ਜਦੋਂ ਔਰਤ ਮਰਦ ਬਣ ਗਈ
ਬਲਰਾਜ ਸਿੰਘ ਸਿੱਧੂ
ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸੰਗਰੂਰ ਜ਼ਿਲ੍ਹੇ ਦੇ ਇੱਕ ਥਾਣੇ ਦਾ ਐੱਸਐੱਚਓ ਲੱਗਾ ਹੋਇਆ ਸੀ ਤੇ ਇੱਕ ਦਿਨ ਸ਼ਾਮੀਂ ਨੌ ਕੁ ਵਜੇ ਇੱਕ ਚੌਕੀ ਵਿੱਚ 2 ਬੋਰੀਆਂ ਭੁੱਕੀ ਫੜੀ ਗਈ। ਮਾਰੂਤੀ ਕਾਰ ਵਿੱਚ ਦੋ ਬੰਦੇ ਅਤੇ ਇੱਕ ਨੌਜਵਾਨ ਜਨਾਨੀ ਸਵਾਰ ਸਨ ਜੋ ਚੌਕੀ ਦੇ ਹੀ ਕਿਸੇ ਪਿੰਡ ਦੇ ਵਸਨੀਕ ਸਨ। ਜਦੋਂ ਉਹ ਭੁੱਕੀ ਲੈਣ ਲਈ ਰਾਜਸਥਾਨ ਗਏ ਸਨ ਤਾਂ ਸੜਕ ਬਣ ਰਹੀ ਸੀ, ਪਰ ਜਦੋਂ ਉਹ ਵਾਪਸ ਆਏ ਤਾਂ ਚੌਕੀ ਦੇ ਸਾਹਮਣੇ ਪੀਡਬਲਿਊਡੀ ਵਾਲਿਆਂ ਨੇ ਕਾਫ਼ੀ ਉੱਚਾ ਸਪੀਡ ਬਰੇਕਰ ਬਣਾ ਦਿੱਤਾ ਸੀ। ਰਾਤ ਦੇ ਹਨੇਰੇ ਵਿੱਚ ਜਦੋਂ ਉਹ ਤੇਜ਼ੀ ਨਾਲ ਚੌਕੀ ਦੇ ਅੱਗੋਂ ਲੰਘਣ ਲੱਗੇ ਤਾਂ ਨਵੇਂ ਬਣੇ ਸਪੀਡ ਬ੍ਰੇਕਰ ਵਿੱਚ ਵੱਜਣ ਕਾਰਨ ਕਾਰ ਦੀਆਂ ਪਿਛਲੀਆਂ ਕਮਾਨੀਆਂ ਟੁੱਟ ਗਈਆਂ। ਬਾਹਰੋਂ ਟੁੱਟ ਭੱਜ ਦੀ ਆਵਾਜ਼ ਆਈ ਤਾਂ ਪੁਲੀਸ ਵਾਲੇ ਭੱਜ ਕੇ ਉਨ੍ਹਾਂ ਦੀ ਮਦਦ ਵਾਸਤੇ ਗਏ ਤਾਂ ਕੁਦਰਤੀ ਕਿਸੇ ਜਵਾਨ ਦੀ ਨਜ਼ਰ ਪਿਛਲੀ ਸੀਟ ’ਤੇ ਰੱਖੀਆਂ ਭੁੱਕੀ ਦੀਆਂ ਬੋਰੀਆਂ ’ਤੇ ਪੈ ਗਈ। ਚੌਕੀ ਇੰਚਾਰਜ ਨੇ ਮੈਨੂੰ ਇਸ ਬਾਰੇ ਦੱਸਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੁਲਜ਼ਮਾਂ ਨੂੰ ਥਾਣੇ ਲੈ ਆਓ।
ਮੈਂ ਕੁਦਰਤੀ ਥਾਣੇ ਹਾਜ਼ਰ ਸੀ ਤੇ ਔਰਤ ਮੁਲਜ਼ਮ ਕਾਰਨ ਉਤਸੁਕਤਾ ਵੱਸ ਮੈਂ ਸਮੱਗਲਰਾਂ ਕੋਲੋਂ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਔਰਤ ਕਿਸ ਦੀ ਪਤਨੀ ਹੈ? ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਔਰਤ ਕਿਸੇ ਦੀ ਵੀ ਪਤਨੀ ਨਹੀਂ ਹੈ। ਇਹ ਹਰਿਆਣੇ ਦੇ ਫਲਾਣੇ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਅਸੀਂ ਇਸ ਨੂੰ ਹਰ ਚੱਕਰ ਦਾ ਦਸ ਹਜ਼ਾਰ ਰੁਪਿਆ ਦਿੰਦੇ ਹਾਂ ਕਿਉਂਕਿ ਔਰਤ ਨਾਲ ਹੋਣ ਕਾਰਨ ਪੁਲੀਸ ਵਾਲੇ ਸ਼ੱਕ ਨਹੀਂ ਕਰਦੇ।
