For the best experience, open
https://m.punjabitribuneonline.com
on your mobile browser.
Advertisement

ਇਸ ਰਿਸ਼ਤੇ ਦਾ ਕੀ ਰੱਖੀਏ ਨਾਂ?

06:32 AM Dec 08, 2024 IST
ਇਸ ਰਿਸ਼ਤੇ ਦਾ ਕੀ ਰੱਖੀਏ ਨਾਂ
Advertisement

Advertisement

ਸਵਰਨ ਸਿੰਘ ਭੰਗ

Advertisement

ਪੰਜਾਬੀ ਪ੍ਰਚਾਰ ਸੰਸਥਾ ਲਾਹੌਰ ਦੇ ਪ੍ਰਧਾਨ ਅਹਿਮਦ ਰਜ਼ਾ ਪੰਜਾਬੀ, ਪੰਜਾਬੀ ਲਹਿਰ ਸੰਸਥਾ ਦੇ ਪ੍ਰਧਾਨ ਨਾਸਿਰ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਾਹੌਰ (ਪਾਕਿਸਤਾਨ) ਦੇ ‘ਪੰਜਾਬੀ ਇੰਸਟੀਚਿਊਟ ਆਫ ਲੈਂਗੂਏਜ, ਆਰਟ ਐਂਡ ਕਲਚਰ, ਲਾਹੌਰ’ ਵਿਖੇ 18, 19 ਅਤੇ 20 ਨਵੰਬਰ 2024 ਨੂੰ ‘ਦੂਜੀ ਵਿਸ਼ਵ ਪੰਜਾਬੀ ਕਾਨਫਰੰਸ’ ਕਰਵਾਈ ਗਈ। ਇਸੇ ਸਬੱਬ ਵਸ ਲੱਗੇ ਵੀਜ਼ਿਆਂ ਦੀ ਬਦੌਲਤ, ਪੰਜਾਬ ਤੋਂ ਜਿਹੜਾ ਵਫ਼ਦ ਗਿਆ, ਉਸ ਵਿੱਚ ਮੈਂ ਵੀ ਸਾਂ। ਚਿਰ ਤੋਂ ਉਸ ਧਰਤੀ ਨੂੰ ਵੇਖਣ ਦੀ ਇੱਛਾ ਸੀ। ਮੇਰੀ ਜੀਵਨ ਸਾਥਣ, ਪੰਜਾਬੀ ਫਿਲਮ-ਜਗਤ ਦੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਸਿੰਘ ਰੌਣੀ ਨੂੰ ਇਸ ਕਾਨਫਰੰਸ ਵਿੱਚ ਪਹੁੰਚਣ ਦਾ ਵਿਸ਼ੇਸ਼ ਸੱਦਾ ਸੀ। ਮੇਰੀ ਤਾਂ ਲੱਕੜ ਨਾਲ ਲੋਹੇ ਦੇ ਤਰਨ ਜਿਹੀ ਗੱਲ ਸੀ।
