For the best experience, open
https://m.punjabitribuneonline.com
on your mobile browser.
Advertisement

ਸਰਹੱਦ ’ਤੇ ਲੜਦਾ ਸਿਪਾਹੀ ਕੀ ਗਰੰਟੀ ਦੇ ਸਕਦਾ...!

08:12 AM Sep 02, 2023 IST
ਸਰਹੱਦ ’ਤੇ ਲੜਦਾ ਸਿਪਾਹੀ ਕੀ ਗਰੰਟੀ ਦੇ ਸਕਦਾ
Advertisement

ਬਲਦੇਵ ਸਿੰਘ (ਸੜਕਨਾਮਾ)

ਉਹ ਫ਼ੌਜ ਵਿਚ ਸੀ। ਇਸ ਵਾਰ ਲੰਮੇ ਸਮੇਂ ਬਾਅਦ ਛੁੱਟੀ ਆਇਆ ਸੀ। ਉਸ ਦੀ ਪਰਿਵਾਰ ਤੇ ਆਂਢ-ਗੁਆਂਢ ਸਾਰੇ ਹੁਲਾਸ ਵਿਚ ਸਨ। ਪਤਾ ਹੀ ਨਹੀਂ ਲੱਗਾ ਕਦ ਛੁੱਟੀ ਦੇ ਦਿਨ ਬੀਤ ਗਏ। ਜਦ ਕਿਸੇ ਆਪਣੇ ਪਿਆਰੇ ਨੇ ਛੁੱਟੀ ਆਉਣਾ ਹੁੰਦਾ ਹੈ ਤਾਂ ਉਡੀਕ ਦੇ ਦਿਨ ਜੂੰ ਦੀ ਤੋਰ ਤੁਰਦੇ ਹਨ, ਪਰ ਜਦ ਛੁੱਟੀ ਕੱਟ ਕੇ ਜਾਣਾ ਹੁੰਦਾ ਹੈ ਤਾਂ ਉਹੀ ਦਿਨ ਭੰਬੀਰੀ ਬਣ ਜਾਂਦੇ ਹਨ। ਜਦ ਫ਼ੌਜੀ ਨੇ ਕਿਹਾ: ‘‘ਮੈਂ ਪਰਸੋਂ ਜਾਣਾ ਹੈ।’’ ਤਾਂ ਫੁੱਲਾਂ ਵਾਂਗ ਖਿੜੇ ਤੇ ਟਹਿਕਦੇ ਚਿਹਰਿਆਂ ਵਾਲੇ ਘਰ ਦੇ ਸਭਨਾਂ ਜੀਆਂ ਉੱਪਰ ਉਦਾਸੀ ਛਾ ਗਈ।
‘‘ਹੈਂਅ ਛੁੱਟੀ ਖਤਮ ਹੋ ਗਈ?’’ ਮਾਂ ਦੇ ਬੋਲਾਂ ਵਿਚ ਰੁਦਨ ਸੀ। ਇਨ੍ਹਾਂ ਦਿਨਾਂ ਵਿਚ ਫ਼ੌਜੀ ਨੇ ਆਪਣੇ ਬਾਪ ਨੂੰ, ਮਾਂ ਨੂੰ ‘ਸਾਹਬ ਜੀ’ ਆਖ ਕੇ ਸਲੂਟ ਮਾਰਨਾ, ਆਪਣੀ ਪਤਨੀ ਨੂੰ ਵੀ ‘ਸਾਹਬ ਜੀ’ ਆਖ ਕੇ ਸਲੂਟ ਮਾਰਨਾ ਤਾਂ ਸਭਨਾਂ ਨੇ ਖਿੜ ਖਿੜਾ ਕੇ ਹੱਸ ਪੈਣਾ। ਫ਼ੌਜੀ ਨੇ ਆਪਣੀਆਂ ਭੈਣਾਂ ਨੂੰ, ਛੋਟੇ ਭਰਾ ਨੂੰ ਸਿਖਾਇਆ ਕਿਵੇਂ ‘ਜੈ ਹਿੰਦ’ ਆਖ ਕੇ ਸਲੂਟ ਮਾਰਨਾ ਹੈ। ਕਿਵੇਂ ‘ਸਾਵਧਾਨ’ ਹੋਣਾ ਹੈ, ਕਿਵੇਂ ‘ਵਿਸ਼ਰਾਮ’ ਪੁਜੀਸ਼ਨ ਵਿਚ ਖੜ੍ਹਨਾ ਹੈ। ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਆਪਣੇ ਸਹੁਰੀਂ ਵੀ ਮਿਲਣ ਗਿਆ ਤਾਂ ਉੱਥੇ ਉਸ ਨੇ ਆਪਣੀ ਸਾਲੀ ਨੂੰ ਵੀ ਸਲੂਟ ਮਾਰਨਾ ਸਿਖਾਇਆ ਤਾਂ ਉਸ ਨੇ ਜੀਜੇ ਨੂੰ ਛੇੜਿਆ:
ਵਸਣਾ ਫ਼ੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ
ਸੱਸ ਸਹੁਰਾ ਵੀ ਹੱਸੇ, ਇਉਂ ਪਤਾ ਹੀ ਨਹੀਂ ਲੱਗਾ, ਛੁੱਟੀ ਦੇ ਦਿਨ ਕਿਵੇਂ ਹਨੇਰੀ ਬਣ ਗਏ। ਤੁਰਨ ਵੇਲੇ ਭਰੀਆਂ ਅੱਖਾਂ ਲਈ ਘਰ ਦੇ ਜੀਆਂ ਨੂੰ ਫ਼ੌਜੀ ਹੌਸਲਾ ਦਿੰਦਾ ਰਿਹਾ, ਭਰੋਸਾ ਦੁਆਉਂਦਾ ਰਿਹਾ, ਤਸੱਲੀਆਂ ਕਰਾਉਂਦਾ ਰਿਹਾ: ‘‘ਮੈਂ ਜਲਦੀ ਫਿਰ ਛੁੱਟੀ ਮਨਜ਼ੂਰ ਕਰਾਵਾਂਗਾ। ਮੈਂ ਵਾਪਸ ਆਵਾਂਗਾ।’’
ਤੇ ਫ਼ੌਜੀ ਆਪਣੀ ਡਿਊਟੀ ’ਤੇ ਚਲਾ ਗਿਆ। ਘਰ ਦੇ ਜੀਅ ਸਬਰ ਕਰਕੇ ਅਗਲੀ ਛੁੱਟੀ ਦੀ ਉਡੀਕ ਕਰਨ ਲੱਗੇ। ਸਰਹੱਦ ਉੱਪਰ ਤਣਾਅ ਸੀ। ਬਿਨਾਂ ਕਾਰਨ ਆਪਣੀ ਹੋਂਦ ਦੱਸਣ ਲਈ ਗੋਲੀਆਂ ਚੱਲਦੀਆਂ ਤਾਂ ਜਵਾਬ ’ਚ ਚਲਾਉਣੀਆਂ ਪੈਂਦੀਆਂ। ਛੁੱਟੀ ਕੱਟ ਕੇ ਗਏ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਅਜੇ। ਅਜੇ ਤਾਂ ਸਾਰੇ ਜੀਅ ਸਹਿਜ ਵੀ ਨਹੀਂ ਸਨ ਹੋਏ। ਫ਼ੌਜੀ ਹੈੱਡਕੁਆਰਟਰ ਵੱਲੋਂ ਉਸ ਦੇ ਸ਼ਹੀਦ ਹੋਣ ਦੀ ਸੂਚਨਾ ਆ ਗਈ। ਫ਼ੌਜੀ ਕਹਿ ਕੇ ਗਿਆ ਸੀ- ‘‘ਮੈਂ ਵਾਪਸ ਆਵਾਂਗਾ।’’ ਇਹ ਸਰਹੱਦ ’ਤੇ ਜਾਂਦੇ ਜਾਂ ਸਰਹੱਦ ’ਤੇ ਲੜਦੇ ਫ਼ੌਜੀ ਦੇ ਵਲਵਲੇ ਅਤੇ ਜਿਉਣ ਦੀ ਇੱਛਾ ਦਾ ਪ੍ਰਗਟਾਵਾ ਸੀ ਪਰ ਵਾਪਸ ਆਉਣ ਦੀ ਗਰੰਟੀ ਕੋਈ ਨਹੀਂ ਸੀ। ਜੰਗ ’ਤੇ ਜਾ ਰਿਹਾ ਫ਼ੌਜੀ ਦਿਲ ਧਰਾਉਣ ਲਈ ਤਾਂ ਆਖ ਸਕਦਾ ਹੈ- ‘‘ਮੈਂ ਵਾਪਸ ਆਵਾਂਗਾ’’ ਪਰ ਵਾਪਸ ਆਉਣ ਦੀ ਗਰੰਟੀ ਨਹੀਂ ਦੇ ਸਕਦਾ।
