ਨਾਵਾਂ ’ਚ ਕੀ ਰੱਖਿਐ
ਜਤਿੰਦਰ ਪਨੂੰ
ਥੋੜ੍ਹੇ ਦਿਨਾਂ ਨੂੰ ਭਾਰਤ ਦੀ ਸੰਸਦ ਦਾ ਵਿਸ਼ੇਸ਼ ਇਜਲਾਸ ਹੋਣ ਵਾਲਾ ਹੈ, ਜਿਸ ਵਿੱਚ ਇਸ ਦੇਸ਼ ਦਾ ਨਾਂ ਇੱਕ ਮੁੱਦੇ ਵਜੋਂ ਪੇਸ਼ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ‘ਭਾਰਤ’ ਨਾਂ ਤਾਂ ਠੀਕ ਹੈ, ਪਰ ਅੰਗਰੇਜ਼ੀ ਰੂਪ ‘ਇੰਡੀਆ’ ਨੂੰ ਭਾਰਤੀ ਸੰਵਿਧਾਨ ਤੋਂ ਕੱਟਿਆ ਜਾ ਸਕਦਾ ਹੈ। ਭਾਰਤ ਦੇ ਸੰਵਿਧਾਨ ਦੀ ਅੰਗਰੇਜ਼ੀ ਕਾਪੀ ਵਿੱਚ ਦੇਸ਼ ਬਾਰੇ ਜਿੱਥੇ ‘ਵੀ ਦਿ ਪੀਪਲ ਆਫ ਇੰਡੀਆ’ ਲਿਖਿਆ ਹੈ, ਉਸ ਨੂੰ ਸੰਵਿਧਾਨ ਵਿੱਚੋਂ ਕੱਟਣ ਦੀ ਗੱਲ ਕਰਦੇ ਲੋਕਾਂ ਕੋਲ ਇਸ ਤਬਦੀਲੀ ਵਾਲਾ ਏਜੰਡਾ ਆਉਣ ਦੀ ਕਿੰਨੀ ਕੁ ਪੱਕੀ ਸੂਚਨਾ ਹੈ, ਮੈਂ ਇਸ ਬਾਰੇ ਨਹੀਂ ਜਾਣ ਸਕਦਾ ਅਤੇ ਮੌਜੂਦਾ ਸਰਕਾਰ ਤੋਂ ਬਿਨਾਂ ਸ਼ਾਇਦ ਕੋਈ ਵੀ ਨਹੀਂ ਜਾਣਦਾ ਹੋਣਾ।
ਅਜਿਹੀ ਤਬਦੀਲੀ ਕਰਨ ਬਾਰੇ ਸੋਚਣ ਦਾ ਕਾਰਨ ਤਾਂ ਸਾਰੇ ਲੋਕਾਂ ਨੂੰ ਹੀ ਪਤਾ ਹੈ ਕਿ ਰਾਜਸੀ ਸਥਿਤੀਆਂ ਵਿੱਚੋਂ ਪੈਦਾ ਹੋਇਆ ਹੈ, ਵਰਨਾ ਇੱਕ ਹਫ਼ਤਾ ਪਹਿਲਾਂ ਜਦੋਂ ਚੰਦਰਯਾਨ ਚੰਦ ’ਤੇ ਪਹੁੰਚਿਆ ਅਤੇ ਫਿਰ ਸੂਰਜ ਵੱਲ ਇੱਕ ਹੋਰ ਯਾਨ ਜਾਂਦਾ ਵਿਖਾਇਆ ਗਿਆ ਸੀ, ਓਦੋਂ ਤੱਕ ਏਡਾ ਵੱਡਾ ਮਾਅਰਕਾ ਮਾਰਨ ਵਾਲੀ ਦੇਸ਼ ਦੀ ਪੁਲਾੜ ਖੋਜ ਸੰਸਥਾ ਇਸਰੋ ਦੇ ਨਾਂ ਵਿੱਚ ‘ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ’ ਲਿਖਿਆ ਕਿਸ ਨੂੰ ਗ਼ਲਤ ਨਹੀਂ ਜਾਪਦਾ। ਇਕਦਮ ਇੱਕ ਰਾਜਸੀ ਧਿਰ ਦੇ ਕਿਸੇ ਐਲਾਨ ਤੋਂ ਉਬਾਲਾ ਪਾ ਕੇ ਇਸ ਦੇਸ਼ ਦਾ ਨਾਂ ਬਦਲਣ ਵਾਲਿਆਂ ਨੂੰ ਇਸ ਸੁਧਾਈ ਕਰਨ ਨਾਲ ਦੁਨੀਆ ਭਰ ਨਾਲ ਜੁੜਦੇ ਤਾਲਮੇਲ ਦੀਆਂ ਤਾਰਾਂ ਉੱਤੇ ਪੈਂਦੇ ਅਸਰਾਂ ਦਾ ਪਤਾ ਨਹੀਂ ਜਾਂ ਉਹ ਜਾਣਬੁੱਝ ਕੇ ਉਨ੍ਹਾਂ ਬਾਰੇ ਸੋਚਣਾ ਨਹੀਂ ਚਾਹੁੰਦੇ। ਅਜੋਕੀ ਪ੍ਰਮੁੱਖ ਲੋੜ ਇੰਟਰਨੈੱਟ ਦੀ ਸਾਂਝ ਬਾਰੇ ਸੰਸਾਰ ਪੱਧਰ ਦੇ ਪ੍ਰਬੰਧ, ਟਾਪ ਲੈਵਲ ਡੋਮੋਨ ਵਿੱਚ ਭਾਰਤ ਦੇਸ਼ ਦਾ ਨਾਂ ‘in’ ਦੇ ਕੋਡ ਨਾਲ ਰਜਿਸਟਰਡ ਹੈ, ਉਸ ਨੂੰ ਵੀ ਬਦਲਣਾ ਪੈਣਾ ਹੈ, ਬਾਕੀ ਸਭ ਕੁਝ ਤਾਂ ਇਹ ਮਰਜ਼ੀ ਮੁਤਾਬਕ ਕਰ ਲੈਣਗੇ। ਸੰਸਾਰ ਦਾ ਇੱਕ ਮਹਾਂਸਾਗਰ ਸਾਡੀ ਨਜ਼ਰ ਵਿੱਚ ਭਾਵੇਂ ਹਿੰਦ ਮਹਾਂਸਾਗਰ ਹੈ, ਬਾਕੀ ਸਮੁੱਚੇ ਸੰਸਾਰ ਦੀ ਨਜ਼ਰ ਵਿੱਚ ਉਹ ‘ਇੰਡੀਅਨ ਓਸ਼ਨ’ ਹੈ ਅਤੇ ਇਹੀ ਰਹਿਣਾ ਹੈ। ਭਾਰਤ ਦੀ ਲੋੜ ਲਈ ਉਹ ਨਾਂ ਨਹੀਂ ਬਦਲ ਜਾਣਾ। ਜਿਸ ਸਿੰਧ ਦਰਿਆ ਨੂੰ ਅਸੀਂ ਪਵਿੱਤਰ ਮੰਨਦੇ ਤੇ ਕਦੇ-ਕਦਾਈਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਵੱਡੇ ਆਗੂ ਦੀ ਅਗਵਾਈ ਹੇਠ ‘ਸਿੰਧੂ ਦਰਸ਼ਨ’ ਲਈ ਓਧਰ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹਾਂ, ਉਸ ਦਾ ਨਾਂ ਵੀ ਦੁਨੀਆ ਭਰ ਵਿੱਚ ਅਠਾਈ ਸੌ ਸਾਲ ਪਹਿਲਾਂ ਤੋਂ ‘ਇੰਡਸ ਰਿਵਰ’ ਚੱਲਦਾ ਆ ਰਿਹਾ ਹੈ, ਉਹ ਅੱਜ ਭਾਰਤ ਦੀ ਸੰਸਦ ਦੇ ਕਿਸੇ ਫੈਸਲੇ ਨਾਲ ਨਹੀਂ ਬਦਲ ਜਾਣਾ। ਸਿੰਧ ਦਰਿਆ ਤੋਂ ਪਾਰਲੇ ਲੋਕ ਇਸ ਨੂੰ ਕਈ ਸਦੀਆਂ ਤੋਂ ‘ਹਿੰਦ’ ਬੋਲਦੇ ਆਏ ਸਨ ਅਤੇ ਉਨ੍ਹਾਂ ਦੇ ‘ਹਿੰਦ’ ਨੂੰ ਉਸ ਤੋਂ ਪਰੇ ਮੱਧ-ਏਸ਼ੀਆ ਅਤੇ ਯੂਰਪ ਵਾਲੇ ‘ਇੰਡਸ’ ਬੋਲਦੇ ਸਨ।
