For the best experience, open
https://m.punjabitribuneonline.com
on your mobile browser.
Advertisement

ਨਿੱਤ ਨਵੀਆਂ ਬੁਲੰਦੀਆਂ ਸਰ ਕਰ ਰਹੀ ਵਾਮਿਕਾ ਗੱਬੀ

08:01 AM Nov 30, 2024 IST
ਨਿੱਤ ਨਵੀਆਂ ਬੁਲੰਦੀਆਂ ਸਰ ਕਰ ਰਹੀ ਵਾਮਿਕਾ ਗੱਬੀ
Advertisement

ਨੋਨਿਕਾ ਸਿੰਘ

Advertisement

ਚੰਡੀਗੜ੍ਹ ਨਾਲ ਲੱਗਦੇ ਸ਼ਹਿਰ ਮੁਹਾਲੀ ਦੀ ਜੰਮਪਲ ਸੋਹਣੀ ਜਿਹੀ ਕੁੜੀ ਵਾਮਿਕਾ ਗੱਬੀ ਇੱਕ ਤੋਂ ਬਾਅਦ ਇੱਕ ਵੱਕਾਰੀ ਪ੍ਰਾਜੈਕਟ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਰਹੀ ਹੈ। ਉਸ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਇਹ ਸੱਚਮੁੱਚ ਵਾਪਰ ਰਿਹਾ ਹੈ। ਉਹ ਕਹਿੰਦੀ ਹੈ, ‘‘ਕਲਪਨਾ ਕਰੋ ਮੁਹਾਲੀ ’ਚ ਬੈਠੀ ਲੜਕੀ ਜਿਸ ਦਾ ਕੋਈ ਫਿਲਮੀ, ਸਿਆਸੀ ਪਿਛੋਕੜ ਨਹੀਂ ਹੈ, ਨਾ ਬਹੁਤ ਜ਼ਿਆਦਾ ਪੈਸਾ ਹੈ ਤੇ ਨਾ ਹੀ ਕੋਈ ‘ਗੌਡਫਾਦਰ’ ਹੈ। ਉਹ ਲਗਭਗ ਅਸੰਭਵ ਜਿਹਾ ‘ਸੁਪਨਾ’ ਦੇਖ ਰਹੀ ਹੈ ਤੇ ਇਸ ਨੂੰ ਸਾਕਾਰ ਵੀ ਕਰ ਰਹੀ ਹੈ...ਮੈਨੂੰ ਇਹ ਸਭ ਬਹੁਤ ਖ਼ਿਆਲੀ ਜਿਹਾ ਜਾਪਦਾ ਹੈ।’’ ਨੌਵੇਂ ਆਸਮਾਨ ’ਤੇ ਉੱਡਣ ਦੀ ਬਜਾਏ, ਉਹ ਥੋੜ੍ਹਾ ਦਾਰਸ਼ਨਿਕ ਦ੍ਰਿਸ਼ਟੀਕੋਣ ਰੱਖਦੀ ਹੈ। ਉਹ ਕਹਿੰਦੀ ਹੈ, ‘‘ਇੱਕ ਵਾਰ ਜਦੋਂ ਮੈਂ ਕੰਮ ਬਾਰੇ ਨਿਰਾਸ਼ ਹੋਣਾ ਬੰਦ ਕਰ ਦਿੱਤਾ, ਚੀਜ਼ਾਂ ਆਪ ਹੀ ਆ ਕੇ ਮੇਰੀ ਝੋਲੀ ਵਿੱਚ ਡਿੱਗ ਪਈਆਂ। ਮੈਂ ਸਾਰੀਆਂ ਆਸਾਂ ਤਿਆਗ ਦਿੱਤੀਆਂ ਤੇ ਕਿਸੇ ਅਦ੍ਰਿਸ਼ ਤਾਕਤ ਨੇ ਮੈਨੂੰ ਰਾਹ ਦਿਖਾਉਣਾ ਸ਼ੁਰੂ ਕਰ ਦਿੱਤਾ।’’
