ਕੀ ਕਹਿੰਦੈ ਅਸ਼ਿਵਨ ਦਾ ਬੱਲਾ?
ਰਾਮਚੰਦਰ ਗੁਹਾ
ਜਦੋਂ ਮੈਂ ਰਵੀਚੰਦਰਨ ਅਸ਼ਿਵਨ ਦੀਆਂ ਯਾਦਾਂ ਦੀ ਕਿਤਾਬ ਦਾ ਕਵਰ ਵੇਖਿਆ ਤਾਂ ਮੇਰੀ ਨਜ਼ਰ ਕ੍ਰਿਕਟ ਬੱਲੇ ਦੇ ਮੁੱਠੇ ਨੂੰ ਫੜੀ ਬੈਠੇ ਉਸ ਦੀ ਤਸਵੀਰ ’ਤੇ ਟਿਕ ਗਈ। ਲੱਗਿਆ ਜਿਵੇਂ ਉਹ ਵਿਕਟ ਡਿੱਗਣ ਦੀ ਉਡੀਕ ਕਰ ਰਿਹਾ ਹੋਵੇ ਤਾਂ ਕਿ ਉਹ ਡ੍ਰੈਸਿੰਗ ਰੂਮ ’ਚੋਂ ਮੈਦਾਨ ’ਚ ਨਿੱਤਰ ਕੇ ਆਪਣਾ ਜੌਹਰ ਦਿਖਾ ਸਕੇ। ਹੁਣ ਮੈਂ ਸਮਝ ਸਕਦਾ ਹਾਂ ਕਿ ਅਸ਼ਿਵਨ ਬੱਲੇਬਾਜ਼ੀ ਕਰ ਸਕਦਾ ਹੈ। ਉਸ ਦੀਆਂ ਸਿਮ੍ਰਤੀਆਂ ਪ੍ਰਕਾਸ਼ਿਤ ਹੋਣ ਤੋਂ ਕਾਫ਼ੀ ਅਰਸਾ ਪਹਿਲਾਂ ਸਕੂਲ ਦੀ ਪੜ੍ਹਾਈ ਦੇ ਦਿਨਾਂ ਵਿੱਚ ਉਹ ਵਿਕਟਾਂ ਲੈਣ ਨਾਲੋਂ ਦੌੜਾਂ ਬਣਾਉਣ ਲਈ ਵੱਧ ਜਾਣਿਆ ਜਾਂਦਾ ਸੀ। ਮੈਂ ਅਸ਼ਿਵਨ ਨੂੰ ਖੇਡਦਿਆਂ ਬਹੁਤਾ ਨਹੀਂ ਦੇਖਿਆ ਕਿਉਂਕਿ ਮੈਂ ਜ਼ਿਆਦਾਤਰ ਟੈਸਟ ਕ੍ਰਿਕਟ ਦੇਖਦਾ ਰਿਹਾ ਹਾਂ ਅਤੇ ਕਿਸੇ ਨਾ ਕਿਸੇ ਕਾਰਨ ਅੱਜਕੱਲ੍ਹ ਬੰਗਲੌਰ ਨੂੰ ਟੈਸਟ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਫਿਰ ਵੀ ਟੈਲੀਵਿਜ਼ਨ ’ਤੇ ਉਸ ਨੂੰ ਬੱਲੇਬਾਜ਼ੀ ਕਰਦਿਆਂ ਦੇਖਣ ਦੀਆਂ ਯਾਦਾਂ ਚੇਤਿਆਂ ਵਿੱਚ ਵਸੀਆਂ ਹੋਈਆਂ ਹਨ। ਆਪਣੇ ਮਨ ਦੀ ਅੱਖ ਵਿੱਚ ਮੈਂ ਉਸ ਨੂੰ ਤੇਜ਼ ਗੇਂਦਬਾਜ਼ਾਂ ਸਾਹਮਣੇ ਡਟ ਕੇ ਖੜ੍ਹੇ ਹੁੰਦਿਆਂ ਤੇ ਬਹੁਤ ਹੀ ਸਫ਼ਾਈ ਨਾਲ ਬਾਲ ਨੂੰ ਗੇਂਦਬਾਜ਼ ਦੇ ਲਾਗਿਓਂ ਕੱਢਦਿਆਂ ਦੇਖ ਸਕਦਾ ਹਾਂ ਤੇ ਮੈਂ ਉਸ ਨੂੰ ਟਰੈਕ ’ਤੇ ਅੱਗੇ ਆ ਕੇ ਕਿਸੇ ਫਿਰਕੀ ਗੇਂਦਬਾਜ਼ ਦੀ ਗੇਂਦ ਨੂੰ ਉਸ ਦੇ ਸਿਰ ਉੱਤੋਂ ਦੀ ਸ਼ਾਟ ਲਾਉਂਦਿਆਂ ਵੀ ਦੇਖ ਸਕਦਾ ਹਾਂ।
