ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿਸ ਕੀ ਅਦਾ ਅਦਾ ਪੇ ਹੋ ਇਨਸਾਨੀਅਤ ਕੋ ਨਾਜ਼...

08:26 AM Dec 18, 2023 IST

ਸੁੱਚਾ ਸਿੰਘ ਖੱਟੜਾ

ਘਰ ਵਾਲਿਆਂ 1929 ਵਿਚ ਉਸ ਨੂੰ ਦਸਵੀਂ ਜਮਾਤ ਵਿਚ ਪੜ੍ਹਦੇ ਨੂੰ ਸਕੂਲੋਂ ਹਟਾ ਕੇ ਕਿਸੇ ਵਾਕਿਫ਼ਕਾਰ ਗਿਰਦਾਵਰ ਨਾਲ ਪਟਵਾਰੀ ਦਾ ਕੋਰਸ ਕਰਨ ਲਈ ਲਾਹੌਰ ਭੇਜ ਦਿੱਤਾ। ਗਿਰਦਾਵਰ ਡੇਰਾ ਬਿਆਸ ਨਾਲ ਜੁੜਿਆ ਰਾਧਾ ਸੁਆਮੀ ਸੀ। ਰਸਤੇ ਵਿਚ ਡੇਰਾ ਬਿਆਸ ਵਿਚੋਂ ਹੋ ਕੇ ਜਾਣ ਦਾ ਉਸ ਨੇ ਮਨ ਬਣਾ ਲਿਆ। ਗਿਰਦਾਵਰ ਜਦੋਂ ਅੱਗੇ ਜਾਣ ਲੱਗਾ ਤਾਂ ਉਹਨੇ ਡੇਰਾ ਬਿਆਸ ਹੀ ਰੁਕਣ ਦਾ ਫੈਸਲਾ ਸੁਣਾ ਦਿੱਤਾ। ਗਿਰਦਾਵਰ ਅੱਗੇ ਚਲਾ ਗਿਆ। ਉਹ ਕੁਝ ਦਿਨਾਂ ਬਾਅਦ ਵਾਪਸ ਪਿੰਡ ਆ ਗਿਆ। ਘਰ ਵਾਲਿਆਂ ਵਿਆਹ ਕਰ ਦਿੱਤਾ। ਘਰਵਾਲੀ ਉਸ ਦੇ ਫ਼ੱਕਰ ਜੀਵਨ ਤੋਂ ਤੰਗ ਆ ਕੇ ਚਾਰ ਕੁ ਸਾਲ ਦਾ ਬਾਲ ਛੱਡ ਕੇ ਕਿਧਰੇ ਹੋਰ ਚਲੀ ਗਈ। ਬਾਲ ਦੀ ਦੇਖ ਭਾਲ ਪਹਿਲਾਂ ਸਾਂਝਾ ਪਰਿਵਾਰ, ਫਿਰ ਦਾਦੀ ਕਰਨ ਲੱਗੀ। ਕੁਝ ਸਾਲਾਂ ਬਾਅਦ ਰਿਸ਼ਤੇਦਾਰੀ ਵਿਚੋਂ ਫੁੱਫੜ ਬਾਲਕ ਨੂੰ ਆਪਣੇ ਨਾਲ ਫਿਰੋਜ਼ਪੁਰ ਲੈ ਗਿਆ। ਕੁਝ ਸਮੇਂ ਮਗਰੋਂ ਸੜਕਾਂ ਦੇ ਮਹਿਕਮੇ ਵਿਚ ਕਿਸੇ ਡਰਾਈਵਰ ਨਾਲ ਰੱਖਵਾ ਦਿੱਤਾ। ਪਿੱਛੋਂ ਫ਼ੱਕਰ ਅਤੇ ਉਸ ਦੀ ਮਾਂ ਸੀ। ਇਹ ਫ਼ੱਕਰ ਹੋਰ ਨਹੀਂ, ਮੇਰਾ ਸਕਾ ਤਾਇਆ ਸੀ।
