For the best experience, open
https://m.punjabitribuneonline.com
on your mobile browser.
Advertisement

ਬੀਤੇ ਹੁਏ ਲਮਹੋਂ ਕੀ ਕਸਕ...

06:14 AM Nov 12, 2024 IST
ਬੀਤੇ ਹੁਏ ਲਮਹੋਂ ਕੀ ਕਸਕ
Advertisement

ਪ੍ਰੀਤਮਾ ਦੋਮੇਲ

Advertisement

ਹਰਿਆਣੇ ਵਿੱਚ ਨੌਕਰੀ ਕਰ ਕੇ ਕੁਝ ਸਾਲ ਪਹਿਲਾਂ ਹੀ ਪੰਜਾਬ ਵਿਚ ਆਈ ਹਾਂ। ਪਿਤਾ ਜੀ ਮੁੱਢ ਤੋਂ ਹੀ ਹਰਿਆਣੇ ’ਚ ਨੌਕਰੀ ਕਰਦੇ ਸੀ ਤੇ ਸਾਡੇ ਸਾਰੇ ਭੈਣ ਭਰਾਵਾਂ ਦਾ ਬਚਪਨ ਉੱਥੇ ਹੀ ਬੀਤਿਆ। ਐੱਮਏ ਐੱਮਐੱਡ ਨੂੰ ਛੱਡ ਕੇ ਮੇਰੀ ਸਾਰੀ ਪੜ੍ਹਾਈ ਹਰਿਆਣੇ ਵਿਚ ਹੀ ਹੋਈ ਅਤੇ ਨੌਕਰੀ ਵੀ ਉਥੇ ਹੀ ਸ਼ੁਰੂ ਕੀਤੀ। ਇਹ ਗੱਲ ਮੇਰੀ ਨੌਕਰੀ ਦੇ ਸ਼ੁਰੂ ਦੇ ਸਾਲਾਂ ਦੀ ਹੈ।
ਇਕਨੌਮਿਕਸ ਦੀ ਲੈਕਚਰਾਰ ਬਣ ਕੇ ਮੈਂ ਜਿਸ ਸਕੂਲ ਵਿਚ ਜੁਆਇਨ ਕੀਤਾ, ਉਹ ਦੋ ਕੁ ਸਾਲ ਪਹਿਲਾਂ ਹੀ ਸਰਕਾਰ ਨੇ ਆਪਣੇ ਹੱਥ ਲਿਆ ਸੀ। ਉੱਥੇ ਸਾਰੇ ਅਧਿਆਪਕ ਤੇ ਬਾਕੀ ਅਮਲਾ ਲੋਕਲ ਹੀ ਸੀ ਜੋ ਆਪਣੀ ਮਰਜ਼ੀ ਦਾ ਟਾਈਮ ਟੇਬਲ ਬਣਾਉਂਦੇ ਤੇ ਸਕੂਲ ਟਾਈਮ ਵਿਚ ਘਰ ਟਿਊਸ਼ਨਾਂ ਤੱਕ ਪੜ੍ਹਾਉਂਦੇ। ਮੈਂ ਜਿਸ ਦੀ ਥਾਂ ਆਈ, ਉਹ ਸਕੂਲ ਦੇ ਪੁਰਾਣੇ ਪ੍ਰਧਾਨ ਦੀ ਧੀ ਸੀ ਜੋ ਐਡਹਾਕ ਆਧਾਰ ’ਤੇ ਪੜ੍ਹਾ ਰਹੀ ਸੀ। ਮੇਰਾ ਆਉਣਾ ਸਭ ਨੂੰ ਬੁਰਾ ਲੱਗਿਆ ਪਰ ਮੈਂ ਵੀ ਆਪਣੇ ਇਮਾਨਦਾਰ ਬਾਪ ਦੇ ਅਸੂਲ ਪੱਲੇ ਬੰਨ੍ਹ ਕੇ ਲਿਆਈ ਸਾਂ; ਜਿਸ ਨੂੰ ਵੀ ਪੀਰਿਅਡ ਛੱਡਦਿਆਂ ਜਾਂ ਬਾਜ਼ਾਰ ਜਾਂਦਿਆਂ ਦੇਖਦੀ ਤਾਂ ਟੋਕਦੀ ਤੇ ਦਫਤਰ ਵਿਚ ਸ਼ਿਕਾਇਤ ਕਰਨ ਦੀਆਂ ਧਮਕੀਆਂ ਦਿੰਦੀ ਪਰ ਉਨ੍ਹਾਂ ਨੇ ਤਾਂ ਸੱਚਮੁੱਚ ਮੇਰੀ ਸ਼ਿਕਾਇਤ ਕਰ ਦਿੱਤੀ ਤੇ ਆਪਣੇ ਵਾਲੇ ਸਾਰੇ ਦੋਸ਼ ਮੇਰੇ ਸਿਰ ’ਤੇ ਮੜ੍ਹ ਦਿੱਤੇ। ਡੀਈਓ ਕਿਸੇ ਦੂਸਰੇ ਜ਼ਿਲ੍ਹੇ ਤੋਂ ਨਵਾਂ-ਨਵਾਂ ਹੀ ਬਦਲ ਕੇ ਆਇਆ ਸੀ। ਸਿਆਣਾ ਤੇ ਨੇਕ ਬੰਦਾ ਸੀ। ਇਕ ਦਿਨ ਕਿਸੇ ਅਮੀਰ ਬੱਚੇ ਦਾ ਬਾਪ ਬਣ ਕੇ ਸੂਕਲ ਵਿਚ ਘੁੰਮਣ ਫਿਰਨ ਆ ਗਿਆ।
ਸਭ ਕੁਝ ਨੋਟ ਕਰ ਕੇ ਬਾਹਰ ਜਾਣ ਲੱਗਿਆਂ ਇਸ਼ਾਰੇ ਨਾਲ ਮੈਨੂੰ ਬੁਲਾਇਆ ਤੇ ਦੂਰ ਖੜ੍ਹੀ ਆਪਣੀ ਜੀਪ ਵਿਚ ਬੈਠਣ ਲੱਗਿਆਂ ਮੇਰੇ ਸਿਰ ’ਤੇ ਹੱਥ ਰੱਖ ਕੇ ਬੋਲਿਆ, “ਸ਼ਾਬਾਸ਼ ਬੇਟਾ, ਜਿਹੋ ਜਿਹੀ ਹੈਂ, ਉਵੇਂ ਹੀ ਰਹਿਣਾ।” ਫਿਰ ਉਹਨੇ ਸਕੂਲ ਦਾ ਸਾਰਾ ਰੰਗ-ਢੰਗ ਹੀ ਬਦਲ ਦਿੱਤਾ।
ਬੱਚਾ ਉਨ੍ਹਾਂ ਦਾ ਹੈ ਨਹੀਂ ਸੀ ਕੋਈ ਤੇ ਉਹ ਮੈਨੂੰ ਆਪਣੀ ਧੀ ਸਮਝਣ ਲੱਗ ਪਏ। ਮੈਂ ਵੀ ਪਹਿਲੀ ਵਾਰੀ ਆਪਣੇ ਪਰਿਵਾਰ ਤੋਂ ਇਕੱਲੀ ਰਹਿ ਰਹੀ ਸਾਂ। ਹੋਰ ਦੋ ਸਾਲ ਬਾਅਦ ਜਦ ਉਹ ਰਿਟਾਇਰ ਹੋਏ ਤਾਂ ਸਾਡੇ ਸਟਾਫ ਨੇ ਉਨ੍ਹਾਂ ਨੂੰ ਸ਼ਹਿਰ ਦੇ ਪੁਰਾਣੇ ਵਧੀਆ ਹੋਟਲ ਵਿਚ ਪਾਰਟੀ ਦਿੱਤੀ। ਮੈਂ ਵੀ ਗਾਣਾ ਗਾਇਆ। ਗੀਤ ਦੇ ਬੋਲ ਸਨ: ਬੀਤੇ ਹੁਏ ਲਮਹੋਂ ਕੀ ਕਸਕ ਸਾਥ ਤੋ ਹੋਗੀ...।
ਡੀਈਓ ਤੇ ਉਨ੍ਹਾਂ ਦੀ ਪਤਨੀ ਦੀਆਂ ਅੱਖਾਂ ਵਿਚ ਵੀ ਪਾਣੀ ਆ ਗਿਆ। ਮੈਂ ਵੀ ਬਹੁਤ ਉਦਾਸ ਸੀ।