ਪੰਜਾਬੀ ਕਾਨਫਰੰਸ ਦੇ ਆਖ਼ਰੀ ਦਿਨ ਉੱਪਰਲੀਆਂ ਕੁਰਸੀਆਂ ’ਤੇ ਬੈਠਾ ਪ੍ਰੋਗਰਾਮ ਮਾਣ ਰਿਹਾ ਸਾਂ। ਨਾਲ ਦੀ ਕੁਰਸੀ ਜਦੋਂ ਖਾਲੀ ਹੋਈ ਤਾਂ ਹੱਥ ਵਿੱਚ ਮੋਬਾਈਲ ਲੈ ਕੇ ਇੱਕ ਪਿਆਰਾ ਜਿਹਾ ਬਾਲ ਮੇਰੇ ਕੋਲ ਬੈਠ ਗਿਆ ਅਤੇ ਮੇਰੇ ਵੱਲ ਹਸਰਤ ਨਾਲ ਤੱਕਦਾ ਰਿਹਾ। ਉਸ ਨੂੰ, ਉਸ ਵੇਲੇ ਤੱਕ ਇਹ ਪਤਾ ਲੱਗ ਚੁੱਕਾ ਸੀ ਕਿ ਮੇਰਾ ਸ੍ਰੀਮਤੀ ਭੰਗੂ ਅਤੇ ਮਲਕੀਤ ਰੌਣੀ ਨਾਲ ਕੋਈ ਰਿਸ਼ਤਾ ਹੈ। ਮੈਂ ਜਗਿਆਸਾ ਵਜੋਂ ਉਸ ਦੀ ਕਲਾਸ ਪੁੱਛੀ, ਉਸ ਨੇ ਆਪਣੀ ਚੌਥੀ ਕਲਾਸ ਦੱਸੀ। ਉਮਰ ਦਾ ਦਸਵਾਂ ਵਰ੍ਹਾ ਉਸ ਨੇ ਖ਼ੁਦ ਹੀ ਦੱਸ ਦਿੱਤਾ। ‘‘ਤੁਸੀਂ ਮਾਂ ਜੀ ਹੋਰਾਂ ਨਾਲ ਮੇਰੀ ਫੋਟੋ ਬਣਵਾ ਦਿਓਗੇ?’’ ਉਸ ਨੇ ਮੈਨੂੰ ਸਵਾਲ ਕੀਤਾ। ਮੈਂ ਹਾਂ ਵਿੱਚ ਜਵਾਬ ਦਿੱਤਾ। ਮੇਰੀ ਪੱਗ ਵੱਲ ਉਂਗਲ ਕਰਕੇ ਅਤੇ ਆਪਣੇ ਸਿਰ ਵੱਲ ਦੂਸਰੀ ਉਂਗਲ ਘੁਮਾ ਕੇ ਉਸ ਨੇ ਅਗਲਾ ਸਵਾਲ ਕੀਤਾ, ‘‘ਪੱਗ ਬੰਨ੍ਹਣਾ ਸਿਖਾ ਦਿਓਗੇ ਮੈਨੂੰ?’’ ਮੈਂ ਫਿਰ ‘ਹਾਂ’ ਕਿਹਾ।
ਖਾਣੇ ਦੇ ਸਮੇਂ ਮੈਂ ਉਸ ਕੋਲੋਂ ਇਹ ਵਾਅਦਾ ਲੈ ਕੇ ਕਿ ਭੀੜ ਵਿੱਚੋਂ ਉਹ ਆਪਣੇ ਵਾਰਸ ਕੋਲ ਵਾਪਸ ਆ ਜਾਵੇਗਾ, ਉਂਗਲ ਫੜ ਕੇ ਉਸ ਨੂੰ ਖਾਣਾ-ਹਾਲ ਵਿੱਚ ਲੈ ਗਿਆ। ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਅਤੇ ਕਰਮਜੀਤ ਅਨਮੋਲ ਨੇ ਉਸ ਨੂੰ ਕਲਾਵੇ ਵਿੱਚ ਲੈ ਕੇ ਫੋਟੋਆਂ ਖਿਚਵਾਈਆਂ। ਫਿਰ ਉਸ ਨੂੰ ਮੈਂ ਆਪਣੇ ਕਲਾਵੇ ਵਿੱਚ ਲੈ ਕੇ ਫੋਟੋ ਖਿਚਵਾਈ। ਜਦੋਂ ਮੈਂ ਮੁੜ ਖਚਾਖਚ ਭਰੇ ਆਡੀਟੋਰੀਅਮ ਵਿੱਚ ਕੁਰਸੀ ਲੱਭ ਰਿਹਾ ਸਾਂ ਤਾਂ ਪਿੱਛੋਂ ਆ ਕੇ ਉਸ ਨੇ ਮੇਰੀ ਉਂਗਲ ਫੜ ਲਈ। ਸ਼ਾਇਦ ਉਸ ਨੇ ਮੇਰੇ ਲਈ ਹੀ ਸੀਟ ਸੰਭਾਲ ਰੱਖੀ ਸੀ, ਉਹ ਖ਼ੁਦ ਆਪਣੇ ਪਿਓ ਦੀ ਗੋਦ ਵਿੱਚ ਬੈਠ ਗਿਆ। ਉਸ ਦੇ ਪਿਤਾ ਨੇ ਦੱਸਿਆ ਕਿ ਉਹ ਕਿਸੇ ਕਾਲਜ ਵਿੱਚ ਫਿਜ਼ਿਕਸ ਦਾ ਪ੍ਰੋਫੈਸਰ ਹੈ। ਪਤਨੀ ਛੋਟਾ ਪ੍ਰਾਈਵੇਟ ਸਕੂਲ ਚਲਾਉਂਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਚੜ੍ਹਦੇ ਪੰਜਾਬ ਦਾ ‘ਜੱਸੀ’ ਨਾਂ ਉਸ ਨੂੰ ਬਹੁਤ ਪਸੰਦ ਹੈ ਜਿਸ ਕਾਰਨ ਉਸ ਨੇ ਬੇਟੇ ਦਾ ਨਾਂ ਜੱਸੀ ਤੋਂ ‘ਜਾਸਿਮ’ ਰੱਖਿਆ ਹੈ। ਜਦੋਂ ਮੈਂ ਅਗਲੇ ਦਿਨ ਸ੍ਰੀ ਨਨਕਾਣਾ ਸਾਹਿਬ ਜਾਣ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਅਜੀਬ ਜਿਹੀ ਖ਼ੁਸ਼ੀ ਦੌੜਦੀ ਮਹਿਸੂਸ ਹੋਈ। ‘‘ਅਸੀਂ ਉੱਧਰ ਹੀ ਰਹਿੰਦੇ ਹਾਂ, ਤੁਰਨ ਲੱਗਿਆਂ ਫੋਨ ਕਰਨਾ, ਅਸੀਂ ਤੁਹਾਨੂੰ ਅੱਗੇ ਮਿਲਾਂਗੇ।’’
ਅਗਲੇ ਦਿਨ ਸਵੇਰੇ ਹੀ ਪ੍ਰੋ. ਜਮਸ਼ੇਦ (ਬੱਚੇ ਦੇ ਪਿਤਾ) ਦਾ ਫੋਨ ਆਉਂਦਾ ਹੈ। ‘‘ਜ਼ਰੂਰ ਫੋਨ ਕਰਨਾ ਜੀ, ਅਸੀਂ, ਤੁਹਾਨੂੰ ਮਿਲਾਂਗੇ, ਇਹ ਤੁਹਾਨੂੰ ਯਾਦ ਕਰਦਿਆਂ ਸਾਰੀ ਰਾਤ ਨਹੀਂ ਸੁੱਤਾ ਕਿ ਮਾਂ ਜੀ ਹੋਰੀਂ ਫਿਰ ਮਿਲਣਗੇ।’’
ਦੂਸਰੇ ਦਿਨ ਤੈਅ ਹੋਏ ਅਨੁਸਾਰ ਅਸੀਂ ਨਨਕਾਣਾ ਸਾਹਿਬ ਪਹੁੰਚ ਗਏ। ਗੁਰੂਘਰ ਦੇ ਅੰਦਰ ਮੁੱਖ-ਦੁੁਆਰ ’ਤੇ ਸਿਰਾਂ ’ਤੇ ਰੁਮਾਲ ਬੰਨ੍ਹੀਂ ਸਾਰਾ ਪਰਿਵਾਰ ਸਾਡਾ ਇੰਤਜ਼ਾਰ ਕਰ ਰਿਹਾ ਸੀ, ਅਸੀਂ ਉਨ੍ਹਾਂ ਨੂੰ ਬਗਲਗੀਰ ਹੋਏ। ਨਿੱਕੇ ਬਾਲ ਦੇ ਚਿਹਰੇ ’ਤੇ ਨੂਰ ਦਸਤਕ ਦੇ ਰਿਹਾ ਸੀ। ਉਹ ਮੇਰੀ ਅਤੇ ਮੈਡਮ ਭੰਗੂ ਦੀ ਉਂਗਲ ਫੜ ਕੇ ਸਾਡੇ ਨਾਲ ਨਾਲ ਰਿਹਾ। ਪ੍ਰੋ. ਸਾਹਿਬ ਮੇਰਾ ਕੈਮਰਾ ਲੈ ਕੇ ਸਾਡੀਆਂ ਫੋਟੋਆਂ ਖਿੱਚਣ ਲੱਗੇ। ਪੂਰੇ ਪਰਿਵਾਰ ਨੇ ਸਾਡੇ ਨਾਲ ਬੈਠ ਕੇ ਲੰਗਰ ਛਕਿਆ।
