For the best experience, open
https://m.punjabitribuneonline.com
on your mobile browser.
Advertisement

ਗੁਰੂ ਘਰ ’ਚ ਅਥਾਹ ਸ਼ਰਧਾ ਰੱਖਣ ਵਾਲੀ ਬੀਬੀ ਮੁਮਤਾਜ਼

05:21 AM Nov 27, 2024 IST
ਗੁਰੂ ਘਰ ’ਚ ਅਥਾਹ ਸ਼ਰਧਾ ਰੱਖਣ ਵਾਲੀ ਬੀਬੀ ਮੁਮਤਾਜ਼
ਪਿੰਡ ਬੜੀ ਸਥਿਤ ਗੁਰਦੁਆਰਾ ਮੁਮਤਾਜ਼ਗੜ੍ਹ ਸਾਹਿਬ।
Advertisement

ਜਗਮੋਹਨ ਸਿੰਘ

Advertisement

ਜ਼ਿਲ੍ਹਾ ਰੂਪਨਗਰ ਦੇ ਘਾੜ ਇਲਾਕੇ ਦੇ ਕਸਬਾ ਪੁਰਖਾਲੀ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਪਿੰਡ ਬੜੀ ਦਾ ਗੁਰਦੁਆਰਾ ਮੁਮਤਾਜ਼ਗੜ੍ਹ ਸਾਹਿਬ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਅਸਥਾਨ ’ਤੇ ਬੀਬੀ ਮੁਮਤਾਜ਼ ਨੇ ਤਪੱਸਿਆ ਕੀਤੀ।
ਸਿੱਖ ਇਤਿਹਾਸ ਅਨੁਸਾਰ ਬੀਬੀ ਮੁਮਤਾਜ਼ ਦਾ ਜਨਮ ਰੂਪਨਗਰ ਸ਼ਹਿਰ ਨੇੜਲੇ ਪਿੰਡ ਕੋਟਲਾ ਨਿਹੰਗ ਦੇ ਚੌਧਰੀ ਪਠਾਣਾਂ ਦੇ ਘਰ ਹੋਇਆ। ਬੀਬੀ ਮੁਮਤਾਜ਼ ਦਾ ਪਿਤਾ ਨਿਹੰਗ ਖਾਨ ਪਠਾਣ ਸ਼ਾਹ ਸੁਲੇਮਾਨ ਗਜ਼ਨਵੀ ਦੀ ਕੁਲ ’ਚੋਂ ਨੌਰੰਗ ਖਾਂ ਦਾ ਪੁੱਤਰ ਸੀ। ਨਿਹੰਗ ਖਾਨ ਦੀ ਪਤਨੀ ਜ਼ੈਨਾ ਬੇਗਮ, ਪੁੱਤਰ ਆਲਮ ਖਾਂ ਅਤੇ ਪੁੱਤਰੀ ਮੁਮਤਾਜ਼ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਨ। ਨੌਰੰਗ ਖਾਨ ਦੇ ਪਿਤਾ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਮੁਰੀਦ ਹੋਣਾ ਗੁਰੂ ਜੀ ਪ੍ਰਤੀ ਇਨ੍ਹਾਂ ਦੀ ਸ਼ਰਧਾ ਦਾ ਮੁਢਲਾ ਕਾਰਨ ਸੀ। ਨੌਰੰਗ ਖਾਂ ਤੇ ਉਸ ਦਾ ਪੁੱਤਰ ਨਿਹੰਗ ਖਾਂ ਗੁਰੂ ਜੀ ਦੇ ਦਰਬਾਰ ਵਿੱਚ ਜਾ ਕੇ ਚੰਗੀ ਨਸਲ ਦੇ ਘੋੜੇ ਲਿਆ ਕੇ ਦਿੰਦੇ ਸਨ ਅਤੇ ਬਦਲੇ ਵਿੱਚ ਗੁਰੂ ਜੀ ਤੋਂ ਧਨ ਪ੍ਰਾਪਤ ਕਰਿਆ ਕਰਦੇ ਸਨ।
