ਸਰਕਾਰੀ ਤੰਤਰ ਦਾ ਇਮਤਿਹਾਨ
ਅਰਵਿੰਦਰ ਜੌਹਲ
ਪਿਛਲੇ ਕਈ ਦਿਨਾਂ ਤੋਂ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਸੁਰਖ਼ੀਆਂ ਵਿੱਚ ਹੈ। ਬਹੁਤ ਸਾਰੇ ਆਈਏਐੱਸ ਅਧਿਕਾਰੀ ਆਪਣੀ ਸੂਝ-ਬੂਝ, ਪ੍ਰਸ਼ਾਸਕੀ ਕਾਰਜਕੁਸ਼ਲਤਾ ਅਤੇ ਚੰਗੇ ਕੰਮਾਂ ਕਰ ਕੇ ਜਾਂ ਆਪਣੀ ਇਮਾਨਦਾਰੀ ਦੀਆਂ ਮਿਸਾਲਾਂ ਕਾਰਨ ਸੁਰਖ਼ੀਆਂ ਬਟੋਰਦੇ ਹਨ ਪਰ ਪੂਜਾ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਉਸ ਦੀ ਸਮੁੱਚੀ ਕਹਾਣੀ ਪੜ੍ਹ ਕੇ ਤੁਸੀਂ ਸੋਚਣ ਲਗਦੇ ਹੋ ਕਿ ਜਦੋਂ ਕੋਈ ਆਈਏਐੱਸ ਬਣਨ ਤੋਂ ਪਹਿਲਾਂ ਹੀ ਇੱਕ ਤੋਂ ਬਾਅਦ ਇੱਕ ਨਿਯਮ ਤੋੜਦਾ ਜਾਵੇ ਤਾਂ ਪੂਰਨ ਤੌਰ ’ਤੇ ਅਧਿਕਾਰੀ ਬਣਨ ਮਗਰੋਂ ਉਸ ਵੱਲੋਂ ਕਿਹੋ ਜਿਹੇ ਕੰਮ ਕੀਤੇ ਜਾਣਗੇ ਤੇ ਉਸ ਦਾ ਵਿਹਾਰ ਅਤੇ ਕਿਰਦਾਰ ਕਿਸ ਤਰ੍ਹਾਂ ਦਾ ਹੋਵੇਗਾ?
ਆਈਏਐੱਸ ਅਧਿਕਾਰੀ ਬਣਨ ਦੀ ਖ਼ਾਹਿਸ਼ ਪੂਰਤੀ ਲਈ ਪੂਜਾ ਨੇ ਕਈ ਤਰ੍ਹਾਂ ਦੇ ਜਾਅਲੀ ਦਸਤਾਵੇਜ਼ ਬਣਵਾਏ ਜਿਨ੍ਹਾਂ ’ਚ ਉਸ ਦੀ ਜਾਤੀ ਤੋਂ ਲੈ ਕੇ ਸਿਹਤ ਨਾਲ ਸਬੰਧਿਤ ਕਈ ਸਰਟੀਫਿਕੇਟ ਸ਼ਾਮਲ ਹਨ। ਸਰਕਾਰੀ ਤੰਤਰ ਨੇ ਵੀ ਆਲ੍ਹਾ ਅਫਸਰ ਬਣਾਉਣ ਦੇ ਅਮਲ ’ਚ ਉਸ ਦੀ ਪੈਰ ਪੈਰ ’ਤੇ ਮਦਦ ਕੀਤੀ। ਪਿਛਲੇ ਕੁਝ ਸਮੇਂ ਤੋਂ ਭਾਵੇਂ ਕਈ ਹੋਰ ਇਮਤਿਹਾਨ ਵੀ ਸਵਾਲਾਂ ਦੇ ਘੇਰੇ ’ਚ ਹਨ ਪਰ ਕੀ ਦੇਸ਼ ਦੇ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਇਮਤਿਹਾਨ ਦੀ ਪ੍ਰਕਿਰਿਆ ਨੂੰ ਕਿਸੇ ਦੇ ਹਿੱਤਾਂ ਅਨੁਸਾਰ ਵਾਰ ਵਾਰ ਤੋੜਿਆ ਮਰੋੜਿਆ ਜਾ ਸਕਦਾ ਹੈ? ਕੀ ਅਜਿਹੇ ਅਹਿਮ ਅਹੁਦੇ ’ਤੇ ਪਹੁੰਚਣ ਵਾਸਤੇ ਕੁਝ ਰਿਆਇਤਾਂ ਲੈਣ ਲਈ ਲੋੜੀਂਦੇ ਦਸਤਾਵੇਜ਼ ਵੀ ਆਸਾਨੀ ਨਾਲ ‘ਪ੍ਰਾਪਤ’ ਕੀਤੇ ਜਾ ਸਕਦੇ ਹਨ?