ਬਹੁਤ ਸਾਰੇ ਦੇਸ਼ਾਂ ਦੇ ਨਾਂ ਉਨ੍ਹਾਂ ਦੀ ਆਪਣੀ ਬੋਲੀ ਵਿੱਚ ਵੀ ਨਹੀਂ ਤੇ ਆਪਣੇ ਦੇਸ਼ ਦੀ ਕਿਸੇ ਸ਼ਖ਼ਸੀਅਤ ਦੇ ਨਾਂ ਉੱਤੇ ਵੀ ਨਹੀਂ, ਪਰ ਉਹ ਲੋਕ ਕਦੀ ਇਹੋ ਜਿਹੇ ਨਾਂ ਬਾਰੇ ਕੋਈ ਵਿਵਾਦ ਖੜ੍ਹਾ ਨਹੀਂ ਕਰਦੇ, ਪਰ ਭਾਰਤ ਵਿੱਚ ਕੁਝ ਵੀ ਹੋ ਸਕਦਾ ਹੈ। ਪ੍ਰਸਿੱਧ ਦੇਸ਼ ਅਰਜਨਟਾਈਨਾ ਦਾ ਨਾਂ ਉਸ ਦੇਸ਼ ਦਾ ਆਪਣਾ ਨਹੀਂ। ਇਟਲੀ ਦੇ ਮੁਹਿੰਮਬਾਜ਼ ਸੈਬੈਸਟੀਅਨ ਕੈਬਿਟ ਨੇ 1526 ਅਤੇ 1529 ਦੀਆਂ ਮੁੰਹਿਮਾਂ ਵੇਲੇ ਪਹਿਲੀ ਵਾਰ ਸ਼ਬਦ ‘ਅਰਜਨਟੀਨਾ’ ਵਰਤਿਆ ਸੀ, ਜਿਸ ਦਾ ਅਰਥ ਉਸ ਦੀ ਭਾਸ਼ਾ ਵਿੱਚ ‘ਚਾਂਦੀ ਵਰਗਾ’ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਇਸ ਦੇਸ਼ ਲਈ ‘ਰਿਉ ਡੀ ਲਾ ਪਲਾਟਾ’ ਨਾਂ ਪਤਾ ਨਹੀਂ ਕਦੋਂ ਤੋਂ ਚੱਲਦਾ ਸੀ। ਫਿਰ 1536 ਅਤੇ 1554 ਦੇ ਕੁਝ ਸਮੁੰਦਰੀ ਨਕਸ਼ਿਆਂ ਵਿੱਚ ‘ਅਰਜਨਟੀਨਾ’ ਦਾ ਜ਼ਿਕਰ ਆਇਆ ਅਤੇ ਪੁਰਤਗਾਲ ਦੇ ਵਿਦਵਾਨ ਲੋਪੋ ਹੋਮੇਮ ਨੇ ਇਸ ਦੇਸ਼ ਲਈ ‘ਟੈਰਾ ਐਰਜੈਂਟੀਆ’ ਸ਼ਬਦ ਵਰਤਿਆ ਸੀ। ਜਦੋਂ ਇਸ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਜਿਹੜਾ ਨਵਾਂ ਨਾਂ ਉਸ ਬੋਲੀ ਵਿੱਚ ਰੱਖਿਆ ਸੀ, ਉਸ ਦਾ ਅਰਥ ‘ਦੱਖਣੀ ਅਮਰੀਕਾ ਦਾ ਸਾਂਝਾ ਪ੍ਰਾਂਤ’ (ਯੂਨਾਈਟਿਡ ਸਟੇਟਸ ਆਫ ਸਾਊਥ ਅਮਰੀਕਾ) ਸੀ, ਪਰ ਉੱਚ ਵਰਗ ਦੇ ਲੋਕਾਂ ਵਿੱਚ ਅਰਜਨਟੀਨਾ ਹੀ ਚੱਲਦਾ ਰਿਹਾ। 