ਵਾਮਿਕਾ, ਅਕਸ਼ੈ ਕੁਮਾਰ ਨਾਲ ਪ੍ਰਿਯਾਦਰਸ਼ਨ ਦੀ ਫਿਲਮ ‘ਭੂਤ ਬੰਗਲਾ’, ਰਾਜ ਤੇ ਡੀਕੇ ਦੀ ਨੈੱਟਫਲਿਕਸ ਸੀਰੀਜ਼ ‘ਰਕਤ ਬ੍ਰਹਮਾਂਡ- ਦਿ ਬਲੱਡੀ ਕਿੰਗਡਮ’, ਵਰੁਣ ਧਵਨ ਨਾਲ ਐਕਸ਼ਨ ਫਿਲਮ ‘ਬੇਬੀ ਜੌਹਨ’ ਅਤੇ ਰਾਜਕੁਮਾਰ ਰਾਓ ਨਾਲ ਦਿਨੇਸ਼ ਵਿਜਾਨ ਦੀ ਫਿਲਮ ‘ਭੂਲ ਚੂਕ ਮਾਫ’ ਵਰਗੇ ਅਹਿਮ ਪ੍ਰਾਜੈਕਟ ਕਰ ਰਹੀ ਹੈ। ਇਨ੍ਹਾਂ ਰਾਹੀਂ ਉਹ ਸਹਿਜੇ-ਸਹਿਜੇ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ। ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ‘ਜੁਬਲੀ’, ‘ਖੁਫ਼ੀਆ’, ‘ਚਾਰਲੀ ਚੋਪੜਾ’ ਅਤੇ ‘ਦਿ ਮਿਸਟਰੀ ਆਫ ਸੋਲੰਗ ਵੈਲੀ’ ’ਚ ਬਿਹਤਰੀਨ ਪੇਸ਼ਕਾਰੀ ਨਾਲ ਵਾਮਿਕਾ ਗੱਬੀ ਨੇ 2023 ਦਾ ਸਾਲ ਆਪਣੇ ਨਾਂ ਕੀਤਾ, ਤਾਂ ਉਸ ਦਾ ਭਵਿੱਖ ਹੋਰ ਵੀ ਜ਼ਿਆਦਾ ਰੋਸ਼ਨ ਜਾਪਦਾ ਹੈ। ਉਸ ਦਾ ਕਹਿਣਾ ਹੈ, ‘‘ਮੈਂ ਅਜੇ ਆਪਣੀ ਕਹਾਣੀ ਲਿਖਣੀ ਸ਼ੁਰੂ ਕੀਤੀ ਹੈ।’’ ਉਸ ਦੀ ਪ੍ਰਤਿਭਾ ਦਰਸਾਉਂਦੀ ਹੈ ਕਿ ਇਹ ਕਹਾਣੀ ਸ਼ਾਨਦਾਰ ਹੋਵੇਗੀ।
ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਸਾਰੇ ‘ਏ-ਲਿਸਟ’ ਨਿਰਦੇਸ਼ਕਾਂ ਅਤੇ ਵੱਡੇ ਸਟਾਰ ਅਦਾਕਾਰਾਂ ਨਾਲ ਕੰਮ ਕਰਨਾ ਉਸ ਲਈ ਸੁਪਨੇ ਸਾਕਾਰ ਹੋਣ ਵਰਗਾ ਹੈ। ਉਹ ਦੱਸਦੀ ਹੈ ਇਹ ਸਾਰੇ ਵੱਡੇ ਕਲਾਕਾਰ ਉਸ ਲਈ ਆਦਰਸ਼ ਰਹੇ ਹਨ। ਰਿਤਿਕ ਰੌਸ਼ਨ ਉਸ ਨੂੰ ਸ਼ੁਰੂ ਤੋਂ ਪਸੰਦ ਹੈ ਅਤੇ ਉਹ ਕੰਗਨਾ ਰਣੌਤ ਦੀ ਵੀ ਬਹੁਤ ਵੱਡੀ ਪ੍ਰਸ਼ੰਸਕ ਹੈ।
ਹਾਲਾਂਕਿ ਕਿਸੇ ਫਿਲਮ ਨੂੰ ਸਾਈਨ ਕਰਨ ਲੱਗਿਆਂ ਉਹ ਇਹ ਨਹੀਂ ਦੇਖਦੀ ਕਿ ਪ੍ਰੋਡਕਸ਼ਨ ਹਾਊਸ ਜਾਂ ਸਟਾਰ ਵੱਡੇ ਹਨ ਜਾਂ ਨਹੀਂ। ਬਲਕਿ ਉਸ ਦਾ ਧਿਆਨ ਆਪਣੀ ਭੂਮਿਕਾ ਅਤੇ ‘ਫਿਲਮ ਵਿੱਚ ਸਿਰਜੀ ਜਾ ਰਹੀ ਦੁਨੀਆ ’ਤੇ ਜ਼ਿਆਦਾ ਹੁੰਦਾ ਹੈ’ ਕਿ ਇਹ ਦੁਨੀਆ ਉਸ ਦੇ ਮਨ ਨੂੰ ਖਿੱਚ ਪਾਉਂਦੀ ਹੈ ਜਾਂ ਨਹੀਂ। ਫਿਲਹਾਲ ਉਹ ‘ਬੇਬੀ ਜੌਹਨ’ ਬਾਰੇ ਬਹੁਤ ਉਤਸ਼ਾਹਿਤ ਹੈ। ਇਹ ਇੱਕ ਐਕਸ਼ਨ ਫਿਲਮ ਹੈ ਜੋ ਦਸੰਬਰ ਵਿੱਚ ਰਿਲੀਜ਼ ਹੋਵੇਗੀ। ਰਾਜ ਤੇ ਡੀਕੇ ਵੱਲੋਂ ਰਚੀ ਜਾ ਰਹੀ ਡਰਾਮਾ ਸੀਰੀਜ਼ ‘ਰਕਤ ਬ੍ਰਹਮਾਂਡ- ਦਿ ਬਲੱਡੀ ਕਿੰਗਡਮ’ ਵੀ ਇੱਕ ਐਕਸ਼ਨ ਭਰਪੂਰ ਸ਼ੋਅ ਹੋਵੇਗਾ, ਇਸ ਦੀ ਰਿਲੀਜ਼ ਨੂੰ ਲੈ ਕੇ ਵੀ ਉਹ ਕਾਫ਼ੀ ਉਤਸ਼ਾਹ ਵਿੱਚ ਹੈ। ਵਿਸ਼ਾਲ ਭਾਰਦਵਾਜ ਤੇ ਵਿਕਰਮਾਦਿੱਤਿਆ ਮੋਟਵਾਨੀ ਨਾਲ ਕੰਮ ਕਰਨ ਨੂੰ ਲੈ ਕੇ ਉਹ ਕਹਿੰਦੀ ਹੈ, ‘‘ਜੇ ਮੈਂ ਉਨ੍ਹਾਂ ਨਾਲ ਕੰਮ ਨਾ ਕੀਤਾ ਹੁੰਦਾ ਤਾਂ ਅੱਜ ਸ਼ਾਇਦ ਕੋਈ ਹੋਰ ਹੀ ਇਨਸਾਨ ਹੁੰਦੀ।’’
ਵਾਮਿਕਾ, ਜਿਸ ਨੇ ਅਦਾਕਾਰੀ ਦੀ ਕੋਈ ਰਸਮੀ ਸਿੱਖਿਆ ਨਹੀਂ ਲਈ, ਦੱਸਦੀ ਹੈ ਕਿ ਕਿਸੇ ਕਿਰਦਾਰ ’ਚ ਢਲਣ ਲੱਗਿਆਂ ਉਹ ਇਹ ਮੰਨ ਲੈਂਦੀ ਹੈ ਕਿ ‘‘ਉਹ ਵੀ ਮੇਰੇ-ਤੁਹਾਡੇ ਵਰਗੇ ਲੋਕ ਹੀ ਹਨ।’’ ਫਿਲਮ ਜਗਤ ’ਚ ਆਪਣੀ ਥਾਂ ਬਣਾਉਣ ਦੇ ਚਾਹਵਾਨ ਪੰਜਾਬੀਆਂ ਨੂੰ ਉਹ ਇਹੀ ਸਲਾਹ ਦਿੰਦੀ ਹੈ, ‘‘ਆਪਣੇ ਹੁਨਰ ਨੂੰ ਤੁਸੀਂ ਐਨਾ ਨਿਖਾਰ ਲਓ ਕਿ ਕੋਈ ਤੁਹਾਨੂੰ ਨਾਂਹ ਕਰ ਹੀ ਨਾ ਸਕੇ।’’
ਇਮਤਿਆਜ਼ ਅਲੀ ਦੀ ‘ਜਬ ਵੀ ਮੈੱਟ’ (2007) ’ਚ ਛੋਟੀ ਜਿਹੀ ਭੂਮਿਕਾ ਨਾਲ ਮਨੋਰੰਜਨ ਜਗਤ ’ਚ ਪੈਰ ਰੱਖਣ ਵਾਲੀ ਵਾਮਿਕਾ ਨੇ ਸਿੱਖਿਆ ਹੈ ਕਿ ‘ਸੰਵੇਦਨਾ ਤੇ ਸਬਰ’ ਬਹੁਤ ਜ਼ਰੂਰੀ ਹਨ। ਉਹ ਕਹਿੰਦੀ ਹੈ, ‘‘ਮੈਨੂੰ ਹੁਣ ਇੱਕ ਅਦਾਕਾਰ ਹੋਣ ਦੇ ਫਾਇਦੇ ਸਮਝ ਆਉਣ ਲੱਗੇ ਹਨ, ਜੋ ਕਿ ਉਸ ਚਕਾਚੌਂਧ ਵਰਗੇ ਤਾਂ ਬਿਲਕੁਲ ਨਹੀਂ ਹਨ, ਜਿਸ ਨੂੰ ਲੋਕ ਫਿਲਮ ਇੰਡਸਟਰੀ ਨਾਲ ਜੋੜ ਕੇ ਦੇਖਦੇ ਹਨ।’’
ਪੰਜਾਬੀ ਸਿਨੇਮਾ ਉਸ ਲਈ ਹਮੇਸ਼ਾ ਖ਼ਾਸ ਰਿਹਾ ਹੈ। ਹਾਲ ਹੀ ਵਿੱਚ ਉਹ ਪਰਮੀਸ਼ ਵਰਮਾ ਦੀ ਫਿਲਮ ‘ਤਬਾਹ’ ’ਚ ਨਜ਼ਰ ਆਈ ਸੀ ਅਤੇ ਜਲਦੀ ਹੀ ‘ਕਿੱਕਲੀ’ ਵਿੱਚ ਨਜ਼ਰ ਆਵੇਗੀ। ਉਹ ਮੁਸਕਰਾ ਕੇ ਕਹਿੰਦੀ ਹੈ, ‘‘ਇਹ ਮੇਰੇ ਦਾਦੀ ਜੀ ਲਈ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਫਿਲਮਾਂ ਪੰਜਾਬੀ ਵਿੱਚ ਹੀ ਸਮਝ ਆਉਂਦੀਆਂ ਹਨ।’’ ਲੇਖਕ-ਪਿਤਾ ਗੋਵਰਧਨ ਗੱਬੀ ਕਰ ਕੇ, ਪੰਜਾਬੀ ਹੀ ਉਸ ਦੀ ਮਾਤ/ਪਿਤਾ-ਭਾਸ਼ਾ ਹੈ। ਉਹ ਨਿਰਮਾਤਾ ਵਜੋਂ ਕੋਈ ਪੰਜਾਬੀ ਫਿਲਮ ਬਣਾਉਣ ਦੀ ਚਾਹਵਾਨ ਵੀ ਹੈ। ਉਹ ਇੱਕ ਅਜਿਹੀ ਪੰਜਾਬੀ ਫਿਲਮ ਬਣਾਉਣਾ ਚਾਹੁੰਦੀ ਹੈ ਜੋ ਮਨੋਰੰਜਕ ਹੋਣ ਦੇ ਨਾਲ-ਨਾਲ ਕੋਈ ਸੁਨੇਹਾ ਵੀ ਦੇਵੇ।
ਉਸ ਨੂੰ ਆਪਣੇ ਪਾਲਤੂ ਜਾਨਵਰਾਂ ਨਾਲ ਬਹੁਤ ਪਿਆਰ ਹੈ। ਉਹ ਬੜੇ ਚਾਅ ਨਾਲ ਆਪਣੇ ਪਾਲਤੂ ਜਾਨਵਰਾਂ ਅਤੇ ਉਨ੍ਹਾਂ ਤੋਂ ਮਿਲਦੇ ਸਨੇਹ ਦਾ ਵੀ ਜ਼ਿਕਰ ਕਰਦੀ ਹੈ। ਸਕਰੀਨ ’ਤੇ ਦਿਖਦੇ ਵਾਮਿਕਾ ਦੇ ਕਿਰਦਾਰ ਦੇ ਕਈ ਰੰਗਾਂ ਦੀ ਤਰ੍ਹਾਂ, ਉਹ ਵਿਅਕਤੀਗਤ ਤੌਰ ’ਤੇ ਵੀ ਕਾਫ਼ੀ ਦਿਲਚਸਪ ਤੇ ਵਿਚਾਰਸ਼ੀਲ ਸ਼ਖ਼ਸੀਅਤ ਹੈ।

Advertisement

Advertisement
Author Image

joginder kumar

View all posts

Advertisement