ਟੈਸਟ ਕ੍ਰਿਕਟ ਵਿੱਚ ਅਸ਼ਿਵਨ ਨੇ ਜੋ ਦੋ ਸਭ ਤੋਂ ਨਿਰਣਾਇਕ ਪਾਰੀਆਂ ਖੇਡੀਆਂ ਸਨ, ਉਨ੍ਹਾਂ ਵਿੱਚ ਇਨ੍ਹਾਂ ਦੋ ਸ਼ਾਟਾਂ ਦਾ ਕੋਈ ਯੋਗਦਾਨ ਨਹੀਂ ਸੀ। ਇਹ ਦੋਵੇਂ ਪਾਰੀਆਂ 2021 ਦੇ ਜਨਵਰੀ ਅਤੇ ਫਰਵਰੀ ਮਹੀਨਿਆਂ ਵਿੱਚ ਦੋ ਵੱਖੋ-ਵੱਖਰੇ ਮੈਦਾਨਾਂ ਉੱਪਰ ਅਤੇ ਦੋ ਵੱਖੋ-ਵੱਖਰੀਆਂ ਟੀਮਾਂ ਖ਼ਿਲਾਫ਼ ਖੇਡੀਆਂ ਗਈਆਂ ਸਨ। ਪਹਿਲੀ ਪਾਰੀ ਵਿੱਚ ਅਸ਼ਿਵਨ ਅਤੇ ਹਨੂਮਾ ਵਿਹਾਰੀ ਨੇ ਸਿਡਨੀ ਕ੍ਰਿਕਟ ਗ੍ਰਾਊਂਡ ’ਤੇ ਆਸਟਰੇਲੀਆ ਦੀ ਜ਼ਬਰਦਸਤ ਗੇਂਦਬਾਜ਼ੀ ਦਾ 40 ਓਵਰਾਂ ਤੱਕ ਮੁਕਾਬਲਾ ਕੀਤਾ ਸੀ ਅਤੇ ਅੰਤ ਨੂੰ ਮੈਚ ਡ੍ਰਾਅ ਕਰਵਾ ਲਿਆ ਸੀ। ਉਸ ਪਾਰੀ ਵਿੱਚ ਅਸ਼ਿਵਨ ਫਰੰਟ ਫੁੱਟ ’ਤੇ ਬਾਲ ਨੂੰ ਡੱਕਦਿਆਂ ਜਾਂ ਬੈਕ ਫੁੱਟ ’ਤੇ ਜਾ ਕੇ ਬਚਾਓ ਕਰਦਿਆਂ ਨਜ਼ਰ ਆਇਆ ਸੀ। ਇਸ ਦਰਮਿਆਨ ਭਾਰਤ ਦੇ ਦੋਵੇਂ ਡਿਫੈਂਡਰਾਂ ਨੂੰ ਲੰਮਾ ਸਮਾਂ ਗੱਲਬਾਤ ਕਰਦਿਆਂ ਦੇਖਿਆ ਗਿਆ ਸੀ ਜਿਸ ਬਾਰੇ ਬਾਅਦ ਵਿੱਚ ਪਤਾ ਚੱਲਿਆ ਸੀ ਕਿ ਉਹ ਤਮਿਲ ’ਚ ਗੱਲਬਾਤ ਕਰ ਰਹੇ ਸਨ। ਇਹ ਇੱਕ ਐਸਾ ਤੱਥ ਹੈ ਜਿਸ ਤੋਂ ਚੇਪਾੱਕ (ਚੇਨੱਈ ਕ੍ਰਿਕਟ ਮੈਦਾਨ) ਦੇ ਸ਼ੈਦਾਈਆਂ ਨੂੰ ਵਾਕਈ ਖ਼ੁਸ਼ੀ ਹੋਈ ਹੋਵੇਗੀ ਪਰ ਪੋਟੀ ਸ੍ਰੀਰਾਮੁੱਲੂ (ਉੱਘੇ ਆਜ਼ਾਦੀ ਸੰਗਰਾਮੀਏ ਅਤੇ ਆਂਧਰਾ ਪ੍ਰਦੇਸ਼ ਦੇ ਗਠਨ ਲਈ 56 ਦਿਨਾਂ ਮਰਨ ਵਰਤ ਰੱਖ ਕੇ ਜਾਨ ਕੁਰਬਾਨ ਕਰਨ ਵਾਲੇ ਆਗੂ) ਦੇ ਵਿਚਾਰਧਾਰਕ ਵੰਸ਼ਜਾਂ ਨੂੰ ਵਾਕਈ ਤਾਅ ਚੜ੍ਹਿਆ ਹੋਵੇਗਾ।
ਮੇਰੀ ਜਾਚੇ ਅਸ਼ਿਵਨ ਨੇ ਦੂਜੀ ਯਾਦਗਾਰੀ ਪਾਰੀ ਉਸ ਦੇ ਘਰੇਲੂ ਮੈਦਾਨ ’ਤੇ ਇੰਗਲੈਂਡ ਖ਼ਿਲਾਫ਼ ਖੇਡੀ ਸੀ। ਭਾਰਤ ਨੇ ਪਹਿਲੀ ਪਾਰੀ ਵਿੱਚ ਲੀਡ ਲਈ ਸੀ ਪਰ ਦੂਜੀ ਪਾਰੀ 106/6 ਦੇ ਸਕੋਰ ’ਤੇ ਲੜਖੜਾ ਰਹੀ ਸੀ। ਫਿਰ ਜਦੋਂ ਅਸ਼ਿਵਨ ਖੇਡਣ ਆਇਆ ਤਾਂ ਉਸ ਨੇ ਕੋਹਲੀ, ਕੁਲਦੀਪ, ਇਸ਼ਾਂਤ ਅਤੇ ਸਿਰਾਜ ਨਾਲ ਮਿਲ ਕੇ ਭਾਰਤ ਦੇ ਕੁੱਲ ਸਕੋਰ ਨੂੰ 286 ’ਤੇ ਪਹੁੰਚਾਇਆ ਜਿੱਥੋਂ ਉਨ੍ਹਾਂ ਚੰਗੇ ਫ਼ਰਕ ਨਾਲ ਮੈਚ ਜਿੱਤਿਆ ਸੀ। ਅਸ਼ਿਵਨ ਨੇ ਸੈਂਕੜਾ ਬਣਾਇਆ ਜਿਸ ਵਿੱਚ ਉਸ ਨੇ ਬਹੁਤੀਆਂ ਦੌੜਾਂ ਸਵੀਪ ਅਤੇ ਸਕੁਏਅਰ ਪੁਜ਼ੀਸ਼ਨ ਦੇ ਸਾਹਵੇਂ ਸ਼ਾਟ ਜੜ ਕੇ ਬਣਾਈਆਂ ਸਨ। ਉਂਝ, ਭਾਵੇਂ ਇਹ ਚੇਪਾੱਕ ਦਾ ਹੀ ਮੈਦਾਨ ਸੀ ਪਰ ਯਕੀਨ ਜਾਣਿਓ ਓਵਰਾਂ ਦਰਮਿਆਨ ਕੋਈ ਤਮਿਲ ਨਹੀਂ ਬੋਲੀ ਗਈ ਸੀ।
ਮੈਂ ਜਾਣਦਾ ਹਾਂ ਕਿ ਅਸ਼ਿਵਨ ਬੱਲੇਬਾਜ਼ੀ ਕਰ ਸਕਦਾ ਹੈ ਅਤੇ ਜਿਹੜੇ ਲੋਕ ਉਸ ਦੀ ਕਿਤਾਬ ਖ੍ਰੀਦਣਗੇ, ਉਹ ਵੀ ਇਹ ਜਾਣਦੇ ਹਨ। ਉਂਝ, ਇਹ ਵੀ ਸੱਚ ਹੈ ਕਿ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਅਸ਼ਿਵਨ ਨੂੰ ਬਾਲ ਨਾਲ ਕੀਤੀਆਂ ਜੁਗਤਾਂ ਲਈ ਯਾਦ ਕੀਤਾ ਜਾਵੇਗਾ। ਭਲਾ, ਪੰਜ ਸੌ ਤੋਂ ਵੱਧ ਟੈਸਟ ਵਿਕਟਾਂ ਹਾਸਿਲ ਕਰਨ ਵਾਲਾ ਅਤੇ ਅਨਿਲ ਕੁੰਬਲੇ ਤੋਂ ਬਾਅਦ ਭਾਰਤ ਲਈ ਸਭ ਤੋਂ ਵੱਧ ਟੈਸਟ ਮੈਚ ਜਿੱਤਣ ਵਾਲਾ ਕੋਈ ਕ੍ਰਿਕਟਰ ਆਪਣੀ ਸਵੈ-ਜੀਵਨੀ ਨੂੰ ਕਵਰ ’ਤੇ ਆਪਣੀ ਬੱਲੇ ਵਾਲੀ ਤਸਵੀਰ ਨਾਲ ਕਿਉਂ ਛਪਵਾਉਂਦਾ ਹੈ? ਮੈਂ ਅਸ਼ਿਵਨ ਨੂੰ ਕਦੇ ਨਹੀਂ ਮਿਲਿਆ ਪਰ ਮੈਂ ਉਸ ਬਾਰੇ ਜੋ ਵੀ ਕੁਝ ਪੜ੍ਹਿਆ ਸੁਣਿਆ ਹੈ, ਉਸ ਤੋਂ ਮੈਨੂੰ ਯਕੀਨ ਹੈ ਕਿ ਉਹ ਦ੍ਰਿੜ ਇਰਾਦੇ ਵਾਲਾ ਇਨਸਾਨ ਹੈ। ਇਸ ਕਰ ਕੇ ਮੈਨੂੰ ਯਕੀਨ ਹੈ ਕਿ ਇਹ ਤਸਵੀਰ ਚੁਣਨ ਦਾ ਫ਼ੈਸਲਾ ਪ੍ਰਕਾਸ਼ਕ ਜਾਂ ਲੇਖਕ ਦੇ ਸਹਿਯੋਗੀ ਸਿਧਾਰਥ ਮੌਂਗੀਆ ਦਾ ਨਹੀਂ ਹੋ ਸਕਦਾ ਸਗੋਂ ਖ਼ੁਦ ਅਸ਼ਿਵਨ ਦਾ ਹੀ ਹੋਵੇਗਾ। ਪਰ ਉਸ ਨੇ ਬਾਲ ਦੀ ਥਾਂ ਬੱਲੇ ਵਾਲੀ ਤਸਵੀਰ ਕਵਰ ’ਤੇ ਕਿਉਂ ਲਈ?
ਮੈਂ ਇਸ ਦਾ ਸਹੀ ਉੱਤਰ ਨਹੀਂ ਦੇ ਸਕਾਂਗਾ ਸ਼ਾਇਦ ਸਮਾਂ ਪਾ ਕੇ ਅਸ਼ਿਵਨ ਹੀ ਦੇ ਦੇਵੇ। ਹਾਂ, ਮੈਂ ਕਿਆਸ ਲਾ ਸਕਦਾ ਹਾਂ। ਕੀ ਉਸ ਦੀ ਤਸਵੀਰ ਵਿੱਚ ਕੋਈ ਇੱਕ ਜਾਂ ਕਈ ਹੋਰ ਗੁੱਝੇ ਸੰਦੇਸ਼ ਬਿਆਨ ਕੀਤੇ ਗਏ ਹਨ? ਕੀ ਅਸ਼ਿਵਨ ਸਾਡਾ ਧਿਆਨ ਇਸ ਕਰੂਰ ਤੱਥ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕ੍ਰਿਕਟ (ਤੇ ਖ਼ਾਸਕਰ ਭਾਰਤੀ) ਦੇ ਇਨਾਮਾਂ ਦੀ ਦੁਨੀਆਂ ਵਿੱਚ ਗੇਂਦਬਾਜ਼ਾਂ ਦੇ ਮੁਕਾਬਲੇ ਬੱਲੇਬਾਜ਼ਾਂ ਨੂੰ ਜ਼ਿਆਦਾ ਪੈਸੇ, ਸ਼ੋਹਰਤ, ਪ੍ਰਸ਼ੰਸਕ, ਜ਼ਿਆਦਾ ਇਸ਼ਤਿਹਾਰ, ਜ਼ਿਆਦਾ ‘ਮੈਨ ਆਫ਼ ਦਿ ਮੈਚ’ ਜਾਂ ਸੀਰੀਜ਼ ਪੁਰਸਕਾਰ ਦਿੱਤੇ ਜਾਂਦੇ ਹਨ ਅਤੇ ਇਉਂ ਹੀ ਸੈਲਫੀ ਤੇ ਆਟੋਗ੍ਰਾਫ਼ ਦੀਆਂ ਅਰਜ਼ੋਈਆਂ ਵੀ ਜ਼ਿਆਦਾ ਮਿਲਦੀਆਂ ਹਨ?
ਇਹ ਇੱਕ ਐਸੀ ਸਚਾਈ ਹੈ ਜਿਸ ਨੂੰ ਸਭ ਥਾਈਂ ਪ੍ਰਵਾਨ ਕੀਤਾ ਜਾਂਦਾ ਹੈ ਕਿ ਬੱਲੇਬਾਜ਼ ਇਸ ਖੇਡ ਦੇ ਦੁਲਾਰੇ ਹਨ ਜਦੋਂਕਿ ਗੇਂਦਬਾਜ਼ ਪਸੀਨਾ ਵਹਾਉਣ ਵਾਲੇ ਵਿਚਾਰੇ ਗਿਣੇ ਜਾਂਦੇ ਹਨ। ਇਨਾਮ ਪ੍ਰਣਾਲੀ ਦੇ ਇਸ ਪੱਖਪਾਤ ਖ਼ਿਲਾਫ਼ ਮੈਂ ਬਹੁਤ ਕੁਝ ਲਿਖਿਆ ਹੈ ਪਰ ਇਸ ਦਾ ਫ਼ਾਇਦਾ ਕੋਈ ਨਹੀਂ ਹੋਇਆ। ਕੀ ਅਸ਼ਿਵਨ ਆਪਣੀ ਤਸਵੀਰ ਦੀ ਇਸ ਚੋਣ ਅਤੇ ਖੇਡ ਵਿੱਚ ਆਪਣੀ ਵਡੇਰੀ ਹੈਸੀਅਤ ਸਦਕਾ ਇਸ ਨੁਕਤੇ ਨੂੰ ਵਧੇਰੇ ਕਾਰਗਰ ਢੰਗ ਨਾਲ ਉਠਾ ਰਿਹਾ ਹੈ? ਮੈਂ ਇਹ ਗੱਲ ਕਰਦਾ ਰਿਹਾ ਹਾਂ ਕਿ ਕਿਵੇਂ ਪਦਾਰਥਕ ਲਿਹਾਜ਼ ਤੋਂ ਮੈਚ ਜਿਤਾਉਣ ਵਾਲੇ ਬੱਲੇਬਾਜ਼ ਮੈਚ ਜਿਤਾਊ ਗੇਂਦਬਾਜ਼ਾਂ ਦੇ ਮੁਕਾਬਲੇ ਇਸ ਖੇਡ ’ਚੋਂ ਜ਼ਿਆਦਾ ਕਮਾਈ ਕਰਦੇ ਰਹੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਪੱਖਪਾਤ ਮਹਿਜ਼ ਇਨਾਮ ਦੇ ਪੈਸਿਆਂ ਤੱਕ ਸੀਮਤ ਨਹੀਂ ਹੈ ਸਗੋਂ ਉਸ ਤੋਂ ਕਿਤੇ ਅਗਾਂਹ ਤੱਕ ਜਾਂਦਾ ਹੈ। ਬੱਲੇਬਾਜ਼ ਸਟੀਵ ਵੌਅ ਨੇ 57 ਅਤੇ ਰਿਕੀ ਪੌਂਟਿੰਗ ਨੇ 72 ਟੈਸਟ ਮੈਚਾਂ ਦੀ ਕਪਤਾਨੀ ਕੀਤੀ ਸੀ ਜਦੋਂਕਿ ਸ਼ੇਨ ਵਾਰਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਉੱਕਾ ਹੀ ਨਹੀਂ ਸੌਂਪੀ ਗਈ ਸੀ। ਬਾਅਦ ਵਿੱਚ ਇਹ ਸਿੱਧ ਹੋ ਗਿਆ ਕਿ ਵਾਰਨ ਇੱਕ ਬਾਕਮਾਲ ਕ੍ਰਿਕਟ ਜੁਗਤਬਾਜ਼ ਸੀ ਜਿਵੇਂ ਕਿ ਉਸ ਨੇ ਕੁਝ ਕਮਤਰ ਟੀਮਾਂ ਦੀ ਅਗਵਾਈ ਕਰਦਿਆਂ ਸਾਬਿਤ ਕਰ ਕੇ ਦਿਖਾਇਆ ਸੀ। ਮੈਨੂੰ ਇਸ ਮੁਤੱਲਕ ਕੋਈ ਸੰਦੇਹ ਨਹੀਂ ਹੈ ਕਿ ਵੌਅ ਅਤੇ ਪੌਂਟਿੰਗ ਨਾਲੋਂ ਉਹ ਜ਼ਿਆਦਾ ਸਫ਼ਲ ਟੈਸਟ ਕਪਤਾਨ ਸਾਬਿਤ ਹੁੰਦਾ।