1826 ਵਿੱਚ ਦੇਸ਼ ਦੇ ਸੰਵਿਧਾਨ ਲਈ ਕਾਂਸਟੀਚਿਊਸ਼ਨ ਡੀ ਲਾ ਰਿਪਬਲੀਕਾ ਅਰਜਨਟੀਨਾ (ਭਾਵ: ਅਰਜਨਟੀਨਾ ਗਣਰਾਜ ਦਾ ਸੰਵਿਧਾਨ) ਬਣਨ ਵੇਲੇ ਇਹ ਨਾਂ ਸਰਕਾਰੀ ਤੌਰ ਉੱਤੇ ਪ੍ਰਵਾਨ ਹੋਇਆ ਸੀ।
ਜਦੋਂ ਆਸਟਰੇਲੀਆ ਦੀ ਖੋਜ ਹੋਈ ਸੀ ਤਾਂ ਇਸ ਦਾ ਪਹਿਲਾ ਨਾਂ ਨੀਦਰਲੈਂਡਜ਼ ਵੱਲੋਂ ਆਏ ਖੋਜੀ ਏਬਲ ਤਸਮਾਨ ਨੇ ‘ਨਿਊ ਹਾਲੈਂਡ’ ਰੱਖਿਆ ਸੀ, ਫਿਰ ਇਟਲੀ ਦੇ ਕਾਨੂੰਨਦਾਨ ਮਾਰਕੁਸ ਤੁਲੀਅਸ ਸਿਸੇਰੋ ਨੇ ‘ਸਿੰਗੁਲਸ ਆਸਟਰੇਲੀਸ’ ਰੱਖ ਲਿਆ ਅਤੇ ਬੈਲਜੀਅਮ ਦੇ ਖੋਜੀ ਫਰਾਂਸਿਸਕਸ ਮੋਨਾਚੱਸ ਨੇ ‘ਆਸਟਰੇਲੀਸ ਓਰ’ ਰੱਖਿਆ ਸੀ। ਪਿੱਛੋਂ ਸਾਲ 1817 ਵਿੱਚ ਇਸ ਦਾ ਨਾਂ ਸਰਕਾਰੀ ਰਿਕਾਰਡ ਵਿੱਚ ਚੱਲਦੇ ਆਏ ‘ਨਿਊ ਹਾਲੈਂਡ’ ਕੱਟ ਕੇ ‘ਆਸਟਰੇਲੀਆ’ ਕੀਤਾ ਸੀ। ਉਸ ਦੇ ਨਾਲ ਲੱਗਦੇ ਅਤੇ ਲੰਮਾ ਸਮਾਂ ਆਸਟਰੇਲੀਆ ਦਾ ਹਿੱਸਾ ਬਣੇ ਰਹੇ ‘ਨਿਊ ਜ਼ੀਲੈਂਡ’ ਦਾ ਨਾਂ ਵੀ ਆਪਣਾ ਨਹੀਂ, ਮੂਲ ਨਾਂ ਤਾਂ ਉਨ੍ਹਾਂ ਦਾ ਮਾਉਰੀ ਬੋਲੀ ਵਿੱਚ ‘ਆਉਤਿਆਰੋਆ’ ਸੀ। ਜਦੋਂ ਯੂਰਪੀਨ ਲੋਕ ਆਏ ਤਾਂ ਜੰਗਾਂ ਵਿੱਚ ਉਨ੍ਹਾਂ ਨੂੰ ਮਧੋਲ ਕੇ ਨਵਾਂ ਨਾਂ ਰੱਖ ਲਿਆ ਸੀ, ਜਿਸ ਦਾ ਮੂਲ ਡੈਨਮਾਰਕ ਨੇੜੇ ਸਮੁੰਦਰ ਵਿਚਲੇ ਇੱਕ ਟਾਪੂ ਦੇ ਨਾਂ ‘ਸਜ਼ੀਲੈਂਡ, ਜਿਸ ਨੂੰ ਸਥਾਨਕ ਬੋਲੀ ਵਿੱਚ ਸਿਰਫ਼ ‘ਜ਼ੀਲੈਂਡ’ ਕਿਹਾ ਜਾਂਦਾ ਸੀ, ਨਾਲ ‘ਨਿਊ’ ਜੋੜ ਕੇ ‘ਨਿਊ ਜ਼ੀਲੈਂਡ’ ਬਣਿਆ ਹੈ। ਦੁਨੀਆ ਭਰ ਵਿੱਚ ਜਿਸ ਦੇਸ਼ ਜਾਂ ਸ਼ਹਿਰ ਦਾ ਏਦਾ ਦਾ ਨਾਂ ਰੱਖਿਆ ਅਤੇ ਉਸ ਨਾਲ ‘ਨਿਊ’ ਜੋੜਿਆ ਗਿਆ। ਹਰ ਥਾਂ ਵੱਖਰਾ ਕਰ ਕੇ ‘ਨਿਊ’ ਲਿਖਣ ਦਾ ਰਿਵਾਜ ਹੈ, ਪਰ ਭਾਰਤੀ ਭਾਸ਼ਾਵਾਂ ਵਿੱਚ ‘ਨਿਊਯਾਰਕ, ਨਿਊਜਰਸੀ, ਨਿਊਜ਼ੀਲੈਂਡ’ ਆਦਿ ਸਾਰੇ ਜੋੜ ਕੇ ਗ਼ਲਤ ਲਿਖਣ ਦੀ ਪਿਰਤ ਪੈ ਚੁੱਕੀ ਹੈ। ਆਸਟਰੀਆ ਦਾ ਨਾਂ ਵੀ ਜਰਮਨ ਬੋਲੀ ਦਾ ਦੱਸਿਆ ਜਾਂਦਾ ਹੈ, ਜਿੱਥੇ ‘ਆਸਟਰੀਚੀ’ ਦਾ ਅਰਥ ‘ਪੂਰਬੀ ਖੇਤਰ’ ਹਨ। ਇਸ ਦੇਸ਼ ਲਈ ਇਹ ਨਾਂ ਬਾਰ੍ਹਵੀਂ ਸਦੀ ਵਿੱਚ ਪਹਿਲੀ ਵਾਰੀ ਵਰਤਿਆ ਗਿਆ ਸੀ। ਉੱਨੀਵੀਂ ਸਦੀ ਵਿੱਚ ਇਸ ਦੇ ਦੋ ਨਾਂ ‘ਆਸਟਰੀਚ’ ਅਤੇ ‘ਆਸਟਰੀਆ’ ਚੱਲਣ ਲੱਗ ਪਏ ਅਤੇ ਫਿਰ 1955 ਵਿੱਚ ਸਰਕਾਰੀ ਤੌਰ ਉੱਤੇ ਇਸ ਦੇਸ਼ ਦਾ ਨਾਂ ‘ਰਿਪਬਲਿਕ ਆਫ ਆਸਟਰੀਆ’ ਪ੍ਰਵਾਨ ਕੀਤਾ ਗਿਆ ਸੀ।
ਪੁਰਾਤਨ ਸੱਭਿਅਤਾ ਵਾਲੇ ਦੇਸ਼ ਮਿਸਰ ਦਾ ਅੰਗਰੇਜ਼ੀ ਵਿੱਚ ਪ੍ਰਚੱਲਿਤ ਨਾਂ ‘ਇਜਿਪਟ’ ਉਨ੍ਹਾਂ ਦਾ ਆਪਣਾ ਨਹੀਂ, ਸਗੋਂ ਯੂਨਾਨ ਦੇ ਇੱਕ ਸ਼ਬਦ ‘ਇਜਿਪਟੋ’ ਤੋਂ ਏਧਰ ਤੱਕ ਦਾ ਸਫ਼ਰ ਕਰਦਾ ‘ਇਜਿਪਟੀ’ ਅਤੇ ‘ਇਜਿਪਟਸ’ ਤੋਂ ਹੁੰਦਾ ਅਜੋਕੇ ‘ਇਜਿਪਟ’ ਤੱਕ ਪੁੱਜਾ। ਇਸ ਦੇ ਬਰਾਬਰ ਭਾਰਤ ਵਿੱਚ ਵਰਤਿਆ ਜਾਂਦਾ ਸ਼ਬਦ ‘ਮਿਸਰ’ ਅਸਲ ਵਿੱਚ ਅਰਬੀ ਵਿਚਲੇ ਇਸਲਾਮਿਕ ਸਾਹਿਤ ਤੇ ਹਬਿਰੂ ਭਾਸ਼ਾ ਦੇ ਯਹੂਦੀ ਸਾਹਿਤ ਤੋਂ ਮਿਲਿਆ ਸੀ। ਮਿਸਰ ਜਾਂ ਇਜਿਪਟ ਦਾ ਆਪਣਾ ਕਹਿ ਸਕਣ ਵਾਲਾ ਇਸ ਵਿੱਚ ਕੁਝ ਵੀ ਨਹੀਂ, ਪਰ ਉਨ੍ਹਾਂ ਲੋਕਾਂ ਨੂੰ ਕੋਈ ਇਤਰਾਜ਼ ਨਹੀਂ। ਕੈਰੀਬੀਅਨ ਸਮੁੰਦਰ ਵਿੱਚ ਛੋਟਾ ਜਿਹਾ ਦੇਸ਼ ਗਰੇਨਾਡਾ ਹੈ, ਇਸ ਦਾ ਨਾਂ ਵੀ ਇਸ ਦਾ ਆਪਣਾ ਨਹੀਂ। ਇਹ ਸਪੇਨ ਤੋਂ ਆਏ ਜਹਾਜ਼ੀਆਂ ਨੇ ਰੱਖਿਆ ਸੀ। ਅਸਲ ਵਿੱਚ ਉਨ੍ਹਾਂ ਦੇ ਆਪਣੇ ਦੇਸ਼ ਸਪੇਨ ਵਿੱਚ ਖੁਦਮੁਖ਼ਿਤਾਰ ਖੇਤਰ ਅੰਦਾਲੂਜ਼ੀਆ ਵਿਚਲੇ ਇੱਕ ਪ੍ਰਾਂਤ ਦਾ ਨਾਂ ‘ਗਰੇਨਾਡਾ’ ਹੈ। ਉਨ੍ਹਾਂ ਜਹਾਜ਼ੀਆਂ ਵਿੱਚੋਂ ਕੋਈ ਉੱਥੋਂ ਆਇਆ ਹੋਵੇਗਾ ਅਤੇ ਇੱਥੇ ਉਹੋ ਜਿਹੀ ਧਰਤੀ ਤੇ ਕੁਦਰਤੀ ਵਾਤਾਵਰਨ ਵੇਖ ਕੇ ਗਰੇਨਾਡਾ ਦਾ ਨਾਂ ਰੱਖ ਦਿੱਤਾ ਹੋਵੇਗਾ, ਪਰ ਇਸ ਦੇਸ਼ ਦੇ ਲੋਕਾਂ ਨੂੰ ਕਦੇ ਇਸ ਨਾਂ ’ਤੇ ਕੋਈ ਇਤਰਾਜ਼ ਹੋਇਆ ਚਰਚਾ ਵਿੱਚ ਨਹੀਂ ਆਇਆ।
ਰੂਸ ਵਰਗੇ ਮਹਾਂਸ਼ਕਤੀ ਹੋਣ ਦਾ ਦਾਅਵਾ ਕਰਦੇ ਦੇਸ਼ ਦਾ ਨਾਂ ਵੀ ਆਪਣਾ ਨਹੀਂ, ਬਲਕਿ ਕਿਸੇ ਹੋਰ ਕੋਲੋਂ ਮੰਗਵਾਂ ਲਿਆ ਹੈ। ਇਹ ਨਾਂ ਪਹਿਲੀ ਵਾਰੀ ਇੱਕ ਕਬੀਲੇ ਦੇ ਰਿਕਾਰਡ ਵਿੱਚ ਨੌਵੀਂ ਸਦੀ ਵਿੱਚ ਮਿਲਦਾ ਹੈ ਤੇ ਉੱਥੇ ਇਸ ਦਾ ਨਾਂ ‘ਕੇਵੀਅਨ ਰੂਸ’ ਵਜੋਂ ਲਿਖਿਆ ਦੱਸਦੇ ਹਨ, ਜਿਸ ਬਾਰੇ ਕਹਿੰਦੇ ਹਨ ਕਿ ਇਸ ਦਾ ਅਰਥ ਸ਼ਾਇਦ ‘ਕਤਾਰਬੱਧ ਵਿਅਕਤੀ’ ਨਿਕਲਦਾ ਹੈ। ਜਿਸ ਕਬੀਲੇ ਦੇ ਰਿਕਾਰਡ ਵਿੱਚ ਇਹ ਨਾਂ ਪਹਿਲੀ ਵਾਰੀ ਦਰਜ ਮਿਲਦਾ ਹੈ, ਉਹ ਪਿੱਛੋਂ ਜਰਮਨੀ, ਗਰੀਸ, ਸਵੀਡਨ ਆਦਿ ਦੇਸ਼ਾਂ ਨਾਲ ਜੁੜਦਾ ਹੋਣ ਕਾਰਨ ਇਹ ਨਾਂ ਕਿਸੇ ਗੁਆਂਢੀ ਦੇਸ਼ ਦੀ ਬੋਲੀ ਤੋਂ ਆਉਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ, ਪਰ ਰੂਸ ਵਿੱਚ ਇਸ ਨਾਂ ਬਾਰੇ ਕੋਈ ਵਿਵਾਦ ਉੱਠਦਾ ਕਦੀ ਨਹੀਂ ਸੁਣਿਆ।
ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦਾ ਇਹ ਨਾਂ ਵੀ ਉਸ ਦੇਸ਼ ਦੇ ਕਿਸੇ ਲੀਡਰ ਦੇ ਨਾਂ ਉੱਤੇ ਨਹੀਂ ਅਤੇ ਆਪਣੀ ਬੋਲੀ ਜਾਂ ਰਿਵਾਇਤ ਤੋਂ ਨਿਕਲਿਆ ਵੀ ਨਹੀਂ, ਸਗੋਂ ਇਟਲੀ ਤੋਂ ਆਏ ਖੋਜੀ ਅਮੈਰੀਗੋ ਵੈਸਪੂਚੀ ਦੇ ਨਾਂ ਉੱਤੇ ਰੱਖਿਆ ਗਿਆ ਹੈ। ਉਸ ਇਟਾਲੀਅਨ ਮੁਹਿੰਮਬਾਜ਼ ਅਮੈਰੀਗੋ ਵੈਸਪੂਚੀ ਦੀ ਪਹਿਲੀ ਅਮਰੀਕੀ ਮੁਹਿੰਮ ਤੋਂ ਛੇ-ਸੱਤ ਸਾਲ ਪਹਿਲਾਂ ਸਿੱਧ ਖੋਜੀ ਕ੍ਰਿਸਟੋਫਰ ਕੋਲੰਬਸ ਦੀ ਪਹਿਲੀ ਅਮਰੀਕੀ ਮੁਹਿੰਮ ਹੋ ਚੁੱਕੀ ਸੀ, ਪਰ ਓਦੋਂ ਤੱਕ ਇਸ ਨਵੀਂ ਲੱਭੀ ਧਰਤੀ ਦਾ ਨਾਂ ਨਹੀਂ ਸੀ ਰੱਖਿਆ ਗਿਆ। ਰਿਕਾਰਡਾਂ ਦੇ ਮੁਤਾਬਕ ਇਸ ਦੇਸ਼ ਲਈ ‘ਅਮਰੀਕਾ’ ਲਫਜ਼ ਪਹਿਲੀ ਵਾਰੀ ਸਾਲ 1507 ਵਿੱਚ ਵਰਤਿਆ ਗਿਆ ਸੀ। ਇਸ ਨਾਂ ਉੱਤੇ ਨਾ ਅਮਰੀਕਾ ਦੇ ਕਿਸੇ ਆਮ ਨਾਗਰਿਕ ਨੂੰ, ਨਾ ਕਿਸੇ ਲੀਡਰ ਨੂੰ, ਨਾ ਕਿਸੇ ਭਾਸ਼ਾ ਮਾਹਰ ਨੂੰ ਕਦੀ ਕੋਈ ਇਤਰਾਜ਼ ਹੋਇਆ ਜਾਪਦਾ ਹੈ।
ਕਹਿੰਦੇ ਹਨ ਕਿ ਇੱਕ ਵਾਰੀ ਕਿਸੇ ਨੂੰ ਕੋਈ ਚਿਰਾਗ ਲੱਭਾ ਸੀ, ਜਦੋਂ ਘਸਾਇਆ ਤਾਂ ਉਸ ਵਿੱਚੋਂ ਜਿੰਨ ਨਿਕਲਿਆ ਅਤੇ ਕਹਿਣ ਲੱਗਾ ਕਿ ਜਿਹੜਾ ਕੰਮ ਕਹੋਗੇ, ਮੈਂ ਕਰਾਂਗਾ। ਉਹ ਵਿਅਕਤੀ ਉਸ ਜਿੰਨ ਨੂੰ ਕੰਮ ਦੱਸਦਾ ਰਿਹਾ ਅਤੇ ਉਹ ਜਿੰਨ ਵੀ ਕਰਦਾ ਰਿਹਾ। ਫਿਰ ਕੰਮ ਮੁੱਕ ਗਏ। ਜਿੰਨ ਨੇ ਕਿਹਾ ਕਿ ਕੰਮ ਦੱਸੋ। ਉਸ ਨੇ ਕਿਹਾ ਕਿ ਕੰਮ ਮੁੱਕ ਗਏ ਹਨ। ਜਿੰਨ ਨੇ ਕਿਹਾ ਕਿ ਮੈਂ ਵਿਹਲਾ ਨਹੀਂ ਬਹਿ ਸਕਦਾ, ਜਾਂ ਕੋਈ ਕੰਮ ਦੱਸੋ ਜਾਂ ਮੈਂ ਤੁਹਾਨੂੰ ਖਾ ਜਾਵਾਂਗਾ। ਬੰਦਾ ਕੁਝ ਅਕਲ ਵਾਲਾ ਸੀ, ਉਸ ਨੇ ਜਿੰਨ ਨੂੰ ਕਿਹਾ: ਅਹੁ ਸਾਹਮਣੇ ਬਿਜਲੀ ਦਾ ਖੰਭਾ ਹੈ, ਉਸ ਉੱਪਰ ਚੜ੍ਹਦੇ ਜਾਓ ਅਤੇ ਉਤਰ ਕੇ ਫਿਰ ਚੜ੍ਹਦੇ ਜਾਓ, ਓਨੀ ਦੇਰ ਇਹੋ ਕੰਮ ਕਰੀ ਜਾਣਾ, ਜਦ ਤੱਕ ਮੈਂ ਰੋਕਦਾ ਨਹੀਂ। ਅਜਿਹੀ ਅਕਲਮੰਦੀ ਨਾਲ ਉਸ ਨੇ ਕਈ ਸਾਲ ਉਸ ਜਿੰਨ ਨੂੰ ਕੰਮ ਲਾਈ ਰੱਖਿਆ ਸੀ, ਜਦੋਂ ਕੰਮ ਕੋਈ ਨਿਕਲਦਾ ਤਾਂ ਸੱਦ ਕੇ ਉਸ ਤੋਂ ਕਰਵਾ ਲੈਂਦਾ, ਵਰਨਾ ਫਿਰ ਖੰਭੇ ਉੱਤੇ ਚੜ੍ਹਨ-ਉਤਰਨ ਲਾ ਦਿੰਦਾ ਸੀ। ਭਾਰਤ ਦੀ ਰਾਜਨੀਤੀ ਦੇ ਕੁਝ ਧਨੰਤਰਾਂ ਨੇ ਵੀ ਕੁਝ ਹਜੂਮੀ ਜਿੰਨ ਪੈਦਾ ਕਰ ਲਏ ਹਨ, ਉਨ੍ਹਾਂ ਨੂੰ ਆਹਰੇ ਲਾਈ ਰੱਖਣ ਲਈ ਕੁਝ ਖੰਭੇ ਚਾਹੀਦੇ ਹਨ, ਓਦਾਂ ਦਾ ਇੱਕ ਨਵਾਂ ਖੰਭਾ ਦੇਸ਼ ਦੇ ਨਾਂ ਨੂੰ ਮੁੱਖ ਰੱਖ ਕੇ ਲੱਭ ਲਿਆ ਹੈ, ਜਿਸ ਵਿੱਚੋਂ ‘ਨਾਲੇ ਪੁੰਨ, ਨਾਲੇ ਫਲੀਆਂ’ ਦੇ ਮੁਹਾਵਰੇ ਵਾਂਗ ਕੁਝ ਰਾਜਸੀ ਲੋੜਾਂ ਦੀ ਪੂਰਤੀ ਵੀ ਹੋਈ ਜਾਵੇਗੀ ਅਤੇ ਜਿਨ੍ਹਾਂ ਹਜੂਮੀ ਜਿੰਨਾ ਨੂੰ ਕੁਝ ਨਾ ਕੁਝ ਕਰਦੇ ਰਹਿਣ ਦੀ ਆਦਤ ਪਾ ਛੱਡੀ ਹੈ, ਉਨ੍ਹਾਂ ਨੂੰ ਆਹਰੇ ਲਾਈ ਰੱਖਣ ਦਾ ਬਹਾਨਾ ਵੀ ਮਿਲਿਆ ਰਹੇਗਾ। ਉਂਜ ਸਾਰੇ ਜਾਣਦੇ ਹਨ, ‘ਨਾਵਾਂ ਵਿੱਚ ਕੀ ਰੱਖਿਐ।’
ਸੰਪਰਕ: 98140-68455