ਕਣਕ ਦੀ ਬਿਜਾਈ: ਮੌਸਮੀ ਔਕੜਾਂ ਦੇ ਝਾੜ ’ਤੇ ਪ੍ਰਭਾਵ
ਮਿਲਖਾ ਸਿੰਘ ਔਲਖ* ਕਾਬਲ ਸਿੰਘ ਗਿੱਲ**
ਕੁਝ ਸਾਲਾਂ ਦੌਰਾਨ ਮੌਸਮੀ ਖਰਾਬੀਆਂ ਨੇ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਅਤੇ ਝਾੜ ਘਟਾਇਆ ਹੈ। ਪੰਜਾਬ ਵਿਚ ਔਸਤ 19 ਕੁਇੰਟਲ ਪ੍ਰਤੀ ਏਕੜ ਝਾੜ ਹੈ। 2021-22 ਵਿਚ ਮਾਰਚ ਵਿਚ ਦਾਣੇ ਭਰਨ ਵੇਲੇ ਜਿ਼ਆਦਾ ਗਰਮੀ ਕਾਰਨ ਝਾੜ ਸਿਰਫ 17.6 ਕੁਇੰਟਲ ਸੀ। 2022-23 ਮਾਰਚ ਅਪਰੈਲ ਵਿਚ ਬੇਮੌਸਮੀ ਮੀਂਹਾਂ, ਗੜੇਮਾਰੀ ਤੂਫ਼ਾਨਾਂ ਅਤੇ ਤੇਜ਼ ਹਵਾਵਾਂ ਨੇ ਫ਼ਸਲ ਡੇਗੀ ਅਤੇ ਕਈ ਥਾਵਾਂ ’ਤੇ 30% ਤੱਕ ਝਾੜ ਘਟਾਇਆਂ। ਲੰਮੇ ਸਮੇਂ ਤੱਕ ਜਿ਼ਆਦਾ ਨਮੀ ਨੇ ਦਾਣਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਚਮਕ ਗੁਆ ਦਿੱਤੀ। ਹੁਣ ਫਿਰ ਕਣਕ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਇਸ ਕਰ ਕੇ ਬਹੁਤ ਜ਼ਰੂਰੀ ਹੈ ਕਿ ਕਿਸਾਨ ਮੌਸਮੀ ਆਫ਼ਤਾਂ ਰਾਹੀਂ ਫ਼ਸਲ ਦੇ ਝਾੜ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨ ਸਮਝਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ।
ਝਾੜ ਪ੍ਰਭਾਵਿਤ ਕਰਨ ਵਾਲੀਆਂ ਮੌਸਮੀ ਆਫ਼ਤਾਂ ਦੇ ਕਾਰਨਾਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਹੋਰ ਸੰਸਥਾਵਾਂ ਨੇ ਹੇਠ ਲਿਖੇ ਪ੍ਰਭਾਵਾਂ ਦੇ ਖੁਲਾਸੇ ਕੀਤੇ ਹਨ:
ਕਣਕ ਦੀ ਕਿਸਮ: ਘੱਟ ਉਚਾਈ, ਗੰਢਾਂ ਵਿਚਾਲੇ ਘਟ ਫਾਸਲਾ, ਸਖ਼ਤ ਤਣੇ ਅਤੇ ਜ਼ਮੀਨ ਉੱਪਰ ਘੱਟ ਭਾਰ ਵਾਲੀਆਂ ਕਿਸਮਾਂ ਦਾ ਉੱਚੀਆਂ ਕਿਸਮਾਂ ਨਾਲੋਂ ਥੋੜ੍ਹਾ ਨੁਕਸਾਨ ਹੁੰਦਾ ਹੈ।
ਬਿਜਾਈ ਦਾ ਸਮਾਂ ਤੇ ਬੀਜ ਦੀ ਦਰ: ਦੁੱਧ ਵਾਲੀ ਅਵਸਥਾ ਨਾਲੋਂ ਕੁਝ ਹੋਰ ਪੱਕੀ ਫਸਲ ਦਾ ਘੱਟ ਨੁਕਸਾਨ ਹੁੰਦਾ ਹੈ। ਇਉਂ ਬਿਜਾਈ ਦਾ ਸਮਾਂ, ਫ਼ਸਲ ਡਿੱਗਣ ਅਤੇ ਝਾੜ ਦੇ ਨੁਕਸਾਨ ਪ੍ਰਭਾਵਿਤ ਕਰ ਸਕਦਾ ਹੈ। ਆਮ ਕਰ ਕੇ ਅਗੇਤੀ ਬੀਜੀ ਕਣਕ ਦਾ ਝਾੜ ਪਛੇਤੀ ਫ਼ਸਲ ਨਾਲੋਂ ਘੱਟ ਨੁਕਸਾਨ ਹੁੰਦਾ ਹੈ। ਸਿਫਾਰਸ਼ ਕੀਤੇ ਬੀਜ ਦੀ ਮਿਕਦਾਰ (35-40 ਕਿਲੋ ਫ਼ੀ ਏਕੜ) ਨਾਲੋਂ ਵੱਧ ਬੀਜ (45-50 ਕਿਲੋ) ਵਾਲੀ ਫਸਲ ਦੇ ਤਣੇ ਕਮਜ਼ੋਰ ਹੋਣ ਕਰ ਕੇ ਡਿੱਗਣ ਦਾ ਖ਼ਦਸ਼ਾ ਜਿ਼ਆਦਾ ਹੁੰਦਾ ਹੈ।
ਖਾਦਾਂ ਦੀ ਅਸੰਤੁਲਿਤ ਵਰਤੋਂ: ਸਿਹਤਮੰਦ ਫ਼ਸਲ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਸੰਤੁਲਿਤ ਵਰਤੋਂ ਜ਼ਰੂਰੀ ਹੈ। ਬਹੁਤ ਜ਼ਿਆਦਾ ਯੂਰੀਆ ਖਾਦ ਨਾਲ ਹਰੀ ਭਰੀ ਫ਼ਸਲ ਹੁੰਦੀ ਹੈ ਪਰ ਇਹ ਕਮਜ਼ੋਰ ਤਣੇ ਪੈਦਾ ਕਰਦੀ ਹੈ ਜਿਸ ਨਾਲ ਫ਼ਸਲ ਸੌਖੀ ਡਿਗ ਜਾਂਦੀ ਹੈ। ਢੁਕਵੀਂ ਮਾਤਰਾ ਵਿਚ ਪਾਈ ਫਾਸਫੋਰਸ ਖਾਦ ਜੜ੍ਹਾਂ ਮਜ਼ਬੂਤ ਕਰਦੀ ਹੈ ਅਤੇ ਪੋਟਾਸ਼ ਖਾਦ ਤਣਿਆਂ ਦੀ ਮੋਟਾਈ ਤੇ ਦਾਣੇ ਦੀ ਚਮਕ ਵਧਾਉਂਦੇ ਹਨ, ਨੁਕਸਾਨ ਘਟਾ ਸਕਦੇ ਹਨ।
