For the best experience, open
https://m.punjabitribuneonline.com
on your mobile browser.
Advertisement

ਚੰਨ ਚਾਨਣੀ

05:20 AM Nov 26, 2024 IST
ਚੰਨ ਚਾਨਣੀ
Advertisement

ਅਵਨੀਤ ਕੌਰ

Advertisement

ਰਿਸਤਿਆਂ ਦੀ ਸਾਂਝ ਅਨੂਠੀ ਹੈ। ਮਨ ਨੂੰ ਸਕੂਨ ਦਿੰਦੀ ਤੇ ਜਿਊਣ ਦਾ ਬਲ ਬਣਦੀ ਹੈ। ਮੁਸ਼ਕਿਲਾਂ ਨਾਲ ਸਿੱਝਣ ਦੀ ਜਾਚ ਦੱਸਦੀ ਹੈ। ਸੁਖ ਦੁੱਖ ਵਿੱਚ ਮੋਢੇ ’ਤੇ ਹੌਸਲੇ ਭਰਿਆ ਹੱਥ ਰੱਖਦੀ ਹੈ। ਸ਼ੋਸ਼ਲ ਮੀਡੀਆ ਦੇ ਅਜੋਕੇ ਵਕਤ ਵੀ ਰਿਸ਼ਤੇ ਜੀਵਨ ਦਾ ਰਾਹ ਰੁਸ਼ਨਾਉਂਦੇ ਹਨ। ਮਾਸੀ, ਭੂਆ, ਨਾਨੀ, ਮਾਮੀ ਜਿਹੇ ਮਿੱਠੇ ਸ਼ਬਦ ਜ਼ੁਬਾਨ ’ਤੇ ਆਉਂਦਿਆਂ ਹੀ ਮਨ ਚਾਅ, ਹੁਲਾਸ ਨਾਲ ਭਰ ਜਾਂਦਾ ਹੈ। ਮਨ ਦੇ ਦਰ ’ਤੇ ਖ਼ੁਸ਼ੀ ਦਸਤਕ ਦੇਣ ਲੱਗਦੀ ਹੈ। ਰਿਸ਼ਤਿਆਂ ਦੀ ਛਾਂ ਵਿੱਚ ਜਾ ਬੈਠਣ ਦਾ ਹੀਲਾ ਬਣੇ ਤਾਂ ਸੁਖਾਵਾਂ ਅਹਿਸਾਸ ਮਿਲਦਾ ਹੈ।
ਮੇਰੇ ਲਈ ਅਜਿਹਾ ਮੌਕਾ ਬਣਿਆ। ਦੋ ਛੁੱਟੀਆਂ ਵਿੱਚ ਮਾਸੀ ਦੇ ਪਿੰਡ ਦੀ ਬੱਸ ਫੜੀ। ਖੇਤ ਵਿੱਚ ਬਣਿਆ ਘਰ ਫ਼ਸਲਾਂ ਤੇ ਫੁੱਲ ਬੂਟਿਆਂ ਨਾਲ ਗੱਲਾਂ ਕਰਦਾ ਜਾਪਿਆ। ਮਾਸੀ ਜੀ ਪੰਚਾਇਤੀ ਚੋਣ ਡਿਊਟੀ ਤੋਂ ਮੇਰੇ ਮਗਰੋਂ ਘਰ ਪਹੁੰਚੇ। ਮੈਨੂੰ ਵੇਖ ਕਹਿਣ ਲੱਗੇ, ‘‘ਧੀਏ! ਮੈਂ ਤੈਨੂੰ ਉਡੀਕਦੀ ਸਾਂ। ਹੁਣ ਦੇ ਸਮਿਆਂ ਵਿੱਚ ਮਾਮੇ, ਮਾਸੀਆਂ ਕੋਲ ਕੌਣ ਜਾਂਦਾ ਹੈ ਭਲਾ! ਹਰ ਜੁਆਨ ਧੀ ਪੁੱਤ ਕੋਲ ਆਪਣਾ ਮਨ ਪਰਚਾਉਣ, ਖੇਡਣ, ਹੱਸਣ ਲਈ ਮੋਬਾਈਲ ਹੁੰਦਾ ਹੈ। ਹੁਣ ਆਪਸ ਵਿੱਚ ਮਿਲ ਬੈਠ ਗੱਲਾਂ ਕਰਨ ਤੇ ਸਾਝਾਂ ਦੀ ਤੰਦ ਜੋੜਨ ਦਾ ਵਕਤ ਨ੍ਹੀਂ ਰਿਹਾ। ਕੋਵਿਡ ਦੇ ਸਾਲ ਦੌਰਾਨ ਜਦੋਂ ਤੋਂ ਆਨਲਾਈਨ ਪੜ੍ਹਾਈ ਸ਼ੁਰੂ ਹੋਈ, ਮੋਬਾਈਲ ਨੇ ਵਿਦਿਆਰਥੀਆਂ ਨੂੰ ਵੀ ਆਪਣੀ ਮੁੱਠੀ ਵਿੱਚ ਕਰ ਲਿਆ। ਪੜ੍ਹਾਈ ਦੇ ਮਿਆਰ ਦੀ ਗੱਲ ਨਾ ਵੀ ਕਰੀਏ ਤਾਂ ਇਸ ਬਿਮਾਰੀ ਨੇ ਘਰਾਂ ਦੇ ਮਾਹੌਲ ’ਤੇ ਵੀ ਬੁਰਾ ਅਸਰ ਪਾਇਆ। ਮੋਬਾਈਲ ਤੋਂ ਹਟਾਉਣ ਲਈ ਜਦੋਂ ਮਾਪੇ ਕੁਝ ਆਖਣ ਤਾਂ ਜੁਆਬ ਹੁੰਦਾ ਹੈ, ‘ਸਕੂਲ ਦਾ ਕੰਮ ਕਰਨਾ ਪਿਆ। ਮੈਡਮ ਨੇ ਇੱਕ ਚੈਪਟਰ ਘਰੋਂ ਲਿਖ ਕੇ ਲਿਆਉਣ ਨੂੰ ਦਿੱਤਾ ਹੈ’। ਸੌਂਦੇ, ਉੱਠਦੇ, ਬਹਿੰਦੇ ਪਾੜ੍ਹਿਆਂ ਕੋਲ ਮੋਬਾਈਲ ਹੀ ਹੁੰਦਾ ਹੈ। ਹੁਣ ਉਨ੍ਹਾਂ ਨੂੰ ਮਾਵਾਂ ਦੇ ਲਾਡ, ਭੈਣਾਂ ਦੇ ਦੁਲਾਰ ਤੇ ਬਾਪ ਦੀ ਸਿੱਖਿਆ ਨਾਲੋਂ ਮੋਬਾਈਲ ’ਤੇ ਖੇਡਣ ਵਾਲੀ ਗੇਮ ਵਧੇਰੇ ਚੰਗੀ ਲੱਗਣ ਲੱਗੀ ਹੈ।’’
ਦੋ ਦਿਨ ਮਾਸੀ ਦੀ ਅਪਣੱਤ ਨੂੰ ਮਾਣਿਆ। ਸਾਦੀ ਸੁਚੱਜੀ ਜੀਵਨ ਜਾਚ। ਨਾ ਉੱਚਾ ਬੋਲ, ਨਾ ਨੀਵੀਂ ਗੱਲ। ਕੰਮ ਕਰਨ ਵਿੱਚ ਆਪਸੀ ਸਹਿਯੋਗ। ਖਾਣ, ਪੀਣ, ਸੌਣ ਵਿੱਚ ਪੂਰਾ ਅਨੁਸ਼ਾਸ਼ਨ। ਇੱਕ ਦੂਜੇ ਦਾ ਸੰਗ ਸਾਥ ਮਾਣਦੇ ਜੀਅ। ਕਹਿਣੇ ਵਿੱਚ ਰਹਿੰਦੇ ਧੀ ਪੁੱਤਰ। ਖ਼ੁਸ਼ੀ ਤੇ ਸੰਤੁਸ਼ਟੀ ਦੇ ਕਲਾਵੇ ਵਿੱਚ ਰਹਿੰਦਾ ਪਰਿਵਾਰ। ਅਜਿਹੇ ਸੁਖਾਵੇਂ ਮਾਹੌਲ ਵਿੱਚ ਦਿਨ ਪਲਾਂ ਵਿੱਚ ਹੀ ਬੀਤ ਗਏ ਜਾਪੇ।
ਵਾਪਸੀ ਤੇ ਸੁਵਖ਼ਤੇ ਲੰਮੇ ਸਫ਼ਰ ਵਾਲੀ ਬੱਸ ਫੜ੍ਹੀ। ਸਵਾਰੀਆਂ ਨਾਲ ਨਾਲ ਭਰੀ ਹੋਈ ਬੱਸ। ਸਫ਼ਰ ਕਰ ਰਹੀਆਂ ਸਵਾਰੀਆਂ। ਸਕੂਲਾਂ, ਦਫ਼ਤਰਾਂ, ਬੈਂਕਾਂ ਦੇ ਮੁਲਾਜ਼ਮ ਵੀ ਨਜ਼ਰ ਆਏ। ਮੋਬਾਈਲ ਵਿੱਚ ਮਸਤ ਬੈਠੀਆਂ ਸਵਾਰੀਆਂ ਨੂੰ ਵੇਖ ਮਾਸੀ ਦੀ ਫ਼ਿਕਰਮੰਦੀ ਨੇ ਅੰਗੜਾਈ ਭਰੀ। ਪੂਰੀ ਬੱਸ ਵਿੱਚ ਕਿਸੇ ਇੱਕ ਵੀ ਸਵਾਰੀ ਦੇ ਹੱਥ ਵਿੱਚ ਅਖ਼ਬਾਰ, ਪੁਸਤਕ ਨਾ ਵੇਖ ਕੇ ਮਨ ’ਤੇ ਨਿਰਾਸ਼ਾ ਦਸਤਕ ਦੇਣ ਲੱਗੀ। ਇਹ ਵਕਤ ਦਾ ਕੇਹਾ ਦੌਰ ਆ ਗਿਆ ਹੈ। ਤਕਨਾਲੋਜੀ ਦਾ ਪ੍ਰਭਾਵ ਬੁਰੇ ਰੁਖ਼ ਤੁਰਨ ਲੱਗਾ ਹੈ। ਮੋਬਾਈਲ ਦੀ ਦੁਰਵਰਤੋਂ ਨੇ ਮਨੁੱਖ ਨੂੰ ਸਮੂਹ ਤੋਂ ਵੱਖ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜ਼ਿੰਦਗੀ ਆਪਣੇ ਘਰ ਤੱਕ ਸੀਮਤ ਕਰ ਦਿੱਤੀ ਹੈ। ਇਹ ਸੋਚਦਿਆਂ ਮੈਨੂੰ ਆਪਣੇ ਵਿਦਵਾਨ ਪ੍ਰੋਫੈਸਰ ਦੇ ਬੋਲ ਯਾਦ ਆਏ, ‘‘ਜੀਵਨ ਸਮੂਹ ਨਾਲ ਜੁੜਿਆ ਹੁੰਦਾ ਹੈ, ਜਿਸ ਕਰਕੇ ਖ਼ੁਸ਼ੀ, ਗ਼ਮੀ ਸਾਂਝਾਂ ਵਿੱਚ ਬੀਤਦੀ ਹੈ। ਇਹੋ ਸਾਂਝ ਜ਼ਿੰਦਗੀ ਦਾ ਰਾਹ ਦਸੇਰਾ ਬਣਦੀ ਹੈ। ਅੱਗੇ ਵਧ ਕੇ ਨਵੇਂ ਰਾਹ ਤਲਾਸ਼ਣ ਦੀ ਜਾਚ ਦੱਸਦੀ ਹੈ। ਇਸ ਤੋਂ ਬੇਮੁੱਖ ਹੋ ਕੇ ਜਿਊਣਾ ਖੜ੍ਹੇ ਪਾਣੀਆਂ ਵਾਂਗ ਹੁੰਦਾ ਹੈ।’’
ਮਹਾਨਗਰ ਵਿੱਚ ਪਹੁੰਚ ਬੱਸ ਰੁਕੀ। ਦੁੱਧ ਚਿੱਟੇ ਵਾਲਾਂ ਵਾਲੀ ਸਾਦ-ਮੁਰਾਦੀ ਬੀਬੀ ਬੱਸ ਵਿੱਚ ਚੜ੍ਹੀ। ਮੋਢੇ ’ਤੇ ਸਾਦਾ ਬੈਗ, ਚਿਹਰੇ ’ਤੇ ਝਲਕਦਾ ਨੂਰ ਅਤੇ ਹੱਥ ਵਿੱਚ ਪੁਸਤਕਾਂ। ਸੀਟ ’ਤੇ ਬੈਠਣ ਸਾਰ ਪੁਸਤਕ ਦੇ ਪੰਨਿਆਂ ਨਾਲ ਸੰਵਾਦ ਰਚਾਉਣ ਲੱਗੀ। ਮਨ ਦੇ ਵਿਹੜੇ ਆਸ ਦੀਆਂ ਕਿਰਨਾਂ ਜਗਣ ਲੱਗੀਆਂ। ਯਾਦਾਂ ਦੀ ਬੁੱਕਲ ਖੁੱਲ੍ਹੀ ਤਾਂ ਦਾਦੀ ਮਾਂ ਨਾਲ ਬਿਤਾਏ ਪਲਾਂ ਦਾ ਪੰਨਾ ਪਲਟਿਆ। ਸਿਦਕਵਾਨ ਦਾਦੀ ਮਾਂ ਜ਼ਿੰਦਗੀ ਦਾ ਗਿਆਨ ਆਪਣੇ ਕਲਾਵੇ ਵਿੱਚ ਸਾਂਭ ਰੱਖਦੀ। ਉਸ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਜ਼ਿੰਦਗੀ ਦੇ ਅਰਥ ਛੁਪੇ ਹੁੰਦੇ। ਸਕੂਲ ਜਾਣ ਆਉਣ ਵਕਤ ਮਿਹਨਤ ਕਰਨ ਦਾ ਸਬਕ ਦਿੰਦੀ।
