For the best experience, open
https://m.punjabitribuneonline.com
on your mobile browser.
Advertisement

ਮਾਲੇਰਕੋਟਲਾ ਜ਼ਿਲ੍ਹੇ ਵਿੱਚ ਕਣਕ ਦੀ ਵਾਢੀ ਨਿੱਬੜੀ

10:58 AM May 01, 2024 IST
ਮਾਲੇਰਕੋਟਲਾ ਜ਼ਿਲ੍ਹੇ ਵਿੱਚ ਕਣਕ ਦੀ ਵਾਢੀ ਨਿੱਬੜੀ
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਅਪਰੈਲ
ਜ਼ਿਲ੍ਹੇ ਵਿੱਚ ਕਣਕ ਦੀ ਵਾਢੀ ਦਾ ਕੰਮ ਤਕਰੀਬਨ ਨਿੱਬੜ ਗਿਆ ਹੈ। ਬੱਦਲਵਾਈ ਤੇ ਹਨੇਰੀ ਵਰਗੇ ਬਣੇ ਮੌਸਮ ਤੋਂ ਡਰਦਿਆਂ ਕਿਸਾਨਾਂ ਨੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ (ਰੀਪਰਾਂ) ਤੋਂ ਘਰੇਲੂ ਵਰਤੋਂ ਲਈ ਲੋੜੀਂਦੀ ਤੂੜੀ ਅਤੇ ਬਾਕੀ ਬਚਦੀ ਤੂੜੀ ਵੇਚਣ ਲਈ ਬਣਵਾਉਣੀ ਸ਼ੁਰੂ ਕਰ ਦਿੱਤੀ ਹੈ। ਪਸ਼ੂ ਪਾਲਕ ਵੀ ਤੂੜੀ ਦਾ ਸਾਲ ਭਰ ਦਾ ਸਟਾਕ ਪੂਰਾ ਕਰਨ ਲਈ ਤੂੜੀ ਖ਼ਰੀਦ ਰਹੇ ਹਨ।
ਸ਼ਹਿਰ ਅੰਦਰ ਦੁਧਾਰੂ ਪਸ਼ੂਆਂ ਦੇ ਦਰਜਨਾਂ ਤਬੇਲੇ ਹਨ, ਜਿਨ੍ਹਾਂ ਕੋਲ ਆਪਣੀ ਕੋਈ ਜ਼ਮੀਨ ਨਾ ਹੋਣ ਕਰਕੇ ਤਬੇਲਾ ਮਾਲਕ ਆਪਣੀ ਸਾਲ ਭਰ ਦੀ ਵਰਤੋਂ ਜੋਗੀ ਤੂੜੀ ਖ਼ਰੀਦ ਰਹੇ ਹਨ ਅਤੇ ਪਿੰਡਾਂ ’ਚ ਵੀ ਬੇਜ਼ਮੀਨੇ ਪਸ਼ੂ ਪਾਲਕ ਤੂੜੀ ਖ਼ਰੀਦ ਰਹੇ ਹਨ। ਪਿਛਲੇ ਦੋ-ਤਿੰਨ ਸਾਲਾਂ ਤੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਵੱਲੋਂ ਪਸ਼ੂਆਂ ਲਈ ਮੱਕੀ ਦਾ ਆਚਾਰ ਪਾਉਣ ਦੇ ਰੁਝਾਨ ਕਾਰਨ ਐਤਕੀਂ ਤੂੜੀ ਦੇ ਭਾਅ ’ਚ ਗਿਰਾਵਟ ਆਈ ਹੈ।
ਕਿਸਾਨ ਬੇਅੰਤ ਸਿੰਘ ਰਾਣਵਾਂ ਨੇ ਦੱਸਿਆ ਕਿ ਕਣਕ ਦੇ ਪ੍ਰਤੀ ਏਕੜ ਨਾੜ ਤੋਂ ਔਸਤ ਤਿੰਨ ਕੁ ਟਰਾਲੀਆਂ ਤੂੜੀ ਦੀਆਂ ਬਣ ਜਾਂਦੀਆਂ ਹਨ। ਪਿਛਲੇ ਸਾਲ ਤੂੜੀ ਦਾ ਪ੍ਰਤੀ ਟਰਾਲੀ 4000-4500 ਰੁਪਏ ਭਾਅ ਰਿਹਾ ਜਦ ਕਿ ਮਸ਼ੀਨਾਂ ਤੋਂ ਤੂੜੀ ਬਣਵਾਈ 1200-1300 ਰੁਪਏ ਪ੍ਰਤੀ ਟਰਾਲੀ ਸੀ। ਇਸ ਵਾਰ ਤੂੜੀ ਬਣਵਾਈ ਦਾ ਰੇਟ ਪਿਛਲੇ ਸਾਲ ਨਾਲੋਂ 100-150 ਰੁਪਏ ਪ੍ਰਤੀ ਟਰਾਲੀ ਵਧ ਗਿਆ ਹੈ ਜਦ ਕਿ ਤੂੜੀ 2200-2500 ਰੁਪਏ ਪ੍ਰਤੀ ਟਰਾਲੀ ਵਿਕ ਰਹੀ ਹੈ। ਮਸ਼ੀਨ ਮਾਲਕ ਮਨਜੀਤ ਸਿੰਘ ਚੂੰਘਾਂ ਨੇ ਦੱਸਿਆ ਕਿ ਡੀਜ਼ਲ, ਮਜ਼ਦੂਰੀ ਦੇ ਰੇਟ ਵਧਣ ਅਤੇ ਤੂੜੀ ਦੀ ਮੰਗ ਘਟਣ ਕਾਰਨ ਐਤਕੀਂ ਮਸ਼ੀਨ ਮਾਲਕਾਂ ਦੀ ਬੱਚਤ ਘਟੇਗੀ।
ਸੁਖਵਿੰਦਰ ਸਿੰਘ ਚੂੰਘਾਂ ਨੇ ਦੱਸਿਆ ਕਿ ਕਿਸਾਨ ਤੇ ਪਸ਼ੂ ਪਾਲਕ ਹੁਣ ਪਸ਼ੂਆਂ ਲਈ ਹਰੇ-ਚਾਰੇ ਦੀ ਬਜਾਏ ਸਾਲ ਭਰ ਦੀ ਵਰਤੋਂ ਜੋਗਾ ਮੱਕੀ ਦਾ ਆਚਾਰ ਪਾਉਣ ਨੂੰ ਤਰਜੀਹ ਦੇਣ ਲੱਗੇ ਹਨ ਜਿਸ ਕਰਕੇ ਤੂੜੀ ਦੀ ਮੰਗ ਘਟ ਗਈ ਹੈ। ਇਸੇ ਕਰਕੇ ਤੂੜੀ ਦੇ ਭਾਅ ’ਚ ਗਿਰਾਵਟ ਆਈ ਹੈ। ਪਰਮੇਲ ਸਿੰਘ ਹਥਨ ਨੇ ਦੱਸਿਆ ਕਿ ਪਿੰਡਾਂ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ’ਚ ਭਾਰੀ ਕਮੀ ਆਈ ਹੈ।

Advertisement

Advertisement
Author Image

Advertisement
Advertisement
×