ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ...
ਇਕਬਾਲ ਸਿੰਘ ਹਮਜਾਪੁਰ
ਸਾਡੇ ਦੇਸ਼ ਵਿੱਚ ਦਰਵਾਜ਼ੇ ਬਣਾਉਣ ਦਾ ਰਿਵਾਜ ਸਦੀਆਂ ਪੁਰਾਣਾ ਹੈ। ਅਤੀਤ ਵਿੱਚ ਸਾਡਾ ਦੇਸ਼ ਯੁੱਧਾਂ ਦਾ ਅਖਾੜਾ ਬਣਦਾ ਰਿਹਾ ਹੈ। ਇੱਥੇ ਰਾਜੇ ਆਪਣੀ ਜਿੱਤ ਦੀ ਖ਼ੁਸ਼ੀ ਵਿੱਚ ਦਰਵਾਜ਼ੇ ਬਣਾਉਂਦੇ ਸਨ। ਇੱਥੇ ਰਾਜੇ ਜਾਂ ਵੱਡੇ ਲੋਕ ਯਾਦਗਾਰਾਂ ਦੇ ਤੌਰ ’ਤੇ ਵੀ ਦਰਵਾਜ਼ੇ ਬਣਾਉਂਦੇ ਸਨ। ਪੁਰਾਣੇ ਸਮਿਆਂ ਵਿੱਚ ਚੋਰੀਆਂ ਤੇ ਲੁੱਟਾਂ-ਖੋਹਾਂ ਵਧੇਰੇ ਸਨ। ਚੋਰੀਆਂ ਨੂੰ ਠੱਲ੍ਹ ਪਾਉਣ ਲਈ ਵੀ ਸ਼ਹਿਰਾਂ ਦੁਆਲੇ ਕੰਧਾਂ ਕੀਤੀਆਂ ਜਾਂਦੀਆਂ ਸਨ ਤੇ ਚੁਫ਼ੇਰੇ ਦਰਵਾਜ਼ੇ ਲਾਏ ਜਾਂਦੇ ਸਨ। ਸ਼ਹਿਰਾਂ ਚੁਫ਼ੇਰੇ ਬਣੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਕੁਝ ਜੱਗ-ਪ੍ਰਸਿੱਧ ਹੋਏ ਹਨ।
ਸ਼ਹਿਰੀ ਦਰਵਾਜ਼ਿਆਂ ਵਾਂਗ ਪੰਜਾਬ ਦੇ ਪਿੰਡਾਂ ਵਿੱਚ ਵੀ ਪੁਰਾਣੇ ਸਮਿਆਂ ਵਿੱਚ ਦਰਵਾਜ਼ੇ ਬਣਾਏ ਜਾਂਦੇ ਰਹੇ ਹਨ। ਪਿੰਡਾਂ ਵਿਚਲੇ ਇਹ ਦਰਵਾਜ਼ੇ ਸ਼ਹਿਰਾਂ ਵਿੱਚ ਬਣੇ ਦਰਵਾਜ਼ਿਆਂ ਵਾਂਗ ਪ੍ਰਸਿੱਧ ਨਹੀਂ ਹੋਏ, ਪਰ ਇਨ੍ਹਾਂ ਨੇ ਸਾਡੇ ਸੱਭਿਆਚਾਰ ਵਿੱਚ ਨਿਵੇਕਲੀ ਥਾਂ ਬਣਾਈ ਹੈ। ਪਿੰਡਾਂ ਵਿੱਚ ਕਿਸੇ ਦੀ ਯਾਦ ਵਿੱਚ ਦਰਵਾਜ਼ੇ ਬਣਾਉਣ ਦਾ ਰਿਵਾਜ ਬਹੁਤ ਘੱਟ ਸੀ। ਪਿੰਡਾਂ ਵਿੱਚ ਦਰਵਾਜ਼ੇ ਸ਼ੋਭਾ ਲਈ, ਸਰਦਾਰੀ ਲਈ ਤੇ ਚੋਰ ਉਚੱਕਿਆਂ ਤੋਂ ਬਚਣ ਲਈ ਬਣਾਏ ਜਾਂਦੇ ਰਹੇ ਹਨ। ਚੋਰਾਂ ਤੋਂ ਬਚਣ ਲਈ ਪਿੰਡੋਂ ਬਾਹਰ ਨੂੰ ਜਾਣ ਵਾਲੀਆਂ ਗਲ਼ੀਆਂ ’ਤੇ ਦਰਵਾਜ਼ੇ ਬਣਾਏ ਜਾਂਦੇ ਸਨ। ਸਰਦੇ-ਪੁੱਜਦੇ ਘਰ ਵਲਗਣ ਮਾਰ ਕੇ ਆਪਣਾ ਦਰਵਾਜ਼ਾ ਬਣਾਉਂਦੇ ਸਨ। ਘਰ ਭਾਵੇਂ ਕੱਚਾ ਹੋਵੇ, ਪਰ ਦਰਵਾਜ਼ਾ ਪੱਕਾ ਤੇ ਪੂਰੀ ਰੀਝ ਨਾਲ ਬਣਾਇਆ ਜਾਂਦਾ ਸੀ।
ਪੁਰਾਣੇ ਸਮਿਆਂ ਵਿੱਚ ਪਿੰਡ ਦੇ ਚੁਫ਼ੇਰੇ ਤੇ ਘਰਾਂ ਅੱਗੇ ਬਣੇ ਦਰਵਾਜ਼ੇ ਥਾਂ-ਥਾਂ ਵੇਖਣ ਨੂੰ ਮਿਲ ਜਾਂਦੇ ਸਨ। ਜਿਸ ਪਿੰਡ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ ਸੀ, ਉਸ ਪਿੰਡ ਨੂੰ ਹੀਣਾ ਜਾਂ ਕਮਜ਼ੋਰ ਸਮਝਿਆ ਜਾਂਦਾ ਸੀ। ਇੱਕ ਲੋਕਗੀਤ ਦੇ ਬੋਲ ਹਨ;
ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ।
ਅਸੀਂ ਬੈਠੇ ਕੌਲ਼ੇ ਨਾਲ ਵੇ ਦਰਵਾਜ਼ਾ ਹੈ ਨੀ।
ਇਸ ਤਰ੍ਹਾਂ ਜਿਸ ਪਿੰਡ ਵਿੱਚ ਕੋਈ ਦਰਵਾਜ਼ਾ ਨਹੀਂ ਸੀ ਹੁੰਦਾ, ਉਸ ਪਿੰਡ ਨੂੰ ਮਿਹਣਾ ਜਿਹਾ ਮਾਰਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਲੋਕ ਗੀਤ ਸੱਭਿਆਚਾਰ ਦਾ ਬਿੰਬ ਹੁੰਦੇ ਹਨ। ਲੋਕ ਗੀਤਾਂ ਵਿੱਚ ਸੱਭਿਆਚਾਰਕ ਵਸਤਾਂ ਨੂੰ ਸਾਂਭਿਆ ਜਾਂਦਾ ਹੈ। ਸਾਡੇ ਲੋਕ ਗੀਤਾਂ ਵਿੱਚ ਦਰਵਾਜ਼ਿਆਂ ਦਾ ਵੀ ਵਰਣਨ ਹੋਇਆ ਹੈ ਜਿਵੇਂ;
ਕੱਚਾ ਕੋਠਾ ਤੇ ਪੱਕੇ ਦਰਵਾਜ਼ੇ
ਜਿੱਥੇ ਵਸਣ ਧਰਮੀ ਮਾਪੇ।
ਮਨਾ ਚੱਲ ਚਲੀਏ।
ਇਨ੍ਹਾਂ ਦਰਵਾਜ਼ਿਆਂ ਨੂੰ ਬਣਾਉਣ ਤੋਂ ਬਾਅਦ ਵੱਖ ਵੱਖ ਢੰਗਾਂ ਨਾਲ ਸਜਾਇਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਵਿਚਲੇ ਬਹੁਤੇ ਦਰਵਾਜ਼ੇ ਮਹਿਰਾਬਦਾਰ, ਉੱਪਰੋਂ ਗੋਲ ਜਾਂ ਫਿਰ ਦੀਵੇ ਦੀ ਸ਼ਕਲ ਦੇ ਹੁੰਦੇ ਸਨ। ਦੀਵੇ ਨੂੰ ਸਮਰਿੱਧੀ ਦਾ ਪ੍ਰਤੀਕ ਮੰਨਿਆ ਗਿਆ ਹੈ। ਸ਼ਾਇਦ ਇਸੇ ਕਰਕੇ ਬਹੁਤੇ ਦਰਵਾਜ਼ੇ ਦੀਵੇ ਦੀ ਸ਼ਕਲ ਦੇ ਮਿਲਦੇ ਹਨ। ਦਰਵਾਜ਼ਿਆਂ ਦੇ ਬਾਹਰਲੇ ਪਾਸੇ ਆਲ਼ੇ ਬਣਾਉਣ ਦਾ ਵੀ ਰਿਵਾਜ ਰਿਹਾ ਹੈ। ਤਿਉਹਾਰਾਂ ਤੇ ਹੋਰ ਖ਼ਾਸ ਦਿਨਾਂ ’ਤੇ ਇਨ੍ਹਾਂ ਆਲ਼ਿਆਂ ਵਿੱਚ ਦੀਵਾ ਬਾਲਿਆ ਜਾਂਦਾ ਸੀ। ਦੀਵੇ ਬਾਲਣ ਦੇ ਨਾਲ-ਨਾਲ ਦਰਵਾਜ਼ਿਆਂ ਨੂੰ ਸ਼ੁਭ ਦਿਨਾਂ ’ਤੇ ਧਾਗੇ, ਮੌਲੀਆਂ ਬੰਨ੍ਹੀਆਂ ਜਾਂਦੀਆਂ ਸਨ। ਬੱਚੇ ਦੇ ਜਨਮ ਸਮੇਂ ਨਿੰਮ ਜਾਂ ਸਰੀਂਹ ਦਰਵਾਜ਼ਿਆਂ ਵਿੱਚ ਹੀ ਬੰਨ੍ਹਿਆ ਜਾਂਦਾ ਸੀ।
ਦਰਵਾਜ਼ਿਆਂ ਦੇ ਬਾਹਰਲੇ ਪਾਸੇ ਇੱਟਾਂ ਨੂੰ ਹੀ ਘਟਾ-ਵਧਾ ਕੇ ਮਨਮੋਹਕ ਡਿਜ਼ਾਇਨ ਬਣਾਏ ਜਾਂਦੇ ਸਨ। ਇੱਟਾਂ ਨਾਲ ਹੀ ਕਿੰਗਰੇ ਬਣਾਏ ਜਾਂਦੇ ਸਨ ਤੇ ਦਰਵਾਜ਼ਿਆਂ ਦੀਆਂ ਕੰਧਾਂ ਵਿੱਚ ਬੁਰਜੀਆਂ ਦੀਆਂ ਸ਼ਕਲਾਂ ਬਣਾਈਆਂ ਜਾਂਦੀਆਂ ਸਨ। ਦਰਵਾਜ਼ਿਆਂ ਨੂੰ ਬਣਾਉਣ ਤੋਂ ਬਾਅਦ ਵੱਖ-ਵੱਖ ਰੰਗਾਂ ਨਾਲ ਵੇਲ-ਬੂਟੇ ਪਾ ਕੇ ਸਜਾਇਆ ਜਾਂਦਾ ਸੀ। ਪੰਜਾਬ ਦੇ ਕੰਧ ਚਿੱਤਰਾਂ ਵਿੱਚ ਦਰਵਾਜ਼ਿਆਂ ਉੱਪਰ ਉੱਕਰੇ ਚਿੱਤਰਾਂ ਦਾ ਵੀ ਸ਼ੁਮਾਰ ਹੈ। ਪਸ਼ੂ-ਪੰਛੀਆਂ ਤੇ ਪੀਰਾਂ-ਫਕੀਰਾਂ ਦੇ ਚਿੱਤਰ ਦਰਵਾਜ਼ਿਆਂ ਉੱਪਰ ਵੀ ਵਾਹੇ ਜਾਂਦੇ ਸਨ। ਦਰਵਾਜ਼ਿਆਂ ਨੂੰ ਤਖ਼ਤੇ ਜਾਂ ਕਵਾੜ ਜ਼ਰੂਰ ਲਾਏ ਜਾਂਦੇ ਸਨ। ਇਨ੍ਹਾਂ ਕਵਾੜਾਂ ਨੂੰ ਕਿੱਲਾਂ ਤੇ ਕੋਕਿਆਂ ਨਾਲ ਮੜਿ੍ਹਆ ਜਾਂਦਾ ਸੀ ਤੇ ਮਜ਼ਬੂਤ ਕੀਤਾ ਜਾਂਦਾ ਸੀ। ਕਵਾੜਾਂ ਉੱਪਰ ਕੋਕਿਆਂ ਨਾਲ ਵੀ ਵੇਲ-ਬੂਟੇ ਬਣਾਏ ਜਾਂਦੇ ਸਨ।
ਦਰਵਾਜ਼ਿਆਂ ਦੇ ਅੰਦਰ-ਬਾਹਰ ਥੜ੍ਹੇ ਜ਼ਰੂਰ ਬਣਾਏ ਜਾਂਦੇ ਸਨ। ਇਹ ਥੜ੍ਹੇ ਅਜੋਕੀਆਂ ਕੁਰਸੀਆਂ ਦਾ ਕੰਮ ਦਿੰਦੇ ਸਨ। ਦਰਵਾਜ਼ਿਆਂ ਨੂੰ ਏਨਾ ਪਵਿੱਤਰ ਸਮਝਿਆ ਜਾਂਦਾ ਸੀ ਕਿ ਇਨ੍ਹਾਂ ਦੇ ਥੜ੍ਹਿਆਂ ਉੱਪਰ ਕੋਈ ਵੀ ਜੁੱਤੀ ਲੈ ਕੇ ਨਹੀਂ ਸੀ ਚੜ੍ਹਦਾ। ਪਿੰਡਾਂ ਵਿੱਚ ਦਰਵਾਜ਼ਿਆਂ ਨੂੰ ਪੰਚਾਇਤ ਕਰਨ ਲਈ ਵੀ ਵਰਤਿਆ ਜਾਂਦਾ ਰਿਹਾ ਹੈ। ਦਰਵਾਜ਼ਿਆਂ ਦੇ ਥੜ੍ਹਿਆਂ ’ਤੇ ਬਹਿ ਕੇ ਕਿਸੇ ਦੇ ਝੂਠ ਬੋਲਣ ਦਾ ਸਵਾਲ ਹੀ ਨਹੀਂਂ ਪੈਦਾ ਹੁੰਦਾ ਸੀ। ਦਰਵਾਜ਼ੇ ਵਿੱਚ ਬਹਿ ਕੇ ਕੀਤੇ ਵਾਅਦੇ ਤੋਂ ਕੋਈ ਮੁੱਕਰਦਾ ਨਹੀਂ ਸੀ। ਕੁਝ ਪਿੰਡਾਂ ਵਿੱਚ ਸ਼ਰੀਕੇ-ਭਾਈਚਾਰੇ ਨੇ ਜੋੜ ਕੇ ਵੀ ਦਰਵਾਜ਼ੇ ਬਣਾਏ ਸਨ। ਸਾਡੇ ਪਿੰਡਾਂ ਵਿੱਚ ਕਈ ਕਈ ਦਰਵਾਜ਼ੇ ਘੇਰੇ ਵਿੱਚ ਜਾਂ ਆਹਮੋ-ਸਾਹਮਣੇ ਬਣੇ ਹੋਏ ਵੀ ਵੇਖਣ ਨੂੰ ਮਿਲ ਜਾਂਦੇ ਹਨ। ਇਹ ਦਰਵਾਜ਼ੇ ਹੋਰ ਵੀ ਸੁੰਦਰ ਲੱਗਦੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਸਦਾ ਸਿੰਘ ਵਾਲਾ ਵਿੱਚ ਇੱਕੋ ਘੇਰੇ ਵਿੱਚ ਬਣੇ ਸੱਤ ਦਰਵਾਜ਼ੇ ਅੱਜ ਵੀ ਖੜ੍ਹੇ ਹਨ ਜੋ ਬੇਹੱਦ ਮਨਮੋਹਕ ਲੱਗਦੇ ਹਨ।