ਰਿਟਾਇਰ ਹੋ ਕੇ ਉਹ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਿਸੇ ਦੁਰਾਡੇ ਸ਼ਹਿਰ ਵਿਚ ਚਲੇ ਗਏ। ਕਈ ਸਾਲ ਸਾਡਾ ਚਿੱਠੀਆਂ ਤੇ ਫੋਨ ਰਾਹੀਂ ਮੇਲ-ਮਿਲਾਪ ਬਣਿਆ ਰਿਹਾ, ਫਿਰ ਹੌਲੀ-ਹੌਲੀ ਬੰਦ ਹੋ ਗਿਆ। ਇਕ ਦਿਨ ਅਚਾਨਕ ਮੇਰੀ ਪੁਰਾਣੀ ਕੁਲੀਗ ਮਿਲਣ ਆਈ; ਕਹਿਣ ਲੱਗੀ, “ਤੈਨੂੰ ਪਤਾ, ਉਹ ਆਪਣੇ ਪੁਰਾਣੇ ਡੀਈਓਅੱਜ ਕੱਲ੍ਹ ਪੰਚਕੂਲਾ ਰਹਿ ਰਹੇ, ਪੀਜੀਆਈ ’ਚ ਕੋਈ ਇਲਾਜ ਕਰਵਾ ਰਹੇ।” ਮੈਂ ਉਸ ਕੋਲੋਂ ਉਨ੍ਹਾਂ ਦਾ ਪਤਾ ਲੈ ਕੇ ਅਗਲੇ ਦਿਨ ਉਨ੍ਹਾਂ ਦੇ ਘਰ ਜਾ ਪੁੱਜੀ ਜਿਹੜਾ ਸਾਡੇ ਮਿਲਟਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਪੈਂਦਾ ਸੀ। ਆਂਟੀ ਨੇ ਪਿਆਰ ਨਾਲ ਗਲ ਨਾਲ ਲਾਇਆ। ਡੀਈਓ ਸਾਹਿਬਬੜੇ ਕਮਜ਼ੋਰ ਲੱਗੇ। ਮੈਂ ਨਮਸਤੇ ਕੀਤੀ, ਬੋਲੇ ਨਹੀਂ; ਮੈਂ ਉਦਾਸ ਹੋ ਕੇ ਆਂਟੀ ਵੱਲ ਦੇਖਿਆ। ਉਹ ਰੋਣਹਾਕੀ ਹੋ ਕੇ ਬੋਲੀ, “ਇਹ ਤਾਂ ਹੁਣ ਧੀਏ ਕਿਸੇ ਨੂੰ ਵੀ ਨਹੀਂ ਪਛਾਣਦੇ, ਬੋਲਣਾ ਤਾਂ ਦੂਰ ਦੀ ਗੱਲ ਹੈ। ਸਿਰ ਦੀ ਕੋਈ ਬਿਮਾਰੀ ਹੋ ਗਈ ਸੀ। ਪੀਜੀਆਈ ਇਲਾਜ ਚੱਲ ਰਿਹਾ। ਉਹ ਤਾਂ ਹੁਣ ਠੀਕ ਹੋ ਗਈ ਹੈ ਪਰ ਇਨ੍ਹਾਂ ਨੇ ਪਛਾਣਨਾ ਤੇ ਬੋਲਣਾ ਬੰਦ ਦਿੱਤਾ। ਉਂਝ ਠੀਕ ਤਰ੍ਹਾਂ ਖਾਂਦੇ ਪੀਂਦੇ, ਸੌਂਦੇ ਜਾਗਦੇ; ਬਸ ਬੋਲਦੇ ਨਹੀਂ।”
ਮੈਂ ਉਨ੍ਹਾਂ ਕੋਲ ਬੈਠ ਕੇ ਪੁਰਾਣੀਆਂ ਗੱਲਾਂ, ਉਨ੍ਹਾਂ ਦੇ ਦਫਤਰ ਤੇ ਸਟਾਫ ਦੀਆਂ, ਸਕੂਲਾਂ ਤੇ ਅਧਿਆਪਕਾਂ ਦੀਆਂ ਗੱਲਾਂ ਤੇ ਵਕਤ-ਵਕਤ ਨਾਲ ਸਕੂਲਾਂ ਵਿਚ ਹੋਣ ਵਾਲੇ ਸਮਾਗਮਾਂ ਦਾ ਜ਼ਿਕਰ ਕਰਦੀ ਰਹੀ ਪਰ ਉਨ੍ਹਾਂ ’ਤੇ ਕੋਈ ਅਸਰ ਨਾ ਪਿਆ। ਉਹ ਚੁੱਪ-ਚਾਪ ਬੈਠੇ ਇੱਧਰ-ਉਧਰ ਦੇਖਦੇ ਰਹੇ। ਫਿਰ ਪਤਾ ਨਹੀਂ ਮੈਨੂੰ ਕੀ ਸੁੱਝੀ, ਮੈਂ ਹੌਲੀ-ਹੌਲੀ ਉਨ੍ਹਾਂ ਦੀ ਵਿਦਾਇਗੀ ਪਾਰਟੀ ਵਿਚ ਗਾਇਆ ਗਾਣਾ ਗੁਣਗੁਣਾਉਣ ਲੱਗ ਪਈ: ਬੀਤੇ ਹੁਏ ਲਮਹੋਂ ਕੀ ਕਸਕ ਸਾਥ ਤੋ ਹੋਗੀ...।
