For the best experience, open
https://m.punjabitribuneonline.com
on your mobile browser.
Advertisement

ਮਿੱਟੀ ਦੀ ਖ਼ੁਸ਼ਬੂ ਬਿਖੇਰਨ ਵਾਲੀ ਗਾਇਕਾ ਰੇਸ਼ਮਾ

08:00 AM Nov 30, 2024 IST
ਮਿੱਟੀ ਦੀ ਖ਼ੁਸ਼ਬੂ ਬਿਖੇਰਨ ਵਾਲੀ ਗਾਇਕਾ ਰੇਸ਼ਮਾ
Advertisement

ਕੁਲਦੀਪ ਸਿੰਘ ਸਾਹਿਲ

Advertisement

ਰੇਸ਼ਮਾ ਦਾ ਨਾਂ ਭਾਰਤ ਅਤੇ ਪਾਕਿਸਤਾਨ ਦੇ ਚੋਟੀ ਦੇ ਗਾਇਕਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ ਜਿਸ ਦੀ ਆਵਾਜ਼ ਨੂੰ ਪੂਰੀ ਦੁਨੀਆ ਨੇ ਮਾਨਤਾ ਦਿੱਤੀ ਹੈ। ਟੱਪਰੀਵਾਸ ਕਬੀਲੇ ਵਿੱਚ ਪੈਦਾ ਹੋਈ ਪਾਕਿਸਤਾਨ ਦੀ ਇਸ ਸਿਰਮੌਰ ਪੰਜਾਬੀ ਗਾਇਕਾ ਨੂੰ ਆਪਣੇ ਜਨਮ ਬਾਰੇ ਸਿਰਫ਼ ਇੰਨਾ ਹੀ ਪਤਾ ਸੀ ਕਿ 1947 ਦੇ ਹੱਲਿਆ ਤੋਂ ਦੋ ਵਰ੍ਹੇ ਪਹਿਲਾਂ ਭਾਵ 1945 ਵਿੱਚ ਪਿਸ਼ਾਵਰ ਦੇ ਕਿਸੇ ਕੈਂਪ ਵਿੱਚ ਪਿੱਪਲ ਦੇ ਰੁੱਖ ਹੇਠ ਹੋਇਆ ਸੀ। ਫਿਰ ਇਨ੍ਹਾਂ ਦੇ ਕਬੀਲੇ ਨੇ ਬੀਕਾਨੇਰ ਵਿੱਚ ਆ ਡੇਰਾ ਲਾਇਆ ਜਿੱਥੇ ਤਹਿਸੀਲ ਰਤਨਗੜ੍ਹ ਦੇ ਉਹ ਪੁਰਾਣੇ ਵਸਨੀਕ ਸਨ।
ਉਸ ਦਾ ਪਿਤਾ ਹਾਜੀ ਮੁਹੰਮਦ ਮੁਸ਼ਤਾਕ ਵਣਜਾਰਾ ਸੀ ਜੋ ਊਠਾਂ ਦੇ ਕਾਫ਼ਲੇ ਨਾਲ ਜਾਂਦਾ ਸੀ ਅਤੇ ਪੱਛਮ ਦੇ ਇਲਾਕੇ ਵੱਲੋਂ ਊਠ, ਘੋੜੇ, ਗਾਵਾਂ ਤੇ ਮੱਝਾਂ ਲੈ ਕੇ ਰਾਜਸਥਾਨ ਪਰਤ ਜਾਂਦਾ ਸੀ। ਰੇਸ਼ਮਾ ਅਜੇ ਬਹੁਤ ਛੋਟੀ ਸੀ ਕਿ ਮੁਲਕ ਨੂੰ ਵੰਡ ਦਾ ਸੰਤਾਪ ਹੰਢਾਉਣਾ ਪਿਆ। ਉਸ ਨੂੰ ਵੀ ਪਾਕਿਸਤਾਨ ਜਾਣਾ ਪਿਆ ਅਤੇ ਵਣਜਾਰਿਆਂ ਦੇ ਇਸ ਕਾਫ਼ਲੇ ਨੇ ਇਸਲਾਮ ਧਰਮ ਕਬੂਲ ਕਰ ਕੇ ਸਿੰਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰਹਿਣ-ਬਸੇਰੇ ਵਜੋਂ ਚੁਣ ਲਿਆ।
ਰੇਸ਼ਮਾ ਨੇ ਕਦੇ ਕਿਸੇ ਉਸਤਾਦ ਕੋਲੋਂ ਗਾਇਕੀ ਦੀ ਤਾਲੀਮ ਹਾਸਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਘਰਾਣੇ ਵਿੱਚ ਜਨਮ ਲਿਆ ਸੀ। ਬਸ ਗਾਇਕੀ ਉਸ ਦੀ ਰੂਹ ਵਿੱਚ ਵੱਸੀ ਹੋਈ ਸੀ। ਅਜੇ ਉਹ ਮਸਾਂ ਦਸ ਸਾਲ ਦੀ ਸੀ ਜਦੋਂ ਰੇਡੀਓ ਅਤੇ ਟੈਲੀਵਿਜ਼ਨ ਨਿਰਮਾਤਾ ਸਲੀਮ ਗਿਲਾਨੀ ਨੇ ਇੱਕ ਸ਼ਰਧਾਲੂ ਵਜੋਂ ਉਸ ਨੂੰ ਪਿੰਡ ਸੇਵਨ ਵਿੱਚ ਸ਼ਾਹਬਾਜ਼ ਕਲੰਦਰ ਦੀ ਦਰਗਾਹ ’ਤੇ ਲੱਗੇ ਮੇਲੇ ਵਿੱਚ ‘ਦਮਾ ਦਮ ਮਸਤ ਕਲੰਦਰ’ ਕੱਵਾਲੀ ਗਾਉਂਦਿਆਂ ਸੁਣਿਆ। ਗਿਲਾਨੀ ਨੇ ਬਾਲੜੀ ਦੀ ਕਲਾ ਪਛਾਣੀ, ਉਸ ਦੀ ਤਾਰੀਫ਼ ਕੀਤੀ ਅਤੇ ਉਸ ਨੂੰ ਆਪਣਾ ਪਤਾ ਲਿਖ ਕੇ ਦਿੰਦਿਆਂ ਕਰਾਚੀ ਰੇਡੀਓ ਸਟੇਸ਼ਨ ਆਉਣ ਦਾ ਸੱਦਾ ਦੇ ਕੇ ਚਲਾ ਗਿਆ। ਦੋ ਵਰ੍ਹਿਆਂ ਬਾਅਦ ਜਦੋਂ ਇਹ ਕਾਫ਼ਲਾ ਕਰਾਚੀ ਪੁੱਜਿਆ ਤਾਂ ਰੇਸ਼ਮਾ ਪਰਿਵਾਰ ਸਮੇਤ ਉਹੀ ਪਰਚੀ ਲੈ ਕੇ ਰੇਡੀਓ ਸਟੇਸ਼ਨ ਪਹੁੰਚ ਗਈ। ਰੇਸ਼ਮਾ ਦੀ ਆਵਾਜ਼ ਵਿੱਚ ਰੇਡੀਓ ਲਈ ਇਹ ਪਹਿਲਾ ਗੀਤ ਰਿਕਾਰਡ ਕੀਤਾ ਗਿਆ;
ਹੋ ਲਾਲ ਮੇਰੀ ਪਤ ਰੱਖਿਓ
ਭਲਾ ਝੂਲੇ ਲਾਲਨ
ਸਿੰਧੜੀ ਦਾ, ਸੇਵਨ ਦਾ
ਸਖੀ ਸ਼ਾਹਬਾਜ਼ ਕਲੰਦਰ
ਦਮਾ ਦਮ ਮਸਤ ਕਲੰਦਰ
ਅਲੀ ਦਮ ਦਮ ਦੇ ਅੰਦਰ
ਅਲੀ ਦਾ ਪਹਿਲਾ ਨੰਬਰ।
ਇਹ ਗੀਤ ਰਿਕਾਰਡ ਕਰਵਾ ਕੇ ਉਹ ਫਿਰ ਆਪਣੇ ਕਾਫ਼ਲੇ ਨਾਲ ਚਲੀ ਗਈ। ਰੇਡੀਓ ਡਾਇਰੈਕਟਰ ਸਮੇਤ ਉਸ ਦੇ ਸਰੋਤੇ ਵੀ ਉਸ ਬਾਰੇ ਕੁਝ ਨਹੀਂ ਸਨ ਜਾਣਦੇ ਕਿ ਉਹ ਕਿੱਥੇ ਰਹਿ ਰਹੀ ਹੈ। ਗਿਲਾਨੀ ਨੇ ਵੱਖ-ਵੱਖ ਅਖ਼ਬਾਰਾਂ/ਰਸਾਲਿਆਂ ਵਿੱਚ ਉਸ ਦੀ ਫੋਟੋ ਵਾਲਾ ਇਸ਼ਤਿਹਾਰ ਛਪਵਾਇਆ ਤਾਂ ਕਿ ਉਸ ਨੂੰ ਮੁੜ ਰੇਡੀਓ ’ਤੇ ਪੇਸ਼ ਕੀਤਾ ਜਾ ਸਕੇ। ਰੇਸ਼ਮਾ ਨੇ ਕਾਫ਼ੀ ਸਮੇਂ ਬਾਅਦ ਮੁਲਤਾਨ ਵਿਖੇ ਕਿਸੇ ਪੱਤ੍ਰਿਕਾ ਵਿੱਚ ਆਪਣੇ ਬਾਰੇ ਉਹ ਤਸਵੀਰ ਵਾਲਾ ਇਸ਼ਤਿਹਾਰ ਦੇਖਿਆ ਤਾਂ ਉਹ ਡਰ ਗਈ, ਪਰ ਛਪਣ ਦਾ ਕਾਰਨ ਪਤਾ ਲੱਗਣ ’ਤੇ ਉਸ ਨੇ ਮੁੜ ਗਿਲਾਨੀ ਨਾਲ ਸੰਪਰਕ ਕੀਤਾ। ਇਸ ਤਰ੍ਹਾਂ ਉਸ ਦੇ ਰੇਡੀਓ ਗਾਇਕ ਬਣਨ ਦਾ ਰਾਹ ਖੁੱਲ੍ਹ ਗਿਆ। ਉਹ ਸਾਰੀ ਉਮਰ ਆਪਣੇ ਫ਼ਨ ਨੂੰ ਸ਼ਾਹਬਾਜ਼ ਕਲੰਦਰ ਦੀ ਦੁਆ ਦੱਸਦੀ ਰਹੀ। ਉਸ ਨੇ ਆਪਣੇ ਮੁਲਕ ਨੂੰ ਆਪਣੇ ਦੀਨ ਦੀ ਅਲਾਮਤ, ਇਸਲਾਮ ਤੇ ਗਾਇਕੀ ਨੂੰ ਇਬਾਦਤ ਸਵੀਕਾਰ ਕਰਦਿਆਂ ਜ਼ਿੰਦਗੀ ਭਰ ਨਾ ਆਪਣਾ ਦੁਪੱਟਾ ਸਿਰ ਤੋਂ ਉਤਰਨ ਦਿੱਤਾ ਤੇ ਨਾ ਕੋਈ ਅਸੱਭਿਅਕ ਗਾਣਾ ਗਾਇਆ।
ਨਿਰਦੇਸ਼ਕ ਵਜ਼ੀਰ ਅਫ਼ਜ਼ਲ ਉਹ ਸ਼ਖ਼ਸੀਅਤ ਸੀ ਜਿਸ ਨੇ ਪਹਿਲੀ ਵਾਰ ਰੇਸ਼ਮਾ ਤੋਂ ਫਿਲਮ ‘ਲੱਖਾ’ ਲਈ ਗੀਤ ਗਵਾਏ ਸਨ। ਇਸ ਤੋਂ ਬਾਅਦ ਉਸ ਨੇ ਵੱਡੀ ਗਿਣਤੀ ਵਿੱਚ ਫਿਲਮੀ ਗੀਤ ਗਾਏ। ਉਸ ਨੇ ਜ਼ਿਆਦਾਤਰ ਮਕਬੂਲ ਪੰਜਾਬੀ ਸ਼ਾਇਰ ਤੇ ਗਾਇਕ ਮਨਜ਼ੂਰ ਹੁਸੈਨ ਝੱਲਾ ਦੇ ਲਿਖੇ ਗੀਤ ਗਾ ਕੇ ਬਤੌਰ ਗਾਇਕਾ ਆਪਣੀ ਪਛਾਣ ਦਰਜ ਕਰਾਈ। ਉਸ ਦੇ ਤਕਰੀਬਨ ਸਾਰੇ ਹੀ ਗੀਤ ਮਕਬੂਲ ਹੋਏ, ਪਰ ਕੁਝ ਗੀਤ ਉਸ ਦੀ ਪਛਾਣ ਬਣ ਗਏ। ਜਿਵੇਂ;
ਅੱਖੀਆਂ ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸੀਆ, ਬੋਲ ਭਾਵੇਂ ਨਾ ਬੋਲ
1980 ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਗਲੇ ਦਾ ਕੈਂਸਰ ਹੈ। ਫਿਰ ਇਲਾਜ ਦੌਰਾਨ ਉਹ ਪੰਜ ਸਾਲ ਗਾ ਨਾ ਸਕੀ। ਜਦੋਂ ਵੀ ਉਸ ਨੂੰ ਕੈਂਸਰ ਤੋਂ ਕੁਝ ਰਾਹਤ ਮਿਲਦੀ ਤਾਂ ਉਹ ਪੂਰਾ ਜ਼ੋਰ ਲਾ ਕੇ ਇਹ ਗੀਤ ਗਾਉਣ ਦੀ ਕੋਸ਼ਿਸ਼ ਕਰਦੀ ਸੀ:
ਬਿਛੜੇ ਅਭੀ ਤੋ ਹਮ ਬਸ ਕੱਲ ਪਰਸੋਂ