ਇਸ ਮਾਮਲੇ ਬਾਰੇ ਲਗਾਤਾਰ ਉੱਠ ਰਹੇ ਸਵਾਲਾਂ ਦੀ ਗੰਭੀਰਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਸੇ ਸ਼ੁੱਕਰਵਾਰ ਨੂੰ ਯੂਪੀਐੱਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਨੇ ਇਸ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖ਼ਿਲਾਫ਼ ਫ਼ਰਜ਼ੀ ਪਛਾਣ ਪੱਤਰ ਰਾਹੀਂ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪੁਲੀਸ ਕੇਸ ਦਰਜ ਕਰਵਾਉਣ ਸਮੇਤ ਹੋਰ ਕਈ ਤਰ੍ਹਾਂ ਦੀ ਕਾਰਵਾਈ ਸ਼ੁਰੂ ਕੀਤੀ ਹੈ। ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ-2022 ਲਈ ਉਸ ਨੂੰ ਉਮੀਦਵਾਰ ਵਜੋਂ ਰੱਦ ਕਰਨ ਅਤੇ ਭਵਿੱਖ ਦੀਆਂ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਕਮਿਸ਼ਨ ਨੇ ਵੀਰਵਾਰ ਨੂੰ ਦਿੱਲੀ ਦੀ ਅਪਰਾਧ ਸ਼ਾਖਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਮਗਰੋਂ ਪੁਲੀਸ ਨੇ ਭਾਰਤੀ ਨਿਆਂ ਸੰਹਿਤਾ, ਸੂਚਨਾ ਤਕਨਾਲੋਜੀ ਐਕਟ ਅਤੇ ਦਿਵਿਆਂਗਤਾ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਖੇੜਕਰ ਵੱਲੋਂ ਦਿਵਿਆਂਗ ਅਤੇ ਓਬੀਸੀ ਕੋਟੇ ਦੀ ਦੁਰਵਰਤੋਂ ਦੇ ਮਾਮਲੇ ’ਚ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਡਿਪਾਰਟਮੈਂਟ ਔਫ ਪਰਸੋਨਲ ਟਰੇਨਿੰਗ (DOPT) ਦੇ ਵਧੀਕ ਸਕੱਤਰ ਮਨੋਜ ਕੁਮਾਰ ਦਿਵੇਦੀ ਦੀ ਇੱਕ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਜਿਸ ਨੇ ਉੱਪਰਲੀਆਂ ਦੋ ਸ਼ਿਕਾਇਤਾਂ ਦੀ ਪੜਤਾਲ ਕਰਨ ਦੇ ਨਾਲ ਨਾਲ ਜਾਂਚ ਮਗਰੋਂ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਉਸ ਨੇ ਆਪਣਾ ਨਾਮ, ਪਿਤਾ ਤੇ ਮਾਤਾ ਦਾ ਨਾਮ, ਆਪਣੀ ਤਸਵੀਰ, ਦਸਤਖਤ, ਈਮੇਲ ਆਈਡੀ, ਮੋਬਾਈਲ ਨੰਬਰ ਅਤੇ ਪਤਾ ਬਦਲ ਕੇ ਆਪਣੀ ਪਛਾਣ ਛੁਪਾਈ ਅਤੇ ਨਿਯਮਾਂ ਤਹਿਤ ਤੈਅ ਹੱਦ ਤੋਂ ਵੱਧ 12 ਵਾਰ ਪ੍ਰੀਖਿਆ ਦੇਣ ਦਾ ਲਾਭ ਉਠਾਇਆ।
ਪੂਜਾ ਦੇ ਹੈਂਕੜ ਭਰੇ ਵਤੀਰੇ ਦੀ ਪਹਿਲੀ ਝਲਕ ਉਦੋਂ ਮਿਲੀ ਜਦੋਂ ਉਸ ਦੀ ਪੁਣੇ ਦੇ ਕੁਲੈਕਟਰ ਦਫਤਰ ਵਿੱਚ ਟਰੇਨੀ ਅਸਿਸਟੈਂਟ ਕੁਲੈਕਟਰ ਵਜੋਂ ਨਿਯੁਕਤੀ ਹੋਈ। ਉਹ ਦਫਤਰ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਹੀ ਦਫਤਰ ਵਿਚਲੇ ਇੰਚਾਰਜ ਨੂੰ ਮੈਸੇਜ ਕਰ ਕੇ ਦਫਤਰ ’ਚ ਆਪਣੇ ਬੈਠਣ ਲਈ ਢੁੱਕਵੇਂ ਕੈਬਿਨ, ਠਹਿਰਨ ਤੇ ਗੱਡੀ ਦਾ ਇੰਤਜ਼ਾਮ ਕਰਨ ਦਾ ਹੁਕਮ ਦਿੰਦੀ ਹੈ। ਅਖ਼ੀਰ ’ਚ ਇਹ ਤਾਕੀਦ ਵੀ ਕਰਦੀ ਹੈ ਕਿ ਉਸ ਦੇ ਦਫ਼ਤਰ ’ਚ ਪੁੱਜਣ ਤੋਂ ਪਹਿਲਾਂ ਇਹ ਸਾਰੇ ਕੰਮ ਹੋ ਜਾਣੇ ਚਾਹੀਦੇ ਹਨ।
ਇਸ ਮਗਰੋਂ ਉਹ ਇੱਕ ਦਿਨ ਅਚਾਨਕ ਪੁਣੇ ਕੁਲੈਕਟਰ ਦੇ ਦਫਤਰ ਪੁੱਜ ਜਾਂਦੀ ਹੈ ਅਤੇ ਇਤਫ਼ਾਕਵੱਸ ਉਸ ਦਿਨ ਉੱਥੇ ਕੁਲੈਕਟਰ ਸੁਹਾਸ ਦਿਵਾਸੇ ਮੌਜੂਦ ਨਹੀਂ ਹੁੰਦੇ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਹੀ ਉਹ ਕਮਰੇ ’ਚ ਦਾਖ਼ਲ ਹੋ ਕੇ ਉਨ੍ਹਾਂ ਦੀ ਕੁਰਸੀ, ਮੇਜ਼, ਸੋਫ਼ਾ ਅਤੇ ਹੋਰ ਸਾਮਾਨ ਉੱਥੋਂ ਹਟਾ ਦਿੰਦੀ ਹੈ ਅਤੇ ਉੱਥੇ ਤਾਇਨਾਤ ਰੈਵੇਨਿਊ ਅਫਸਰ ਨੂੰ ਸੱਦ ਕੇ ਲੈਟਰਹੈੱਡ, ਵਿਜ਼ਟਿੰਗ ਕਾਰਡ, ਇੰਟਰਕਾਮ, ਨੇਮਪਲੇਟ, ਕਾਰ ਅਤੇ ਹੋਰ ਸਾਜ਼ੋ-ਸਾਮਾਨ ਦਾ ਪ੍ਰਬੰਧ ਕਰਨ ਲਈ ਆਖਦੀ ਹੈ। ਇਸ ਸਾਰੇ ਘਟਨਾਕ੍ਰਮ ਦਾ ਜਦੋਂ ਕੁਲੈਕਟਰ ਦਿਵਾਸੇ ਨੂੰ ਪਤਾ ਲੱਗਦਾ ਹੈ ਤਾਂ ਉਹ ਮੁੰਬਈ ਵਿਚਲੇ ਆਪਣੇ ਉੱਚ ਅਧਿਕਾਰੀ ਨੂੰ ਇਸ ਦੀ ਸ਼ਿਕਾਇਤ ਕਰਦੇ ਹਨ। ਉਹ ਦਫਤਰ ਵਿੱਚ ਜਿਸ ਨਿੱਜੀ ਔਡੀ ਕਾਰ ’ਤੇ ਸਵਾਰ ਹੋ ਕੇ ਆਈ ਸੀ, ਉਸ ਉੱਤੇ ਲਾਲ ਬੱਤੀ, ਹੂਟਰ ਅਤੇ ਮਹਾਰਾਸ਼ਟਰ ਸਰਕਾਰ ਦਾ ਲੋਗੋ ਵੀ ਲੱਗਿਆ ਹੋਇਆ ਸੀ। ਹਾਲਾਂਕਿ ਕਿਸੇ ਨਿੱਜੀ ਕਾਰ ’ਤੇ ਅਜਿਹਾ ਕਰਨਾ ਨਿਯਮਾਂ ਦੀ ਉਲੰਘਣਾ ਹੈ। ਸਰਕਾਰੀ ਪ੍ਰਵਾਨਗੀ ਤੋਂ ਬਗ਼ੈਰ ਕਿਸੇ ਗੱਡੀ ’ਤੇ ਲਾਲ ਬੱਤੀ, ਹੂਟਰ ਅਤੇ ਸਰਕਾਰੀ ਲੋਗੋ ਨਹੀਂ ਲਾਇਆ ਜਾ ਸਕਦਾ। ਇਸ ਦੇ ਲਈ ਇੱਕ ਵਿਸ਼ੇਸ਼ ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਹੈ।
ਸੀਨੀਅਰ ਅਧਿਕਾਰੀ ਨਾਲ ਇੱਕ ਟਰੇਨੀ ਆਈਏਐੱਸ ਦੇ ਇਸ ਕਿਸਮ ਦੇ ਵਿਹਾਰ ਦੀ ਸ਼ਿਕਾਇਤ ਮਗਰੋਂ ਜਦੋਂ ਇਹ ਸਾਰਾ ਮਾਮਲਾ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਆ ਗਿਆ ਤਾਂ ਪੱਤਰਕਾਰਾਂ ਨੇ ਇਸ ਨਵੀਂ ਨਵੇਲੀ ਟਰੇਨੀ ਆਈਏਐੱਸ ਅਧਿਕਾਰੀ ਦਾ ਪਿਛੋਕੜ ਖੰਗਾਲਣਾ ਸ਼ੁਰੂ ਕੀਤਾ, ਜਿਸ ਤੋਂ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਅਤੇ ਇੱਕ ਗ਼ਲਤੀ ਕਾਰਨ ਉਸ ਦੀਆਂ ਬਾਕੀ ਗ਼ਲਤੀਆਂ ਅਤੇ ਨਿਯਮਾਂ ਦੀਆਂ ਉਲੰਘਣਾਵਾਂ ਇੱਕ-ਇੱਕ ਕਰ ਕੇ ਸਾਹਮਣੇ ਆਉਣ ਲੱਗੀਆਂ। ਯੂਪੀਐੱਸਸੀ ਦੇ ਇਮਤਿਹਾਨ ਵਿੱਚ 821ਵਾਂ ਰੈਂਕ ਹਾਸਲ ਕਰਨ ਵਾਲੀ ਪੂਜਾ ਆਈਏਐੱਸ ਅਧਿਕਾਰੀ ਕਿਵੇਂ ਬਣੀ? ਇਸ ਸਵਾਲ ਦਾ ਜਵਾਬ ਇਹ ਹੈ ਕਿ ਉਸ ਨੇ ਦੋ ਸਰਟੀਫਿਕੇਟ ਪੇਸ਼ ਕੀਤੇ। ਪਹਿਲਾ ਓਬੀਸੀ ਨਾਨ-ਕ੍ਰੀਮੀ ਲੇਅਰ ਦਾ ਜਿਸ ਅਨੁਸਾਰ ਕਿਸੇ ਵੀ ਉਮੀਦਵਾਰ ਦੇ ਮਾਪਿਆਂ ਦੀ ਸਾਲਾਨਾ ਆਮਦਨ ਅੱਠ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਮਗਰੋਂ ਉਸ ਨੇ ਆਪਣਾ ਮੈਡੀਕਲ ਸਰਟੀਫਿਕੇਟ ਪੇਸ਼ ਕੀਤਾ ਜਿਸ ਅਨੁਸਾਰ ਉਸ ਦੀ ਨਜ਼ਰ ਕਮਜ਼ੋਰ ਤੇ ਘਟਣ ਦੀ ਸਮੱਸਿਆ ਸੀ ਅਤੇ ਇਸ ਤੋਂ ਇਲਾਵਾ ਉਸ ਦੀ ਯਾਦਦਾਸ਼ਤ ਕਮਜ਼ੋਰ ਹੋਣ ਦਾ ਵੀ ਮਸਲਾ ਸੀ। ਇਸ ਕਿਸਮ ਦੀਆਂ ਮੈਡੀਕਲ ਸਮੱਸਿਆਵਾਂ ਨਾਲ ਜੂਝਣ ਵਾਲੇ ਵਿਦਿਆਰਥੀ ਲਈ ਅਲੱਗ ਕੋਟਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਰਿਆਇਤਾਂ ਮਿਲਦੀਆਂ ਹਨ। ਇਸੇ ਕੋਟੇ ਕਾਰਨ ਉਹ ਆਈਏਐੱਸ ਅਧਿਕਾਰੀ ਬਣਨ ’ਚ ਸਫ਼ਲ ਰਹੀ।
ਪਰ ਹੁਣ ਉਸ ਦੀਆਂ ਮੈਡੀਕਲ ਸਮੱਸਿਆਵਾਂ ਨਾਲ ਸਬੰਧਿਤ ਸਰਟੀਫਿਕੇਟਾਂ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਪਤਾ ਲੱਗਾ ਹੈ ਕਿ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਜਦੋਂ ਮੈਡੀਕਲ ਆਧਾਰ ’ਤੇ ਉਸ ਵੱਲੋਂ ਪੇਸ਼ ਸਰਟੀਫਿਕੇਟ ਦੀ ਤਸਦੀਕ ਲਈ ਦਿੱਲੀ ਏਮਸ ਵਿੱਚ ਉਸ ਲਈ 22 ਅਪਰੈਲ 2022 ਨੂੰ ਸਮਾਂ ਲਿਆ ਗਿਆ ਤਾਂ ਪੂਜਾ ਏਮਸ ਨਹੀਂ ਪੁੱਜੀ। ਉਸ ਨੇ ਜਵਾਬ ਦਿੱਤਾ ਕਿ ਕਰੋਨਾ ਕਾਰਨ ਉਹ ਉੱਥੇ ਨਹੀਂ ਪੁੱਜ ਸਕੀ। ਇਸ ਮਗਰੋਂ ਯੂਪੀਐੱਸਸੀ ਨੇ 26 ਮਈ, 1 ਜੁਲਾਈ ਅਤੇ 26 ਅਗਸਤ 2022 ਨੂੰ ਵੀ ਉਸ ਲਈ ਸਮਾਂ ਲਿਆ ਪਰ ਉਹ ਫਿਰ ਵੀ ਨਹੀਂ ਪੁੱਜੀ। ਇਸ ਤੋਂ ਬਾਅਦ 2 ਸਤੰਬਰ ਨੂੰ ਉਸ ਲਈ ਐੱਮਆਰਆਈ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਉਸ ਦੀ ਲਗਾਤਾਰ ਘਟ ਰਹੀ ਨਜ਼ਰ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ ਪਰ ਉਹ ਉਸ ਦਿਨ ਵੀ ਹਾਜ਼ਰ ਨਹੀਂ ਹੋਈ। ਇਸ ਤੋਂ ਬਾਅਦ ਛੇਵੀਂ ਵਾਰ 25 ਸਤੰਬਰ 2022 ਨੂੰ ਉਸ ਲਈ ਫੇਰ ਸਮਾਂ ਲਿਆ ਗਿਆ ਪਰ ਉਹ ਫਿਰ ਉੱਥੇ ਨਾ ਆਈ ਤੇ ਆਪਣੀਆਂ ਬਿਮਾਰੀਆਂ ਸਬੰਧੀ ਕਿਸੇ ਪ੍ਰਾਈਵੇਟ ਹਸਪਤਾਲ ਦਾ ਸਰਟੀਫਿਕੇਟ ਪੇਸ਼ ਕਰ ਦਿੱਤਾ। ਯੂਪੀਐੱਸਸੀ ਨੇ ਇਹ ਸਰਟੀਫਿਕੇਟ ਪ੍ਰਵਾਨ ਨਾ ਕਰਦਿਆਂ ਇਸ ਦੀ ਸੂਚਨਾ ਸੈਂਟਰਲ ਐਡਮਨਿਸਟ੍ਰੇਟਿਵ ਟ੍ਰਿਬਿਊਨਲ (CAT) ਨੂੰ ਦੇ ਦਿੱਤੀ। ‘ਕੈਟ’ ਨੇ 23 ਫਰਵਰੀ 2023 ਨੂੰ ਯੂਪੀਐੱਸਸੀ ਦੇ ਇਸ ਮੈਡੀਕਲ ਸਰਟੀਫਿਕੇਟ ਨੂੰ ਰੱਦ ਕਰਨ ਦੇ ਫ਼ੈਸਲੇ ’ਤੇ ਆਪਣੀ ਮੋਹਰ ਲਾ ਦਿੱਤੀ ਕਿਉਂਕਿ ਕੋਈ ਵੀ ਮੈਡੀਕਲ ਸਰਟੀਫਿਕੇਟ ਸਿਰਫ਼ ਸਰਕਾਰੀ ਅਦਾਰੇ ਦਾ ਹੀ ਪ੍ਰਵਾਨ ਕੀਤਾ ਜਾਂਦਾ ਹੈ। ਇਸ ਸਾਰੀ ਉਲਝੀ ਤਾਣੀ ਦੇ ਬਾਵਜੂਦ ਇੱਕ ਦਿਨ ਡਿਪਾਰਟਮੈਂਟ ਔਫ ਪਰਸੋਨਲ ਟਰੇਨਿੰਗ ਵੱਲੋਂ ਪੂਜਾ ਖੇੜਕਰ ਨੂੰ ਆਪਣੀ ਟਰੇਨਿੰਗ ਲਈ ਪੁਣੇ ਕੁਲੈਕਟਰ ਦੇ ਦਫ਼ਤਰ ਵਿੱਚ ਅਸਿਸਟੈਂਟ ਕੁਲੈਕਟਰ ਵਜੋਂ ਕੰਮ ਕਰਨ ਦਾ ਪੱਤਰ ਜਾਰੀ ਹੋ ਜਾਂਦਾ ਹੈ।
ਪਹਿਲਾ ਵੱਡਾ ਸਵਾਲ ਤਾਂ ਇੱਥੇ ਹੀ ਉੱਠਦਾ ਹੈ ਕਿ ਛੇ ਵਾਰੀ ਮੌਕਾ ਦੇਣ ਦੇ ਬਾਵਜੂਦ ਉਸ ਵੱਲੋਂ ਮੈਡੀਕਲ ਜਾਂਚ ਲਈ ਹਾਜ਼ਰ ਨਾ ਹੋਣ ਅਤੇ ਯੂਪੀਐੱਸਸੀ ਤੇ ਕੈਟ ਵੱਲੋਂ ਉਸ ਦਾ ਸਰਟੀਫਿਕੇਟ ਪ੍ਰਵਾਨ ਕਰਨ ਤੋਂ ਨਾਂਹ ਕਰਨ ਦੇ ਬਾਵਜੂਦ DOPT ਨੇ ਉਸ ਨੂੰ ਟਰੇਨੀ ਅਸਿਸਟੈਂਟ ਕੁਲੈਕਟਰ ਦੀ ਨਿਯੁਕਤੀ ਬਾਰੇ ਪੱਤਰ ਕਿਵੇਂ ਜਾਰੀ ਕੀਤਾ? ਕੀ ਕਿਸੇ ਸਾਧਾਰਨ ਉਮੀਦਵਾਰ ਵੱਲੋਂ ਕੀਤੀ ਗਈ ਅਜਿਹੀ ਹਿਮਾਕਤ ਮਗਰੋਂ ਉਸ ਨੂੰ ਅਜਿਹਾ ਮਹੱਤਵਪੂਰਨ ਪੱਤਰ ਜਾਰੀ ਹੋ ਸਕਦਾ ਸੀ?
ਮੈਡੀਕਲ ਤੋਂ ਇਲਾਵਾ ਪੂਜਾ ਨੇ ਓਬੀਸੀ ਨਾਨ-ਕ੍ਰੀਮੀ ਲੇਅਰ ਕੋਟੇ ਅਧੀਨ ਆਪਣੀ ਪਾਤਰਤਾ ਦਾ ਦਾਅਵਾ ਕੀਤਾ ਕਿ ਉਸ ਦੇ ਮਾਪਿਆਂ ਦੀ ਆਮਦਨ ਅੱਠ ਲੱਖ ਰੁਪਏ ਸਾਲਾਨਾ ਤੋਂ ਘੱਟ ਹੈ। ਇਸ ਮਾਮਲੇ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਉਸ ਦੇ ਪਿਤਾ ਦਿਲੀਪ ਖੇੜਕਰ, ਜਿਨ੍ਹਾਂ ਹਾਲ ਹੀ ਵਿੱਚ ਲੋਕ ਸਭਾ ਚੋਣ ਵੀ ਲੜੀ ਸੀ, ਨੇ ਆਪਣੇ ਹਲਫ਼ਨਾਮੇ ਵਿੱਚ 40 ਕਰੋੜ ਤੋਂ ਵੱਧ ਦੀ ਚਲ-ਅਚੱਲ ਸੰਪਤੀ ਦਾ ਐਲਾਨ ਕੀਤਾ ਸੀ ਜਿਸ ਤੋਂ ਉਨ੍ਹਾਂ ਨੂੰ ਲੱਖਾਂ ਦੀ ਆਮਦਨ ਹੁੰਦੀ ਹੈ। ਉਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰ ਵਜੋਂ ਰਿਟਾਇਰ ਹੋਇਆ ਹੈ, ਉੱਥੇ ਉਸ ਦੀ ਤਨਖਾਹ ਲੱਖ ਤੋਂ ਵੱਧ ਹੀ ਹੋਵੇਗੀ। ਰਿਟਾਇਰਮੈਂਟ ਮਗਰੋਂ ਵੀ ਉਹ ਇਸ ਵੇਲੇ ਵੀ ਪੈਨਸ਼ਨ ਲੈ ਰਿਹਾ ਹੋਵੇਗਾ। ਇਹ ਸਾਰੀ ਆਮਦਨ ਸਫ਼ੈਦ ਹੈ ਜਿਸ ਦਾ ਇੱਕ ਵੀ ਪੈਸਾ ਛੁਪਾਇਆ ਨਹੀਂ ਜਾ ਸਕਦਾ। ਹਾਂ, ਜੇ ਸਰਕਾਰੀ ਤੰਤਰ ਦੇਖ ਕੇ ਵੀ ਅੱਖਾਂ ਪਰ੍ਹੇ ਫੇਰ ਲਏ, ਫਿਰ ਤਾਂ ਕੋਈ ਕੀ ਕਰ ਸਕਦਾ ਹੈ।
ਇਸ ਸਿਖਲਾਈਯਾਫ਼ਤਾ ਅਫਸਰ ਨੇ ਜੇ ਆਪਣੇ ਸੀਨੀਅਰ ਅਫਸਰ ਨਾਲ ਬਦਸਲੂਕੀ ਨਾ ਕੀਤੀ ਹੁੰਦੀ ਤੇ ਆਪਣੀ ਨਿੱਜੀ ਮਹਿੰਗੀ ਗੱਡੀ ਉੱਤੇ ਨਿਯਮਾਂ ਦੀ ਉਲੰਘਣਾ ਕਰ ਕੇ ਲਾਲ ਬੱਤੀ ਨਾ ਲਾਈ ਹੁੰਦੀ ਤਾਂ ਉਸ ਦਾ ਹੈਂਕੜ ਭਰਿਆ ਵਤੀਰਾ ਤੇ ਮਾਨਸਿਕਤਾ ਸਾਹਮਣੇ ਨਾ ਆਉਂਦੇ ਅਤੇ ਨਾ ਹੀ ਉਸ ਵੱਲੋਂ ਸਮੇਂ ਸਮੇਂ ਉਡਾਈਆਂ ਗਈਆਂ ਨਿਯਮਾਂ ਦੀਆਂ ਧੱਜੀਆਂ ਦਾ ਪਰਦਾਫਾਸ਼ ਹੁੰਦਾ। ਪੂਜਾ ਦਾ ਸਾਰਾ ਕਿੱਸਾ ਇੱਕ ਅਜਿਹੀ ਕਹਾਣੀ ਬਿਆਨ ਕਰਦਾ ਹੈ ਕਿ ਕਿਵੇਂ ਇੱਕ ਰਿਟਾਇਰਡ ਅਫਸਰ, ਵੱਡੇ ਜ਼ਿਮੀਂਦਾਰ, ਸਿਆਸਤਦਾਨ ਅਤੇ ਦੌਲਤਮੰਦ ਸ਼ਖ਼ਸ ਦੀ ਧੀ ਦਾ ਦਿਮਾਗ਼ ਏਨਾ ਖਰਾਬ ਹੈ ਕਿ ਉਸ ਨੂੰ ਲੱਗਦਾ ਹੈ ਕਿ ਸਾਰਾ ਪ੍ਰਸ਼ਾਸਕੀ ਅਮਲ/ਪ੍ਰਕਿਰਿਆ ਵੀ ਉਸਦੀ ਮਰਜ਼ੀ ਮੁਤਾਬਿਕ ਚੱਲਣੇ ਚਾਹੀਦੇ ਹਨ।
ਇਸ ਤੱਥ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਅਸਲ ਵਿੱਚ ਸਾਡਾ ਸਮੁੱਚਾ ਸਰਕਾਰੀ ਤੰਤਰ ਆਈਏਐੱਸ, ਆਈਪੀਐੱਸ ਅਤੇ ਅਜਿਹੇ ਹੋਰ ਵੱਖ ਵੱਖ ਉੱਚ ਅਫਸਰ ਚਲਾਉਂਦੇ ਹਨ। ਸਮੁੱਚੇ ਫਾਈਲ ਤੰਤਰ ਨੂੰ ਕਿਵੇਂ ਚਲਾਉਣਾ ਅਤੇ ਕਿਵੇਂ ਘੁੰਮਣਘੇਰੀ ’ਚ ਪਾਉਣਾ ਜਾਂ ਮੋੜਾ ਦੇਣਾ ਹੈ, ਉਸ ਦੇ ਮਹੀਨ ਭੇਤ ਇਹੀ ਜਾਣਦੇ ਹਨ। ਪੂਜਾ ਖੇੜਕਰ ਦਾ ਮਸਲਾ ਬਹੁਤ ਹੀ ਸੰਜੀਦਾ ਅਤੇ ਸੰਵੇਦਨਸ਼ੀਲ ਮੁੱਦੇ ਨੂੰ ਸਾਹਮਣੇ ਲਿਆਉਂਦਾ ਹੈ ਜੋ ਆਲ੍ਹਾ ਅਫਸਰਾਂ ਦੀ ਸਮੁੱਚੀ ਚੋਣ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਨਿਰਸੰਦੇਹ ਪੂਜਾ ਦੇ ਇਸ ਮੁਕਾਮ ਤੱਕ ਪੁੱਜਣ ਵਿੱਚ ‘ਬਹੁਤ ਸਾਰਿਆਂ’ ਨੇ ਉਸ ਦੀ ਮਦਦ ਕੀਤੀ ਹੋਵੇਗੀ। ਕੀ ਉਨ੍ਹਾਂ ਸਾਰਿਆਂ ਦੇ ਨਾਮ ਵੀ ਕਦੇ ਜੱਗ-ਜ਼ਾਹਰ ਹੋਣਗੇ? ਕੀ ਇਹ ਮੰਨ ਲਿਆ ਜਾਵੇ ਕਿ ਇਸ ਮਾਮਲੇ ਵਿੱਚ ਦਰਜ ਹੋਈ ਇਹ ਐੱਫਆਈਆਰ ਆਖ਼ਰੀ ਨਹੀਂ ਸਗੋਂ ਪਹਿਲੀ ਹੋਵੇਗੀ? ਅਤੇ ਸਭ ਤੋਂ ਅਹਿਮ ਸਵਾਲ ਕੀ ਉਸ ਉਮੀਦਵਾਰ ਨੂੰ ਨਿਯੁਕਤੀ ਪੱਤਰ ਜਾਰੀ ਹੋਵੇਗਾ ਜੋ ਪੂਜਾ ਦੀ ਗ਼ਲਤ ਚੋਣ ਕਾਰਨ ਇਸ ਤੋਂ ਵਾਂਝਾ ਰਹਿ ਗਿਆ ਸੀ? ਹੋ ਸਕਦੈ ਉਹ ਇਸ ਹੈਂਕੜਬਾਜ਼ ਅਮੀਰਜ਼ਾਦੀ ਤੋਂ ਇਸ ਅਹੁਦੇ ਲਈ ਵੱਧ ਯੋਗ ਹੋਵੇ।
ਅਜਿਹੇ ਅਨੇਕਾਂ ਸਵਾਲ ਸਭ ਦੇ ਮਨਾਂ ਵਿੱਚ ਵਾਵਰੋਲੇ ਵਾਂਗ ਉੱਠ ਰਹੇ ਹੋਣਗੇ ਅਤੇ ਇਨ੍ਹਾਂ ਸਵਾਲਾਂ ਦੇ ਸਾਰੇ ‘ਸਹੀ’ ਜਵਾਬ ਇਸ ਸਮੁੱਚੀ ਚੋਣ ਪ੍ਰਕਿਰਿਆ ਲਈ ਜ਼ਿੰਮੇਵਾਰ ਯੂਪੀਐੱਸਸੀ ਦੇ ਚੇਅਰਮੈਨ ਮਨੋਜ ਸੋਨੀ ਨੂੰ ਜ਼ਰੂਰ ਪਤਾ ਹੋਣਗੇ। ਪਰ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਦੇਣੇ ਸਨ, ਉਨ੍ਹਾਂ ਅਧਿਆਤਮਕ ਕਾਰਨ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਹਾਲਾਂਕਿ ਉਨ੍ਹਾਂ ਦੇ ਅਹੁਦੇ ਦੀ ਮਿਆਦ ਅਜੇ ਪੰਜ ਸਾਲ ਬਾਕੀ ਸੀ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕਈ ਦਿਨ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਸ ਦਾ ਐਲਾਨ ਹੁਣ ਇਸ ਮਾਮਲੇ ਦੀ ਖਿੱਦੋ ਦੀਆਂ ਲੀਰਾਂ ਉਧੜਨ ਮਗਰੋਂ ਕੀਤਾ ਗਿਆ ਹੈ। ਬਿਨਾਂ ਸ਼ੱਕ ਉਹ ਹੁਣ ਅਧਿਆਤਮਕ ਰਾਹ ਦੀ ਥਾਹ ਪਾਉਣ ਨਿਕਲ ਤੁਰੇ ਹਨ ਪਰ ਇਸ ਰਾਹ ’ਤੇ ਤੁਰ ਕੇ ਪ੍ਰਸ਼ਾਸਕੀ ਤੇ ਸਰਕਾਰੀ ਤੰਤਰ ਦੀਆਂ ਖਾਮੀਆਂ ਦੀ ਥਾਹ ਤਾਂ ਨਹੀਂ ਪਾਈ ਜਾ ਸਕਣੀ। ਹਾਂ, ਅੱਖਾਂ ਬੰਦ ਕਰ ਕੇ ਰੂਹਾਨੀ ਰਾਹ ’ਤੇ ਤੁਰਦਿਆਂ ਇਨ੍ਹਾਂ ਸਵਾਲਾਂ ਦੀ ਗ੍ਰਿਫ਼ਤ ਤੋਂ ਜ਼ਰੂਰ ਦੂਰ ਬਹੁਤ ਦੂਰ ਨਿਕਲਿਆ ਜਾ ਸਕਦਾ ਹੈ।