ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ਆਏ ਮਹਿਮਾਨ ਨੂੰ ਬੰਦਾ ਕਹੇ ਤਾਂ ਕੀ ਕਹੇ!

08:56 AM Aug 05, 2023 IST

ਬਲਦੇਵ ਸਿੰਘ (ਸੜਕਨਾਮਾ)
Advertisement

ਦੋਸਤ ਹੱਥ ਵਿਚ ਨਿੱਕਾ ਜਿਹਾ ਤਿਰੰਗਾ ਫੜੀ ਮਿਲਣ ਆਇਆ। ਮੇਰੇ ਹੈਰਾਨ ਹੋਣ ਤੋਂ ਪਹਿਲਾਂ ਹੀ ਬੋਲਿਆ, ‘‘ਘਰ ਘਰ ਤਿਰੰਗਾ, ਹਰ ਘਰ ਤਿਰੰਗਾ।’ ਭੁੱਲ ਗਿਐਂ? ਅਗਸਤ ਮਹੀਨਾ ਹੈ ਨਾ, 15 ਤਾਰੀਖ ਆਉਣ ਵਾਲੀ ਹੈ, ਤੈਨੂੰ ਵਧਾਈ ਦੇਣ ਆਇਆਂ।’’
ਮੈਂ ਛੇੜਿਆ, ‘‘ਐਨੀਆਂ ਕੁਰਬਾਨੀਆਂ ਦੇ ਕੇ ਲਈ ਆਜ਼ਾਦੀ ਦੀ ਵਧਾਈ ਸੁੱਕੀ। ਲੱਡੂਆਂ ਦਾ ਡੱਬਾ ਲਈ ਆਉਣਾ ਸੀ, ਆਜ਼ਾਦੀ ਦਿਹਾੜਾ ਮਿੱਠਾ ਕਰ ਲੈਂਦੇ।’’
ਦੋਸਤ ਫਿੱਕਾ ਜਿਹਾ ਹੱਸਿਆ ਤੇ ਹੱਥ ਵਿਚ ਝੰਡਾ ਫੜੀ ਅੰਦਰ ਲੰਘ ਆਇਆ। ਅਸੀਂ ਜਾਣਦੇ ਹਾਂ ਇਸ ਦਿਨ ਪਿੰਡਾਂ, ਨਗਰਾਂ, ਮਹਾਂਨਗਰਾਂ ਵਿਚ ਥਾਂ ਥਾਂ, ਮੁਹੱਲਿਆਂ, ਚੌਰਸਤਿਆਂ, ਸਰਕਾਰੀ, ਗ਼ੈਰ-ਸਰਕਾਰੀ ਇਮਾਰਤਾਂ ਉੱਪਰ, ਘਰਾਂ ਦੀਆਂ ਛੱਤਾਂ ਉੱਪਰ, ਕੌਮੀ ਝੰਡੇ ਆਪਣੀ ਆਪਣੀ ਹੈਸੀਅਤ ਅਨੁਸਾਰ ਛੋਟੇ, ਦਰਮਿਆਨੇ, ਵੱਡੇ, ਹੋਰ ਵੱਡੇ, ਉੱਚੇ, ਹੋਰ ਉੱਚੇ ਲਹਿਰਾਏ ਜਾਂਦੇ ਹਨ। ਲਹਿਰਾਉਣੇ ਚਾਹੀਦੇ ਵੀ ਹਨ। ਇਸ ਆਜ਼ਾਦੀ ਲਈ ਦੇਸ਼ ਵਾਸੀਆਂ ਨੇ ਵੱਡੀ ਕੀਮਤ ਤਾਰੀ ਹੈ।
ਇਸ ਦਿਨ ਸਿਆਸੀ ਨੇਤਾ ਆਪਣੀ ਹੈਸੀਅਤ, ਰੁਤਬਾ ਤੇ ਪਹੁੰਚ ਦਿਖਾਉਣ ਲਈ ਛੋਟੇ ਵੱਡੇ ਇਕੱਠ ਕਰਦੇ ਹਨ, ਸਲਾਮੀਆਂ ਕਬੂਲਦੇ ਹਨ। ਇਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਦਿੱਲੀ ਵਿਚ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਾ ਹੈ। ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀਆਂ ਦੇ ਕਸੀਦੇ ਪੜ੍ਹਦਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਲੋਕਤੰਤਰ ਪ੍ਰਣਾਲੀ ਦਾ ਦੇਸ਼ ਹੋਣ ’ਤੇ ਮਾਣ ਮਹਿਸੂਸ ਕਰਦਾ ਹੈ ਤੇ ਜੇ ਮੌਕਾ ਮਿਲੇ, ਜੋ ਅਕਸਰ ਮਿਲ ਹੀ ਜਾਂਦਾ ਹੈ, ਵਿਰੋਧੀ ਰਾਜਸੀ ਧਿਰਾਂ ਦੀ ਨਿੰਦਿਆ ਕਰਨ ਤੇ ਰਗੜੇ ਲਾਉਣ ਨੂੰ ਕਦੀ ਨਹੀਂ ਭੁੱਲਦਾ।
ਮੈਨੂੰ ਡੂੰਘੀ ਸੋਚ ਵਿਚ ਪਿਆ ਵੇਖ ਕੇ ਦੋਸਤ ਹੈਰਾਨ ਹੋਇਆ: ‘‘ਕਿੱਧਰ ਖੁੱਭ ਗਿਆ?’’
‘‘ਮੈਂ ਤਾਂ ਆਗੂਆਂ ਦੇ ਵਰਤਾਰਿਆਂ ’ਚ ਹੀ ਗੁਆਚ ਗਿਆ।’’
‘‘ਕਿਹੜੇ ਵਰਤਾਰਿਆਂ ’ਚ ਗੁਆਚ ਗਿਆ?’’
‘‘ਆਹੀ, ਬਈ ਦੇਸ਼ ਵਾਸੀਆਂ ਨੂੰ ਕਿਸ ਭਾਅ ਪਈ ਇਹ ਆਜ਼ਾਦੀ ਤੇ ਸਾਡੇ ਆਗੂ, ਨੇਤਾ... ਚੱਲ ਛੱਡ, ਮੇਰੀਆਂ ਗੱਲਾਂ ਬਹੁਤਿਆਂ ਨੂੰ ਹਜ਼ਮ ਨਹੀਂ ਹੋਣੀਆਂ। ਤੂੰ ਦੱਸ ਕੀ ਸੋਚਦੈਂ?’’ ਮੈਂ ਬਾਲ ਦੋਸਤ ਦੇ ਪਾਲ਼ੇ ’ਚ ਸੁੱਟੀ।
‘‘ਜੋ ਮੈਂ ਸੋਚਦੈਂ ਤੇਰੇ ਦਿਲ ਵਿਚ ਵੀ ਉਹੀ ਹੋਣੈ। ਜਿਹੜਾ ਜਿਉਂਦਾ ਹੈ ਉਹ ਭਿਆਨਕ ਸਮੇਂ ਦੇਖਣ ਵਾਲਾ, ਕਦੇ ਉਸ ਨੂੰ ਪੁੱਛ ਕੇ ਵੇਖ। ਜਿਨ੍ਹਾਂ ਕਦਰਾਂ-ਕੀਮਤਾਂ ਦੇ ਅਸੀਂ ਸੋਹਲੇ ਗਾਉਂਦੇ ਹਾਂ, ਉਦੋਂ ਕਿਵੇਂ ਮਨੁੱਖਤਾ ਦਾ ਘਾਣ ਹੋਇਆ? ਕਿਵੇਂ ਪੀੜ੍ਹੀ-ਦਰ-ਪੀੜ੍ਹੀ ਤੁਰਿਆ ਆਉਂਦਾ ਭਰਾਵਾਂ ਜਿਹੀਆਂ ਦੋਸਤੀਆਂ ਦਾ ਵਰਤਾਰਾ, ਪਲਾਂ ਵਿਚ ਹੀ ਦੁਸ਼ਮਣੀ ਵਿਚ ਬਦਲ ਗਿਆ? ਹੁਣ ਦੂਰ ਪਿੱਛੇ ਰਹਿ ਗਿਆ 1947, ਅਸੀਂ ਬਹੁਤ ਲੰਮਾ ਸਫ਼ਰ ਤੈਅ ਕਰ ਆਏ ਹਾਂ। ਪਰ ਇੰਜ ਲੱਗਦੈ, ਬੀਤੇ ਸਮੇਂ ਤੋਂ ਅਸੀਂ ਕੁਝ ਵੀ ਨਹੀਂ ਸਿੱਖਿਆ। ਅਸੀਂ ਅਜੇ ਵੀ ਉੱਥੇ ਹੀ ਖੜ੍ਹੇ ਹਾਂ।’’ ਦੋਸਤ ਵਿਅੰਗ ਨਾਲ ਮੇਰੇ ਵੱਲ ਝਾਕਿਆ, ਫਿਰ ਕੰਟੀਲੀ ਜਿਹੀ ਮੁਸਕਾਨ ਹੱਸਿਆ।
‘‘ਤੂੰ ਆਖਣਾ ਕੀ ਚਾਹੁੰਨੈ? ਤੈਨੂੰ ਇਸ ਦਿਨ ’ਤੇ ਮਾਣ ਮਹਿਸੂਸ ਨਹੀਂ ਹੁੰਦਾ?’’ ਮੈਨੂੰ ਕੋਈ ਹੋਰ ਗੱਲ ਨਾ ਸੁੱਝੀ।
‘‘ਮਾਣ ਕਿਉਂ ਨਹੀਂ ਮਹਿਸੂਸ ਹੁੰਦਾ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਯਾਦ ਕਰਕੇ ਮਾਣ ਨਾਲ ਸਿਰ ਉੱਚਾ ਹੋ ਜਾਂਦੈ। ਪਰ ਜਿਨ੍ਹਾਂ ਨੇ ਆਪਣੀ ਚੀਚੀ ਤੱਕ ਨੂੰ ਲਹੂ ਨਹੀਂ ਲੱਗਣ ਦਿੱਤਾ; ਜਿਹੜੇ ਉਦੋਂ ਜੰਮੇ ਤੱਕ ਨਹੀਂ ਸਨ। ਜਦ ਉਹੀ, ਆਪਣੇ ਹੱਕ ਮੰਗਦੇ ਲੋਕਾਂ ਨੂੰ ਕੋਝੇ ਮਜ਼ਾਕ ਕਰਦੇ ਹਨ, ਉਨ੍ਹਾਂ ਉੱਪਰ ਲਾਠੀਆਂ ਵਰਸਾਉਂਦੇ ਹਨ, ਕੁਝ ਬੋਲਣ ’ਤੇ ਜੇਲ੍ਹਾਂ ਵਿਚ ਤੁੰਨ ਦਿੰਦੇ ਹਨ, ਉਹ ਦੁੱਖ ਤਾਂ ਆਉਂਦਾ ਹੀ ਹੈ ਨਾ? ਤੈਨੂੰ ਨਹੀਂ ਆਉਂਦਾ?’’ ਉਹ ਫਿਰ ਮੇਰੇ ਵੱਲ ਪਹਿਲਾਂ ਵਾਂਗ ਝਾਕਿਆ। ਮੈਨੂੰ ਚੁੱਪ ਵੇਖ ਕੇ ਉਹ ਬੋਲਿਆ:
‘‘ਕਿੰਨੇ ਵਰ੍ਹੇ ਹੋਗੇ ਦੇਸ਼ ਆਜ਼ਾਦ ਹੋਏ ਨੂੰ?’’
‘‘ਹੋਰ 22-23 ਸਾਲਾਂ ਨੂੰ 100 ਵਰ੍ਹੇ ਹੋ ਜਾਣਗੇ।’’
‘‘ਜਾਣੀ ਪੌਣੀ ਸਦੀ ਤਾਂ ਹੁਣ ਵੀ ਹੋ ਗਈ। ਕਿੰਨਾ ਵਿਕਾਸ ਕਰ ਲਿਆ ਅਸੀਂ?’’ ਦੋਸਤ ਦੇ ਭਰਵੱਟੇ ਤਣ ਗਏ। ਮੈਂ ਕੁਝ ਪਲ ਸੋਚਿਆ ਫਿਰ ਕਿਹਾ- ‘‘ਕਿੱਥੇ ਉਹ ਇੰਡੀਆ, ਕਿੱਥੇ ਸਾਡਾ ਇਹ ਭਾਰਤ, ਡੈਮ ਬਣ ਗਏ, ਪੁਲ ਬਣ ਗਏ, ਕੌਮੀ ਸ਼ਾਹ ਮਾਰਗ ਬਣ ਗਏ, ਮੰਦਰ ਉਸਰ ਗਏ, ਅਸਮਾਨ ਨੂੰ ਛੂੰਹਦੇ ਬੁੱਤ ਬਣ ਗਏ।’’ ਦੋਸਤ ਫਿਰ ਵਿਅੰਗ ਨਾਲ ਹੱਸਿਆ।
‘‘ਬੀਤੇ ਕੁਝ ਹੀ ਵਰ੍ਹਿਆਂ ਵਿਚ ਵਿਕਾਸ ਦੀ ਜਿਹੜੀ ਹਨੇਰੀ ਝੁੱਲੀ ਹੈ, ਉਸ ਬਾਰੇ ਤੂੰ ਅਜੇ ਵੀ ਇਕ ਗੱਲ ਨਹੀਂ ਕੀਤੀ।’’ ਮੈਂ ਕਿਹਾ।
ਉਹ ਇਸ ਤਰ੍ਹਾਂ ਬੋਲਿਆ ਜਿਵੇਂ ਮਿਰਚਾਂ ਲੱਗੀਆਂ ਹੋਣ- ‘‘ਭਾਈ ਸਾਹਬ ਕਿਹੜਾ ਵਿਕਾਸ? ਕਿਹੜੀ ਹਨੇਰੀ?’’
