For the best experience, open
https://m.punjabitribuneonline.com
on your mobile browser.
Advertisement

ਭਾਰਤੀ ਹਾਕੀ ਟੀਮ ਦਾ ਆਖ਼ਿਰੀ ਮੈਚ: ਨਿਸਚੈ ਕਰਿ ਅਪੁਨੀ ਜੀਤ ਕਰੋ॥

06:10 AM Aug 08, 2024 IST
ਭਾਰਤੀ ਹਾਕੀ ਟੀਮ ਦਾ ਆਖ਼ਿਰੀ ਮੈਚ  ਨਿਸਚੈ ਕਰਿ ਅਪੁਨੀ ਜੀਤ ਕਰੋ॥
Advertisement

ਪ੍ਰਿੰ. ਸਰਵਣ ਸਿੰਘ

Advertisement

ਕੀ ਹੋਇਆ ਜੇ ਅਸੀਂ ਸੈਮੀ ਫਾਈਨਲ ਨਹੀਂ ਜਿੱਤ ਸਕੇ ਪਰ ਖੇਡੇ ਤਾਂ ਜਾਨ ਮਾਰ ਕੇ। ਆਖ਼ਿਰੀ ਕੁਆਟਰ ਜਾਂ ਆਖ਼ਿਰੀ ਮਿੰਟ ਹੀ ਨਹੀਂ, ਆਖ਼ਿਰੀ ਸਕਿੰਟ ਤੱਕ ਜੁਝਾਰੂਆਂ ਵਾਂਗ ਜੂਝੇ। ਆਖ਼ਿਰ ਜਿੱਤਣਾ ਤਾਂ ਦੋਹਾਂ ਟੀਮਾਂ ਵਿੱਚੋਂ ਇੱਕ ਨੇ ਹੀ ਸੀ। ਸੋ, ਹਾਲ ਦੁਹਾਈ ਪਾਉਣ ਦੀ ਲੋੜ ਨਹੀਂ। ਹਾਕੀ ਖੇਡਣ ਦੇ ਸੁਫ਼ਨੇ ਨਾ ਪਹਿਲਾਂ ਚਕਨਾਚੂਰ ਹੋਏ ਸਨ ਨਾ ਅਗਾਂਹ ਹੋਣੇ ਹਨ। ਨਾ ਜਿੱਤ ਕੇ ਆਫਰੀ ਦਾ, ਨਾ ਹਾਰ ਕੇ ਢੇਰੀ ਢਾਹੀਦੀ। ਇਸ ਮੈਚ ਲਈ ਆਪਣੇ ਯੋਧੇ ਖਿਡਾਰੀਆਂ ਨੂੰ ਭਰਵੀਂ ਹੱਲਾਸ਼ੇਰੀ ਦੇਣੀ ਬਣਦੀ ਹੈ ਤੇ ਖਿਡਾਰੀਆਂ ਨੂੰ ‘ਨਿਸਚੈ ਕਰਿ ਅਪੁਨੀ ਜੀਤ ਕਰੋ’ ਦੇ ਜਜ਼ਬੇ ਨਾਲ ਖੇਡਣਾ ਬਣਦਾ ਹੈ। ਜਿੱਦਣ ਹਾਕੀ ਦੇ ਯੋਧੇ ਦੇਸ਼ ਪਰਤਣਗੇ, ਅਸੀਂ ਉਨ੍ਹਾਂ ਦਾ ਸਵਾਗਤ ਜੇਤੂਆਂ ਵਾਂਗ ਕਰਾਂਗੇ। ਜੁਆਨੋ! ਦਿਲ ਨਹੀਂ ਛੱਡਣਾ, ਅਸੀਂ ਤੁਹਾਡੇ ਨਾਲ ਹਾਂ।