ਪਿੰਡਾਂ ਵਿੱਚ ਦਰਵਾਜ਼ੇ ਬਣਾਉਣ ਤੋਂ ਬਾਅਦ ਇਨ੍ਹਾਂ ਦਾ ਨਾਮਕਰਨ ਵੀ ਕੀਤਾ ਜਾਂਦਾ ਸੀ। ਓਪਰਿਆਂ ਲਈ ਇਹ ਦਰਵਾਜ਼ੇ ਰਾਹ ਦਸੇਰੇ ਦਾ ਕੰਮ ਕਰਦੇ ਸਨ। ਦਰਵਾਜ਼ਿਆਂ ਦਾ ਵੇਰਵਾ ਖ਼ਤਾਂ ਤੇ ਚਿੱਠੀਆਂ ਉੱਪਰ ਪਤਾ ਲਿਖਣ ਵੇਲੇ ਪਾਇਆ ਜਾਂਦਾ ਸੀ। ਦਰਵਾਜ਼ਿਆਂ ਦਾ ਨਾਂ ਲੈ ਕੇ ਡਾਕੀਏ, ਲਾਗੀ ਤੇ ਪ੍ਰਾਹੁਣੇ ਸੌਖਿਆਂ ਹੀ ਪਿੰਡਾਂ ਵਿੱਚ ਘਰ ਲੱਭ ਲੈਂਦੇ ਸਨ। ਪੰਜਾਬ ਦੇ ਪਿੰਡਾਂ ਵਿਚਲੇ ਬਹੁਤੇ ਦਰਵਾਜ਼ੇ ਸੱਥਾਂ ਦਾ ਕੰਮ ਕਰਦੇ ਰਹੇ ਹਨ। ਸਾਂਝੇ ਤੇ ਸਰਦੇ-ਪੁੱਜਦੇ ਘਰਾਂ ਦੇ ਦਰਵਾਜ਼ਿਆਂ ਦੇ ਥੜ੍ਹਿਆਂ ’ਤੇ ਹਰ ਵੇਲੇ ਪੰਜ-ਸੱਤ ਬੰਦਿਆਂ ਦਾ ਬੈਠੇ ਹੋਣਾ ਆਮ ਜਿਹੀ ਗੱਲ ਹੁੰਦੀ ਸੀ। ਇੱਕ ਲੋਕ ਗੀਤ ਦੇ ਬੋਲ ਹਨ;
ਕਦੇ ਆਉਣ ਨੇਰ੍ਹੀਆਂ, ਕਦੇ ਜਾਣ ਨੇਰ੍ਹੀਆਂ।
ਚੋਬਰਾ ਵਿੱਚ ਦਰਵਾਜ਼ੇ, ਗੱਲਾਂ ਹੋਣ ਤੇਰੀਆਂ।
ਇਹ ਗੀਤ ਦਰਵਾਜ਼ਿਆਂ ਦੇ ਥੜ੍ਹਿਆਂ ’ਤੇ ਹੋਣ ਵਾਲੀ ਖੁੰਢ ਚਰਚਾ ਵੱਲ ਇਸ਼ਾਰਾ ਕਰਦਾ ਹੈ। ਸਮਾਂ ਬਦਲ ਗਿਆ ਹੈ। ਕੈਮਰਿਆਂ ਦੇ ਇਸ ਯੁੱਗ ਵਿੱਚ ਸਾਡੇ ਪਿੰਡਾਂ ਵਿੱਚ ਦਰਵਾਜ਼ਿਆਂ ਦੀ ਥਾਂ ਲੋਹੇ ਤੇ ਸਟੀਲ ਦੇ ਗੇਟਾਂ ਨੇ ਲੈ ਲਈ ਹੈ। ਘਰ ਵੰਡੇ ਜਾਣ ਕਾਰਨ ਵੀ ਬਹੁਤੇ ਦਰਵਾਜ਼ੇ ਬੇਕਦਰੇ ਹੋ ਗਏ ਹਨ। ਇਨ੍ਹਾਂ ਨੂੰ ਲੱਗੇ ਕਵਾੜ ਲਹਿ ਗਏ ਹਨ। ਪਿੰਡਾਂ ਵਿਚਲੇ ਇਨ੍ਹਾਂ ਦਰਵਾਜ਼ਿਆਂ ਨੂੰ ਸੰਭਾਲਣ ਦੀ ਲੋੜ ਹੈ। ਉਹ ਦਿਨ ਦੂਰ ਨਹੀਂ ਹਨ, ਜਦੋਂ ਸਾਡੇ ਸੱਭਿਆਚਾਰ ਦਾ ਹਿੱਸਾ ਇਹ ਦਰਵਾਜ਼ੇ ਸਿਰਫ਼ ਲੋਕ ਗੀਤਾਂ ਵਿੱਚ ਰਹਿ ਜਾਣਗੇ।
ਸੰਪਰਕ: 94165-92149