ਇਹਿਤਾਸ ਅਨੁਸਾਰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਗੁਰੂ ਗੋਬਿੰਦ ਸਿੰਘ ਸਰਸਾ ਨਦੀ ਪਾਰ ਕਰਕੇ ਮੁਗਲ ਫ਼ੌਜ ਨਾਲ ਜੰਗ ਲੜਦੇ ਹੋਏ ਰੂਪਨਗਰ ਨੇੜੇ ਪਠਾਣਾਂ ਦੇ ਭੱਠੇ ’ਤੇ ਪਹੁੰਚੇ ਅਤੇ ਆਪਣੇ ਨੀਲੇ ਘੋੜੇ ਦੇ ਪੌੜਾਂ ਨਾਲ ਭੱਠਾ ਠੰਢਾ ਕਰ ਦਿੱਤਾ। ਬਾਅਦ ਵਿੱਚ ਭੱਠੇ ਦਾ ਮਾਲਕ ਪਠਾਣ ਨਿਹੰਗ ਖਾਂ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਲੈ ਗਿਆ, ਜਿਸ ਦੀ ਕਿਸੇ ਮੁਖਬਰ ਨੇ ਰੂਪਨਗਰ ਦੇ ਕੋਤਵਾਲ ਚੌਧਰੀ ਜਾਫ਼ਰ ਅਲੀ ਕੋਲ ਚੁਗਲੀ ਕਰ ਦਿੱਤੀ ਕਿ ਨਿਹੰਗ ਖਾਂ ਦੇ ਘਰ ਕੁੱਝ ਸਿੱਖ ਰੁਕੇ ਹੋਏ ਹਨ। ਤੜਕਸਾਰ 5 ਵਜੇ ਹੀ ਮੁਗਲ ਫ਼ੌਜਾਂ ਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ। ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀ ਰਾਤ ਨੂੰ 12 ਵਜੇ ਹੀ ਉੱਥੋਂ ਨਿਕਲ ਚੁੱਕੇ ਸਨ ਪਰ ਭਾਈ ਬਚਿੱਤਰ ਸਿੰਘ ਜ਼ਿਆਦਾ ਜ਼ਖਮੀ ਹੋਣ ਕਾਰਨ ਕਿਲ੍ਹੇ ਵਿੱਚ ਹੀ ਰੁਕੇ ਹੋਏ ਸਨ। ਜਦੋਂ ਮੁਗਲ ਫ਼ੌਜਾਂ ਨੇ ਸਾਰੇ ਕਿਲ੍ਹੇ ਦੀ ਤਲਾਸ਼ੀ ਲੈਣ ਮਗਰੋਂ ਇੱਕ ਕੋਨੇ ਵਿੱਚ ਸਥਿਤ ਕਮਰੇ ਦੀ ਤਲਾਸ਼ੀ ਲੈਣੀ ਚਾਹੀ ਤਾਂ ਨਿਹੰਗ ਖਾਨ ਨੇ ਕੋਤਵਾਲ ਨੂੰ ਕਿਹਾ ਕਿ ਇਸ ਕਮਰੇ ਵਿੱਚ ਉਸ ਦੀ ਲੜਕੀ ਮੁਮਤਾਜ਼ ਅਤੇ ਉਨ੍ਹਾਂ ਦਾ ਦਾਮਾਦ ਆਰਾਮ ਕਰ ਰਹੇ ਹਨ। ਕੋਤਵਾਲ ਨੂੰ ਤਸੱਲੀ ਦੇਣ ਲਈ ਉਸ ਨੇ ਆਪਣੀ ਪੁੱਤਰੀ ਮੁਮਤਾਜ਼ ਨੂੰ ਵੀ ਆਵਾਜ਼ ਮਾਰੀ ਤੇ ਬੀਬੀ ਮੁਮਤਾਜ਼ ਨੇ ਕਮਰੇ ਦੇ ਅੰਦਰੋਂ ਹੀ ਆਪਣੇ ਪਿਤਾ ਵੱਲੋਂ ਆਖੀ ਗੱਲ ਦੀ ਹਾਮੀ ਭਰੀ। ਇਸ ਮਗਰੋਂ ਕੋਤਵਾਲ ਗੁਸਤਾਖੀ ਮੁਆਫ ਆਖ ਕੇ ਫ਼ੌਜ ਸਮੇਤ ਉੱਥੋਂ ਚਲਾ ਗਿਆ। ਉਸੇ ਦਿਨ ਤੋਂ ਬੀਬੀ ਮੁਮਤਾਜ਼ ਨੇ ਲੜਾਈ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਤੇ ਉਹ ਪੂਰੇ ਤਨੋਂ-ਮਨੋ ਉਨ੍ਹਾਂ ਦੀ ਸੇਵਾ ਸੰਭਾਲ ਵਿੱਚ ਜੁਟ ਗਏ।
ਕੁੱਝ ਕੁ ਦਿਨਾਂ ਬਾਅਦ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਭਾਈ ਬਚਿੱਤਰ ਸਿੰਘ ਨੇ ਪ੍ਰਾਣ ਤਿਆਗ ਦਿੱਤੇ। ਇਸ ਮਗਰੋਂ ਜਦੋਂ ਨਿਹੰਗ ਖਾਨ ਨੇ ਆਪਣੀ ਪੁੱਤਰੀ ਮੁਮਤਾਜ਼ ਦਾ ਰਿਸ਼ਤਾ ਕਿਤੇ ਹੋਰ ਕਰਨਾ ਚਾਹਿਆ ਤਾਂ ਉਨ੍ਹਾਂ ਕੋਰੀ ਨਾਂਹ ਕਰ ਦਿੱਤੀ ਅਤੇ ਉਨ੍ਹਾਂ ਕਿਸੇ ਇਕਾਂਤ ਥਾਂ ’ਤੇ ਜਾ ਕੇ ਤਪੱਸਿਆ ਕਰਨ ਦਾ ਮਨ ਬਣਾਇਆ, ਜਿਸ ਮਗਰੋਂ ਉਨ੍ਹਾਂ ਦੇ ਪਿਤਾ ਨਿਹੰਗ ਖਾਂ ਨੇ ਬੀਬੀ ਮੁਮਤਾਜ਼ ਨੂੰ ਪਿੰਡ ਨਰੰਗਪੁਰ ਬੜੀ ਦੇ ਜੰਗਲ ਵਿੱਚ ਇੱਕ ਉੱਚੀ ਪਹਾੜੀ ’ਤੇ ਕਿਲ੍ਹਾ ਉਸਾਰ ਦਿੱਤਾ। ਬੀਬੀ ਮੁਮਤਾਜ਼ ਜੀ ਲੰਬਾ ਸਮਾਂ ਇਸੇ ਅਸਥਾਨ ’ਤੇ ਤਪੱਸਿਆ ਕਰਨ ਮਗਰੋਂ ਜੋਤਿ ਜੋਤ ਸਮਾ ਗਏ। ਸੰਨ 1964 ਵਿੱਚ ਇਸ ਅਸਥਾਨ ਦੀ ਕਾਰ ਸੇਵਾ ਬੀਬੀ ਹਿੰਮਤ ਕੌਰ ਜੀ ਨੇ ਸ਼ੁਰੂ ਕਰਵਾਈ, ਜਿਸ ਮਗਰੋਂ ਸੰਨ 1978 ਵਿੱਚ ਸੰਤ ਕਰਤਾਰ ਸਿੰਘ ਭੈਰੋਮਾਜਰੇ ਵਾਲਿਆਂ ਨੇ ਇੱਥੇ ਸਰਹਿੰਦੀ ਇੱਟਾਂ ਦੇ ਬਣੇ ਖੂਹ ਦੀ ਖੋਜ ਕੀਤੀ। ਇਸ ਸਮੇਂ ਇੱਥੇ ਗੁਰਦੁਆਰਾ ਬਣ ਚੁੱਕਾ ਹੈ ਅਤੇ ਗੁਰਦੁਆਰਾ ਦੇ ਨੇੜੇ ਹੀ ਲਗਪਗ 500 ਮੀਟਰ ਦੀ ਦੂਰੀ ’ਤੇ ਬੀਬੀ ਮੁਮਤਾਜ਼ ਜੀ ਦੀ ਸਮਾਧ ਹੈ। ਮੌਜੂਦਾ ਸਮੇਂ ਤਪ ਅਸਥਾਨ ਮੁਮਤਾਜ਼ਗੜ੍ਹ ਸਾਹਿਬ ਦੀ ਸੇਵਾ ਸੰਭਾਲ ਬੁੱਢਾ ਦਲ 96 ਕਰੋੜੀ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਦੀ ਦੇਖ ਰੇਖ ਹੇਠ ਬਾਬਾ ਗੁਰਪ੍ਰੀਤ ਸਿੰਘ ਕਰਵਾ ਰਹੇ ਹਨ। ਇਥੇ ਗੁਰਦੁਆਰੇ ਦੀ ਸੁੰਦਰ ਇਮਾਰਤ ਬਣਾਉਣ ਮਗਰੋਂ ਦੂਰੋਂ ਆਉਣ ਵਾਲੀ ਸੰਗਤ ਦੀ ਰਿਹਾਇਸ਼ ਲਈ ਸਰਾਂ ਤੋਂ ਇਲਾਵਾ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਕਾਰਸੇਵਾ ਚੱਲ ਰਹੀ ਹੈ ਤੇ ਸੰਗਤ ਤਨ, ਮਨ ਤੇ ਧਨ ਨਾਲ ਸੇਵਾ ਵਿੱਚ ਯੋਗਦਾਨ ਪਾ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ।
ਰੂਪਨਗਰ ਵਿੱਚ ਸਥਿਤ ਬੀਬੀ ਜੀ ਦੇ ਜਨਮ ਅਸਥਾਨ ਵਾਲਾ ਇਤਿਹਾਸਕ ਕਿਲ੍ਹਾ 2 ਕੁ ਸਾਲ ਪਹਿਲਾਂ ਇਸ ਜਥੇਬੰਦੀ ਨੇ ਕਬਜ਼ੇ ’ਚੋਂ ਛੁਡਵਾ ਲਿਆ ਹੈ ਅਤੇ ਹੁਣ ਜਲਦੀ ਹੀ ਇੱਥੇ ਵੀ ਕਿਲ੍ਹੇ ਨੂੰ ਸੁੰਦਰ ਤੇ ਪੁਰਾਤਨ ਦਿਖ ਦੇਣ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ਦੀ ਸੰਗਤ ਦੇ ਮਨ ਵਿੱਚ ਬੀਬੀ ਜੀ ਪ੍ਰਤੀ ਅਥਾਹ ਸ਼ਰਧਾ ਹੈ ਤੇ ਦੇਸ਼ ਦੇ ਕੋਨੇ ਕੋਨੇ ਤੋਂ ਸੰਗਤ ਇੱਥੇ ਸਾਲਾਨਾ ਜੋੜ ਮੇਲ ਦੌਰਾਨ ਪੁੱਜਦੀ ਹੈ। ਇਸ ਵਾਰ ਪਹਿਲੀ ਦਸੰਬਰ ਨੂੰ ਇੱਥੇ ਸਾਲਾਨਾ ਜੋੜ ਮੇਲ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਸਵੇਰੇ ਅਖੰਡ ਪਾਠ ਦੇੇ ਭੋਗ ਪਾਉਣ ਮਗਰੋਂ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ।
ਸੰਪਰਕ: 94630-90782

Advertisement

Advertisement
Author Image

joginder kumar

View all posts

Advertisement