ਸਿਆਸੀ ਨੇਤਾ ਇਸ ਤਰ੍ਹਾਂ ਦੀਆਂ ਅਨੇਕਾਂ ‘ਗਰੰਟੀਆਂ’ ਦੇ ਸਕਦਾ ਹੈ। ‘ਮੈਂ ਵਾਪਸ ਆਵਾਂਗਾ।’ ਇਨ੍ਹਾਂ ਸ਼ਬਦਾਂ ’ਚ ਉਸ ਦੇ ਇਰਾਦੇ ਝਲਕਦੇ ਹਨ, ਉਸ ਦੇ ਹਾਵ-ਭਾਵ ਤੋਂ ਹਰਕਤਾਂ ਤੋਂ ਸੱਤਾ ਦੀ ਵਿਆਕਰਣ ਦੀ ਵੀ ਸਮਝ ਲੱਗਦੀ ਹੈ ਕਿ ਵਾਪਸ ਆਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਪਰ ਇਕ ਫ਼ੌਜੀ ਦੇ ਸ਼ਬਦ ਜਿਹੜਾ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਜਾ ਰਿਹਾ ਹੁੰਦਾ ਹੈ, ‘ਮੈਂ ਵਾਪਸ ਆਵਾਂਗਾ।’ ਦੋ ਬੋਲਾਂ ਵਿਚ ਜਿਉਂਦੇ ਰਹਿਣ ਦੀ ਉਮੀਦ ਹੁੰਦੀ ਹੈ ਤੇ ਇਹ ਉਮੀਦ ਉਹ ਆਪਣੇ ਪਰਿਵਾਰ ਲਈ ਬਣਾਈ ਰੱਖਣਾ ਚਾਹੁੰਦਾ ਹੈ।
ਨੇਤਾਵਾਂ ਲਈ ਅਜਿਹੇ ਬੋਲ ਇਕ ਦਾਅ-ਪੇਚ ਸਮਾਨ ਹਨ। ਨਾ ਉਨ੍ਹਾਂ ਦੇ ਬਾਪ ਨੇ, ਨਾ ਬਾਪ ਦੇ ਬਾਪ ਨੇ ਕਦੇ ਸਰਹੱਦਾਂ ’ਤੇ ਮੋਰਚਿਆਂ ਵਿਚ ਰਾਤਾਂ ਕੱਟੀਆਂ ਹੁੰਦੀਆਂ ਹਨ ਨਾ ਹੀ ਉਨ੍ਹਾਂ ਦੇ ਧੀਆਂ-ਪੁੱਤਾਂ ਨੇ ਸੁਪਨੇ ਵਿਚ ਵੀ ਫ਼ੌਜ ਵਿਚ ਜਾਣ ਬਾਰੇ ਸੋਚਿਆ ਹੁੰਦਾ ਹੈ। ਉਹ ਤਾਂ ਵਿਦੇਸ਼ਾਂ ਵਿਚ ਪੜ੍ਹਦੇ ਹਨ ਤੇ ਉਨ੍ਹਾਂ ਨੇ ਵਾਪਸ ਆ ਕੇ ਆਪਣੇ ਪੁਰਖਿਆਂ ਦਾ ਸਿਆਸੀ ਧੰਦਾ ਸਾਂਭਣਾ ਹੁੰਦਾ ਹੈ। ਇਕ ਵਾਰ ਕਿਸੇ ਜਾਣ-ਪਛਾਣ ਵਾਲੇ ਨੇ ਮੈਨੂੰ ਪਰਖ ਵਿਚ ਪਾ ਦਿੱਤਾ। ਪੁੱਛਿਆ- ‘‘ਇਹ ਹਜੂਮੀ ਹਿੰਸਾ ਕਰਨ ਵਾਲੇ ਕੌਣ ਨੇ? ਇਹ ਪੱਥਰ ਮਾਰਨ ਵਾਲੇ ਇਹ ਗਲੀਆਂ-ਮੁਹੱਲਿਆਂ ਵਿਚ ਜਾ ਕੇ ਫਸਾਦ ਕਰਨ ਵਾਲੇ?’’
ਉਹ ਵਿਅੰਗ ਨਾਲ ਹੱਸਿਆ- ਜੇ ਪਤਾ ਵੀ ਹੋਇਆ ਤੂੰ ਦੱਸਣਾ ਨਹੀਂ। ਦੱਸ ਹੀ ਨਹੀਂ ਸਕਦਾ। ਚੱਲ ਇਹ ਦੱਸ: ਇਨ੍ਹਾਂ ਭੀੜਾਂ ਵਿਚ ਕਿਸੇ ਨੇਤਾ ਦਾ ਪੁੱਤਰ ਜਾਂ ਧੀ ਹੁੰਦੀ ਐ? ਮੈਂ ਫਿਰ ਵੀ ਚੁੱਪ ਰਿਹਾ। ਇਸ ਵਾਰ ਤਾਂ ਉਹ ਮੇਰੇ ਵੱਲ ਤ੍ਰਿਸਕਾਰ ਨਾਲ ਝਾਕਿਆ- ‘‘ਦਰਅਸਲ ਤੁਸੀਂ ਲੋਕਾਂ ਨੇ ਹੀ ਬੇੜਾ ਗਰਕ ਕੀਤਾ ਹੋਇਐ। ਜਿੱਥੇ ਬੋਲਣਾ ਚਾਹੀਦਾ ਹੈ, ਉੱਥੇ ਮੌਨ ਧਾਰ ਲੈਣਾ, ਜਿੱਥੇ ਲੋੜ ਨਹੀਂ ਹੁੰਦੀ, ਬੋਲਣ ਦੀ ਉਥੇ ਲੱਛੇਦਾਰ ਭਾਸ਼ਣ ਝਾੜਨੇ। ਅਜੀਬ ਵਰਤਾਰਾ ਹੈ ਸਿਆਸੀ ਸੰਸਾਰ ਦਾ। ਧਰਨੇ ਦੇਣੇ ਹਨ ਤਾਂ ਦੂਸਰਿਆਂ ਦੇ ਧੀਆਂ-ਪੁੱਤ ਦੇਣਗੇ। ਰਸਤੇ ਰੋਕਣੇ ਹਨ ਤਾਂ ਦੂਸਰਿਆਂ ਦੇ ਧੀਆਂ-ਪੁੱਤ। ਘਿਰਾਓ ਕਰਨੇ ਹਨ ਤਾਂ ਵੀ... ਸਮਝਦਾ ਹੈ ਤੂੰ ਕੌਣ ਹੋਣਗੇ। ਸਿਆਸੀ ਗਲਿਆਰਿਆਂ ਦਾ ਭਵਿੱਖ ਸੁਰੱਖਿਅਤ ਹੁੰਦਾ ਹੈ, ਆਖਰ ਉਨ੍ਹਾਂ ਨੇ ਹੀ ਵੱਡੀਆਂ ਸੰਸਥਾਵਾਂ ਦੇ ਸਕੱਤਰ, ਚੇਅਰਮੈਨ ਜਾਂ ਨਿਰਦੇਸ਼ਕ ਬਣਨਾ ਹੁੰਦਾ ਹੈ। ਲੋਕਾਂ ਉੱਪਰ ਰਾਜ ਕਰਨ ਲਈ ਅਗਲੀ ਪੀੜ੍ਹੀ ਵੀ ਤਾਂ ਤਿਆਰ ਕਰਨੀ ਹੁੰਦੀ ਹੈ। ਨਹੀਂ ਤਾਂ ਦੇਸ਼ ਦਾ ਬਣੇਗਾ ਕੀ? ਪਤਾ ਨਹੀਂ ਕਿਉਂ ਉਹ ਹਰ ਗੱਲ ਵਿਚ ਮੇਰੀ ਤਸਦੀਕ ਭਾਲਦਾ ਸੀ, ਪਰ ਮੈਂ ਤਾਂ ਉਸ ਦੇ ਸਾਹਮਣੇ ਘੁੱਗੂ ਬਣਿਆ ਬੈਠਾ ਸਾਂ। ਉਸ ਨੇ ਬੁੱਲ੍ਹ ਜਿਹੇਂ ਕੱਢ ਕੇ ਸੱਪ ਵਾਂਗ ਫੁੰਕਾਰਾ ਮਾਰਿਆ: ‘‘ਤੈਨੂੰ ਪਤੈ ਨੇਤਾਵਾਂ ਨੂੰ ਕਿੰਨੀ ਚਿੰਤਾ ਹੁੰਦੀ ਐ। ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਕਿਤੇ ਘੱਟ ਹੁੰਦੈ? ਇਸ ਫਿਕਰ ਵਿਚ ਹੀ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ। ਫਿਰ ਉਹ ਆਪਣੇ ਹੱਥੀਂ ਉਦਘਾਟਨ ਕੀਤੇ ਸਿਹਤ ਕੇਂਦਰਾਂ ਵਿਚ ਤੇ ਆਈ.ਐੱਮ.ਆਈ. ਜਿਹੇ ਹਸਪਤਾਲਾਂ ਵਿਚ ਇਸ ਕਰਕੇ ਇਲਾਜ ਨਹੀਂ ਕਰਵਾਉਂਦੇ ਕਿ ਆਮ ਜਨਤਾ ਨੂੰ ਸਮੱਸਿਆ ਆਵੇਗੀ। ਉਨ੍ਹਾਂ ਨੂੰ ਵਿਦੇਸ਼ ਜਾ ਕੇ ਇਲਾਜ ਕਰਵਾਉਣ ਦਾ ਅੱਕ ਚੱਬਣਾ ਪੈਂਦਾ ਹੈ। ਵਿਦੇਸ਼ ਜਾ ਕੇ ਫਿਕਰ ਕਿਹੜਾ ਖਹਿੜਾ ਛੱਡਦੇ ਨੇ। ਗਰੀਬਾਂ ਦਾ ਕਲਿਆਣ ਕਿਵੇਂ ਹੋਵੇ, ਬੇਰੁਜ਼ਗਾਰੀ ਦੂਰ ਕਿਵੇਂ ਹੋਵੇ? ਸਿੱਖਿਆ ਸਹੂਲਤਾਂ, ਸਿਹਤ ਸਹੂਲਤਾਂ ਵੀ ਦੇਣੀਆਂ ਹੁੰਦੀਆਂ ਹਨ। ਫਿਰ ਵਿਰੋਧੀ ਧਿਰਾਂ ਤਾਂ ਮੌਕਾ ਭਾਲਦੀਆਂ ਨੇ ਉਨ੍ਹਾਂ ਨਾਲ ਵੀ ਸਿੱਝਣਾ ਹੁੰਦੈ। ਸਿਆਸੀ ਦੁਸ਼ਮਣ, ਸਰਹੱਦਾਂ ਦੇ ਦੁਸ਼ਮਣ, ਧੰਨ ਨੇ ਸਿਆਸੀ ਨੇਤਾ...’’
‘‘ਹਾਂ, ਤਾਂ ਹੀ ਗਰੰਟੀ ਨਾਲ ਆਖਦੇ ਨੇ- ‘‘ਮੈਂ ਵਾਪਸ ਆਵਾਂਗਾ।’’ ਮੈਂ ਹੌਲੀ ਜਿਹੀ ਕਿਹਾ। ਉਂਜ ਮੈਨੂੰ ਸ਼ੱਕ ਸੀ, ਉਸ ਦੇ ਸ਼ਬਦਾਂ ਦੀ ਸਹੀ ਭਾਵਨਾ ਮੈਂ ਸਮਝ ਨਹੀਂ ਸੀ ਸਕਿਆ।
‘‘ਹਾਂ ਨੇਤਾ ਲੋਕ ਆਖ ਸਕਦੇ ਨੇ- ‘ਮੈਂ ਵਾਪਸ ਆਵਾਂਗਾ।’ ਉਹ ਭਰੋਸੇ ਨਾਲ ਬੋਲਿਆ। ਉਨ੍ਹਾਂ ਨੂੰ ਕਾਹਦਾ ਡਰ। ਵਿਰੋਧੀਆਂ ਦਾ ਕੀ ਹੈ, ਉਨ੍ਹਾਂ ਨੂੰ ਠੀਕ ਕਰਨ ਲਈ ਬੜੇ ਢੰਗ ਹਨ- ਇਹ ਕਦੋਂ ਵਰਤਣੇ। ਜੇ ਹਾਕਮ ਦੀ ਕੁਰਸੀ ’ਤੇ ਬੈਠ ਕੇ ਵੀ ਨਾ ਵਰਤੇ ਤਾਂ ਫਿਰ ਕਾਹਦਾ ਹਾਕਮ? ਉਹ ਦਾਅਵੇ ਨਾਲ ਆਖ ਸਕਦੇ- ਮੈਂ ਵਾਪਸ ਆਵਾਂਗਾ। ਫ਼ੌਜੀ ਨਹੀਂ ਆਖ ਸਕਦਾ। ਉਹ ਕਿਵੇਂ ਆਖ ਸਕਦੈ?’’ ਉਹ ਮੇਰੇ ਵੱਲ ਝਾਕਿਆ।
‘‘ਇਕ ਕਾਨੂੰਨ ਬਣਨਾ ਚਾਹੀਦੈ, ਜਿਸ ਨੇ ਵੀ ਚੋਣ ਲੜਨੀ ਹੈ, ਉਸ ਦਾ ਪੁੱਤਰ ਜਾਂ ਧੀ ਜਾਂ ਭਰਾ ਫ਼ੌਜ ਵਿਚ ਲਾਜ਼ਮੀ ਭਰਤੀ ਹੋਏਗਾ ਤਾਂ ਹੀ ਉਨ੍ਹਾਂ ਨੂੰ ਜੰਗ ਵੇਲੇ ਹੋਈ ਤਬਾਹੀ ਜਾਂ ਕਿਸੇ ਦੇ ਪਤੀ, ਪੁੱਤਰ ਜਾਂ ਭਰਾ ਦੇ ਸ਼ਹੀਦ ਹੋਣ ਦੇ ਦਰਦ ਦਾ ਪਤਾ ਲੱਗੇਗਾ...।’’ ਉਹ ਹੱਸਿਆ: ਨਾ ਨੌਂ ਮਣ ਤੇਲ ਹੋਵੇਗਾ ਨਾ ਰਾਧਾ ਨੱਚੇਗੀ। ਤੇ ਮੈਨੂੰ ਸੂਲਾਂ ਵਾਲੀ ਕਿੱਕਰ ’ਤੇ ਚਾੜ੍ਹ ਕੇ ਚਲਾ ਗਿਆ।
ਸੰਪਰਕ: 98147-83069

Advertisement

Advertisement
Author Image

sukhwinder singh

View all posts

Advertisement
Advertisement
×