ਤਾਇਆ ਪੱਕਾ ਰਾਧਾ ਸਵਾਮੀ ਸੀ। ਡੇਰਾ ਬਿਆਸ ਦੇ ਹਰ ਭੰਡਾਰੇ ਵਿਚ ਜਾ ਪਹੁੰਚਦਾ। ਮੈਂ ਸੁਰਤ ਸੰਭਾਲ ਚੁੱਕਾ ਸੀ। ਇੱਕ ਵਾਰ ਉਸ ਕੋਲ ਪੈਸੇ ਨਹੀਂ ਸਨ। ਉਹ ਡੇਢ ਸੌ ਕਿਲੋਮੀਟਰ ਪੈਦਲ ਡੇਰਾ ਬਿਆਸ ਚਲਾ ਗਿਆ ਸੀ। ਉਂਝ ਉਹ ਸਵੇਰੇ ਜਪੁਜੀ ਸਾਹਿਬ ਅਤੇ ਸ਼ਾਮੀ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲੇ ਦਾ ਪਾਠ ਕਰਨ ਦਾ ਵੀ ਪੱਕਾ ਨਿਤਨੇਮੀ ਸੀ। ਗਰਮੀਆਂ ਨੂੰ ਤਾਏ ਦੇ ਘਰ ਦੇ ਸਾਹਮਣੇ ਖੁੱਲ੍ਹੇ ਡੁੱਲ੍ਹੇ ਵਿਹੜੇ ਵਿਚ ਹਰ ਰੋਜ਼ ਤੀਵੀਆਂ ਆਦਮੀ ਜੁੜ ਬੈਠਦੇ। ਤਾਇਆ ਇਕ ਹੱਥ ਮਿੱਟੀ ਦੇ ਤੇਲ ਨਾਲ ਬਲਣ ਵਾਲਾ ਲੋਹੇ ਦਾ ਕਾਲਾ ਜਿਹਾ ਦੀਵਾ ਫੜ ਕੇ ਰਾਮਾਇਣ ਪੜ੍ਹਦਾ। ਛੋਟੇ ਤਾਏ ਦੇ ਕਹਿਣ ’ਤੇ ਉਹ ਮਹਾਂਭਾਰਤ ਵੀ ਲੈ ਆਇਆ। ਰਾਮਾਇਣ ਮੁੱਕ ਜਾਂਦੀ ਤਾਂ ਮਹਾਂਭਾਰਤ ਦਾ ਪਾਠ ਸ਼ੁਰੂ ਹੋ ਜਾਂਦਾ। ਛੋਟੇ ਤਾਏ ਨੂੰ ਰਮਾਇਣ ਅਤੇ ਮਹਾਂਭਾਰਤ ਦੇ ਸਾਰੇ ਪ੍ਰਸੰਗ ਯਾਦ ਸਨ। ਲੋਕ ਉਨ੍ਹਾਂ ਦੋਨਾਂ ਨੂੰ ਭਗਤ ਜੀ ਕਹਿ ਕੇ ਬੁਲਾਉਂਦੇ। ਛੋਟਾ ਤਾਇਆ ਨਾਭਾ ਦਾਣਾ ਮੰਡੀ ਵਿਚ ਪੱਲੇਦਾਰੀ ਕਰਦਾ ਸੀ। ਰਾਤ ਨੂੰ ਪੱਲੇਦਾਰਾਂ ਨੂੰ ਜ਼ਬਾਨੀ ਰਾਮਾਇਣ, ਮਹਾਂਭਾਰਤ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ। ਬਾਕੀ ਪੱਲੇਦਾਰਾਂ ਨੇ ਫ਼ੈਸਲਾ ਕਰ ਲਿਆ ਕਿ ਭਗਤ ਜੀ ਹੁਣ ਬੋਰੀ ਨਹੀਂ ਚੁੱਕੇਗਾ; ਮਿਹਨਤਾਨੇ ਦੀ ਹਿੱਸਾ ਪੱਤੀ ਪੂਰੀ ਮਿਲੇਗੀ, ਬਸ ਰਾਤ ਨੂੰ ਕਥਾਵਾਂ ਹੀ ਸੁਣਾਇਆ ਕਰੇਗਾ। ਉਂਝ ਜਦੋਂ ਮੰਡੀ ਦਾ ਕੰਮ ਬੰਦ ਹੋ ਜਾਂਦਾ ਤਾਂ ਪਿੰਡ ਆ ਕੇ ਦਿਨ ਵੇਲੇ ਜਦੋਂ ਵੀ ਦੋਨੋਂ ਭਗਤ ਤਾਏ ਇਕੱਠੇ ਬੈਠਦੇ, ਅਕਸਰ ਗੀਤਾ ਪੜ੍ਹਨੀ ਪਸੰਦ ਕਰਦੇ ਜੋ ਹਿੰਦੀ ਵਿਚ ਸੀ। ਛੋਟਾ ਤਾਇਆ ਮੁਕੰਮਲ ਅਨਪੜ੍ਹ ਸੀ ਪਰ ਉਹ ਨਾਭਾ ਮੰਡੀ ਵਿਚ ਵਿਹਲੇ ਸਮੇਂ ਹਿੰਦੀ ਪੰਜਾਬੀ ਪੜ੍ਹਨੀ ਸਿੱਖ ਗਿਆ ਸੀ। ਬੜਾ ਭਗਤ ਤਾਇਆ ਇਕੱਲਿਆਂ ‘ਯੋਗ ਵਸਿਸਟ’ ਨਾਂ ਦੀ ਕਿਤਾਬ ਵੀ ਪੜ੍ਹਦਾ ਹੁੰਦਾ ਸੀ। ਇਹ ਕਿਤਾਬ ਪ੍ਰਸ਼ਨ ਉਤਰਾਂ ਅਤੇ ਉਰਦੂ ਵਿਚ ਸੀ। ਸਨਾਤਨੀ ਹਿੰਦੂ ਫਿਲਾਸਫੀ ਉੱਤੇ ਇਹ ਕਿਤਾਬ ਮੈਨੂੰ ਵੀ ਸੁਣਨੀ ਪਸੰਦ ਸੀ। ਮੈਂ ਉਦੋਂ ਸੱਤਵੀ ਅੱਠਵੀਂ ਵਿਚ ਪੜ੍ਹਦਾ ਹੋਵਾਂਗਾ ਜਦੋਂ ਮੈਨੂੰ ਇਹ ਕਿਤਾਬ ਚੰਗੀ ਲੱਗਣੀ ਸ਼ੁਰੂ ਹੋਈ। ਅਧਿਆਪਕ ਬਣ ਕੇ ਮੈਂ ‘ਯੋਗ ਵਸਿਸਟ’ ਪੜ੍ਹਨੀ ਚਾਹੀ ਪਰ ਪੰਜਾਬੀ ਵਿਚ ਕਿਤੋਂ ਨਹੀਂ ਮਿਲੀ।
ਕਈ ਵਾਰ ਆਂਢ-ਗੁਆਂਢ ਦਾ ਕੋਈ ਨਿੱਕਾ ਬਾਲ ਰੋਣੋਂ ਨਾ ਹਟਦਾ ਤਾਂ ਉਸ ਦੀ ਮਾਂ ਬੱਚੇ ਨੂੰ ਚੁੱਕ ਕੇ ਤਾਏ ਕੋਲ ਲੈ ਆਉਂਦੀ। ਤਾਇਆ ਦਾਤਰੀ ਹੱਥ ਫੜ ਕੇ ਮਾਂ ਬੱਚੇ ਨੂੰ ਆਪਣੇ ਸਾਹਮਣੇ ਬਿਠਾ ਲੈਂਦਾ, ਦਾਤੀ ਨੂੰ ਬੱਚੇ ਦੇ ਸਿਰ ਛੁਆ ਕੇ ਧਰਤੀ ਉੱਤੇ ਇੰਨੀ ਉਚੀ ਮਾਰਦਾ ਕਿ ਦਾਤਰੀ ਦੀ ਆਵਾਜ਼ ਦੋਹਾਂ ਨੂੰ ਸੁਣ ਜਾਂਦੀ। ਉਹ ਜਪੁਜੀ ਸਾਹਿਬ ਦਾ ਪਾਠ ਅਤੇ ਦਾਤਰੀ ਵਾਲੀ ਕਾਰਵਾਈ ਇਕੱਠੀਆਂ ਕਰੀ ਜਾਂਦਾ। ਬੱਚਾ ਅਜੀਬ ਜਿਹੀ ਕਿਰਿਆ ਦੇਖਦਾ ਚੁੱਪ ਹੋ ਜਾਂਦਾ। ਪਾਠ ਦੀਆਂ ਪੰਜ ਸੱਤ ਪੌੜੀਆਂ ਤਕ ਪਹੁੰਚਦਿਆਂ ਬੱਚਾ ਬਹੁਤੀ ਵਾਰੀ ਮਾਂ ਦੀ ਗੋਦ ਵਿਚ ਸੌਂ ਜਾਂਦਾ। “ਬੀਬੀ ਜਾਓ ਹੁਣ” ਕਹਿ ਕੇ ਤਾਇਆ ਬੱਚੇ ਵਾਲੀ ਬੀਬੀ ਨੂੰ ਭੇਜ ਦਿੰਦਾ।