ਇਹ ਪੱਖਪਾਤ ਭਾਰਤੀ ਕਪਤਾਨ ਦੀ ਚੋਣ ਕਰਨ ਵੇਲੇ ਵੀ ਨਜ਼ਰ ਆਉਂਦਾ ਹੈ। ਵਿਰਾਟ ਕੋਹਲੀ ਨੇ 68 ਟੈਸਟ ਮੈਚਾਂ ਵਿੱਚ ਤੇ ਰੋਹਿਤ ਸ਼ਰਮਾ ਨੇ 16 ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਹੈ ਜਦੋਂਕਿ ਅਸ਼ਿਵਨ ਨੇ ਕਦੇ ਭਾਰਤ ਦੀ ਕਪਤਾਨੀ ਨਹੀਂ ਕੀਤੀ। ਇਸ ਦਾ ਥੋੜ੍ਹਾ ਜਿਹਾ ਕਾਰਨ ਸ਼ਾਇਦ ਉਨ੍ਹਾਂ ਦੋਵਾਂ ਦਾ ਬੱਲੇਬਾਜ਼ ਹੋਣਾ ਹੋ ਸਕਦਾ ਹੈ ਜਦੋਂਕਿ ਅਸ਼ਿਵਨ ਮੁੱਖ ਤੌਰ ’ਤੇ ਗੇਂਦਬਾਜ਼ ਹੈ। ਫਿਰ ਵੀ ਸਾਨੂੰ ਪਤਾ ਹੈ ਕਿ ਅਸ਼ਿਵਨ ਭਾਰਤ ਲਈ ਖੇਡਣ ਵਾਲੇ ਸਭ ਤੋਂ ਬੁੱਧੀਮਾਨ ਕ੍ਰਿਕਟਰਾਂ ਵਿੱਚੋਂ ਇੱਕ ਹੈ। ਤੱਥਾਂ ’ਤੇ ਗ਼ੌਰ ਕਰਕੇ ਕਿਹਾ ਜਾ ਸਕਦਾ ਹੈ ਕਿ ਜੇ ਤਾਮਿਲ ਨਾਡੂ ਦੇ ਇਸ ਖਿਡਾਰੀ ਨੂੰ ਆਪਣੇ ਦੇਸ਼ ਦੀ ਕਪਤਾਨੀ ਕਰਨ ਦਾ ਮੌਕਾ ਮਿਲਦਾ ਤਾਂ ਉਹ ਇਸ ਦਾ ਚੰਗਾ ਲਾਹਾ ਲੈਂਦਾ। ਇੰਗਲੈਂਡ ਦੇ ਰੇਅ ਇਲਿੰਗਵਰਥ ਤੇ ਆਸਟਰੇਲੀਆ ਦੇ ਰਿਚੀ ਬਿਨੌਡ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ ਜੋ ਦੱਸਦੀਆਂ ਹਨ ਕਿ ਸਪਿਨ ਗੇਂਦਬਾਜ਼ ਬਿਹਤਰੀਨ ਟੈਸਟ ਕਪਤਾਨ ਸਾਬਿਤ ਹੋ ਸਕਦੇ ਹਨ।
ਮੈਨੂੰ ਨਹੀਂ ਲੱਗਦਾ ਕਿ ਅਸ਼ਿਵਨ ਵੱਲੋਂ ਚੁਣੀ ਗਈ ਕਵਰ ਫੋਟੋ ਕਿਸੇ ਵੀ ਤਰ੍ਹਾਂ ਕਪਤਾਨੀ ਲਈ ਉਸ ਦੀ ਲਾਲਸਾ (ਅਤੀਤ ਜਾਂ ਵਰਤਮਾਨ) ਨੂੰ ਦਰਸਾਉਂਦੀ ਹੈ। ਉਹ ਭਲਾ ਆਦਮੀ ਜਾਪਦਾ ਹੈ ਤੇ ਅਜਿਹਾ ਸ਼ਾਇਦ ਨਾ ਕਰੇ। ਇਹ ਕਿਆਸ ਸ਼ਾਇਦ ਜ਼ਿਆਦਾ ਭਰੋਸੇਯੋਗ ਹੈ ਕਿ ਉਹ ਸਾਨੂੰ ਆਮ ਪੱਖਪਾਤ ਬਾਰੇ ਹੋਰ ਚੇਤਨ ਕਰਨਾ ਚਾਹੁੰਦਾ ਹੈ ਕਿ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨਾਲ ਮੈਦਾਨ ਤੇ ਮੈਦਾਨ ਤੋਂ ਬਾਹਰ ਕਿਵੇਂ ਵੱਖ-ਵੱਖ ਤਰ੍ਹਾਂ ਦਾ ਵਿਹਾਰ ਹੁੰਦਾ ਹੈ ਤੇ ਸ਼ਾਇਦ ਇੱਕ ਤੀਜਾ ਕਾਰਨ ਵੀ ਹੈ; ਅਸ਼ਿਵਨ ਦਿਲੋਂ ਬੱਲੇਬਾਜ਼ੀ ਪਸੰਦ ਕਰਦਾ ਹੈ। ਚਲੋ, ਵੈਸੇ ਸ਼ੇਨ ਵਾਰਨ ਤੇ ਅਨਿਲ ਕੁੰਬਲੇ ਨੇ ਵੀ ਬੱਲੇਬਾਜ਼ੀ ਕੀਤੀ। ਸ਼ੇਨ ਨੂੰ ਇਸ ਗੱਲ ਦਾ ਅਫ਼ਸੋਸ ਵੀ ਸੀ ਕਿ ਉਸ ਨੇ ਭਾਵੇਂ ਟੈਸਟ ਮੈਚਾਂ ’ਚ 12 ਨੀਮ ਸੈਂਕੜੇ ਜੜੇ ਤੇ ਉਸ ਦਾ ਸਰਵੋਤਮ ਸਕੋਰ 99 ਸੀ, ਪਰ ਕੁੰਬਲੇ ਹਮੇਸ਼ਾ ਇਸ ਚੀਜ਼ ਦੀ ਖ਼ੁਸ਼ੀ ਮਨਾਏਗਾ ਕਿ ਉਸ ਨੇ (ਘੱਟੋ-ਘੱਟ ਇੱਕ ਵਾਰ) ਉਹ ਉਪਲਬਧੀ ਹਾਸਿਲ ਕੀਤੀ ਸੀ ਜੋ ਉਸ ਦਾ ਮਹਾਨ ਆਸਟਰੇਲਿਆਈ ਸਮਕਾਲੀ ਕ੍ਰਿਕਟਰ ਹਾਸਿਲ ਨਹੀਂ ਕਰ ਸਕਿਆ।
ਫਿਰ ਵੀ ਇਸ ਸਬੰਧ ’ਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਵਾਰਨ ਬਾਰੇ ਲਿਖੀਆਂ ਗਈਆਂ ਪੰਜ ਕਿਤਾਬਾਂ ਵਿੱਚੋਂ ਦੋ ’ਤੇ ਹੀ ਉਸ ਦਾ ਚਿਹਰਾ ਮਸਾਂ ਦਿਖਾਇਆ ਗਿਆ ਸੀ ਜਦੋਂਕਿ ਬਾਕੀ ਤਿੰਨਾਂ ’ਤੇ ਉਹ ਗੇਂਦਬਾਜ਼ੀ ਕਰਦਾ ਜਾਂ ਵਿਕਟ ਲੈਂਦਾ ਨਜ਼ਰ ਆਇਆ ਸੀ। ਕੁੰਬਲੇ ਦੇ ਜੀਵਨ ਨਾਲ ਸਬੰਧਿਤ ਕਿਸੇ ਕਿਤਾਬ ਦੀ ਅਜੇ ਸਾਨੂੰ ਉਡੀਕ ਹੈ ਤੇ ਜਦੋਂ ਵੀ ਇਹ ਆਵੇਗੀ, ਬਹੁਤ ਘੱਟ ਸੰਭਾਵਨਾ ਹੈ ਕਿ ਕਵਰ ਫੋਟੋ ’ਤੇ 619 ਟੈਸਟ ਵਿਕਟ ਲੈਣ ਵਾਲਾ ਗੇਂਦਬਾਜ਼ ਸਾਨੂੰ ਬੱਲੇ ਨਾਲ ਨਜ਼ਰ ਆਵੇ।