ਸਿੰਜਾਈ ਦੀ ਬਰਾਬਰੀ ਅਤੇ ਮਾਤਰਾ: ਬੂਟੇ ਪਾਣੀ ਦੀ ਭਾਲ ਵਿਚ ਆਪਣੀਆਂ ਜੜ੍ਹਾਂ ਜ਼ਮੀਨ ਵਿਚ ਡੂੰਘੀਆਂ ਭੇਜਦੇ ਹਨ ਅਤੇ ਡੂੰਘੀ ਜ਼ਮੀਨ ਵਿਚੋਂ ਪਾਣੀ ਤੇ ਪੌਸ਼ਟਿਕ ਤੱਤ ਲੈਂਦੇ ਹਨ। ਲੋੜ ਤੋਂ ਵੱਧ ਵਾਰ ਵਾਰ ਭਾਰੀ ਸਿੰਜਾਈ ਨਾਲ ਲੰਮੇ ਸਮੇਂ ਲਈ ਉਪਰਲੀ ਜ਼ਮੀਨ ਗਿੱਲੀ ਰਹਿਣ ਕਰ ਕੇ ਬੂਟਿਆਂ ਦੀਆਂ ਜੜ੍ਹਾਂ ਜਿ਼ਆਦਾਤਰ ਉਪਰਲੀ ਜ਼ਮੀਨ ਵਿਚ ਹੋਣ ਕਾਰਨ ਫ਼ਸਲ ਸੌਖੀ ਡਿੱਗ ਪੈਂਦੀ ਹੈ। ਸਿੰਜਾਈ ਵਿਚਕਾਰ ਲੋੜੀਂਦਾ ਸਮਾਂ ਰੱਖ ਕੇ ਪੌਦਿਆਂ ਆਪਣੀਆਂ ਜੜ੍ਹਾਂ ਡੂੰਘੀ ਜ਼ਮੀਨ ਵਿਚ ਉਗਾਉਣ ਦੀ ਸਹੂਲਤ ਦਿਓ।
ਜ਼ਮੀਨ ਵਿਚ ਰੇਤ, ਭਲ ਤੇ ਚੀਕਣੀ ਮਿਟੀ ਦਾ ਅਨੁਪਾਤ ’ਤੇ ਸੰਗਠਨ (soil structure) ਅਤੇ ਸਖਤ ਤਹਿ: ਜ਼ਮੀਨ ਵਿਚ ਰੇਤ, ਭਲ ਤੇ ਚੀਕਣੀ ਮਿੱਟੀ ਦਾ ਅਨੁਪਾਤ ਜ਼ਮੀਨ ਦੇ ਸੰਗਠਨ ਨੂੰ ਪ੍ਰਭਾਵਿਤ ਕਰਦਾ ਹੈ। ਜਿ਼ਆਦਾ ਰੇਤ ਵਾਲੀਆਂ ਢੀਮਾਂ ਨਰਮ ਅਤੇ ਜਿ਼ਆਦਾ ਚੀਕਣੀ ਮਿੱਟੀ ਵਾਲੀਆਂ ਢੀਮਾਂ ਸਖਤ ਹੁੰਦੀਆ ਹਨ। ਪੰਜਾਬ ਵਿਚ ਚੌਲ ਕਣਕ ਮੁੱਖ ਫ਼ਸਲੀ ਚੱਕਰ ਵਿਚ ਚੌਲਾਂ ਦੇ ਬੂਟੇ ਦੀ ਲੁਆਈ ਤੋਂ ਪਹਿਲਾਂ ਪਾਣੀ ਨਾਲ ਭਰੀ ਜ਼ਮੀਨ ਵਿਚ ਕੱਦੂ ਕਰਨ ਕਾਰਨ ਮਿੱਟੀ ਦੇ ਸੰਗਠਨ ਤੋੜ ਦਿੰਦੀ ਹੈ ਅਤੇ ਸਖਤ ਤਹਿ, ਖਾਸ ਕਰ ਕੇ ਚੀਕਣੀ ਜ਼ਮੀਨ ਵਿਚ, ਬਣਾਉਂਦੀ ਹੈ। ਸਖਤ ਤਹਿ ਕਣਕ ਦੀਆਂ ਜੜ੍ਹਾਂ ਡੂੰਘੀ ਜ਼ਮੀਨ ਵਿਚ ਜਾਣ ਨੂੰ ਰੋਕਣ ਕਰ ਕੇ ਬੂਟਿਆਂ ਦੀ ਪਕੜ ਕਮਜ਼ੋਰ ਕਰਦੀ ਹੈ ਅਤੇ ਫਸਲ ਡਿੱਗਣ ਦਾ ਕਾਰਨ ਬਣਦੀ ਹੈ। 5-6 ਸਾਲ ਬਾਅਦ ਇਹ ਸਖਤ ਤਹਿ ਡੂੰਘਾ ਹਲ ਵਾਹ ਕੇ ਤੋੜਨੀ ਚਾਹੀਦੀ ਹੈ।
ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧ ਅਤੇ ਬਿਜਾਈ ਦੇ ਢੰਗ: ਝੋਨੇ ਦੀ ਕਟਾਈ ਬਾਅਦ ਪਰਾਲੀ ਖੇਤ ਵਿਚ ਸਾੜੀ ਜਾਂਦੀ ਹੈ ਜਾਂ ਬਾਹਰ ਕੱਢੀ ਜਾਂਦੀ ਹੈ। ਪਰਾਲੀ ਸਾੜਨ ਦਾ ਰੁਝਾਨ ਹਟਾਉਣ ਲਈ ਕਣਕ ਬੀਜਣ ਦੇ ਤਰੀਕੇ ਲੱਭੇ ਜਾ ਰਹੇ ਹਨ। ਇਨ੍ਹਾਂ ਦੇ ਸਿੱਧੇ ਅਸਿੱਧੇ ਅਸਰ ਕਣਕ ’ਤੇ ਹੋਣ ਕਾਰਨ ਫ਼ਸਲ ਡਿਗਣ ਤੇ ਝਾੜ ਉਪਰ ਫਰਕ ਪੈਂਦਾ ਹੈ; ਜਿਵੇਂ:
1. ਸਿੰਜਾਈ ਤੋਂ ਬਾਅਦ ਡਰਿੱਲ ਨਾਲ ਬਿਜਾਈ: ਝੋਨਾ ਵੱਢਣ ਬਾਅਦ ਪਰਾਲੀ ਡਿਸਕ ਹੈਰੋ ਨਾਲ ਜ਼ਮੀਨ ਵਿਚ ਮਿਲਾ ਕੇ ਬਿਜਾਈ ਤੋਂ ਪਹਿਲਾਂ ਸਿੰਜਾਈ (ਰੌਣੀ) ਕੀਤੀ ਜਾਂਦੀ ਹੈ। ਫਿਰ ਢੁਕਵੀਂ ਨਮੀ ਵੇਲੇ ਕਣਕ ਦਾ ਬੀਜ ਅਤੇ ਖਾਦ ਡਰਿਲ ਕੀਤੇ ਜਾਂਦੇ ਹਨ। ਕੁਝ ਹਫ਼ਤਿਆਂ ਬਾਅਦ ਸਿੰਜਾਈ ਤੱਕ ਬੂਟੇ ਡੂੰਘੀ ਜ਼ਮੀਨ ਵਿਚ ਜੜ੍ਹਾਂ ਭੇਜਦੇ ਹਨ। ਬਿਜਾਈ ਕਿਉਂਕਿ 3-4 ਹਫ਼ਤਿਆਂ ਬਾਅਦ ਹੁੰਦੀ ਹੈ, ਇਹ ਢੰਗ ਅਗੇਤੀ ਕਟਾਈ ਵਾਲੇ ਝੋਨੇ ਲਈ ਠੀਕ ਹੈ; ਪਛੇਤੀ ਕਟਾਈ ਵਾਲੇ ਝੋਨੇ ਤੋਂ ਬਾਅਦ ਬਿਜਾਈ ਵਿਚ ਦੇਰੀ ਹੋਣ ਕਾਰਨ ਕਣਕ ਦਾ ਝਾੜ ਘਟਦਾ ਹੈ। ਡਿਸਕ ਦੀ ਲੋੜ ਅਤੇ ਡਰਿਲ ਨਾਲ ਬਿਜਾਈ ਉਪਰ ਕਾਫ਼ੀ ਖਰਚਾ ਆਉਂਦਾ ਹੈ।
2. ਸੁਪਰ ਸੀਡਰ ਨਾਲ ਬਿਜਾਈ: ਸੁਪਰ ਸੀਡਰ ਪਰਾਲੀ ਕੱਟਣ ਅਤੇ ਜ਼ਮੀਨ ਵਿਚ ਮਿਲਾਉਣ ਦੇ ਨਾਲ ਨਾਲ ਖਾਦ ਅਤੇ ਬੀਜ ਡਰਿਲ ਕਰਦਾ ਹੈ। ਝੋਨੇ ਦੀ ਕਟਾਈ ਤੋਂ ਲਗਭਗ ਹਫ਼ਤਾ ਪਹਿਲਾਂ ਖੇਤ ਦੀ ਸਿੰਜਾਈ (ਜੇ ਲੋੜ ਹੋਵੇ) ਕੀਤੀ ਜਾਂਦੀ ਹੈ। ਕਟਾਈ ਤੋਂ ਬਾਅਦ ਜ਼ਮੀਨ ਵਿਚ ਲੋੜੀਂਦੀ ਨਮੀ ਵੇਲੇ ਸੁਪਰ ਸੀਡਰ ਨਾਲ ਕਣਕ ਬੀਜੀ ਜਾਂਦੀ ਹੈ। ਇਉਂ ਦਾ ਕੀੜਿਆਂ, ਬਿਮਾਰੀਆਂ, ਨਦੀਨਾਂ ਆਦਿ ਕਾਰਨ ਹੋਣ ਵਾਲਾ ਨੁਕਸਾਨ ਘੱਟ ਹੁੰਦਾ ਹੈ।
