ ਚਲਾਉਣ ਵਾਲੇ ਸਮੇਤ ਤਿੰਨ ਜਣੇ ਅੱਗੇ ਅਤੇ ਤਿੰਨ ਪਿਛਲੀ ਸੀਟ ’ਤੇ ਫਸ ਕੇ ਬੈਠ ਗਏ। ਦੋ ਜਣਿਆਂ ਨੂੰ ਕਾਰ ਦੀ ਡਿੱਗੀ ਖੋਲ੍ਹ ਕੇ ਉਸ ਵਿੱਚ ਬੈਠਣਾ ਪਿਆ। ਡਿੱਗੀ ਵਿੱਚ ਬੈਠਣ ਵਾਲਿਆਂ ਵਿੱਚ ਇੱਕ ਤਾਂ ਕਾਰ ਦਾ ਮਾਲਕ ਭੀਮ ਸੀ।
ਪੱਖੋਵਾਲ ਰੋਡ ਤੋਂ ਬਰਨਾਲੇ ਜਾਂਦਿਆਂ ਕਾਰ ਅਜੇ ਜੋਧਾਂ ਮਨਸੂਰਾਂ ਕੋਲ ਹੀ ਪਹੁੰਚੀ ਸੀ ਕਿ ਉੱਥੇ ਪੁਲੀਸ ਦਾ ਨਾਕਾ ਲੱਗਿਆ ਹੋਇਆ ਸੀ, ਅਸੀਂ ਸੋਚਿਆ ਬੁਰੇ ਫਸੇ। ਕਾਰ ਦੇ ਕਾਗਜ਼ ਘੱਟ ਹੋਣ ਦਾ ਬਹਾਨਾ ਤਾਂ ਲੱਗ ਸਕਦਾ ਹੈ, ਪਰ ਕਾਰ ਵਿੱਚ ਅੱਠ ਬੈਠਣ ਦਾ ਕੀ ਜਵਾਬ ਦੇਵਾਂਗੇ? ਉਹ ਵੀ ਦੋ ਡਿੱਗੀ ਵਿੱਚ ਜੋ ਸਮਾਨ ਰੱਖਣ ਲਈ ਹੁੰਦੀ ਹੈ। ਪੁਲੀਸ ਵਾਲਿਆਂ ਨੇ ਪੁੱਛਿਆ ਕਿ ਕਿੱਥੋਂ ਆ ਰਹੇ ਹੋ ਤਾਂ ਅਸੀਂ ਝੱਟ ਦੱਸਿਆ ਕਿ ਲੁਧਿਆਣਿਓਂ ਪ੍ਰੋ. ਮੋਹਨ ਸਿੰਘ ਮੇਲਾ ਦੇਖ ਕੇ ਆ ਰਹੇ ਹਾਂ। ਹਾਲੇ ਅਸੀਂ ਇਹ ਕਹਿਣ ਹੀ ਲੱਗੇ ਸੀ ਕਿ ਆਖ਼ਰੀ ਬੱਸ ਲੰਘ ਜਾਣ ਕਾਰਨ ਅੱਠ ਜਣਿਆਂ ਨੂੰ ਇੱਕੋ ਕਾਰ ਵਿੱਚ ਬੈਠਣਾ ਪਿਆ, ਪਰ ਪੁਲੀਸ ਵਾਲਿਆਂ ਦੀ ਗੱਲ ਸੁਣ ਕੇ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਥਾਣੇਦਾਰ ਨੇ ਕਿਹਾ, ‘‘ਜਾਣ ਦਿਓ ਬਈ ਇਹ ਤਾਂ ਮੋਹਨ ਸਿੰਘ ਮੇਲੇ ਵਾਲੇ ਹਨ।’’ ਅੱਜ ਵੀ ਸੋਚੀਦਾ ਹੈ ਕਿ ਉਨ੍ਹੀਂ ਦਿਨੀਂ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋਣ ਦੇ ਬਾਵਜੂਦ ਮੋਹਨ ਸਿੰਘ ਮੇਲੇ ਬਾਰੇ ਪੁਲੀਸ ਦੇ ਮਨਾਂ ਵਿੱਚ ਵੀ ਬਹੁਤ ਸਤਿਕਾਰ ਸੀ।
ਅੱਜ ਕਿਸੇ ਵੀ ਸਮਾਗਮ ’ਤੇ ਜਾਂਦੇ ਹਾਂ ਤਾਂ ਕਾਰ ਵਿੱਚ ਦੋ ਜਾਂ ਚਾਰ ਹੀ ਬੈਠਦੇ ਹਾਂ, ਪਰ ਉਹ ਮਾਰੂਤੀ ਕਾਰ ਵਿੱਚ ਅੱਠ ਜਣਿਆਂ ਦਾ ਕੀਤਾ ਸਫ਼ਰ ਅੱਜ ਵੀ ਯਾਦਗਾਰੀ ਜਾਪਦਾ ਹੈ।
ਸੰਪਰਕ: +1-469-562-8290