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕਰਵਾਉਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਤਲਾਸ਼ੀ ਲਈ ਜਾਂਦੀ ਹੈ। ਜਾਮਾ ਤਲਾਸ਼ੀ ਦੌਰਾਨ ਮੁਲਜ਼ਮ ਦੇ ਸਾਰੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਜਾਣੀ ਹੁੰਦੀ ਹੈ ਜੋ ਪੁਲੀਸ ਵਾਲੇ ਘੱਟ ਹੀ ਕਰਦੇ ਹਨ। ਇਸ ਮੁਕੱਦਮੇ ਵਿੱਚ ਵੀ ਅਜਿਹਾ ਹੀ ਹੋਇਆ ਤੇ ਲੇਡੀ ਕਾਂਸਟੇਬਲ ਨੇ ਵੀ ਖਾਨਾਪੂਰਤੀ ਹੀ ਕੀਤੀ। ਉਸ ਔਰਤ ਨੇ ਆਪਣਾ ਨਾਮ ਫਲਾਣੀ ਕੌਰ ਪੁੱਤਰੀ ਫਲਾਣਾ ਸਿੰਘ ਤੇ ਐਡਰੈੱਸ ਫਲਾਣਾ ਲਿਖਾਇਆ ਜੋ ਬਾਅਦ ਵਿੱਚ ਜਾਅਲੀ ਨਿਕਲਿਆ। ਅਗਲੇ ਦਿਨ 11 ਕੁ ਵਜੇ ਸਵੇਰੇ ਮੈਂ ਥਾਣੇ ਬੈਠਾ ਸੀ ਕਿ ਉਸ ਹੌਲਦਾਰ ਦਾ ਫੋਨ ਆ ਗਿਆ। ਉਹ ਕੰਬਦੀ ਹੋਈ ਆਵਾਜ਼ ਵਿੱਚ ਬੋਲਿਆ, ‘‘ਜਨਾਬ ਜਲਦੀ ਹਸਪਤਾਲ ਆ ਜਾਓ, ਇੱਥੇ ਤਾਂ ਹੋਰ ਈ ਪੰਗਾ ਪੈ ਗਿਆ ਆ।’’ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਪੁੱਛਦਾ, ਉਸ ਨੇ ਟੈਲੀਫੋਨ ਕੱਟ ਦਿੱਤਾ। ਹਸਪਤਾਲ ਨਜ਼ਦੀਕ ਹੀ ਸੀ, ਮੈਂ ਦਸ ਪੰਦਰਾਂ ਮਿੰਟਾਂ ਵਿੱਚ ਹੀ ਉੱਥੇ ਪਹੁੰਚ ਗਿਆ। ਉੱਥੋਂ ਦਾ ਨਜ਼ਾਰਾ ਵੇਖਣ ਹੀ ਵਾਲਾ ਸੀ, ਦਰਜਨਾਂ ਪੱਤਰਕਾਰ ਉੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਮੈਨੂੰ ਘੇਰ ਲਿਆ ਤੇ ਸਵਾਲਾਂ ਦੀ ਬੌਛਾੜ ਕਰ ਦਿੱਤੀ।
ਮੈਂ ਬੜੀ ਮੁਸ਼ਕਿਲ ਉਨ੍ਹਾਂ ਤੋਂ ਖਹਿੜਾ ਛੁਡਵਾ ਕੇ ਪੱਤੇ ਵਾਂਗ ਕੰਬ ਰਹੇ ਹੌਲਦਾਰ ਕੋਲ ਪਹੁੰਚ ਗਿਆ। ਉਹ ਕਰੀਬ ਕਰੀਬ ਰੋਂਦਾ ਹੋਇਆ ਬੋਲਿਆ, ‘‘ਜਨਾਬ ਹਨੇਰ ਹੋੋ ਗਿਆ, ਰਾਤ ਜਿਹੜੀ ਜਨਾਨੀ ਗ੍ਰਿਫ਼ਤਾਰ ਕੀਤੀ ਸੀ ਉਹ ਅਸਲ ਵਿੱਚ ਮਰਦ ਹੈ। ਉਸ ਦਾ ਮੈਡੀਕਲ ਕਰਨ ਵਾਲੀ ਲੇਡੀ ਡਾਕਟਰ ਚੀਕਾਂ ਮਾਰਦੀ ਹੋਈ ਕਮਰੇ ਤੋਂ ਬਾਹਰ ਭੱਜੀ ਸੀ।’’ ਮੈਂ ਲੇਡੀ ਡਾਕਟਰ ਕੋਲ ਪਹੁੰਚਿਆ ਤਾਂ ਉਹ ਮੈਨੂੰ ਵੇਖ ਕੇ ਭੜਕ ਪਈ ਤੇ ਸਿਹਤ ਮੰਤਰੀ ਨੂੰ ਮੇਰੀ ਸ਼ਿਕਾਇਤ ਕਰਨ ਦੀਆਂ ਧਮਕੀਆਂ ਦੇਣ ਲੱਗੀ। ਮੈਂ ਮੁਆਫ਼ੀ ਮੰਗ ਕੇ ਉਸ ਨੂੰ ਬਹੁਤ ਮੁਸ਼ਕਿਲ ਸ਼ਾਂਤ ਕੀਤਾ ਤੇ ਕਿਸੇ ਤਰ੍ਹਾਂ ਪੱਤਰਕਾਰਾਂ ਨੂੰ ਵੀ ਠੰਢਾ ਕੀਤਾ। ਅਜਿਹਾ ਵਾਕਿਆ ਸ਼ਾਇਦ ਪੰਜਾਬ ਪੁਲੀਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ। ਮੈਨੂੰ ਆਪਣੀ ਬੈਲਟ ਲੱਥਦੀ ਹੋਈ ਦਿਸਣ ਲੱਗ ਪਈ ਕਿਉਂਕਿ ਥਾਣੇ ਵਿੱਚ ਹਰ ਚੰਗੇ ਮਾੜੇ ਕੰਮ ਦਾ ਜ਼ਿੰਮੇਵਾਰ ਐੱਸਐੱਚਓ ਹੀ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਬੰਦਾ ਲੂਤੀ ਲਾਉਂਦਾ, ਮੈਂ ਟੈਲੀਫੋਨ ’ਤੇ ਐੱਸਐੱਸਪੀ ਨੂੰ ਸਾਰੀ ਗੱਲ ਦੱਸ ਦਿੱਤੀ ਕਿਉਂਕਿ ਸਾਡੀ ਸਬ-ਡਿਵੀਜ਼ਨ ਦਾ ਡੀਐੱਸਪੀ ਛੁੱਟੀ ਗਿਆ ਹੋਇਆ ਸੀ।
ਐੱਸਐੱਸਪੀ ਨੇ ਮੇਰੀ ਚੰਗੀ ਲਾਹ-ਪਾਹ ਕੀਤੀ ਤੇ ਕਿਹਾ ਕਿ ਜੇ ਇਹ ਖ਼ਬਰ ਸਵੇਰੇ ਅਖ਼ਬਾਰਾਂ ਵਿੱਚ ਲੱਗ ਗਈ ਤਾਂ ਆਪਣੇ ਆਪ ਨੂੰ ਸਸਪੈਂਡ ਸਮਝੀਂ। ਮੇਰੇ ਸਾਹ ਵਿੱਚ ਸਾਹ ਆਇਆ, ਪਹਿਲਾਂ ਤਾਂ ਮੈਂ ਦੋ ਤਿੰਨ ਸਿਆਣੇ ਥਾਣੇਦਾਰ ਲਗਾ ਕੇ ਮਿਸਲ ਠੀਕ ਕਰਵਾਈ ਤੇ ਫਿਰ ’ਕੱਲੇ ’ਕੱਲੇ ਪੱਤਰਕਾਰ ਨੂੰ ਆਪਣੀ ਨੌਕਰੀ ਦਾ ਵਾਸਤਾ ਦੇ ਕੇ ਖ਼ਬਰ ਨਾ ਲਾਉਣ ਦੀ ਬੇਨਤੀ ਕੀਤੀ। ਬਾਅਦ ਦੀ ਤਫਤੀਸ਼ ਤੋਂ ਪਤਾ ਲੱਗਾ ਕਿ ਹਸਪਤਾਲ ਵਿਖੇ ਔਰਤ ਤੋਂ ਮਰਦ ਵਿੱਚ ਤਬਦੀਲ ਹੋਣ ਦਾ ਚਮਤਕਾਰ ਕਰਨ ਵਾਲਾ ਉਹ ਵਿਅਕਤੀ ਅਸਲ ਵਿੱਚ ਜਨਾਨੜਾ ਕਿਸਮ ਦਾ ਸੀ ਤੇ ਔਰਤਾਂ ਵਾਂਗ ਬਣ ਫੱਬ ਕੇ ਰਹਿੰਦਾ ਸੀ। ਉਹ ਇਲਾਕੇ ਦੇ ਕਈ ਸਮਗਲਰਾਂ ਨਾਲ ਰਾਜਸਥਾਨ ਆਉਂਦਾ ਜਾਂਦਾ ਰਹਿੰਦਾ ਸੀ ਤੇ ਵਧੀਆ ਨੋਟ ਛਾਪ ਰਿਹਾ ਸੀ। ਮੇਰੇ ਥਾਣੇ ਵਾਲੇ ਕੇਸ ਵਿੱਚ ਉਹ ਜ਼ਿੰਦਗੀ ’ਚ ਪਹਿਲੀ ਦਫ਼ਾ ਗ੍ਰਿਫ਼ਤਾਰ ਹੋਇਆ ਸੀ। ਉਸ ਦੀ ਗ੍ਰਿਫ਼ਤਾਰੀ ਦੀ ਮੈਨੂੰ ਸ਼ਾਬਾਸ਼ ਤਾਂ ਕੀ ਮਿਲਣੀ ਸੀ, ਸਗੋਂ ਨੌਕਰੀ ਹੀ ਖ਼ਤਰੇ ਵਿੱਚ ਪੈ ਗਈ ਸੀ।
ਸੰਪਰਕ: 95011-00062