ਜੀਊਂਗੀ ਮੈਂ ਕੈਸੇ ਇਸ ਹਾਲ ਮੇਂ ਬਰਸੋਂ
ਮੌਤ ਨਾ ਆਈ ਤੇਰੀ ਯਾਦ
ਕਿਊਂ ਆਈ? ਹਾਏ ਲੰਬੀ ਜੁਦਾਈ
ਚਾਰ ਦਿਨਾਂ ਦਾ ਪਿਆਰ ਓ ਰੱਬਾ
ਬੜੀ ਲੰਮੀ ਜੁਦਾਈ।
ਰੇਸ਼ਮਾ ਰਿਆਜ਼ ਨਾਲੋਂ ਵਧੇਰੇ ਅੰਦਰ ਦੇ ਸੁਰ ਨੂੰ ਮਹੱਤਵ ਦਿੰਦੀ ਸੀ। ਉਸ ਨੇ ਪੰਜਾਬੀ, ਉਰਦੂ, ਹਿੰਦੀ, ਸਿੰਧੀ, ਡੋਗਰੀ, ਪਹਾੜੀ, ਰਾਜਸਥਾਨੀ ਅਤੇ ਪਸ਼ਤੋ ਵਿੱਚ ਗੀਤ ਗਾਏ। ਮਿੱਟੀ ਨਾਲ ਜੁੜੀ ਉਸ ਦੀ ਆਵਾਜ਼ ਵਿੱਚੋਂ ਮਿੱਟੀ ਦੀ ਖ਼ੁਸ਼ਬੂ ਆਉਂਦੀ ਸੀ। ਉਹ ਉਰਦੂ ਗੀਤ/ਗ਼ਜ਼ਲਾਂ ਦਾ ਗਾਇਨ ਕਰਦੀ ਤਾਂ ਅਹਿਸਾਸ ਦੀ ਗਰਮੀ ਨਾਲ ਭਰਪੂਰ ਉਸ ਦੀ ਬੁਲੰਦ ਆਵਾਜ਼ ਸਕੂਨ ਮਹਿਸੂਸ ਕਰਵਾਉਣ ਦੀ ਤਾਕਤ ਰੱਖਦੀ ਸੀ;
ਦਰਦ ਕਾਫੀ ਹੈ ਬੇਖ਼ੁਦੀ ਕੇ ਲੀਏ
ਮੌਤ ਲਾਜ਼ਿਮ ਹੈ ਜ਼ਿੰਦਗੀ ਕੇ ਲੀਏ।
ਆਸ਼ਿਆਨੇ ਕੀ ਬਾਤ ਕਰਤੇ ਹੋ
ਦਿਲ ਜਲਾਨੇ ਕੀ ਬਾਤ ਕਰਤੇ ਹੋ।
27 ਨਵੰਬਰ 1996 ਨੂੰ ਪੰਜਾਬ ਦੇ ਤਤਕਾਲੀ ਮੰਤਰੀ ਹਰਨੇਕ ਸਿੰਘ ਘੜੂੰਆਂ ਵੱਲੋਂ ਇੰਡੋ-ਪਾਕਿ ਸੰਗੀਤ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਨੇਕ ਗਾਇਕਾਂ ਨੇ ਭਾਗ ਲਿਆ। ਇਸ ਵਿੱਚ ਰੇਸ਼ਮਾ ਨੂੰ ਉਚੇਚੇ ਤੌਰ ’ਤੇ ਬੁਲਾਇਆ ਗਿਆ ਜਿੱਥੇ ਉਹ ਸੁਰਿੰਦਰ ਕੌਰ ਅਤੇ ਹੋਰ ਮਕਬੂਲ ਗਾਇਕਾਂ ਨੂੰ ਮਿਲ ਕੇ ਬੜੀ ਖ਼ੁਸ਼ ਹੋਈ। ਰਾਜਸਥਾਨ ਸਰਕਾਰ ਦੇ ਸੱਦੇ ’ਤੇ 2003 ਵਿੱਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿੱਚ ਆਈ ਸੀ ਤਾਂ ਵਣਜਾਰਿਆਂ ਦੀ ਯਾਤਰਾ ਦੀ ਪੀੜ ਨੂੰ ਪ੍ਰਗਟਾਉਂਦਾ ਰਾਜਸਥਾਨੀ ਲੋਕ ਗੀਤ ‘ਕੇਸਰੀਆ ਬਾਲਮ ਪਧਾਰੋ ਹਮਾਰੇ ਦੇਸ’ ਗਾ ਕੇ ਆਪਣੀ ਜਨਮ ਭੂਮੀ ਦੇ ਵਾਸੀਆਂ ਦੇ ਦਿਲਾਂ ਵਿੱਚ ਉਤਰ ਗਈ ਸੀ। 