ਹੌਲੀ-ਹੌਲੀ ਸੁਰ ਉੱਚੇ ਹੋ ਗਏ; ਡੀਈਓ ਸਾਹਿਬ ਦੇ ਚਿਹਰੇ ਦਾ ਰੰਗ ਬਦਲਣ ਲੱਗ ਪਿਆ, ਅੱਖਾਂ ਵਿਚ ਚਮਕ ਆ ਗਈ ਤੇ ਫਿਰ ਉਹ ਵੀ ਗੁਣਗੁਣਾਉਣ ਲੱਗ ਪਏ। ਦੇਰ ਤੱਕ ਅਸੀਂ ਮੁੜ-ਮੁੜ ਉਹੀ ਗਾਣਾ ਗਾਈ ਗਏ। ਹੈਰਾਨ ਤੇ ਖੁਸ਼ ਆਂਟੀ ਨਾਲ-ਨਾਲ ਤਾਲੀ ਦੇਣ ਲੱਗ ਪਏ।
ਫਿਰ ਉਹ ਰੁਕ ਗਏ ਤੇ ਮੇਰੇ ਸਿਰ ਨੂੰ ਆਪਣੇ ਮੋਢੇ ਨਾਲ ਲਾ ਕੇ ਬੋਲੇ, “ਓ ਵਾਹ ਬਈ ਵਾਹ! ਤੂੰਂ ਉਹੀ ਏਂ ਨਾ ਜਿਹਨੇ ਇਹ ਗਾਣਾ ਗਾਇਆ ਸੀ ਮੇਰੀ ਪਾਰਟੀ ’ਤੇ?”
“ਹਾਂ ਜੀ, ਮੈਂ ਉਹੀ ਆਂ... ਤੁਹਾਡੀ ਧੀ।” ਤਿੰਨਾਂ ਦੀਆਂ ਅੱਖਾਂ ਭਰ ਆਈਆਂ ਸਨ। ਰੋਂਦੇ-ਰੋਂਦੇ ਆਂਟੀ ਨੇ ਕਿਹਾ, “ਸ਼ੁਕਰ ਐ ਤੁਸੀਂ ਠੀਕ ਹੋ ਗਏ। ਇਹ ਤਾਂ ਕੋਈ ਕਰਾਮਾਤ ਵਰਗੀ ਗੱਲ ਹੋ ਗਈ।”
“ਰੋਂਦੀ ਕਿਉਂ ਐਂ, ਮੈਨੂੰ ਕੀ ਹੋਇਆ, ਮੈਂ ਤਾਂ ਭਲਾ-ਚੰਗਾ ਹਾਂ।”
ਫਿਰ ਅਸੀਂ ਉਦੋਂ ਤੱਕ ਇਕ-ਦੂਜੇ ਨੂੰ ਮਿਲਦੇ ਰਹੇ ਜਦ ਤੱਕ ਅੱਗੜ-ਪਿੱਛੜ ਕਰੋਨਾ ਦੀ ਮਹਾਮਾਰੀ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਨਾ ਲੈ ਗਈ।
ਹੁਣ ਵੀ ਜਦ ਕਦੀ ਮਿਲਟਰੀ ਹਸਪਤਾਲ ਜਾਂਦੀ ਹਾਂ ਤਾਂ ਸਾਹਮਣੇ ਦਿਸਦੇ ਉਨ੍ਹਾਂ ਦੇ ਘਰ ਵੱਲ ਦੇਖ ਕੇ ਸਿਰ ਝੁਕਾਉਂਦੀ ਹਾਂ ਤੇ ਉਸ ਵਕਤ ਨੂੰ ਯਾਦ ਕਰਦੀ ਹਾਂ।
ਸੰਪਰਕ: 62841-55025

Advertisement

Advertisement
Author Image

joginder kumar

View all posts

Advertisement