For the best experience, open
https://m.punjabitribuneonline.com
on your mobile browser.
Advertisement

ਫ਼ਿਰਕਾਪ੍ਰਸਤੀ: ਭਾਰਤ ਫਿਰ ਭਟਕਣ ਦਾ ਸ਼ਿਕਾਰ

07:16 AM Jan 08, 2025 IST
ਫ਼ਿਰਕਾਪ੍ਰਸਤੀ  ਭਾਰਤ ਫਿਰ ਭਟਕਣ ਦਾ ਸ਼ਿਕਾਰ
Advertisement

ਵਿਜੈ ਬੰਬੇਲੀ

ਇਤਿਹਾਸਕਾਰ ਰਾਮ ਸ਼ਰਨ ਮੁਤਾਬਿਕ, ‘‘ਕਿਸੇ ਸਿਆਸੀ ਮਕਸਦ ਦੀ ਪੂਰਤੀ ਲਈ ਜਾਤ-ਧਰਮ ਦੇ ਨਾਂਅ ’ਤੇ ਆਪਣੇ ਫ਼ਿਰਕੇ ਦੇ ‘ਸਦਭਾਵੀ ਹਿੱਤਾਂ’ ਦੀ ਕੀਮਤ ’ਤੇ ਦੂਸਰੇ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ‘ਫ਼ਿਰਕਾਪ੍ਰਸਤੀ’ ਦੀ ਸਰਲ ਵਿਆਖਿਆ ਹੈ।’’ ਦੇਖਣ ਨੂੰ ਸਿੱਧ-ਪੱਧਰੀ ਜਾਪਦੀ ਇਸ ਵਿਆਖਿਆ ਦਾ ਵਰਤਾਰਾ ਬੜਾ ਨਾ-ਮੁਰਾਦ, ਗੁੰਝਲਦਾਰ ਅਤੇ ਸਿੱਟੇ ਬੇਹੱਦ ਭਿਆਨਕ ਹੁੰਦੇ ਹਨ। ਆਮ ਕਰ ਕੇ ਸਬੰਧਿਤ ਧਿਰ ਦੇ ਭਲੇ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਹ ਅਚੇਤ ਹੀ ਆਪਣੀ ਧਿਰ ਦੇ ਫ਼ਿਰਕਾਪ੍ਰਸਤਾਂ ਦੇ ਧੀਮੇ ਜ਼ਹਿਰ ਦਾ ਸ਼ਿਕਾਰ ਹੋ ਗਏ ਹਨ।
ਜਥੇਬੰਦਕ ਰੂਪ ਵਿੱਚ ਭਾਰਤ ’ਚ ਫ਼ਿਰਕਾਪ੍ਰਸਤੀ ਅੰਗਰੇਜ਼ ਬਸਤੀਵਾਦੀਆਂ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਨਾਲ ਆਈ। ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਇੱਥੇ ਵਿਚਾਰਧਾਰਕ ਵਖਰੇਵੇਂ ਅਤੇ ‘ਮਾੜੇ-ਧੀੜਿਆਂ’ ਨਾਲ ਸੂਖ਼ਮ ਅਨਿਆਂ ਤਾਂ ਸੀ, ਜਿਹੜਾ ਸਾਡੇ ਗੁਲਾਮ-ਦਰ-ਗੁਲਾਮ ਹੋਣ ਦਾ ਪ੍ਰਮੁੱਖ ਕਾਰਨ ਸੀ, ਪਰ ਕੁੱਲ ਮਿਲਾ ਕੇ ਆਮ ਲੋਕਾਂ ’ਚ ਸਹਿਹੋਂਦ ਸੀ। ਹਾਂ; ਦੇਸੀ ਹਾਕਮਾਂ ਅਤੇ ਪੁਜਾਰੀ ਜਮਾਤ ਆਪਣੇ ਮੁਫ਼ਾਦਾਂ ਕਾਰਨ ਜ਼ਰੂਰ ਲੋਕਾਂ ਦੇ ਭੋਲੇਪਨ ਅਤੇ ਆਪਸੀ ਸਹਿਹੋਂਦ ਦੀ ਦੁਰਵਰਤੋਂ ਕਰਦੇ ਸਨ, ਫਿਰ ਵੀ ਧਾਰਮਿਕ ਫ਼ਿਰਕਿਆਂ ਦਰਮਿਆਨ ਕੋਈ ਤਿੱਖਾ ਟਕਰਾਅ ਨਹੀਂ ਸੀ ਹੋਇਆ।
1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਬੁੱਝ ਲਿਆ ਸੀ ਕਿ ਹੁਣ ਭਾਰਤ ’ਚ ਉਨ੍ਹਾਂ ਨੂੰ ਵਾਰ-ਵਾਰ ਬਗ਼ਾਵਤਾਂ ਦਾ ਸਾਹਮਣਾ ਕਰਨਾ ਪਵੇਗਾ। ਉਪਰੰਤ ਧਾਰਮਿਕ ਤਾਣੇ-ਬਾਣੇ ਅਤੇ ਜਾਤ-ਦਰ-ਜਾਤ ਦੇ ਕੋਹੜ ਨੂੰ ਸਤਹੀ ਤੌਰ ’ਤੇ ਜਾਣੂੰ ਗੋਰਿਆਂ ਨੇ ਭਾਰਤੀ ਉਪ ਮਹਾਂਦੀਪ ਦੇ ਸਮਾਜਿਕ ਤਾਣੇ-ਬਾਣੇ ਨੂੰ ਡੂੰਘਾਈ ਵਿੱਚ ਸਮਝਣਾ ਸ਼ੁਰੂ ਕੀਤਾ। ਸਿਰ ਵੱਢਵੇਂ ਵਿਚਾਰਧਾਰਕ ਵਖਰੇਵੇਂ ਇੱਥੇ, ਖ਼ਾਸ ਕਰ ਕੇ ਬੰਗਾਲ ਅਤੇ ਪੰਜਾਬ ਵਿੱਚ, ਅੰਗਰੇਜ਼ਾਂ ਨੇ ਬੀਜੇ। ਜਿਸ ਲਈ ਉਸ ਨੇ ਆਪਣੇ ਦੇਸੀ ਪਿਛਲੱਗਾਂ ਨੂੰ ਬਾ-ਖੂਬ ਵਰਤਿਆ। ਇਸ ਨੇ ਪੰਜਾਬ ਦਾ ਵੀ ਬਹੁਤ ਨੁਕਸਾਨ ਕੀਤਾ ਹੈ, ਜਿਹੜਾ ਹੁਣ ਤੱਕ ਜਾਰੀ ਹੈ।
ਉਨ੍ਹਾਂ ਨੇ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਰੂਪ ਵਿੱਚ ਮੌਜੂਦ ਵੰਡ ਨੂੰ ਸੂਖ਼ਮ ਰੂਪ ਤੱਕ ਸਮਝਿਆ ਅਤੇ ਇਸ ਨੂੰ ਵਰਤਦੇ ਹੋਏ ‘ਪਾੜੋ ਤੇ ਰਾਜ ਕਰੋ’ ਦੀ (ਬਦ) ਨੀਤੀ ਸ਼ੁਰੂ ਕੀਤੀ। ਫੂਕ ਬੰਨ੍ਹਣ ਲਈ ਉਨ੍ਹਾਂ ਧਰਮ ਆਧਾਰਿਤ ਜਨਗਣਨਾ ਸ਼ੁਰੂ ਕੀਤੀ, ਧਰਮ ਤੇ ਜਾਤ ਆਧਾਰਿਤ ਹਥਿਆਰਬੰਦ ਰਜਮੈਂਟਾਂ ਬਣਾਈਆਂ। ਬਲਦੀ ’ਤੇ ਤੇਲ ਪਾਉਣ ਲਈ ਧਾਰਮਿਕ ਕੱਟੜਪੰਥੀਆਂ, ਜਗੀਰੂ ਮਾਨਸਿਕਤਾ ਤੇ ਜਾਤ-ਪਾਤੀ ਗਰੋਹਾਂ ਨੂੰ ਥਾਪੜਾ ਦਿੱਤਾ।
ਅੰਗਰੇਜ਼ ਇਤਿਹਾਸਕਾਰ ਜੇਮਜ਼ ਮਿੱਲ ਨੇ ਭਾਰਤ ਦੇ ਇਤਿਹਾਸ ਦੀ ‘ਹਿੰਦੂ ਕਾਲ, ਮੁਗਲ ਕਾਲ ਤੇ ਬਰਤਾਨਵੀ ਕਾਲ’ ਵਾਲ਼ੀ ਸਾਜ਼ਿਸ਼ੀ ਫ਼ਿਰਕੂ ਵੰਡ ਕੀਤੀ। ਉਪਰੰਤ; ਭਾਰਤ ਵਿੱਚ ਫ਼ਿਰਕੂ ਗਰੂਰ ਪਨਪਣ ਲੱਗਾ, ਸਿੱਟੇ ਵਜੋਂ ਭਾਰਤੀ ਲੋਕ ਅੰਗਰੇਜ਼ ਬਸਤੀਵਾਦੀਆਂ ਦੀ ਥਾਂ ਧਰਮ ਦੇ ਆਧਾਰ ’ਤੇ ਆਪਣਿਆਂ ਵਿਰੁੱਧ ਹੀ ਸਿਰ-ਵੱਢਵੀਂ ਮੁਹਿੰਮ ਵਿੱਢ ਬੈਠੇ। ਪੰਜਾਬ ਦਾ ਇਤਿਹਾਸਕ ਦੁਖਾਂਤ ਇੱਕ ਸਬਕ: ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਇੱਕ ਜਗੀਰੂ ਸਮਾਜ ਸੀ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਸਨ। ਸਾਰੇ ਕੁਨਬੇ ਇੱਕ-ਦੂਜੇ ਦੇ ਧਾਰਮਿਕ ਅਤੇ ਸਮਾਜਿਕ ਕਾਰ-ਵਿਹਾਰਾਂ ਅਤੇ ਦੁੱਖ-ਸੁੱਖ ’ਚ ਸ਼ਾਮਿਲ ਹੁੰਦੇ। ਦਰ-ਹਕੀਕਤ; ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਹੀ ਪੰਜਾਬ ਬਹੁ-ਪਰਤੀ ਫ਼ਿਰਕਿਆਂ ਦੀ ਸਾਂਝੀ ਧਰਤੀ ਸੀ/ਹੈ। ਹਿੰਦੂ ਧਰਮ ਇੱਥੇ ਸਭ ਤੋਂ ਪੁਰਾਣਾ ਹੈ। ਮੱਧਯੁੱਗ ਵਿੱਚ ਇੱਥੇ ਇਸਲਾਮ, ਸੂਫ਼ੀ ਮਤ, ਨਾਥ ਪਰੰਪਰਾ ਆਦਿ ਮਕਬੂਲ ਹੋਈ। ਬੁੱਧ ਧਰਮ ਦਾ ਵੀ ਇੱਕ ਹਿੱਸੇ ਵਿੱਚ ਪ੍ਰਭਾਵ ਰਿਹਾ ਹੈ। 15ਵੀਂ ਸਦੀ ਵਿੱਚ ਇੱਥੇ ਸਿੱਖ ਮੱਤ ਦਾ ਉਭਾਰ ਹੋਇਆ।
1849 ਵਿੱਚ ਪੰਜਾਬ ’ਤੇ ਕਬਜ਼ਾ ਕਰਨ ਮਗਰੋਂ ਅੰਗਰੇਜ਼ਾਂ ਨੇ ਇੱਥੋਂ ਦੀ ਆਬੋ-ਹਵਾ ਵਿੱਚ ਫ਼ਿਰਕੂ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ 20ਵੀਂ ਸਦੀ ਦੇ ਮੁੱਢ ਵਿੱਚ ਜਦੋਂ ਇੱਥੇ ਸ਼ੁਰੂ ਹੋਏ ਸਰਮਾਏਦਾਰਾ ਵਿਕਾਸ ਸਦਕਾ ਆਧੁਨਿਕ ਪੰਜਾਬੀ ਕੌਮ ਹੋਂਦ ਵਿੱਚ ਆ ਰਹੀ ਸੀ, ਤਦ ਇੱਥੇ ਪੰਜਾਬੀ ਹੋਣ ਦੀ ਕੌਮੀ ਚੇਤਨਾ ਨਾਲੋਂ ਫ਼ਿਰਕੂ ਚੇਤਨਾ ਵੱਧ ਭਾਰੂ ਹੋ ਗਈ। ਪੰਜਾਬ ਵਿੱਚ ਵੱਸਣ ਵਾਲੇ ਲੋਕ ਸਮੁੱਚੀ ਪੰਜਾਬੀ ਕੌਮ ਦੇ ਹਿੱਤ ਵਿੱਚ ਸੋਚਣ ਦੀ ਥਾਂ ਆਪੋ-ਆਪਣੇ ਧਰਮ ਦਾ ਘਰਾਟ ਰਾਗ ਅਲਾਪ ਰਹੇ ਸਨ। ਅਚੇਤ-ਸੁਚੇਤ ਫ਼ਿਰਕੂ ਜਨੂੰਨ ਜ਼ੋਰਾਂ ਉੱਪਰ ਸੀ, ਜਿਸ ਕਾਰਨ 1947 ਵਿੱਚ ਪੰਜਾਬੀ ਕੌਮ ਦੀ ਥਾਂ ਫ਼ਿਰਕੂ ਆਧਾਰ ਉੱਪਰ ਵੰਡ ਦੀ ਮੰਗ ਨੂੰ ਜਰਬ ਆਈ। ਭਾਰਤ ਦੀ ਵੰਡ ਅਸਲ ’ਚ ਪੰਜਾਬ ਤੇ ਬੰਗਾਲ, ਪੰਜਾਬੀ ਕੌਮ ਅਤੇ ਬੰਗਾਲੀ ਕੌਮ ਦੀ ਵੰਡ ਸੀ। ਅਸੀਂ ਸਮਝ ਹੀ ਨਹੀਂ ਸੀ ਸਕੇ ਕਿ....
ਅਫ਼ਸੋਸ; ਹਿੰਦੂ ਬਹੁਗਿਣਤੀ ਵਾਲ਼ਾ ਹਿੰਦੁਸਤਾਨ ਤੇ ਮੁਸਲਿਮ ਬਹੁਗਿਣਤੀ ਵਾਲ਼ਾ ਪਾਕਿਸਤਾਨ ਬਣ ਗਿਆ। ਕਾਰਨ; ਪੰਜਾਬ ਦੇ ਲੋਕਾਂ ਨੇ ਆਪਣੀ ਕੌਮੀ ਪਛਾਣ ਦੀ ਥਾਂ ਫ਼ਿਰਕੂ ਪਛਾਣ ਨੂੰ ਪਹਿਲ ਦਿੱਤੀ। ਇੱਥੋਂ ਦੇ ਮੁਸਲਮਾਨਾਂ ਨੇ ਪਾਕਿਸਤਾਨ ਤੇ ਹਿੰਦੂ-ਸਿੱਖਾਂ ਨੇ ਹਿੰਦੁਸਤਾਨ ਨੂੰ ਪਹਿਲ ਦਿੱਤੀ। ਕੁਝ ਸਿੱਖ ਆਗੂਆਂ ਵੱਲੋਂ ਵੱਖਰੇ ਸਿੱਖ ਰਾਜ/ਸਿੱਖੀ ਸੰਪੂਰਨਤਾ ਦੀ ਮੰਗ ਵੀ ਉੱਠੀ।
ਫ਼ਿਰਕੂ ਜਨੂੰਨ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਨੇ ਆਪਣੇ ਹੱਥੀਂ ਆਪਣਿਆਂ ਦਾ ਹੀ ਜਿਹੋ-ਜਿਹਾ ਘਾਣ ਅਤੇ ਨਰਸੰਘਾਰ ਕੀਤਾ, ਉਸ ਵਰਗੀ ਮੇਚਵੀਂ ਮਿਸਾਲ ਸੰਸਾਰ ਵਿੱਚੋਂ ਸ਼ਾਇਦ ਹੀ ਲੱਭੇ। ਪੰਜਾਬੀ ਕੌਮ ਬੁਰੀ ਤਰ੍ਹਾਂ ਵਲੂੰਧਰੀ ਗਈ। ਦਸ ਲੱਖ ਕਤਲ ਹੋਏ, ਲੱਖਾਂ ਪਰਿਵਾਰ ਬੇਘਰ ਹੋਏ, ਦਸ ਹਜ਼ਾਰ ਔਰਤਾਂ ਦੀ ਪੱਤ ਰੁਲੀ। ਪੰਜਾਬ ਇਸ ਵੰਡ ਨੂੰ ਅੱਜ ਵੀ ਬੇਹੱਦ ਉਦਾਸੀ ਤੇ ਪਛਤਾਵੇ ਦੀ ਪੀੜਾ ਨਾਲ਼ ਚੇਤੇ ਕਰਦਾ ਹੈ। ਦੋਵੇਂ ਪਾਸੇ, ਚੜ੍ਹਦਾ ਤੇ ਲਹਿੰਦਾ, ਮੂੰਹ ਛੁਪਾ ਕੇ ਹੁਬਕੀ ਰੋਂਦੇ ਹਨ। ਮੈਨੂੰ ਉਸਤਾਦ ਦਾਮਨ ਯਾਦ ਆ ਰਿਹਾ ਹੈ, ਜਿਸ ਨੇ ਲਿਖਿਆ, ‘‘...ਲਾਲੀ ਅੱਖੀਆਂ ਦੀ ਪਈ ਦੱਸਦੀ ਏ...ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।’’ਉਸ ਮੌਕੇ ਹੋਣਾ ਇਹ ਚਾਹੀਦਾ ਸੀ ਕਿ ਪੰਜਾਬ ਵਿਚਲੇ ਸਭ ਧਰਮਾਂ ਦੇ ਲੋਕ ਇੱਕਮੁੱਠਤਾ ਦਿਖਾਉਂਦੇ ਤੇ ਕੌਮੀ ਆਧਾਰ ਉੱਪਰ ਵੱਖਰੇ ਪੰਜਾਬ ਦੀ ਮੰਗ ਕਰਦੇ। ਉਦੋਂ ਕਸ਼ਮੀਰੀ ਕੌਮੀਅਤ ਨੇ ਸਿਆਣਪ ਕੀਤੀ। ਅੱਡ-ਅੱਡ ਧਰਮ ਸਮੂਹਾਂ ਦੇ ਬਾਵਜੂਦ, ਉਹ ਤੁਖਣੀ ’ਚ ਨਹੀਂ ਆਏ। ਕਸ਼ਮੀਰ ਇਸ ਫ਼ਿਰਕੂ ਅੱਗ ਦੇ ਵਹਿਣ ਵਿੱਚ ਨਹੀਂ ਵਗਿਆ, ਸਗੋਂ ਉੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਫ਼ਿਰਕੂ ਆਧਾਰ ਉੱਪਰ ਵੰਡ ਦਾ ਵਿਰੋਧ ਕੀਤਾ ਪਰ ਫ਼ਿਰਕਾਪ੍ਰਸਤੀ ਸਦਕਾ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ।
’47 ਤੋਂ ਬਾਅਦ ਭਾਰਤ ਦੀ ਸੱਤਾ ਇੱਥੋਂ ਦੀ ਸਰਮਾਏਦਾਰ ਜਮਾਤ ਹੱਥ ਆ ਗਈ। ਭਾਵੇਂ ਇਸ ਨੇ ਸੰਵਿਧਾਨ ਵਿੱਚ ਖ਼ੁਦ ਨੂੰ ਧਰਮ ਨਿਰਪੱਖ ਆਖਿਆ, ਪਰ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਕਰ ਕੇ ਇਹ ਅਸਲੋਂ ਧਰਮ ਨਿਰਪੱਖ ਅਤੇ ਅਲਪ ਧਾਰਮਿਕ ਸਮੂਹ ਦਾ ਹਕੀਕੀ ਰੂਪ ’ਚ ਪਹਿਰੇਦਾਰ ਨਾ ਬਣ ਸਕਿਆ। ਵੱਡੀ ਧਿਰ ਹੋਣ ਦੇ ਬਾਵਜੂਦ ਮੁਸਲਿਮ ਸਮਾਂ-ਦਰ-ਸਮਾਂ ਮੁੱਖ ਨਿਸ਼ਾਨੇ ’ਤੇ ਰਹੇ/ਹਨ। ਇੱਥੇ ਧਰਮ ਸੱਤਾ ਦੀਆਂ ਪੌੜੀਆਂ ਚੜ੍ਹਨ ਦਾ ਇੱਕ ਜ਼ਰੀਆ ਹੈ। ਅੰਗਰੇਜ਼ਾਂ ਦੀ ਤਰਜ਼ ਉੱਪਰ ਇੱਥੋਂ ਦੇ ਹਾਕਮਾਂ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਜਾਰੀ ਰੱਖੀ, ਜਿਸ ਵਿੱਚ ਧਰਮ ਨੂੰ ਰੱਜ ਕੇ ਵਰਤਿਆ ਜਾਂਦਾ ਰਿਹਾ ਹੈ।
1943 ਦੀ ਮੋਮਿਨ ਕਾਨਫਰੰਸ ’ਚ ਇੱਕ ਮਤਾ ਪਾਸ ਹੋਇਆ ਸੀ, ‘‘ਅਸੀਂ ਵੱਖ ਦੇਸ਼ ਦੀ ਯੋਜਨਾ ਦੇ ਬਿਲਕੁਲ ਖ਼ਿਲਾਫ਼ ਹਾਂ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦਾ ਮੁਸਲਮਾਨ ਕਿਸਾਨ ਕਿਸੇ ਵੀ ਬਾਹਰੀ ਮੁਸਲਮਾਨ ਕਿਸਾਨ ਨਾਲੋਂ ਪੰਜਾਬ ਦੇ ਹਿੰਦੂ-ਸਿੱਖ ਕਿਸਾਨ ਦੇ ਜ਼ਿਆਦਾ ਨੇੜੇ ਹੈ। ਇਵੇਂ ਹੀ ਬੰਗਾਲ ਦੇ ਹਿੰਦੂ ਕਿਰਤੀ ਦਾ ਸਬੰਧ ਬੰਗਾਲ ਦੇ ਮੁਸਲਿਮ ਕਿਰਤੀ ਨਾਲ, ਹੋਰ ਕਿਸੇ ਵੀ ਇਲਾਕੇ ਦੇ ਕਿਰਤੀਆਂ ਨਾਲੋਂ ਬੇਹੱਦ ਨੇੜਲਾ ਹੈ।’’
ਤੁਸੀਂ ਮੈਨੂੰ 1944 ਵਿੱਚ ਆਲ ਪਾਰਟੀ ਦੇਸ਼ ਭਗਤ ਮੁਸਲਿਮ ਕਾਨਫ਼ਰੰਸ ਵੱਲੋਂ ਕਹੀ ਬੇਹੱਦ ਭਾਵਪੂਰਤ ਗੱਲ ਦੁਹਰਾਅ ਕੇ ਇਹ ਲੇਖ ਸਮੇਟਣ ਦੀ ਆਗਿਆ ਦਿਓ, ‘‘ਇਸਲਾਮ ਕਦੇ ਵੀ ਖ਼ਤਰੇ ਵਿੱਚ ਨਹੀਂ ਸੀ/ਹੈ, ਇਹ ‘ਲੀਗ’ ਹੀ ਹੈ, ਜਿਹੜੀ ਖ਼ਤਰੇ ਵਿੱਚ ਹੈ। ਇਵੇਂ ਹੀ ਹਿੰਦੂਆਂ ਨੂੰ ਖ਼ਤਰਾ ਮੁਸਲਮਾਨਾਂ ਤੋਂ ਨਹੀਂ, ਸਗੋਂ ਆਪਣੇ ਲੁਟੇਰੇ ਤੇ ਫ਼ਿਰਕਾਪ੍ਰਸਤ ਆਗੂਆਂ ਤੋਂ ਹੈ।’’

Advertisement

ਸੰਪਰਕ: 94634-39075

Advertisement

Advertisement
Author Image

sukhwinder singh

View all posts

Advertisement