1947 ਤੋਂ ਬਾਅਦ ਜਨਵਰੀ 2006 ਵਿੱਚ ਸਦਾ-ਏ-ਸਰਹੱਦ ਨਾਂ ਵਾਲੀ ਲਾਹੌਰ-ਅੰਮ੍ਰਿਤਸਰ ਬੱਸ ਜਦੋਂ ਪਹਿਲੀ ਵਾਰ ਭਾਰਤ ਆਈ ਸੀ ਤਾਂ ਪਾਕਿਸਤਾਨੀ ਨਾਗਰਿਕ ਵਜੋਂ ਰੇਸ਼ਮਾ ਆਪਣੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਆਪਣੀ ਜਨਮ ਭੂਮੀ ਭਾਰਤ ਆਈ ਸੀ।
ਰੇਸ਼ਮਾ ਨੇ ਭਾਰਤ ਸਮੇਤ ਆਪਣੇ ਫ਼ਨ ਦਾ ਮੁਜ਼ਾਹਰਾ ਅਮਰੀਕਾ, ਕੈਨੇਡਾ, ਇੰਗਲੈਂਡ, ਰੂਸ, ਤੁਰਕੀ, ਨਾਰਵੇ, ਡੈਨਮਾਰਕ, ਰੋਮਾਨੀਆ ਆਦਿ ਸਮੇਤ ਕਈ ਹੋਰ ਮੁਲਕਾਂ ਵਿੱਚ ਵੀ ਕੀਤਾ। ਭਾਰਤ ਵਿੱਚ ਮਿਲੇ ਮਾਣ-ਸਨਮਾਨ ਤੋਂ ਇਲਾਵਾ ਰੇਸ਼ਮਾ ਨੂੰ ਜਨਰਲ ਜ਼ਿਆ ਉਲ ਹੱਕ ਤੋਂ ਲੈ ਕੇ ਪਰਵੇਜ਼ ਮੁਸ਼ੱਰਫ਼ ਤੱਕ ਦੀਆਂ ਸਰਕਾਰਾਂ ਤੋਂ ਵੀ ਮਾਣ-ਸਨਮਾਨ ਅਤੇ ਸਹਾਇਤਾ ਮਿਲਦੀ ਰਹੀ। 2005 ਵਿੱਚ ਉਸ ਨੂੰ ਪਾਕਿਸਤਾਨ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਸਿਤਾਰਾ-ਏ-ਇਮਤਿਆਜ਼ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਉਸ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਫ਼ਕਰ-ਏ-ਪਾਕਿਸਤਾਨ ਅਤੇ ਲੀਜੈਂਡ ਆਫ ਪਾਕਿਸਤਾਨ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ। ਰੇਸ਼ਮਾ ਨੂੰ ਮੁੜ ਤੋਂ ਕੈਂਸਰ ਹੋ ਗਿਆ ਅਤੇ ਲੰਬਾ ਸਮਾਂ ਕੋਮਾ ਵਿੱਚ ਰਹਿਣ ਤੋਂ ਬਾਅਦ 3 ਨਵੰਬਰ 2013 ਨੂੰ ਉਹ 67 ਸਾਲ ਦੀ ਉਮਰ ਵਿੱਚ ਸੱਚਮੁੱਚ ਲੰਮੀ ਜੁਦਾਈ ਦੇ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ।
ਸੰਪਰਕ: 94179-90040

Advertisement

Advertisement
Author Image

joginder kumar

View all posts

Advertisement