ਕ੍ਰਿਕਟ ਬਾਰੇ ਲਿਖਣ ਵਾਲੀ ਇੱਕ ਮਹਾਨ ਸ਼ਖ਼ਸੀਅਤ ਨੇ ਇੱਕ ਵਾਰ ਸਿਰਫ਼ ਇੱਕ ਕ੍ਰਿਕਟ ਫੋਟੋ ’ਤੇ ਹੀ ਪੂਰੀ ਕਿਤਾਬ ਲਿਖ ਦਿੱਤੀ ਸੀ। ਇਹ ਸ਼ਾਨਦਾਰ ਪੁਸਤਕ ਹੈ ਜਿਸ ਬਾਰੇ ਮੈਂ ਕਈ ਸਾਲ ਪਹਿਲਾਂ ਕਾਲਮ ਵੀ ਲਿਖਿਆ ਸੀ। ਹਾਲਾਂਕਿ, ਕਿਉਂਕਿ ਮੇਰਾ ਨਾਂ ਗਿਡੋਨ ਹੇਗ਼ ਨਹੀਂ ਹੈ, ਮੇਰੀ ਸ਼ੈਲੀ ਉਹੀ ਰਹੇਗੀ ਤੇ ਮੈਂ ਇੱਕ ਫੋਟੋ ਵਿੱਚੋਂ ਹਜ਼ਾਰ ਤੋਂ ਕੁਝ ਵੱਧ ਸ਼ਬਦ ਹੀ ਕੱਢ ਸਕਦਾ ਹਾਂ। ਹੁਣ ਤੱਕ ਤੁਸੀਂ ਜੋ ਵੀ ਪੜ੍ਹਿਆ, ਉਹ ਮੇਰੇ ਵੱਲੋਂ ਅਸ਼ਿਵਨ ਦੀ ਇਹ ਪੁਸਤਕ ਪੜ੍ਹਨ ਤੋਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। ਕਿਉਂਕਿ ਹੁਣ ਮੈਂ ਵੀ ਲਿਖ ਦਿੱਤਾ ਹੈ, ਇਸ ਲਈ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਘੱਟੋ-ਘੱਟ ਇੱਕ ਪੈਰਾ ਮੇਰੇ ਉਸ ਵਿਸ਼ਲੇਸ਼ਣ ਦੀ ਤਸਦੀਕ ਕਰਦਾ ਹੈ ਕਿ ਕਿਤਾਬ ਦਾ ਇਹ ਕਵਰ ਜਿਸ ਤਰ੍ਹਾਂ ਦਾ ਹੈ, ਉਸ ਤਰ੍ਹਾਂ ਆਖ਼ਿਰ ਕਿਉਂ ਹੈ। ਪੈਰਾ ਸ਼ੁਰੂ ਹੁੰਦਾ ਹੈ: ‘ਅੰਤ ’ਚ ਇਹ ਰਮਨ (ਗੇਂਦਬਾਜ਼ ਤੋਂ ਬੱਲੇਬਾਜ਼ ਤੇ ਫਿਰ ਕੋਚ ਬਣੇ ਡਬਲਿਊ.ਵੀ.) ਨਾਲ ਬਸ ਇੱਕ ਹੋਰ ਗੱਲਬਾਤ ਹੋ ਨਿਬੜੀ। ਅਸਲ ਵਿੱਚ ਮੈਂ ਜੋ ਮਹਿਸੂਸ ਕਰਦਾ ਹਾਂ, ਉਸ ਨੂੰ ਦੱਸਿਆ। ਗੇਂਦਬਾਜ਼ਾਂ ਨੂੰ ਬੱਲੇਬਾਜ਼ ਆਪਣੀ ਮਰਜ਼ੀ ਮੁਤਾਬਿਕ ‘ਬਲੂ-ਕਾਲਰ’ ਵਰਕਰਾਂ (ਦਿਹਾੜੀਦਾਰਾਂ) ਵਾਂਗ ਵਰਤਦੇ ਹਨ। ਅਜਿਹਾ ਕਿਉਂ ਹੈ ਕਿ ਅਭਿਆਸ ਦੌਰਾਨ ਗੇਂਦਬਾਜ਼ ਨੂੰ ਇੱਕ ਮਾੜੀ ਬਾਲ ਸੁੱਟਣ ਲਈ ਵੀ ਬੱਲੇਬਾਜ਼ ਤੋਂ ਖਿਮਾ ਮੰਗਣੀ ਪੈਂਦੀ ਹੈ ਤੇ ਬੱਲੇਬਾਜ਼ ਮਾੜਾ ਸ਼ਾਟ ਖੇਡਣ ’ਤੇ ਵੀ ਅਜਿਹਾ ਨਹੀਂ ਕਰਦੇ?
ਈ-ਮੇਲ: ramachandraguha@yahoo.in