For the best experience, open
https://m.punjabitribuneonline.com
on your mobile browser.
Advertisement

ਤੇਰਾ ਮੇਰਾ ਮੁਸਾਫਿਰਾ ਕੀ ਝਗੜਾ...

08:32 AM May 18, 2024 IST
ਤੇਰਾ ਮੇਰਾ ਮੁਸਾਫਿਰਾ ਕੀ ਝਗੜਾ
Advertisement

ਗੁਰਬਿੰਦਰ ਸਿੰਘ ਮਾਣਕ

Advertisement

ਕਿਤੇ ਲਿਖਿਆ ਪੜ੍ਹਿਆ ਸੀ ਕਿ ਜੀਵਨ ਬਹੁਤ ਛੋਟਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ, ਕੁਝ ਲੋਕ ਜੀਵਨ ਦੇ ਇਨ੍ਹਾਂ ਕੀਮਤੀ ਪਲਾਂ ਨੂੰ ਵੈਰ-ਵਿਰੋਧ ਤੇ ਨਫ਼ਰਤ ਵਿੱਚ ਹੀ ਗੁਜ਼ਾਰਨ ਦਾ ਵਕਤ ਕਿਵੇਂ ਕੱਢ ਲੈਂਦੇ ਹਨ। ਅਸਲ ਵਿੱਚ ਸੱਚ ਇਹੀ ਹੈ ਕਿ ਜੀਵਨ ਬਹੁਤ ਮੁੱਲਵਾਨ ਹੈ ਤੇ ਇੱਕ ਵਾਰ ਹੀ ਮਿਲਦਾ ਹੈ। ਵੱਡਮੁੱਲੀ ਜ਼ਿੰਦਗੀ ਨੂੰ ਵੈਰ-ਵਿਰੋਧ, ਸਾੜਾ, ਨਫ਼ਰਤ, ਸੁਆਰਥ, ਲਾਲਚ ਤੇ ਨਕਾਰਾਤਮਕ ਕੰਮਾਂ ਵਿੱਚ ਹੀ ਬਰਬਾਦ ਕਰ ਦੇਣਾ, ਜੀਵਨ ਦੀ ਸਾਰਥਿਕਤਾ ਨਹੀਂ ਕਹੀ ਜਾ ਸਕਦੀ। ਕੁਦਰਤ ਨੇ ਜਿਹੜਾ ਖੂਬਸੂਰਤ ਜੀਵਨ ਦਿੱਤਾ ਹੈ, ਉਸ ਪ੍ਰਤੀ ਮਨੁੱਖ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
ਜ਼ਿੰਦਗੀ ਅਨੇਕਾਂ ਝਮੇਲਿਆਂ ਵਿੱਚ ਉਲਝੀ ਹੋਈ ਹੈ। ਰੋਜ਼ੀ-ਰੋਟੀ ਸਮੇਤ ਜੀਵਨ ਦੀਆਂ ਬੇਸ਼ੁਮਾਰ ਦੁਸ਼ਵਾਰੀਆਂ ਨਾਲ ਸੰਘਰਸ਼ ਕਰਦੇ ਮਨੁੱਖ ਕੋਲ ਵਿਹਲ ਹੀ ਕਿੱਥੇ ਹੁੰਦੀ ਹੈ। ਸਿਆਣੇ ਕਹਿੰਦੇ ਹਨ ਕਿ ਜੀਵਨ ਦੀਆਂ ਲੋੜਾਂ-ਥੁੜ੍ਹਾਂ ਦੇ ਗਣਿਤ ਵਿੱਚ ਫਸੇ ਮਨੁੱਖ ਕੋਲ ਤਾਂ ਮਰਨ ਦੀ ਵਿਹਲ ਨਹੀਂ ਹੁੰਦੀ ਪਰ ਆਲੇ-ਦੁਆਲੇ ਵੱਲ ਨਜ਼ਰ ਮਾਰੀਏ ਤਾਂ ਮਹਿਸੂਸ ਹੁੰਦਾ ਹੈ ਕਿ ਕੁਝ ਲੋਕਾਂ ਕੋਲ ਬੋਲ-ਕੁਬੋਲ ਬੋਲਣ, ਕਿਸੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਨ, ਲੜਾਈ-ਝਗੜਾ, ਵੈਰ-ਵਿਰੋਧ ਆਦਿ ਕਰਨ ਦਾ ਸਮਾਂ ਪਤਾ ਨਹੀਂ ਕਿੱਥੋਂ ਆ ਜਾਂਦਾ ਹੈ। ਕਈ ਵਿਅਕਤੀ ਤਾਂ ਬਿਨਾਂ ਕਿਸੇ ਕਾਰਨ ਹੀ ਖਿਝੇ-ਦੁਖੀ ਰਹਿੰਦੇ ਹਨ। ਇਸ ਤਰ੍ਹਾਂ ਜਾਪਦਾ ਹੁੰਦਾ ਹੈ ਕਿ ਇਹ ਜਿਵੇਂ ਆਪਣੇ ਆਪ ਨਾਲ ਹੀ ਲੜ ਰਹੇ ਹੋਣ। ਪਰਿਵਾਰਾਂ ਵਿੱਚ ਵਿਚਰਦੇ ਜੀਆਂ ਤੋਂ ਲੈ ਕੇ ਜੀਵਨ ਦੇ ਹਰ ਖੇਤਰ ਸਮਾਜਿਕ, ਧਾਰਮਿਕ, ਰਾਜਨੀਤਕ, ਪ੍ਰਸ਼ਾਸਨਿਕ, ਵਪਾਰਕ ਤੇ ਹਰ ਥਾਂ ਕੰਮਾਂਕਾਰਾਂ ਵਿੱਚ ਰੁੱਝੇ ਲੋਕ ਇੱਕ ਦੂਜੇ ਪ੍ਰਤੀ ਨਿਗੂਣੇ ਜਿਹੇ ਵਿਰੋਧਾਂ ਕਾਰਨ ਹੀ ਉਲਝਦੇ ਦੇਖੇ ਜਾ ਸਕਦੇ ਹਨ।
ਜਦੋਂ ਅਸੀਂ ਕਿਸੇ ਦਾ ਤਲਖੀ-ਭਰੇ ਤੇ ਮੰਦੇ ਬੋਲ, ਬੋਲ ਕੇ ਮਨ ਦੁਖੀ ਕਰਦੇ ਹਾਂ ਤਾਂ ਸਾਡਾ ਆਪਣਾ ਤਨ-ਮਨ ਵੀ ਸਹਿਜ ਨਹੀਂ ਰਹਿੰਦਾ। ਕਿਸੇ ਦੂਜੇ ਨਾਲ ਕੀਤੀ ਹੋਈ ਨਫ਼ਰਤ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਆਪਣੇ ਆਪ ’ਤੇ ਹੀ ਪੈਂਦਾ ਹੈ। ਕਿਤੇ ਵੀ ਬੋਲ-ਬੁਲਾਰਾ ਜਾਂ ਲੜਾਈ-ਝਗੜਾ ਹੋ ਜਾਵੇ ਤਾਂ ਮਨੁੱਖੀ ਮਨ ਦੇ ਕਿਸੇ ਕੋਨੇ ਵਿੱਚ ਇਹ ਅਹਿਸਾਸ, ਉਸ ਨੂੰ ਹਮੇਸ਼ਾ ਤੜਫ਼ਾਉਂਦਾ ਰਹਿੰਦਾ ਹੈ। ਪਰ ਇਨ੍ਹਾਂ ਗੱਲਾਂ ਦੇ ਬਾਵਜੂਦ ਨਿੱਕੀਆਂ-ਨਿੱਕੀਆਂ ਗੱਲਾਂ ਪ੍ਰਤੀ ਉੱਚੀ ਆਵਾਜ਼, ਤਲਖੀ, ਗਾਲ੍ਹਾਂ ਆਦਿ ਦਾ ਵਰਤਾਰਾ ਹਰ ਥਾਂ ਦੇਖਿਆ ਜਾ ਸਕਦਾ ਹੈ।
ਕਿਸਾਨ ਨੂੰ ਅੰਨਦਾਤਾ ਕਹਿ ਕੇ ਸਤਿਕਾਰਿਆ ਜਾਂਦਾ ਹੈ ਪਰ ਬਹੁਤੇ ਕਿਸਾਨ ਆਪਣੇ ਖੇਤ ਨੂੰ ਵਾਹੁੰਦਿਆਂ ਨਾਲ ਦੇ ਖੇਤ ਦੀ ਵੱਟ ਨੂੰ ਵੀ ਏਨਾ ਛਿੱਲ ਦਿੰਦੇ ਹਨ ਕਿ ਕਈ ਵਾਰ ਵੱਟ-ਬੰਨ੍ਹਾਂ ਦਿਖਾਈ ਹੀ ਨਹੀਂ ਦਿੰਦਾ। ਇਸ ਤਰ੍ਹਾਂ ਝਗੜੇ ਦਾ ਮੁੱਢ ਬੱਝ ਜਾਂਦਾ ਹੈ। ਨਿਗੂਣੀ ਜਿਹੀ ਗੱਲ ਕਈ ਵਾਰ ਏਨੀ ਵੱਡੀ ਬਣ ਜਾਂਦੀ ਹੈ ਕਿ ਮਾਰ-ਵੱਢ ਤੱਕ ਪਹੁੰਚ ਜਾਂਦੀ ਹੈ। ਜ਼ਮੀਨਾਂ ਦੇ ਮਾਮਲਿਆਂ ਵਿੱਚ ਤਾਂ ਕਈ ਵਾਰ ਕੋਈ ਧਿਰ ਵੀ ਸੂਝ-ਬੂਝ ਤੋਂ ਕੰਮ ਨਹੀਂ ਲੈਂਦੀ ਤੇ ਇੰਚਾ-ਫੁੱਟਾਂ ਤੱਕ ਵੀ ਲੜਾਈ-ਝਗੜੇ ਦੀ ਨੌਬਤ ਆ ਜਾਂਦੀ ਹੈ। ਕਈ ਵਾਰ ਤਾਂ ਮਾਮੂਲੀ ਜਿਹੀ ਗੱਲ ਹੀ ਕਤਲ, ਕਚਹਿਰੀਆਂ, ਉਮਰ-ਕੈਦਾਂ ਤੱਕ ਜਾ ਪਹੁੰਚਦੀ ਹੈ। ਫਿਰ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਰਹਿੰਦਾ। ਆਮ ਲੋਕਾਂ ਲਈ ਬਣਾਏ ਕਿਸੇ ਰਸਤੇ ਨੂੰ ਵੀ ਨਾਲ ਦੇ ਖੇਤਾਂ ਵਾਲੇ ਆਪਣੇ ਖੇਤ ਨੂੰ ਵਾਹੁੰਦਿਆਂ ਆਪਣੇ ਖੇਤ ਵਿੱਚ ਰਲਾਉਣ ਦੀ ਕੋਈ ਕਸਰ ਨਹੀਂ ਛੱਡਦੇ। ਜੇ ਕੋਈ ਇਸ ਦਾ ਵਿਰੋਧ ਕਰੇ ਤਾਂ ਕੋਈ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ ਕਿ ਮੈਂ ਗ਼ਲਤੀ ਕੀਤੀ ਹੈ। ਪਿੰਡਾਂ ਵਿੱਚ ਤਾਂ ਕਈ ਰਸੂਖ਼ਵਾਨਾਂ ਨੇ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ੇ ਕਰਕੇ ਆਪਣੀ ਗ਼ਰੀਬ ਸੋਚ ਦਾ ਪ੍ਰਗਟਾਵਾ ਕੀਤਾ ਹੋਇਆ ਹੈ।
ਅਸਲ ਵਿੱਚ ਮਨੁੱਖ ਇਹ ਸੋਚਦਾ ਨਹੀਂ ਕਿ ਉਹ ਤਾਂ ਇਸ ਧਰਤੀ ’ਤੇ ਇੱਕ ਮੁਸਾਫਿਰ ਦੀ ਨਿਆਈਂ ਹੈ। ਜਿਵੇਂ ਕੋਈ ਮੁਸਾਫਿਰ ਕਿਸੇ ਸਰਾਂ ਵਿੱਚ ਰਾਤ ਕੱਟ ਕੇ ਦਿਨ ਚੜ੍ਹਦਿਆਂ ਆਪਣੇ ਸਫ਼ਰ ’ਤੇ ਨਿਕਲ ਤੁਰਦਾ ਹੈ। ਮਨੁੱਖ ਆਪਣੀ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆਂ ਬਹੁਤ ਲੰਮੇ ਦਾਈਏ ਬੰਨ੍ਹ ਲੈਂਦਾ ਹੈ। ਸਵਾਰਥ, ਲਾਲਚ ਤੇ ਦੂਜਿਆਂ ਨਾਲ ਠੱਗੀਆਂ ਮਾਰ ਕੇ ਮਨੁੱਖ ਧਨ-ਦੌਲਤ ਤੇ ਵਸਤਾਂ ਦੇ ਅੰਬਾਰ ਸਿਰਜਦਾ ਹਫਿਆ ਹੋਇਆ ਦੌੜਦਾ ਜਾ ਰਿਹਾ ਹੈ। ਜਿਹੜਾ ਵੀ ਕੋਈ ਉਸ ਦੇ ਰਾਹ ਵਿੱਚ ਆਉਂਦਾ ਹੈ, ਉਸ ਨੂੰ ਠਿੱਬੀ ਲਾ ਕੇ ਅੱਗੇ ਤੋਂ ਅੱਗੇ ਵਧਣ ਦੇ ਸੁਪਨੇ ਸਿਰਜਦਾ, ਉਹ ਇਹ ਭੁੱਲ ਹੀ ਜਾਂਦਾ ਹੈ ਕਿ ਉਹ ਇਸ ਧਰਤੀ ’ਤੇ ਹਮੇਸ਼ਾ ਰਹਿਣ ਲਈ ਨਹੀਂ ਆਇਆ। ਇਸ ਦਾ ਇਹ ਭਾਵ ਨਹੀਂ ਕਿ ਮਨੁੱਖ ਜੀਵਨ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੇ ਰਾਹ ਨਾ ਤੁਰੇ। ਜ਼ਰੂਰ ਤੁਰੇ ਪਰ ਦੌਲਤ ਤੇ ਵਸਤਾਂ ਦੀ ਹੋੜ ਵਿੱਚ ਉਹ ਘਰ-ਪਰਿਵਾਰ, ਰਿਸ਼ਤੇ-ਨਾਤੇ ਤੇ ਸਮਾਜ ਨੂੰ ਭੁੱਲ ਹੀ ਨਾ ਜਾਵੇ। ਦੂਜਿਆਂ ਨੂੰ ਦਰੜ ਕੇ, ਲੜਾਈ ਝਗੜੇ ਤੇ ਮਾਰ-ਵੱਢ ਕਰਕੇ ਉਹ ਕਿੰਨੀਆਂ ਵੀ ਪ੍ਰਾਪਤੀਆਂ ਕਰ ਲਏ ਤਾਂ ਇਨ੍ਹਾਂ ਨਾਲ ਉਸ ਨੂੰ ਸੰਤੁਸ਼ਟੀ ਤੇ ਖ਼ੁਸ਼ੀ ਪ੍ਰਾਪਤ ਨਹੀਂ ਹੋ ਸਕਦੀ। ਹਰ ਥਾਂ ਵੈਰ ਸਹੇੜ ਕੇ ਮਨੁੱਖ ਕਿਹੜੀ ਖ਼ੁਸ਼ੀ ਦੀ ਭਾਲ ਕਰ ਰਿਹਾ ਹੈ। ਜੀਵਨ-ਨਿਰਬਾਹ ਲਈ ਮਨੁੱਖ ਨੂੰ ਬਹੁਤ ਸੀਮਤ ਜਿਹੇ ਧਨ ਦੀ ਲੋੜ ਹੁੰਦੀ ਹੈ ਪਰ ਮਨੁੱਖੀ ਲਾਲਚ ਦੀ ਕੋਈ ਸੀਮਾ ਨਹੀਂ ਹੈ। ਸਿਆਣੇ ਕਿਹਾ ਕਰਦੇ ਸਨ ਕਿ ਖਾਣੀਆਂ ਤਾਂ ਦੋ ਰੋਟੀਆਂ ਹੀ ਹਨ। ਜਿਸ ਕੋਲ ਦੌਲਤ ਦੇ ਅੰਬਾਰ ਲੱਗੇ ਹੋਏ ਹਨ, ਉਸ ਦੀ ਵੀ ਏਹੀ ਲੋੜ ਹੈ ਤੇ ਆਮ ਸਾਧਾਰਨ ਵਿਅਕਤੀ ਦੀ ਵੀ ਏਨੀ ਕੁ ਹੀ ਲੋੜ ਹੈ।
ਬੱਸਾਂ, ਰੇਲ-ਗੱਡੀਆਂ ਵਿੱਚ ਸਫ਼ਰ ਕਰਦੇ ਲੋਕ ਸੀਟਾਂ ਪਿੱਛੇ ਹੀ ਲੜ ਪੈਂਦੇ ਹਨ। ਜੇ ਮਨੁੱਖ ਇਹ ਸੋਚ ਲਵੇ ਕਿ ਮੈ ਤਾਂ ਥੋੜ੍ਹੇ ਜਿਹੇ ਸਫ਼ਰ ਬਾਅਦ ਹੀ ਬੱਸ ਵਿੱਚੋਂ ਉਤਰ ਜਾਣਾ ਹੈ, ਇਸ ਲਈ ਲੜਾਈ-ਝਗੜਾ ਕਰਨ ਦੀ ਕੀ ਲੋੜ ਹੈ। ਅਸਲ ਵਿੱਚ ਜਿਹੜੀ ਖ਼ੁਸ਼ੀ ਤੇ ਮਨ ਦਾ ਸਕੂਨ ਦੂਜਿਆਂ ਨੂੰ ਕੁਝ ਦੇ ਕੇ ਪ੍ਰਾਪਤ ਹੁੰਦਾ ਹੈ, ਉਹ ਕਿਸੇ ਨੂੰ ਦੁਖੀ ਕਰਕੇ ਜਾਂ ਖੋਹ ਕੇ ਕਦੇ ਹਾਸਲ ਨਹੀਂ ਕੀਤਾ ਜਾ ਸਕਦਾ। ਬੱਸ ਗੱਡੀ ਚੜ੍ਹਨ ਦੀ ਕਾਹਲ ਵਿੱਚ ਅਕਸਰ ਲੋਕ ਇੱਕ ਦੂਜੇ ਨੂੂੰ ਧੱਕੇ ਮਾਰਦੇ, ਪਛਾੜਦੇ ਇਹ ਭੁੱਲ ਹੀ ਜਾਂਦੇ ਹਨ ਕਿ ਉਨ੍ਹਾਂ ਦਾ ਵੀ ਤਾਂ ਹੱਕ ਹੈ। ਕਿਸੇ ਦਫ਼ਤਰ ਵਿੱਚ ਕਤਾਰਾਂ ਵਿੱਚ ਆਪਣੇ ਕੰਮਾਂ ਲਈ ਖੜ੍ਹੇ ਲੋਕ ਵੀ ਆਪਣੀ ਵਾਰੀ ਦੀ ਉਡੀਕ ਕਰਨ ਦੀ ਥਾਂ ਇੱਕ-ਦੂਜੇ ਨਾਲ ਹੀ ਉਲਝ ਪੈਂਦੇ ਹਨ। ਨਿੱਕੀ ਨਿੱਕੀ ਗੱਲ ’ਤੇ ਹੋ-ਹੱਲਾ ਮਚਾਉਣ ਤੇ ਝਗੜਨ ਵਾਲੇ ਲੋਕ ਇਹ ਭੁੱਲ ਹੀ ਜਾਂਦੇ ਹਨ ਕਿ ਉਹ ਤਾਂ ਇਸ ਧਰਤੀ ਦੇ ਮੁਸਾਫਿਰ ਹਨ। ਮੁਸਾਫਿਰ ਨੇ ਕਦੇ ਸਦਾ ਨਹੀਂ ਰਹਿਣਾ ਹੁੰਦਾ। ਰੋਟੀ ਖਾਣ ਜੋਗੇ ਸਾਧਨ ਹੁੰਦਿਆਂ ਵੀ ਮਨੁੱਖ ਨੂੰ ਕਦੇ ਸਬਰ-ਸੰਤੋਖ ਨਹੀਂ ਆਉਂਦਾ। ਕਿਤੇ ਤਾਂ ਉਸ ਨੂੰ ਇਹ ਲਕੀਰ ਖਿੱਚਣੀ ਹੀ ਪੈਣੀ ਹੈ। ਲਾਲਸਾਵਾਂ ਵਿੱਚ ਫਸ ਕੇ ਮਨੁੱਖ ਆਪ ਹੀ ਦੁੱਖ ਸਹੇੜਦਾ ਹੈ ਤੇ ਜ਼ਿੰਦਗੀ ਦੇ ਪੈਂਡੇ ਨੂੰ ਆਪ ਹੀ ਕੰਡਿਆਂ ਨਾਲ ਭਰ ਦਿੰਦਾ ਹੈ। ਚੰਗੇ ਭਲੇ ਵੱਡੇ ਅਹੁਦਿਆਂ ’ਤੇ ਬੈਠੇ ਲੋਕ ਵੀ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਮਨੋਂ ਬਿਖਰੇ ਹੋਏ ਤੇ ਅਸੰਤੁਸ਼ਟ ਹੀ ਰਹਿੰਦੇ ਹਨ। ਅਕਸਰ ਦੇਖਦੇ ਹਾਂ ਕਿ ਕੁਝ ਲੋਕ ਥੋੜ੍ਹੇ ਜਿਹੇ ਧਨ ਦੀ ਲਾਲਸਾ ਵਿੱਚ ਰਿਸ਼ਵਤ ਲੈਣ ਲਈ ਤਿਆਰ ਹੋ ਜਾਂਦੇ ਹਨ। ਬਾਅਦ ਵਿੱਚ ਭਾਵੇਂ ਵਿਜੇਲੈਂਸ ਦੀਆਂ ਤਰੀਕਾਂ ਹੀ ਭੁਗਤਣੀਆਂ ਪੈਣ।
ਸੜਕਾਂ ਤੇ ਬਾਜ਼ਾਰਾਂ ਵਿੱਚ ਲੋਕ ਏਨੀ ਕਾਹਲ ਵਿੱਚ ਦੌੜੇ ਫਿਰਦੇ ਦੇਖੇ ਜਾ ਸਕਦੇ ਹਨ ਕਿ ਜਿਵੇਂ ਕਿਤੇ ਜਾ ਕੇ ਕੋਈ ਅੱਗ ਬੁਝਾਉਣੀ ਹੋਵੇ। ਆਪਣੀਆਂ ਗੱਡੀਆਂ ਨੂੰ ਅੱਗੇ-ਪਿੱਛੇ ਕਰਨ ਤੋਂ ਹੀ ਕਈ ਬਹੁਤ ਕਾਹਲੇ ਇੱਕ ਦੂਜੇ ਨਾਲ ਝਗੜ ਪੈਂਦੇ ਹਨ। ਕਈ ਵਾਰ ਤਾਂ ਗੱਲ ਏਨੀ ਉਲਝ ਜਾਂਦੀ ਹੈ ਕਿ ਨਿੱਕੀ ਜਿਹੀ ਗੱਲ ਬਦਲੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ। ਕੋਈ ਵੀ ਆਪਣੀ ਗ਼ਲਤੀ ਮੰਨਣ ਤੇ ਝੁਕਣ ਲਈ ਤਿਆਰ ਨਹੀਂ ਹੁੰਦਾ। ਕੁਝ ਲੋਕ ਆਪਣੇ ਤਲਖ ਤੇ ਅੜਬ ਵਤੀਰੇ ਕਾਰਨ ਛੋਟੀ ਜਿਹੀ ਗੱਲ ’ਤੇ ਹੀ ਲੜਾਈ ਸਹੇੜ ਲੈਂਦੇ ਹਨ। ਇੰਜ ਖੂਬਸੂਰਤ ਜ਼ਿੰਦਗੀ ਦੇ ਅਣਮੁੱਲੇ ਪਲ ਨਿਰਾਰਥਕ ਗੱਲਾਂ ਵਿੱਚ ਹੀ ਗੁਆਚ ਜਾਂਦੇ ਹਨ। ਜੇ ਮਨੁੱਖ ਆਪਣੀ ਸਹਿਜ ਜ਼ਿੰਦਗੀ ਜਿਊਣ ਦੇ ਰਾਹ ਤੁਰ ਪਵੇ ਤਾਂ ਇਹ ਜੀਵਨ ਹੋਰ ਵੀ ਸਾਰਥਿਕ ਹੋ ਸਕਦਾ ਹੈ।
ਕਈ ਲੋਕ ਆਪਣੇ ਸੁਭਾਅ, ਗੁੱਸੇ ਤੇ ਅੜੀਅਲ ਵਤੀਰੇ ਕਾਰਨ ਹੀ ਅਦਾਲਤਾਂ ਵਿੱਚ ਤਰੀਕਾਂ ਭੁਗਤਦੇ ‘ਬਿਰਖ’ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਪਰਿਵਾਰਕ ਜੀਵਨ ਵੀ ਤਬਾਹ ਹੋ ਜਾਂਦਾ ਹੈ। ਜੇ ਮਨੁੱਖ ਇਹ ਸੋਚ ਲਏ ਕਿ ਮੈਂ ਤਾਂ ਇਸ ਧਰਤੀ ਉੱਤੇ ਇੱਕ ਮੁਸਾਫਿਰ ਦੀ ਤਰ੍ਹਾਂ ਹਾਂ ਤੇ ਮੁਸਾਫਿਰ ਨੇ ਤਾਂ ਹਮੇਸ਼ਾ ਨਹੀਂ ਰਹਿਣਾ ਹੁੰਦਾ। ਕੋਈ ਧਨ, ਦੌਲਤ, ਵਸਤਾਂ ਕਿਸੇ ਨੂੰ ਖ਼ੁਸ਼ੀ ਨਹੀਂ ਦੇ ਸਕਦੀਆਂ। ਪਿਆਰ, ਮੁਹੱਬਤ ਤੇ ਸਾਂਝ ਹੀ ਜੀਵਨ ਦਾ ਹਾਸਲ ਹਨ। ਕਿਸੇ ਦੁਖਿਆਰੇ ਦੀ ਮਦਦ ਕਰਕੇ ਜਿਹੜਾ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਜੇ ਹਰ ਕੋਈ ਇਨਸਾਨ ਹੋਣ ਦੇ ਅਰਥ ਸਮਝ ਲਏ ਤਾਂ ਇਹ ਜੀਵਨ ਸਾਰਥਿਕ ਹੋ ਜਾਂਦਾ ਹੈ। ਸਾਡੇ ਰਹਿਬਰਾਂ, ਗੁਰੂਆਂ, ਫ਼ਕੀਰਾਂ, ਸੂਫ਼ੀਆਂ ਤੇ ਮਹਾਨ ਚਿੰਤਕਾਂ ਲੇਖਕਾਂ ਨੇ ਵੀ ਇਹ ਸਮਝਾਇਆ ਹੈ ਕਿ ਇਨਸਾਨੀ ਕਦਰਾਂ-ਕੀਮਤਾਂ ਨੂੰ ਅਪਣਾ ਕੇ ਹੀ ਜੀਵਨ ਨੂੰ ਸਚਿਆਰਾ ਬਣਾਇਆ ਜਾ ਸਕਦਾ ਹੈ। ਕਿਸੇ ਪਾਕਿਸਤਾਨੀ ਸ਼ਾਇਰਾ ਦੀ ਕਵਿਤਾ ਦੇ ਇਨ੍ਹਾਂ ਬੋਲਾਂ ਨੂੰ ਜੇ ਮਨਾਂ ਵਿੱਚ ਵਸਾ ਲਈਏ ਤਾਂ ਬੰਦਾ ਕਈ ਝੰਜਟਾਂ ਤੋਂ ਬਚ ਸਕਦਾ ਹੈ:
ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ
ਉਹੀ ਤੂੰ ਲੈਣਾ, ਉਹੀ ਮੈਂ ਲੈਣਾ।
ਸੱਦਾ ਆਇਆ ਤੇ ਬੁੱਕਲਾਂ ਮਾਰ ਤੁਰਨਾ
ਨਾ ਤੂੰ ਰਹਿਣਾ ਨਾ ਮੈਂ ਰਹਿਣਾ।
ਮੇਰੀਆਂ ਤੇਰੀਆਂ ਆਕੜਾਂ ਕਿਸ ਕਾਰੇ
ਤੂੰ ਵੀ ਢੈਅ ਪੈਣਾ, ਮੈਂ ਵੀ ਢੈਅ ਪੈਣਾ।
ਜੋ ਗੁਜ਼ਰੇਗੀ ਜਾਨ ਆਪਣੀ ’ਤੇ
ਉਹੀ ਤੂੰ ਸਹਿਣਾ ਉਹੀ ਮੈਂ ਸਹਿਣਾ।
ਤੇਰਾ ਮੇਰਾ ਮੁਸਾਫਿਰਾ ਕੀ ਝਗੜਾ
ਨਾ ਤੂੰ ਰਹਿਣਾ ਨਾ ਮੈਂ ਰਹਿਣਾ।
ਸੰਪਰਕ: 98153-56086

Advertisement

Advertisement
Author Image

joginder kumar

View all posts

Advertisement