3. ਉਪਰਲੀ ਸਤ੍ਵਾ ’ਤੇ ਬਿਜਾਈ: ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਸੁੱਕੀ ਜਾਂ ਨਮੀ ਵਾਲੀ ਜ਼ਮੀਨ ਦੀ ਸਤ੍ਵਾ ’ਤੇ ਛੱਟਾ ਦਿਤਾ ਜਾਂਦਾ ਹੈ। ਇਸ ਤੋਂ ਬਾਅਦ ਸਟ੍ਰਾਅ ਸ਼੍ਰੈਡਰ/ਸਪ੍ਰੈਡਰ ਨਾਲ ਪਰਾਲੀ ਕੱਟ ਕੇ ਖਲਾਰੀ ਜਾਂਦੀ ਹੈ ਜਿਸ ਨਾਲ ਜ਼ਮੀਨ ਉਪਰ ਪਰਾਲੀ ਦੀ ਤਹਿ (ਮਲਚ) ਬਣ ਜਾਂਦੀ ਹੈ। ਬਾਅਦ ਵਿਚ ਲੋੜ ਵੇਲੇ ਸਿੰਜਾਈ ਕੀਤੀ ਜਾਂਦੀ ਹੈ। ਪਰਾਲੀ ਦੀ ਤਹਿ ਉਪਰਲੀ ਜ਼ਮੀਨ ਵਿਚ ਲੰਮੇ ਸਮੇਂ ਲਈ ਨਮੀ ਰੱਖਦੀ ਹੈ ਅਤੇ ਜੜ੍ਹਾਂ ਨੂੰ ਉਪਰਲੀ ਜ਼ਮੀਨ ਵਿਚ ਉਤਸ਼ਾਹਿਤ ਕਰਦੀ ਹੈ। ਇਹ ਸਭ ਤੋਂ ਘੱਟ ਲਾਗਤ ਵਾਲਾ ਅਤੇ ਜਲਦੀ ਬਿਜਾਈ ਵਾਲਾ ਢੰਗ ਹੈ, ਨਦੀਨਾਂ ਦੇ ਵਾਧੇ ਤੇ ਨਦੀਨ ਨਾਸ਼ਕਾਂ ਦੀ ਵਰਤੋਂ ਘਟਾਉਂਦਾ ਹੈ, ਅਕਸਰ ਫਸਲ ਚੰਗੀ ਉਗਦੀ ਹੈ ਪਰ ਕੁਝ ਕਿਸਾਨਾਂ ਦੁਆਰਾ ਚੂਹਿਆਂ, ਕੀੜਿਆਂ ਅਤੇ ਉੱਲੀ ਨਾਲ ਫ਼ਸਲ ਦੇ ਨੁਕਸਾਨ ਦੇਖੇ ਗਏ ਹਨ।
2022-23 ਵਿਚ ਕਣਕ ਦਾ ਨੁਕਸਾਨ ਅਤੇ ਝਾੜ ਉਪਰ ਬਿਜਾਈ ਦੇ ਤਰੀਕਿਆਂ ਦਾ ਅਸਰ: ਮਾਰਚ ਅਪਰੈਲ ਵਿਚ ਗੜਿਆਂ, ਮੀਂਹਾਂ ਅਤੇ ਤੇਜ਼ ਹਵਾਵਾਂ ਬਾਅਦ ਕਣਕ ਦੀ ਬਿਜਾਈ ਦੇ ਤਰੀਕਿਆਂ ਦੇ ਹੇਠ ਲਿਖੇ ਪ੍ਰਭਾਵ ਦੇਖੇ ਗਏ। ਜ਼ਮੀਨ ਦੀ ਸਤ੍ਵਾ ’ਤੇ ਬੀਜੀ ਕਣਕ ਡਰਿਲ ਬਿਜਾਈ ਵਾਲੇ ਖੇਤਾਂ ਨਾਲੋਂ ਘੱਟ ਡਿੱਗੀ ਪਰ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਕਈ ਕਿਸਾਨਾਂ ਅਨੁਸਾਰ, ਜ਼ਮੀਨ ਦੀ ਸਤ੍ਵਾ ’ਤੇ ਬਿਜਾਈ ਵਾਲੇ ਖੇਤਾਂ ਵਿਚ ਕਣਕ ਦੇ ਬੂਟੇ ਉਪਰਲੀ ਜ਼ਮੀਨ ਵਿਚ ਹਿੱਲਦੇ ਜਾਪਦੇ ਸਨ ਜਿਸ ਨੂੰ ਉਹ ‘ਹੁੱਲ ਜਾਣਾ’ ਕਹਿੰਦੇ ਹਨ। ਫਸਲਾਂ ਦਾ ਹੁੱਲਣਾ ਦਾਣੇ ਭਰਨ ਵਿਚ ਰੁਕਾਵਟ ਪਾਉਂਦਾ ਹੈ ਅਤੇ ਦਾਣੇ ਛੋਟੇ ਰਹਿਣ ਕਰ ਕੇ ਝਾੜ ਘਟ ਜਾਂਦਾ ਹੈ।
ਜ਼ਮੀਨ ਉਪਰ ਪਰਾਲੀ (ਮਲਚ) ਇਸ ਦੀ ਉਪਰਲੀ ਸਤ੍ਵਾ ’ਚ ਨਮੀ ਰੱਖਦੀ ਹੈ ਤੇ ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ। ਕਈ ਅਧਿਐਨਾਂ ਰਾਹੀਂ ਪਤਾ ਲੱਗਿਆ ਹੈ ਕਿ ਸਤ੍ਵਾ ’ਤੇ ਪਈ ਫਸਲਾਂ ਦੀ ਰਹਿੰਦ-ਖੂੰਹਦ ਨਾਲ ਠੰਢੇ ਵਾਤਾਵਰਨ ਵਿਚ ਕਣਕ ਦੇਰ ਨਾਲ ਉਗਦੀ ਹੈ, ਫਸਲ ਦਾ ਵਿਕਾਸ ਹੌਲੀ ਹੁੰਦਾ ਹੈ ਅਤੇ ਜ਼ਮੀਨ ਦੇ ਜੈਵਿਕ ਪਦਾਰਥ ਵਿਚੋਂ ਪੌਸ਼ਟਿਕ ਤੱਤਾਂ ਦੀ ਉਪਲਬਧਤਾ 5-6 ਹਫਤਿਆਂ ਬਾਅਦ ਸ਼ੁਰੂ ਹੁੰਦੀ ਹੈ ਅਤੇ ਕਣਕ ਦਾ ਝਾੜ ਵੀ 8-24% ਘਟ ਗਿਆ। ਸਤ੍ਵਾ ਉਪਰ ਪਰਾਲੀ ਵਾਲੀ ਜ਼ਮੀਨ ਵਿਚ ਨਮੀ ਵਾਲੇ ਵਾਤਾਵਰਨ ਨੇ ਉਲੀ ਦੀ ਗਤੀਵਿਧੀ ਬਣਾਈ ਰੱਖੀ। ਇਸ ਦੇ ਉਲਟ ਫਸਲਾਂ ਦੀ ਰਹਿੰਦ-ਖੂੰਹਦ ਜ਼ਮੀਨ ਵਿਚ ਮਿਲਾਉਣ ਨਾਲ ਜ਼ਮੀਨ ਦੇ ਜੈਵਿਕ ਪਦਾਰਥਾਂ ਵਿਚੋਂ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਤੇਜ਼ੀ ਨਾਲ ਹੁੰਦੀ ਸੀ।
ਅਮਰੀਕਾ ਤੇ ਕੈਨੇਡਾ ਵਿਚ ਸ਼ੁਰੂਆਤੀ ਕੁਝ ਸਾਲਾਂ ਵਿਚ ਬਿਨਾਂ ਵਾਹੀ ਜ਼ਮੀਨ ਵਿਚ ਕੁਝ ਸਾਲ ਫ਼ਸਲ ਦੀ ਪੈਦਾਵਾਰ ਘੱਟ ਹੋਈ ਜੋ ਖਾਦ ਦੀ ਵਰਤੋਂ ਵਧਾਉਣ ਨਾਲ ਬਰਾਬਰ ਹੋ ਗਈ। ਬਾਅਦ ਵਿਚ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ (ਜੈਵਿਕ ਪਦਾਰਥ, ਮਿਟੀ ਦਾ ਸੰਗਠਨ, ਹਵਾ ਲਈ ਰਾਹ, ਪਾਣੀ ਜਜ਼ਬ ਕਰਨ ਤੇ ਸੰਭਾਲਣ ਦੀ ਸਮਰੱਥਾ ਆਦਿ) ਅਤੇ ਫਸਲ ਦਾ ਝਾੜ ਵੱਧ ਮਿਲਿਆ। ਇਉਂ ਸਤ੍ਵਾ ਬੀਜ ਵਾਲੇ ਖੇਤਾਂ ਵਿਚ ਅਨਾਜ ਦੀ ਪੈਦਾਵਾਰ ਦੇ ਨੁਕਸਾਨ ਦੀ ਭਰਪਾਈ ਸੁਧਰੀ ਜ਼ਮੀਨ ਦੀ ਸਿਹਤ ਕਾਰਨ ਅਤੇ ਬਾਅਦ ਵਿਚ ਚੰਗੀਆਂ ਫਸਲਾਂ ਨਾਲ ਹੋ ਸਕਦੀ ਹੈ।
ਸਾਰ-ਅੰਸ਼: ਪਰਾਲੀ ਪ੍ਰਬੰਧ ਤੇ ਕਣਕ ਦੀ ਬਿਜਾਈ ਪ੍ਰਣਾਲੀ ਅਪਣਾਉਣ ਤੋਂ ਪਹਿਲਾਂ ਤੁਲਨਾਤਮਕ ਹਾਲਾਤ ਤੇ ਪ੍ਰਬੰਧ ਅਭਿਆਸਾਂ ਅਧੀਨ ਹੋਰ ਖੋਜ ਹੋਣੀ ਚਾਹੀਦੀ ਹੈ ਤਾਂ ਜੋ ਬੇਮੌਸਮੀ ਹਨੇਰੀਆਂ, ਮੀਂਹਾਂ ਤੇ ਸੋਕੇ ਦੇ ਮਾੜੇ ਪ੍ਰਭਾਵਾਂ ਦਾ ਅਧਿਐਨ ਹੋ ਸਕੇ ਅਤੇ ਇਸ ਘਟਾਇਆ ਜਾ ਸਕੇ।
ਫਸਲ ਘੱਟ ਡਿੱਗਣ ਲਈ ਸੁਝਾਅ ਹਨ- ਢੁਕਵੀਂ ਕਿਸਮ ਦੀ ਚੋਣ ਕਰੋ, ਜ਼ਮੀਨ ਵਿਚ ਲੋੜੀਂਦੀ ਨਮੀ ਰੱਖੋ, ਲੋੜ ਤੋਂ ਵੱਧ ਬੀਜ ਤੇ ਯੂਰੀਆ ਖਾਦ ਦੀ ਵਰਤੋਂ ਅਤੇ ਵਾਰ ਵਾਰ ਸਿੰਜਾਈ ਤੋਂ ਬਚੋ, ਫਾਸਫੋਰਸ ਤੇ ਪੋਟਾਸ਼ ਵੀ ਪਾਓ। ਯੂਰੀਆ ਖਾਦ 2-3 ਹਿੱਸਿਆਂ ਵਿਚ ਵੰਡ ਕੇ ਪਾਓ, ਨਾ ਕਿ ਸਾਰੀ ਬੀਜਣ ਵੇਲੇ।
*ਪੀਏਯੂ ਲੁਧਿਆਣਾ ਦੇ ਸਾਬਕਾ ਡੀਨ (ਖੇਤੀਬਾੜੀ) ਅਤੇ ਬਾਂਦਾ ਯੂਨੀਵਰਸਿਟੀ ਆਫ ਐਗਰੀਕਲਚਰ ਅਂੈਡ ਟੈਕਨੋਲੋਜੀ (ਯੂਪੀ) ਦੇ ਬਾਨੀ ਉਪ ਕੁਲਪਤੀ।
ਸੰਪਰਕ: 91-96468-58598
**ਸਾਬਕਾ ਖੋਜ ਵਿਗਿਆਨੀ, ਇਕਰੀਸੈਟ (ਜ਼ਾਂਬੀਆ ਯੂਨਵਿਰਸਿਟੀ) ਤੇ ਐਗਰੀਕਲਚਰ ਐਂਡ ਐਗਰੀ ਫੂਡ, ਕੈਨੇਡਾ।
ਸੰਪਰਕ: 1-780-837-1143