‘‘ਧੀਏ! ਆਹ ਪੜ੍ਹਨਾ ਲਿਖਣਾ, ਸਿੱਖਣਾ ਹੀ ਬੰਦੇ ਨੂੰ ਪੈਰਾਂ ਸਿਰ ਕਰਦਾ ਹੈ। ਬਿਨਾਂ ਉੱਦਮ ਗੱਲਾਂ ਕਰਕੇ, ਵੇਖਣ, ਸੁਣਨ ਨਾਲ ਕਦੇ ਮੰਜ਼ਿਲ ਨੀ ਮਿਲਦੀ। ਵਕਤ ਸਖ਼ਤ ਮਿਹਨਤ ਤੇ ਪੱਕੇ ਇਰਾਦਿਆਂ ਨਾਲ ਬਦਲਿਆ ਕਰਦਾ ਹੈ। ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਇਰਾਦਾ ਧਾਰ ਕੇ ਤੁਰਨ ਵਾਲਿਆਂ ਦਾ ਰਾਹ ਜਿੱਤ ਵੱਲ ਹੀ ਜਾਂਦਾ ਹੈ। ਇਹ ਗੱਲ ਹਮੇਸ਼ਾ ਜ਼ਿੰਦਗੀ ਦੇ ਲੜ ਬੰਨ੍ਹ ਕੇ ਰੱਖਣਾ। ਕਿਸੇ ਚੀਜ਼ ਦੀ ਅਤਿ ਕੁਰਾਹੇ ਤੋਰਦੀ ਹੈ। ਜੀਵਨ ਨੂੰ ਚਾਰ ਚੰਨ ਲਾਉਣ ਲਈ ਆਪਣਿਆਂ ਦਾ ਸਾਥ ਜ਼ਰੂਰੀ ਹੁੰਦਾ ਹੈ।’’
ਮੈਨੂੰ ਬੱਸ ਵਿੱਚ ਬੈਠੀ ਬਿਰਧ ਬੀਬੀ ਸਵਾਰੀਆਂ ਨੂੰ ਇੱਕ ਸਬਕ ਦਿੰਦੀ ਨਜ਼ਰ ਆਈ ਕਿ ਪੁਸਤਕਾਂ ਵਾਂਗ ਆਪਸੀ ਸਾਂਝ ਤੋਂ ਬਿਨਾਂ ਗੁਜ਼ਾਰਾ ਨਹੀਂ। ਇਹ ਜ਼ਿੰਦਗੀ ਦੇ ਪੰਨਿਆਂ ’ਤੇ ਸਫ਼ਲਤਾ ਦੀ ਇਬਾਰਤ ਲਿਖਦੀ ਹੈ। ਸਾਂਝ ਤੋਂ ਸੱਖਣੇ ਮਨੁੱਖ ਸੌਖੇ ਰਾਹਾਂ ਦੀ ਤਲਾਸ਼ ਵਿੱਚ ਸਫਲਤਾ ਦਾ ਮੁੱਖ ਵੇਖਣ ਤੋਂ ਵਾਂਝੇ ਰਹਿ ਜਾਂਦੇ ਹਨ। ਮਨ ਅਜਿਹੀ ਸੋਚ ਨੂੰ ਉਚਿਆਉਂਦਾ ਹੈ। ਸੋਸ਼ਲ ਮੀਡੀਆ ਦੀ ਰੀਲ ’ਤੇ ਇਹ ਬੋਲ ਚਮਕਦੇ ਪ੍ਰਤੀਤ ਹੁੰਦੇ ਹਨ, ‘ਵਕਤ ਦਾ ਬਦਲਦਾ ਦੌਰ ਰਿਸ਼ਤਿਆਂ ਵਿਚਲੀ ਅਪਣੱਤ, ਪੁਸਤਕਾਂ ਵਿਚਲੇ ਚਾਨਣ, ਕਿਰਤ, ਕਲਮ ਦੀ ਵਿਰਾਸਤ ਤੇ ਸੁਫਨਿਆਂ ਦੀ ਉਡਾਣ ਨੂੰ ਕਦੇ ਮਾਤ ਨਹੀਂ ਦੇ ਸਕਦਾ। ਜ਼ਿੰਦਗੀ ਦੀ ਇਹ ਚੰਨ ਚਾਨਣੀ ਬੁਲੰਦ ਆਸ ਬਣ ਹਮੇਸ਼ਾ ਜੀਵਨ ਰਾਹ ਰੌਸ਼ਨ ਕਰਦੀ ਰਹੇਗੀ’।
ਸੰਪਰਕ: salamzindgi88@gmail.com

Advertisement

Advertisement
Author Image

joginder kumar

View all posts

Advertisement