ਜਦੋਂ ਪ੍ਰੀਖਿਆਵਾਂ ਨਹੀਂ ਹੋਈਆਂ ਤਾਂ ਫੀਸ ਕਾਹਦੀ !
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 27 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਕਰੋਨਾ ਕਾਰਨ ਮਾਰਚ-2020 ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂਂ ਪ੍ਰੀਖਿਆਵਾਂ ਦੇ 80 ਫ਼ੀਸਦੀ ਤੋਂ ਵਧੇਰੇ ਪੇਪਰ ਨਹੀਂ ਲਏ ਜਾ ਸਕੇ ਅਤੇ ਪੰਜਾਬ ਬੋਰਡ ਵੱਲੋਂ ਵਿਦਿਆਰਥੀਆਂ ਦੇ ਪਿਛਲੇ ਰਿਕਾਰਡ ਅਨੁਸਾਰ ਹੀ ਸਾਲਾਨਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਬਲਕਾਰ ਵਲਟੋਹਾ ਤੇ ਹੋਰਨਾਂ ਨੇ ਪੰਜਾਬ ਬੋਰਡ ਵੱਲੋਂ ਮੈਟ੍ਰਿਕ ਅਤੇ 10 2 ਜਮਾਤਾਂ ਦੇ ਲੋੜ ਅਨੁਸਾਰ ਪੇਪਰ ਛਪਵਾ ਕੇ ਜ਼ਿਲ੍ਹਿਆਂ ਵਿੱਚ ਭੇਜਣ ਤੋਂ ਬਨਿਾਂ ਹੋਰ ਬਹੁਤ ਸਾਰੇ ਖਰਚੇ ਜਿਵੇਂ ਲੱਖਾਂ ਦੀ ਗਿਣਤੀ ਵਿੱਚ ਉੱਤਰ ਪੱਤਰੀਆਂ ਦੀ ਵਰਤੋਂ ਨਾ ਹੋਣਾ, ਪ੍ਰੀਖਿਆਵਾਂ ਦੇ ਸੰਚਾਲਨ ਲਈ ਨਿਗਰਾਨ ਅਮਲੇ ਨੂੰ ਬਣਦੀ ਅਦਾਇਗੀ ਕਰਨਾ, ਕੇਂਦਰ ਦੇ ਸੰਚਾਲਨ ਲਈ ਆਉਣ ਵਾਲੇ ਕੰਟਨਜੈਂਸੀ ਖ਼ਰਚਿਆਂ ਦੀ ਬੱਚਤ, ਪੇਪਰਾਂ ਦੀ ਮਾਰਕਿੰਗ ਕਰਨ ਵਾਲੇ ਉਪ ਪ੍ਰੀਖਿਅਕਾਂ, ਮੁੱਖ ਪ੍ਰੀਖਿਅਕਾਂ ਅਤੇ ਮਾਰਕਿੰਗ ਕੇਂਦਰਾਂ ’ਤੇ ਆਉਣ ਵਾਲੇ ਬਹੁਤ ਸਾਰੇ ਖਰਚੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਚ ਗਏ ਹਨ। ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਕਾਰਨ ਆਰਥਿਕ ਤੌਰ ’ਤੇ ਨਪੀੜੇ ਜਾ ਰਹੇ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਰਾਹਤ ਦਿੰਦੇ ਹੋਏ ਮੈਟ੍ਰਿਕ ਪ੍ਰੀਖਿਆ ਲਈ ਗਈ ਪ੍ਰੀਖਿਆ ਫੀਸ ਅਤੇ ਪ੍ਰਯੋਗੀ ਪ੍ਰੀਖਿਆ ਵਾਸਤੇ ਲਈ ਗਈ ਫੀਸ ਵਿੱਚੋਂ 20 ਫੀਸਦੀ ਅਤੇ 10 2 ਜਮਾਤ ਦੀ ਪ੍ਰੀਖਿਆ ਫੀਸ ਅਤੇ ਪ੍ਰਯੋਗੀ ਪ੍ਰੀਖਿਆ ਫੀਸਾਂ ਵਿੱਚੋਂ 35 ਫੀਸਦੀ ਦੀ ਕਟੌਤੀ ਕਰਕੇ ਬਾਕੀ ਬਚਦੀ ਫੀਸ ਤੁਰੰਤ ਸਬੰਧਤ ਵਿਦਿਆਰਥੀਆਂ ਨੂੰ ਵਾਪਸ ਕਰਨੀ ਯਕੀਨੀ ਬਣਾਈ ਜਾਵੇ।