‘‘ਮਿੱਤਰ ਇਸ ਤਰ੍ਹਾਂ ਤਾਂ ਨਾ ਬੋਲ। ਕੁਝ ਵਰ੍ਹਿਆਂ ਤੋਂ ਪਹਿਲਾਂ ਕੀ ਸੂਰਜ ਇਵੇਂ ਚੜ੍ਹਦਾ ਸੀ?’’
‘‘ਹੈਂਅ?’’ ਦੋਸਤ ਦਾ ਮੂੰਹ ਅੱਡਿਆ ਗਿਆ।
‘‘ਏਨਾ ਚਮਤਕਾਰ, ਏਨੇ ਜਲੌਅ ਵਾਲਾ, ਪਹਿਲਾਂ ਤਾਂ ਇਉਂ ਲੱਗਦਾ ਹੁੰਦਾ ਸੀ, ਜਿਵੇਂ ਸਮੁੰਦਰ ’ਚੋਂ ਭਿੱਜ ਕੇ ਚੜ੍ਹਿਆ ਹੋਵੇ ਨਾ ਤਪ ਤੇਜ਼, ਨਾ ਨਿੱਘ। ਫੇਰ ਪੌਣਾਂ ਇਸ ਤਰ੍ਹਾਂ ਵਗਦੀਆਂ ਸਨ ਕਦੇ? ਕਦੇ ਫ਼ਸਲਾਂ ਇੰਨੀਆਂ ਲਹਿ-ਲਹਾਉਂਦੀਆਂ ਵੇਖੀਆਂ ਸਨ? ਜਦ ਕਿਸਮਤ ਵਾਲੇ ਆਗੂ ਆਉਂਦੇ ਨੇ ਉਦੋਂ ਕੁਦਰਤ ਵੀ ਰੰਗ ਬਦਲਣ ਲੱਗਦੀ ਹੈ ਤੇ ਗੰਦੇ ਨਾਲਿਆਂ ਵਿਚੋਂ ਰਸੋਈ ਗੈਸ ਨਿਕਲਣ ਲੱਗਦੀ ਹੈ। ਇਹ ਤੂੰ ਵੇਖ ਰਿਹਾ ਹੈ ਨਾ?’’
‘‘ਹਾਂ ਦੇਖ ਤਾਂ ਬੜਾ ਕੁਝ ਰਿਹਾ ਹਾਂ ਮੈਂ। 1947 ਵਿਚ ਦੇਸ਼ ਦੀਆਂ ਨਵੀਆਂ ਸਰਹੱਦਾਂ ਬਣ ਗਈਆਂ। ਹੁਣ ਉਹ ਸਰਹੱਦਾਂ, ਲੋਕਾਂ ਦੇ ਵਿਹੜਿਆਂ ਵਿਚ ਉੱਗ ਆਈਆਂ। ਕੰਡਿਆਲੀਆਂ ਤਾਰਾਂ ਬਾਰਡਰਾਂ ’ਤੇ ਤਣੀਆਂ ਹੋਈਆਂ ਸਨ, ਹੁਣ ਲੋਕਾਂ ਦੇ ਦਿਲਾਂ ਵਿਚ ਵੀ ਤਣੀਆਂ ਹੋਈਆਂ ਨੇ। ਬੜਾ ਵਿਕਾਸ ਕੀਤਾ ਹੈ ਅਸੀਂ। ਲੋਕਾਂ ਦੇ ਮੂੰਹਾਂ ’ਤੇ ਛਿੱਕਲੀ ਦੇ ਦਿੱਤੀ ਹੈ। ਸਿਆਣੇ ਆਖਦੇ ਨੇ, ਲੋਕ ਭਾਖਿਆ ਅਜਾਈਂ ਨਹੀਂ ਜਾਂਦੀ। ਜ਼ਰੂਰੀ ਨਹੀਂ ਕਿਸੇ ਦੀ ਬਦਦੁਆ ਤੁਹਾਨੂੰ ਤਬਾਹ ਕਰੇ, ਕਿਸੇ ਦਾ ਸਬਰ ਵੀ ਤੁਹਾਨੂੰ ਤਬਾਹ ਕਰ ਸਕਦਾ ਹੈ। ਖਾਮੋਸ਼ੀ ਮਨੁੱਖ ਦੀ ਕਮਜ਼ੋਰੀ ਨਹੀਂ ਹੁੰਦੀ, ਵਡੱਪਣ ਵੀ ਹੁੰਦਾ ਹੈ। ਜਿਸ ਨੇ ਸਹਿਣਾ ਸਿੱਖ ਲਿਆ, ਉਸ ਨੂੰ ਕਹਿਣਾ ਵੀ ਆ ਜਾਂਦਾ ਹੈ ਭਾਈ ਸਾਹਬ। ਸਿੱਖਣਾ ਹੋਵੇ ਤਾਂ ਅਸੀਂ ਡਿੱਗਦੇ ਪੱਤਿਆਂ ਤੋਂ ਵੀ ਸਿੱਖ ਸਕਦੇ ਹਾਂ, ਜਦ ਕੋਈ ਬੋਝ ਬਣ ਜਾਵੇ ਤਾਂ ਆਪਣੇ ਹੀ ਡੇਗ ਦਿੰਦੇ ਹਨ।’’
ਪਹਿਲਾਂ ਦੋਸਤ ਮੇਰੇ ਵੱਲ ਮੂੰਹ ਅੱਡੀ ਝਾਕਦਾ ਸੀ, ਹੁਣ ਮੈਂ ਉਸ ਵੱਲ ਉਸੇ ਮੁਦਰਾ ਵਿਚ ਵੇਖਣ ਲੱਗਾ।
‘‘ਤੈਨੂੰ ਪਤਾ ਨਹੀਂ ਦੋਸਤ, ਤੂੰ ਸ਼ਾਇਦ ਕੁਝ ਨਹੀਂ ਸੁਣਿਆ, ਪਿਛਲੇ ਕੁਝ ਹੀ ਵਰ੍ਹਿਆਂ ਵਿਚ ਹਰ ਹਫ਼ਤੇ ਇਕ ਨਵੀਂ ਯੂਨੀਵਰਸਿਟੀ ਖੋਲ੍ਹੀ ਗਈ ਹੈ, ਹਰ ਤੀਸਰੇ ਦਿਨ ਇਕ ਨਵੀਂ ਆਧੁਨਿਕ ਲੈਬ ਖੁੱਲ੍ਹਦੀ ਹੈ, ਹਰ ਦੂਸਰੇ ਦਿਨ ਇਕ ਨਵੇਂ ਕਾਲਜ ਦਾ ਉਦਘਾਟਨ ਹੁੰਦਾ ਹੈ ਹਰ ਸਾਲ, ਧਿਆਨ ਰਹੇ ਹਰ ਸਾਲ ਇਕ ਨਵਾਂ ਆਈਆਈਟੀ ਸਥਾਪਿਤ ਕੀਤਾ ਜਾਂਦਾ ਹੈ।’’ ਮੈਂ ਉਸ ਵੱਲ ਜੇਤੂ ਮੁਸਕਾਨ ਸੁੱਟੀ।
‘‘ਹਾਂ ਦੇਸ਼ ਦੇ ਵਧੇਰੇ ਲੋਕ ਬਾਪੂ ਗਾਂਧੀ ਦੇ ਤਿੰਨ ਬਾਂਦਰ ਬਣੇ ਹੋਏ ਨੇ। ਲੱਗਦਾ ਤਾਂ ਤੂੰ ਵੀ ਉਨ੍ਹਾਂ ’ਚੋਂ ਹੀ ਹੈ।’’ ਦੋਸਤ ਦੀ ਇਹ ਗੱਲ ਮੈਨੂੰ ਗਾਲ੍ਹ ਵਰਗੀ ਲੱਗੀ, ਪਰ ਘਰ ਆਏ ਮਹਿਮਾਨ ਨੂੰ ਬੰਦਾ ਕਹੇ ਤਾਂ ਕੀ ਕਹੇ।
ਸੰਪਰਕ: 98147-83069

Advertisement
Advertisement