ਲੋਕਾਂ ਦੇ ਅਜਿਹੇ ਕਾਰਜ ਜੋ ਬਹੁਤੇ ਹੱਥਾਂ ਨਾਲ ਨਬਿੇੜੇ ਜਾਣ ਵਾਲੇ ਹੋਣ, ਤਾਇਆ ਬਿਨਾ ਬੁਲਾਇਆਂ ਜਾ ਸ਼ਾਮਿਲ ਹੁੰਦਾ। ਕਿਸੇ ਦਾ ਛੰਨ ਛੱਪਰ ਬੱਝ ਰਿਹਾ ਹੋਵੇ, ਤਾਏ ਨੇ ਆਪਣੇ ਕਰਨ ਦਾ ਕੰਮ ਜਾ ਲੱਭਣਾ। ਦੁਪਹਿਰ ਦੀ ਰੋਟੀ ਵੇਲੇ ਚੁੱਪ ਚੁਪੀਤੇ ਉੱਠ ਆਉਣਾ। ਰੋਟੀ ਹੱਥੀਂ ਬਣਾਉਣੀ, ਖਾਣੀ, ਮੁੜ ਕੰਮ ਕਰਦੇ ਬੰਦਿਆਂ ਨਾਲ ਜਾ ਮਿਲਣਾ। ਸਾਡੀ ਦਾਦੀ ਸਵਰਗਵਾਸ ਹੋ ਚੁੱਕੀ ਸੀ। ਦਰਿਆ ਵਾਲੇ ਪਾਸੇ ਸਾਡੇ ਪਿੰਡ ਵਿਚ ਉਨ੍ਹਾਂ ਦਿਨੀਂ ਕਮਾਦ ਬਹੁਤ ਹੁੰਦਾ ਸੀ। ਕੋਈ ਟੱਬਰ ਗੰਨੇ ਘੜਦਾ ਤਾਂ ਤਾਇਆ ਦਾਤਰੀ ਲੈ ਕੇ ਜਾ ਸ਼ਾਮਿਲ ਹੁੰਦਾ। ਕਮਾਦ ਸਾਡਾ ਆਪਣਾ ਵੀ ਹੁੰਦਾ ਸੀ। ਪਿੰਡ ਵਿਚ ਤਿੰਨ ਚਾਰ ਬੇਲਣੇ ਰਾਤ ਦਿਨ ਚਲਦੇ ਸਨ। ਆਪਣਾ ਜੇਕਰ ਕੰਮ ਨਹੀਂ ਤਾਂ ਕਿਸੇ ਦੂਜੇ ਦੇ ਗੰਨੇ ਬੇਲਣੇ ਵਿਚ ਲਗਾਉਣੇ ਜਾਂ ਰਸ ਦੇ ਕੜਾਹੇ ਚੇਠਾਂ ਚੁੱਭੇ ਵਿਚ ਝੋਕੀ ਕਰਨ ਲੱਗ ਜਾਣਾ, ਤਾਏ ਦੇ ਕੰਮ ਸਨ ਪਰ ਰੋਟੀ ਕਿਸੇ ਦੇ ਘਰ ਨਹੀਂ ਖਾਣੀ।
ਮੇਰਾ ਇਹ ਤਾਇਆ ਕਰਤਾਰ ਸਿੰਘ ਜੀਵਾਂ ਜਾਨਵਰਾਂ ਲਈ ਵੀ ਕਮਾਲ ਦੀ ਸੰਵੇਦਨਸ਼ੀਲਤਾ ਰੱਖਦਾ ਸੀ। ਇਕ ਵਾਰ ਅਸੀਂ ਪੋਰ ਨਾਲ ਕਣਕ ਦੀ ਬਿਜਾਈ ਕਰ ਰਹੇ ਸੀ। ਹਲ ਮੇਰੇ ਪਾਸ ਸੀ। ਤਾਇਆ ਪੋਰ ਵਿਚ ਦਾਣੇ ਕੇਰ ਰਿਹਾ ਸੀ। ਅੰਦਰਲਾ ਬਲਦ ਮੋੜ ਉੱਤੇ ਅੰਦਰ ਨੂੰ ਮੁੜਨ ਵਿਚ ਅੜੀ ਕਰਨ ਲੱਗ ਪਿਆ। ਮੈਨੂੰ ਗੁੱਸਾ ਆ ਗਿਆ, ਮੈਂ ਤਿੰਨ ਚਾਰ ਪਰੈਣੀਆਂ (ਡੰਡੇ) ਬਲਦ ਦੇ ਪੁੜਿਆਂ ਉੱਤੇ ਵਰ੍ਹਾ ਦਿੱਤੀਆਂ। ਮੈਨੂੰ ਝਿੜਕਾਂ ਮਾਰ ਕੇ ਵੀ ਤਾਏ ਦਾ ਗੁੱਸਾ ਸ਼ਾਂਤ ਨਾ ਹੋਇਆ। ਉਹਨੇ ਪੋਰ ਵਿਚੋਂ ਹੱਥ ਕੱਢਿਆ, ਦਾਣਿਆਂ ਦੀ ਝੋਲੀ ਉਤਾਰ ਕੇ ਬੰਨੇ ਉੱਤੇ ਰੱਖੀ ਤੇ ਬੁੜ ਬੁੜ ਕਰਦਾ ਘਰ ਚਲਾ ਗਿਆ। ਕਈ ਹਾਲੀ ਪੋਰ ਵਿਚੋਂ ਆਪ ਹੀ ਦਾਣੇ ਕੇਰਦਿਆਂ ਪੋਰ ਦੇ ਆਸਰੇ ਹਲ ਸੰਭਾਲਣ ਦਾ ਕੰਮ ਵੀ ਕਰ ਲੈਂਦੇ ਸਨ। ਮੇਰੀ ਇਹ ਮੁਹਾਰਤ ਨਹੀਂ ਸੀ, ਸੋ ਕੰਮ ਰੁਕ ਗਿਆ। ਇਕ ਵਾਰ ਚਰਾਂਦ ਵਿਚ ਕਿਸੇ ਦੂਜੀ ਮੱਝ ਨਾਲ ਭਿੜਦਿਆਂ ਤਾਏ ਦੀ ਮੱਝ ਦੇ ਸਿੰਗ ਦੀ ਟੋਪੀ ਉਤਰ ਗਈ। ਲਹੂ ਲੁਹਾਣ ਸਿੰਗ ਦੇਖ ਭਗਤ ਤਾਇਆ ਮੱਝ ਘਰ ਲੈ ਆਇਆ। ਉਦੋਂ ਪਿੰਡਾਂ ਵਿਚ ਕਿਹੜੇ ਦਵਾ-ਦਾਰੂ ਹੁੰਦੇ ਸਨ? ਦੇਸੀ ਅਹੁੜ-ਪਹੁੜ ਕਰਦੇ ਰਹੇ। ਕੁਝ ਦਿਨਾਂ ਬਾਅਦ ਸਿੰਗ ਵਿਚ ਕੀੜੇ ਪੈ ਗਏ। ਲੋਕਾਂ ਕਿਹਾ ਕਿ ਜਿੰਨਾ ਜਲਦੀ ਹੋ ਸਕੇ, ਸਿੰਗ ਜੜ੍ਹੋਂ ਕਟਵਾ ਲਵੋ, ਜੇ ਕਿਤੇ ਕੀੜੇ ਸਿਰ ਤੱਕ ਪਹੁੰਚ ਗਏ, ਮੱਝ ਮਰ ਜਾਏਗੀ। ਉਦੋਂ ਮੈਂ ਚੌਥੀ ਵਿਚ ਪੜ੍ਹਦਾ ਸੀ। ਪਸ਼ੂਆਂ ਦਾ ਹਸਪਤਾਲ ਹੁਣ ਤਾਂ ਮੇਰੇ ਪਿੰਡ ਹੀ ਬਣ ਚੁੱਕਾ ਹੈ, ਉਦੋਂ ਛੇ ਸੱਤ ਕਿਲੋ ਮੀਟਰ ਦੂਰ ਸ੍ਰੀ ਅਨੰਦਪੁਰ ਸਾਹਿਬ ਹੁੰਦਾ ਸੀ। ਸਿੰਗ ਕਟਵਾਉਣ ਦਾ ਫੈਸਲਾ ਹੋ ਗਿਆ। ਤਾਇਆ ਮੱਝ ਦਾ ਰੱਸਾ ਫੜ ਕੇ ਮੱਝ ਦੇ ਅੱਗੇ ਅਤੇ ਮੈਂ ਡੰਡਾ ਫੜ ਕੇ ਪਿੱਛੇ ਹੋ ਲਿਆ। ਮੱਝ ਬੇਚੈਨ ਸੀ। ਤਾਏ ਮਗਰ ਤੇਜ਼ੀ ਨਾਲ ਤੁਰਦੀ ਗਈ। ਹਸਪਤਾਲ ਵਾਲਿਆਂ ਸਿੰਗ ਦੇਖਿਆ, ਕੋਲਿਆਂ ਦੀ ਅੰਗੀਠੀ ਮਘਾਈ ਅਤੇ ਲੋਹੇ ਦੀਆਂ ਚਾਰ ਸੀਖਾਂ ਅੰਗੀਠੀ ਵਿਚ ਪਾ ਕੇ ਸੀਖਾਂ ਦੇ ਅੱਗੇ ਲੱਗੇ ਲੋਹੇ ਦੇ ਮੁੱਠੇ ਸੁਰਖ ਲਾਲ ਕਰ ਲਏ। ਫੜਨ ਲਈ ਸੀਖਾਂ ਪਿਛੇ ਲੱਕੜ ਦੇ ਮੁੱਠੇ ਸਨ। ਮੱਝ ਨੂੰ ਕੜੱਕੇ ਵਿਚ ਬੰਨ੍ਹ ਲਿਆ ਗਿਆ। ਅਸੀਂ ਹੋਣ ਵਾਲਾ ਕੰਮ ਸਮਝ ਗਏ ਸੀ। ਆਰੀ ਨਾਲ ਸਿੰਗ ਨੂੰ ਜਿਉਂ ਹੀ ਜੜ੍ਹੋਂ ਵੱਢਿਆ ਲਹੂ ਦੀਆਂ ਚਾਰ ਪੰਜ ਤਤੀਰੀਆਂ ਇਕੱਠੀਆਂ ਦੂਰ ਜਾ ਕੇ ਪੈਣ ਲੱਗ ਪਈਆਂ। ਉਨ੍ਹਾਂ ਫੁਰਤੀ ਨਾਲ ਲੋਹੇ ਦੀਆਂ ਲਾਲ ਸੂਹੀਆਂ ਗਰਮ ਛੜਾਂ ਨਾਲ ਵੱਢਿਆ ਸਿੰਗ ਦਾਗ ਦਿੱਤਾ। ਸਿੰਗ ਨੂੰ ਆਰੀ ਲੱਗਣ ਤੋਂ ਪਹਿਲਾਂ ਹੀ ਤਾਏ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਸੀ। ਪੱਟੀ ਕਰਦਿਆਂ ਤੱਕ ਤਾਇਆ ਕਈ ਪੌੜੀਆਂ ਦਾ ਉੱਚੀ ਉੱਚੀ ਪਾਠ ਕਰ ਚੁੱਕਾ ਸੀ। ਮੱਝ ਨੂੰ ਪਾਠ ਦਾ ਕੋਈ ਫਾਇਦਾ ਹੋਇਆ ਜਾਂ ਨਹੀਂ, ਇਹਦਾ ਤਾਂ ਪਤਾ ਨਹੀਂ, ਘਰ ਜਾਂਦਿਆਂ ਸਿਰੜੀ ਮੱਝ ਤੇਜ਼ ਤੇਜ਼ ਮਗਰ ਦੌੜੀ ਗਈ। ਆਉਂਦੀ ਵਾਰੀ ਕਦੇ ਇੱਧਰ ਕਦੇ ਉੱਧਰ ਫਸਲਾਂ ਨੂੰ ਮੂੰਹ ਮਾਰਦੀ ਆਈ। ਮੱਝ ਨੂੰ ਰਾਹਤ ਮਿਲ ਚੁੱਕੀ ਸੀ।

Advertisement

ਸੰਪਰਕ: 94176-52947

Advertisement
Advertisement