ਸਾਡੇ ਕਿਹੜੇ ਨਾਮ ਹੁੰਦੇ...
ਗੁਰਦੀਪ ਢੁੱਡੀ
ਖੇਤ ਦੇ ਕੰਮ ਵਿਚ ਸਹਾਈ ਹੁੰਦੇ ਮੁੰਡੇ ਨਾਲ ਮੇਰਾ ਵਾਹ ਪਏ ਨੂੰ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ। ਉਹ ਰੰਗ ਦਾ ਥੋੜ੍ਹਾ ਪੱਕਾ ਅਤੇ ਜੁੱਸੇ ਦਾ ਭਰਿਆ ਹੋਇਆ ਸੀ। ਦੇਖਣ ਨੂੰ ਦਰਮਿਆਨਾ ਜਿਹਾ ਭਲਵਾਨ ਵਰਗਾ ਲੱਗਦਾ ਸੀ। ਪੈਂਤੀਆਂ ਨੂੰ ਢੁੱਕਿਆ ਅਤੇ ਤਿੰਨ ਧੀਆਂ ਦਾ ਬਾਪ ਹੋ ਕੇ ਵੀ ਉਹ ਆਪਣੀ ਉਮਰ ਦੇ ਪੰਜ ਚਾਰ ਸਾਲ ਲੁਕੋਂਦਾ ਸੀ। ਕੰਮ ਪ੍ਰਤੀ ਦਿਆਨਤਦਾਰ ਰਹਿਣਾ ਉਸ ਦੀ ਤਰਜੀਹ ਸੀ। ਉਸ ਦੇ ਕੰਮ ਨੂੰ ਗਿਣਤੀ ਅਤੇ ਗੁਣਵੱਤਾ ਦੀ ਕਸਵੱਟੀ ’ਤੇ ਪਰਖਦਿਆਂ ਹਰ ਕੋਈ ਲਾਜਵਾਬ ਹੋ ਜਾਂਦਾ। ਉਸ ਨੂੰ ਕੰਮ ਕਰਦਿਆਂ ਦੇਖਦਿਆਂ ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਮੈਂ ਨੌਕਰੀ ਲਈ ਅਜੇ ਇੰਟਰਵਿਊ ’ਤੇ ਜਾਣਾ ਸੀ ਅਤੇ ਮੇਰੇ ਬਾਪ ਨੇ ਮੈਨੂੰ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, “ਦੇਖ ਪੁੱਤ, ਇਕ ਗੱਲ ਯਾਦ ਰੱਖੀਂ, ਤੂੰ ਕੰਮ ’ਤੇ ਜਾਣੈ, ਇਕ ਦਿਨ ਵਾਸਤੇ ਦਿਹਾੜੀ ’ਤੇ ਜਾਈਏ, ਤੇ ਭਲਾ ਸਾਲਾਂ ਬੱਧੀ ਕੰਮ ’ਤੇ ਜਾਣਾ ਹੋਵੇ, ਕੰਮ ਵਾਲੀ ਥਾਂ ਨੂੰ ਕਿਸੇ ਗੁਰਦੁਆਰੇ, ਮੰਦਰ ਨਾਲੋਂ ਘੱਟ ਨ੍ਹੀਂ ਸਮਝਣਾ। ਲੋਕ ਸਾਨੂੰ ਕੰਮ ਕਰਦਿਆਂ ਨੂੰ ਦੇਖਦੇ ਆ। ਰਾਜਿਆਂ ਮਹਾਰਾਜਿਆਂ ਬਾਰੇ ਵੀ ਸੁਣਿਆ ਹੈ ਅਤੇ ਅੰਗਰੇਜ਼ਾਂ ਬਾਰੇ ਵੀ ਇਹ ਸੁਣਿਆ ਹੈ, ਉਹ ਆਪਣੇ ਨੌਕਰਾਂ ਦਾ ਕੰਮ ਦੇਖਦੇ ਸਨ ਤੇ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਬਾਸ਼ ਦਿੰਦੇ ਸਨ। ਇਸ ਕਰ ਕੇ ਕੰਮ ਦੱਬ ਕੇ ਕਰੀਂ, ਕੋਈ ਇਹ ਨਾ ਆਖੇ ਕਿ ਇਹ ਕੰਮ ਨ੍ਹੀਂ ਕਰਦਾ, ਵਿਹਲੀਆਂ ਹੀ ਖਾਂਦਾ ਹੈ।” ਮੈਂ ਚਾਲ਼ੀ ਸਾਲ ਤੋਂ ਵੱਧ ਸਮਾਂ ਅਧਿਆਪਨ ਕਾਰਜ ਕੀਤਾ ਅਤੇ ਆਪਣੇ ਵੱਲੋਂ ਵਾਹ ਲਾਈ ਕਿ ਬਾਪ ਦੀ ਨਸੀਹਤ ’ਤੇ ਖਰਾ ਉਤਰ ਸਕਾਂ। ਇਸੇ ਦੌਰਾਨ ਕਈ ਵਾਰੀ ਕਈ ਕਿਸਮ ਦੀਆਂ ਉਲਝਣਾਂ ਵੀ ਆਈਆਂ ਪਰ ਡਿਊਟੀ ਪ੍ਰਤੀ ਤਨਦੇਹੀ ਵਾਲਾ ਵਿਹਾਰ ਨਹੀਂ ਬਦਲਿਆ।
... ਉਸ ਮੁੰਡੇ ਦਾ ਨਾਮ ਲੈ ਕੇ ਬੁਲਾਉਣ ਸਮੇਂ ਮੈਨੂੰ ਥੋੜ੍ਹੀ ਜਿਹੀ ਦਿੱਕਤ ਪੇਸ਼ ਆਉਂਦੀ ਸੀ। ਉਸ ਦਾ ਨਾਮ ਉਸ ਦੇ ਰੰਗ ਦਾ ਪੱਕਾ ਹੋਣ ਦੀ ਹਾਮੀ ਭਰਦਾ ਸੀ। ਮੈਨੂੰ ਲੱਗਿਆ ਕਰੇ ਜਿਵੇਂ ਇਹ ਨਾਮ ਲੈਣ ਨਾਲ ਉਸ ਅੰਦਰ ਕੁਝ ਹੀਣ ਭਾਵਨਾ ਆ ਸਕਦੀ ਹੈ ਪਰ ਸਾਰੇ ਜਣੇ ਉਸ ਨੂੰ ਉਸੇ ਨਾਮ ਨਾਲ ਹੀ ਬੁਲਾਉਂਦੇ ਸਨ। ਇਸ ਕਰ ਕੇ ਆਮ ਤੌਰ ’ਤੇ ਮੈਂ ਉਸ ਨੂੰ ਨੌਜਵਾਨ ਜਾਂ ਫਿਰ ਬੇਟੇ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦਾ ਸਾਂ। “ਤੇਰਾ ਨਾਂ ਕੀ ਆ ਯਾਰ, ਸਾਰੇ ਜਣੇ ਤੈਨੂੰ ਕਾਲ਼ੀ ਕਾਲ਼ੀ ਆਖ ਕੇ ਬੁਲਾਉਂਦੇ ਆ। ਮੈਨੂੰ ਇਹ ਨਾਮ ਥੋੜ੍ਹਾ ਅਟਪਟਾ ਜਿਹਾ ਲੱਗਦਾ।” ਇਕ ਦਿਨ ਮੈਂ ਉਸ ਨੂੰ ਪੁੱਛ ਲਿਆ। “ਐਂਕਲ ਜੀ, ਥੋਨੂੰ ਮੇਰਾ ਕੰਮ ਕਿਵੇਂ ਲੱਗਦੈ, ਜੇ ਕੰਮ ਵਿਚ ਕੋਈ ਕਮੀ ਹੈ ਤਾਂ ਦੱਸੋ। ਨਾਂ ਵਿਚ ਕੀ ਪਿਆ ਹੈ।” ਪਤਾ ਨਹੀਂ ਉਸ ਨੇ ਮੇਰੀ ਗੱਲ ਦੇ ਕੀ ਅਰਥ ਲਏ ਪਰ ਮੈਂ ਇਹ ਜਾਣਿਆ ਕਿ ਉਹ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ।
“ਨਹੀਂ, ਫਿਰ ਵੀ ਤੂੰ ਆਪਣੇ ਨਾਮ ਬਾਰੇ ਦੱਸ।” ਮੈਂ ਆਪਣੇ ਵੱਲੋਂ ਕੁਰੇਦਣ ਦੀ ਕੋਸ਼ਿਸ਼ ਕੀਤੀ। “ਐਂਕਲ ਜੀ, ਇਉਂ ਐ... ਜਦੋਂ ਸਾਡਾ ਜਨਮ ਹੁੰਦੈ, ਨਾਮ ਤਾਂ ਸਾਡਾ ਵੀ ਮਾਂ ਪਿਓ ਵੀ ਪੂਰੇ ਚਾਵਾਂ ਮਲਾਰਾਂ ਨਾਲ ਰੱਖਦੇ। ਥੋੜ੍ਹੀ ਜਿਹਾ ਸੁਰਤ ਸੰਭਲਦੀ ਐ ਤਾਂ ਸਾਡੇ ਜੁੱਸੇ ਅਨੁਸਾਰ ਅਸੀਂ ਮਾਂ ਪਿਓ ਨਾਲ ਈ ਕੰਮ ’ਤੇ ਚਲੇ ਜਾਂਦੇ ਆਂ। ਕਦੇ ਪਸ਼ੂਆਂ ਦੇ ਚਰਾਵੇ, ਕਦੇ ਸੀਰੀ ਤੇ ਕਦੇ ਦਿਹਾੜੀ ’ਤੇ। ਉਦੋਂ ਸਾਡੇ ਨਾਂ ਬਦਲਣੇ ਸ਼ੁਰੂ ਹੋ ਜਾਂਦੇ ਆ। ਕਦੇ ਅਸੀਂ ਗਿੱਟਲ਼ ਹੁੰਦੇ ਆਂ, ਕਦੇ ਗੋਡਲ਼, ਕਦੇ ਗਿੱਡਲ਼ ਤੇ ਕਦੇ ਸਾਡੇ ਰੰਗ ਰੂਪ ਅਨੁਸਾਰ ਸਾਡੇ ਨਾਂ ਧਰ ਲਏ ਜਾਂਦੇ ਆ। ਸਾਡੇ ਸਾਰਿਆਂ ਦੇ ਨਾਂ ਉਹ ਨ੍ਹੀਂ ਲਏ ਜਾਂਦੇ ਜਿਹੜੇ ਸਾਡੇ ਘਰਦਿਆਂ ਨੇ ਰੱਖੇ ਹੁੰਦੇ ਆ। ਮੇਰਾ ਨਾਂ ਮੇਰੇ ਰੰਗ ਰੂਪ ਕਰ ਕੇ ਵਿਗੜਿਆ। ਇਸੇ ਕਰ ਕੇ ਤਾਂ ਮੈਂ ਕਹਿਨੈ, ਬਈ ਸਾਡੇ ਕਿਹੜੇ ਨਾਂ ਹੁੰਦੇ ਆ। ਸਾਡੇ ਮਾਂ ਪਿਓ ਦੇ ਚਾਅ ਮਲਾਰ ਵੀ ਚਹੁੰ ਕੁ ਦਿਨਾਂ ਦੇ ਈ ਹੁੰਦੇ, ਫੇਰ ਤਾਂ ਉਹ ਕਿਧਰੇ ਮਿੱਟੀ ਘੱਟੇ ’ਚ ਈ ਰੁਲ਼ ਜਾਂਦੇ। ਬੱਸ, ਤੁਸੀਂ ਵੀ ਲੋਕਾਂ ਆਲ਼ਾ ਨਾਂ ਲੈ ਕੇ ਬੁਲਾ ਲਿਆ ਕਰੋ, ਮੇਰਾ ਅਸਲੀ ਨਾਂ ਲੈ ਕੇ ਬੁਲਾਓ ਤਾਂ ਹੋ ਸਕਦੈ, ਮੈਨੂੰ ਆਪ ਨੂੰ ਵੀ ਪਤਾ ਨਾ ਲੱਗੇ।... ਥੋਨੂੰ ਹਾਸੇ ਆਲ਼ੀ ਗੱਲ ਦੱਸਾਂ... ... ... ਮੇਰੇ ਵਿਆਹ ਵੇਲੇ ਜਦੋਂ ਮੇਰਾ ਨਾਂ ਬੋਲਿਆ ਤਾਂ ਮੈਂ ਤਾਂ ਉੱਠ ਕੇ
ਖੜ੍ਹਾ ਈ ਨਾ ਹੋਇਆ। ਮੈਨੂੰ ਜਦੋਂ ਨਾਲ ਬੈਠੇ ਮੇਰੇ ਆੜੀ ਨੇ ਹੁੱਝ ਮਾਰੀ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਮਾਂ ਪਿਓ ਨੇ ਤਾਂ ਮੇਰਾ ਇਹੀ ਨਾਂ ਰੱਖਿਆ ਸੀ।”
ਏਨਾ ਕਹਿੰਦਿਆਂ ਉਸ ਨੇ ਆਪਣੇ ਕੰਮ ਵੱਲ ਰੁਖ਼ ਕਰ ਲਿਆ ਤੇ ਮੈਂ ਸਮਾਜ ਵਿਚ ਪਈਆਂ ਵੰਡੀਆਂ ਬਾਰੇ ਸੋਚਣ ਲੱਗਿਆ। ਇਨ੍ਹਾਂ ਵੰਡੀਆਂ ਨੂੰ ਮਹਾਂ ਪੁਰਸ਼ਾਂ ਦੀ ਸਿੱਖਿਆ ਵੀ ਦੂਰ ਨਹੀਂ ਕਰ ਸਕੀ। ਬੰਦੇ ਦੀ ਪਛਾਣ ਉਸ ਦੀ ਆਰਥਿਕਤਾ ਨਾਲੋਂ ਵੀ ਕਿਤੇ ਜਿ਼ਆਦਾ ਉਸ ਦੀ ਸਮਾਜਿਕ ਹਾਲਤ ਹੁੰਦੀ ਹੈ; ਖਾਸ ਕਰ ਕੇ ਜਿੱਥੇ ਉਸ ਨੇ ਜਨਮ ਲਿਆ ਹੁੰਦਾ। ਉਹ ਛੇਤੀ ਕੀਤੇ ਉਸ ਦੇ ਗਲੋਂ ਲਹਿੰਦੀ ਨਹੀਂ। ਜੇ ਕੋਈ ਪੜ੍ਹ ਲਿਖ ਕੇ ਕਿਸੇ ਰੁਤਬੇ ’ਤੇ ਵੀ ਪਹੁੰਚ ਜਾਵੇ ਤਾਂ ਪਿੰਡ ਵਾਲੇ ਪੁਰਾਣੀ ਪਛਾਣ ਨਾਲ ਹੀ ਉਸ ਨੂੰ ਜਾਣਦੇ ਹੁੰਦੇ। ਧਾਰਮਿਕ ਸਥਾਨਾਂ, ਸ਼ਮਸ਼ਾਨ ਘਾਟਾਂ ਦੀਆਂ ਵੰਡ ਵੀ ਇਹ ਹੀ ਦੱਸਦੀ ਹੈ। ਕਿਤੇ ਮੱਥਾ ਟੇਕਦੇ ਹੋਏ ਵੀ ਇਹ ‘ਮੂਲ ਪਛਾਣ’ ਬਦਲਦੀ ਨਹੀਂ।
ਸੰਪਰਕ: 95010-20731