ਵਾਪਸੀ ’ਤੇ ਪ੍ਰੋ. ਸਾਹਿਬ ਦੇ ਪਿਤਾ ਓਸੈਦ ਰਜ਼ਾ ਅਤੇ ਪਰਿਵਾਰ ਨੇ ਤੋਹਫੇ ਵਜੋਂ ਮੇਰੇ ਲਈ ਸ਼ਾਲ ਅਤੇ ਗੁਰਪ੍ਰੀਤ ਭੰਗੂ ਲਈ ਸੂਟ ਭੇਟ ਕੀਤਾ। ਅਸੀਂ ਉੱਥੋਂ ਵਿਦਾਈ ਲੈ ਕੇ ਚੱਲ ਪਏ। ਦੂਰ ਖੜ੍ਹਾ ਇਹ ਮਾਨਵੀ-ਰਿਸ਼ਤਾ ਅਤੇ ਅਸੀਂ ਸੇਜਲ ਅੱਖਾਂ ਨਾਲ ਇੱਕ ਦੂਜੇ ਨੂੰ ਮੁੜ ਨਿਹਾਰਦਿਆਂ ‘ਬਾਏ ਬਾਏ’ ਕੀਤੀ। ਫਿਲਮੀ ਚਿਹਰਿਆਂ ਕਰਕੇ ਬਾਜ਼ਾਰ ਦੀ ਬਜਾਏ ਪੁਲੀਸ ਪਾਰਟੀ ਸਾਨੂੰ ਲਾਹੌਰ ਵੱਲ ਲੈ ਕੇ ਮੁੜ ਗਈ। ਨਨਕਾਣਾ ਸਾਹਿਬ ਦੀ ਦੂਰੀ ਦਰਸਾਉਂਦੇ ਬੋਰਡਾਂ ਦੀਆਂ ਜ਼ਰੂਰੀ ਤਸਵੀਰਾਂ ਲੈਣ ਲਈ ਕਰਮਜੀਤ ਅਨਮੋਲ ਨੇ ਪੁਲੀਸ ਪਾਰਟੀ ਨੂੰ ਇੱਕ ਥਾਵੇਂ ਰੋਕ ਲਿਆ। ਨਾਲ ਹੀ ਪਿੱਛੇ ਆ ਰਹੇ ਇਸ ਪਰਿਵਾਰ ਦੀ ਕਾਰ ਰੁਕੀ। ਇਹ ਕਹਿੰਦਿਆਂ, ‘‘ਬੇਗ਼ਮ ਆਮੀਨਾ, ਮਾਂ ਜੀ ਨੂੰ ਵਿਦਾਈ-ਬੋਲ ਨਹੀਂ ਸੀ ਕਹਿ ਸਕੀ।’’ ਫਿਰ ਬੇਗ਼ਮ ਅਤੇ ਮੈਡਮ ਬਗਲਗੀਰ ਹੋਈਆਂ। ਮੁੜ ਮਿਲਣ ਅਤੇ ਯਾਦ ਰੱਖਣ ਦੇ ਵਾਅਦੇ ਕੀਤੇ ਗਏ।
ਪਰਤਦਿਆਂ ਮੈਂ ਆਲੇ-ਦੁਆਲੇ ਦੇ ਖੇਤਾਂ, ਕਾਮਿਆਂ, ਰਾਹਗੀਰਾਂ, ਰੁੱਖਾਂ, ਪੰਛੀਆਂ ਨੂੰ ਨਿਹਾਰਦਾ ਰਿਹਾ। ਬੋਲੀ ਸਮੇਤ ਸਭ ਕੁਝ ਸਾਡੇ ਵਾਂਗ ਹੀ ਤਾਂ ਹੈ। ਮੇਰੇ ਜ਼ਿਹਨ ਵਿੱਚ 1947 ਉੱਭਰਦਾ ਹੈ... ਮਾਰ ਧਾੜ ਉੱਭਰਦੀ ਹੈ... ਸਦੀਆਂ ਨੂੰ ਸਰਾਪ ਦੇਣ ਵਾਲੇ ਖ਼ਲਨਾਇਕ ਉੱਭਰਦੇ ਹਨ। ਇਨ੍ਹਾਂ ਸੋਚਾਂ ਦੀ ਲੜੀ ਉਦੋਂ ਹੀ ਟੁੱਟਦੀ ਹੈ, ਜਦੋਂ ਅਸੀਂ ਆਪਣੇ ਰਿਹਾਇਸ਼ੀ ਹੋਟਲ ਕੋਲ ਪਹੁੰਚ ਜਾਂਦੇ ਹਾਂ।
ਸੰਪਰਕ: 94174-69290

Advertisement
Author Image

Advertisement