ਆਖ਼ਿਰ ਸੌ ਤੋਂ ਵੱਧ ਮੁਲਕ ਹਾਕੀ ਖੇਡਦੇ ਹਨ। ਸਾਰੇ ਓਲੰਪਿਕ ਖੇਡਣਾ ਤੇ ਜਿੱਤ ਥੜ੍ਹੇ (ਵਿਕਟਰੀ ਸਟੈਂਡ) ’ਤੇ ਚੜ੍ਹਨਾ ਚਾਹੁੰਦੇ ਹਨ ਪਰ ਚੜ੍ਹਨਾ ਤਾਂ ਤਿੰਨਾਂ ਨੇ ਹੀ ਹੁੰਦਾ ਹੈ। ਅੱਜ ਦਾ ਮੈਚ ਮੁੜ ਜਿੱਤ ਥੜ੍ਹੇ ’ਤੇ ਚੜ੍ਹਨ ਦਾ ਮੌਕਾ ਦੇਣ ਵਾਲਾ ਹੈ। ਹਾਲਤ ਟੋਕੀਓ ਓਲੰਪਿਕਸ ਵਾਲੀ ਹੀ ਹੈ। ਉਦੋਂ ਕਾਂਸੀ ਦਾ ਤਗ਼ਮਾ ਜਿੱਤਣ ਲਈ ਮੁਕਾਬਲਾ ਜਰਮਨੀ ਦੀ ਟੀਮ ਨਾਲ ਸੀ ਜੋ ਭਾਰਤੀ ਟੀਮ ਨੇ 5-4 ਗੋਲਾਂ ਨਾਲ ਜਿੱਤਿਆ ਸੀ। ਉਦੋਂ ਫਾਈਨਲ ਮੈਚ ਬੈਲਜੀਅਮ ਤੇ ਆਸਟਰੇਲੀਆ ਦੀਆਂ ਟੀਮਾਂ ਖੇਡੀਆਂ ਸਨ। ਸੋਨ ਤਗ਼ਮਾ ਬੈਲਜੀਅਮ ਨੇ ਜਿੱਤਿਆ ਸੀ, ਆਸਟਰੇਲੀਆ ਨੇ ਚਾਂਦੀ ਅਤੇ ਭਾਰਤ ਨੇ ਕਾਂਸੀ ਤਗ਼ਮਾ। ਐਤਕੀਂ ਪਿਛਲੇ ਜੇਤੂ ਬੈਲਜੀਅਮ ਤੇ ਆਸਟਰੇਲੀਆ ਸੈਮੀ ਫਾਈਨਲ ਵਿੱਚ ਵੀ ਨਹੀਂ ਪੁੱਜ ਸਕੇ। ਸਦਾ ਜਿੱਤ ਦਾ ਪਟਾ ਕਿਸੇ ਨੇ ਵੀ ਨਹੀਂ ਲਿਖਵਾਇਆ ਹੁੰਦਾ। ਭਾਰਤੀ ਹਾਕੀ ਦਾ ਅਜੇ ਵੀ ਜਿੱਤ ਥੜ੍ਹੇ ’ਤੇ ਚੜ੍ਹਨ ਵਾਲਾ ਮੈਚ ਖੇਡਣਾ ਬੜੀ ਵੱਡੀ ਪ੍ਰਾਪਤੀ ਹੈ। ਉਸ ਨੂੰ ਜਿੱਤਣਾ ਹੋਰ ਵੀ ਵੱਡੀ ਪ੍ਰਾਪਤੀ ਹੋਵੇਗੀ।
ਯਾਦ ਕਰੋ ਟੋਕੀਓ ਵਾਲਾ ਜਿੱਤ ਥੜ੍ਹੇ ’ਤੇ ਚੜ੍ਹਨ ਵਾਲਾ ਮੈਚ। ਉਦੋਂ ਭਾਰਤੀ ਹਾਕੀ ਦਾ ਸੂਰਜ 41 ਸਾਲਾਂ ਤੋਂ ਛਿਪਿਆ ਹੋਇਆ ਸੀ ਜੋ ਟੋਕੀਓ ਓਲੰਪਿਕ-2021 ਵਿੱਚ ਮੁੜ ਚੜ੍ਹਿਆ ਸੀ। ਰੌਸ਼ਨੀ ਦੀਆਂ ਸੁਨਹਿਰੀ ਕਿਰਨਾਂ ਮੁੜ ਲਿਸ਼ਕੀਆਂ ਸਨ। ਹਾਕੀ ਦਾ ਮੁਰਝਾਇਆ ਬਾਗ਼ ਮੁੜ ਮਹਿਕਿਆ ਸੀ। ਟੋਕੀਓ ਓਲੰਪਿਕ ਵਿੱਚ ਖੇਡੇ ਭਾਰਤੀ ਹਾਕੀ ਖਿਡਾਰੀਆਂ ਦੇ ਘਰੀਂ ਅਤੇ ਪਿੰਡਾਂ ਸ਼ਹਿਰਾਂ ਵਿੱਚ ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ। ਦੇਸ਼ ਭਰ ਵਿੱਚ ਹਾਕੀ ਦੀ ਬੱਲੇ-ਬੱਲੇ ਹੋ ਗਈ ਸੀ। ਹਾਕੀ ਦੇ ਮੈਦਾਨਾਂ ਵਿੱਚ ਘਿਉ ਦੇ ਦੀਵੇ ਬਾਲੇ ਗਏ ਸਨ। ਖਿਡਾਰੀਆਂ ਨੂੰ ਨਕਦ ਇਨਾਮ, ਮਾਣ ਸਨਮਾਨ ਤੇ ਚੰਗੀਆਂ ਨੌਕਰੀਆਂ ਮਿਲੀਆਂ ਸਨ। ਭਾਰਤ ਦੀਆਂ ਕੁੜੀਆਂ ਤੇ ਮੁੰਡਿਆਂ ਦੀਆਂ ਦੋਹਾਂ ਟੀਮਾਂ ਵਿੱਚੋਂ ਭਾਵੇਂ ਕੋਈ ਟੀਮ ਸੋਨੇ ਜਾਂ ਚਾਂਦੀ ਦਾ ਤਗ਼ਮਾ ਨਹੀਂ ਸੀ ਜਿੱਤ ਸਕੀ ਪਰ ਗਭਰੂਆਂ ਦੀ ਟੀਮ ਦਾ ਕਾਂਸੀ ਦਾ ਤਗ਼ਮਾ ਜਿੱਤਣਾ ਅਤੇ ਮੁਟਿਆਰਾਂ ਦੀ ਟੀਮ ਦਾ ਚੌਥੇ ਸਥਾਨ ’ਤੇ ਆਉਣਾ ਸੋਨੇ ਦਾ ਤਗ਼ਮਾ ਜਿੱਤਣ ਤੋਂ ਘੱਟ ਨਹੀਂ ਸੀ ਸਮਝੇ ਜਾ ਗਏ।
ਕੋਈ ਪੁੱਛ ਸਕਦਾ ਹੈ, ਏਡੇ ਚਾਅ, ਉਤਸ਼ਾਹ ਤੇ ਹੁਲਾਸ ਦਾ ਕੀ ਕਾਰਨ ਸੀ? ਕੀ ਕਾਰਨ ਸੀ ਭਾਰਤੀ ਖਿਡਾਰੀਆਂ ਤੇ ਖਿਡਾਰਨਾਂ ਦੇ ਜਿੱਤਣ ਵੇਲੇ ਹਾਸੇ ਖਿੜਦੇ ਰਹੇ ਅਤੇ ਹਾਰਨ ਵੇਲੇ ਹੰਝੂਆਂ ਦੀਆਂ ਧਾਰਾਂ ਵੀ ਵਹਿਣੋਂ ਨਾ ਰੁਕ ਸਕੀਆਂ। ਕਹਿਣ ਨੂੰ ਜਿੱਤ ਹਾਰ ਬਰਾਬਰ ਕਹੀ ਜਾਂਦੀ ਹੈ ਪਰ ਬੜਾ ਫ਼ਰਕ ਹੁੰਦਾ ਹੈ ਹਾਰ ਤੇ ਜਿੱਤ ਦਾ। ਪਿੰਡਾਂ ਦੀਆਂ ਖੇਡਾਂ ਤੋਂ ਸੰਸਾਰ ਦੀਆਂ ਓਲੰਪਿਕ ਖੇਡਾਂ ਤਕ ਇਸ ਫ਼ਰਕ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਜੋ ਟੋਕੀਓ ਵਿੱਚ ਵੀ ਹੋਏ। ਸੋ, ਹਾਕੀ ਦੇ ਯੋਧੇ ਖਿਡਾਰੀਓ! ਪੂਰਾ ਤਾਣ ਲਾ ਖੇਡਣਾ ਤੇ ਜਿੱਤ ਥੜ੍ਹੇ ’ਤੇ ਚੜ੍ਹਨ ਲਈ ਜੋ ਨਹੀਂ ਸੋ ਕਰਨਾ। ਸਾਡੇ ਦਿਲਾਂ ਦੀ ਹਰ ਧੜਕਣ ਤੁਹਾਡੇ ਦਿਲਾਂ ਨਾਲ ਧੜਕੇਗੀ, ਤੁਹਾਡਾ ਹੌਸਲਾ ਵਧਾਏਗੀ। ਸਾਡੀਆਂ ਸ਼ੁਭ ਇਛਾਵਾਂ ਤੇ ਦੁਆਵਾਂ ਤੁਹਾਡੇ ਨਾਲ ਹਨ।
ਸੰਪਰਕ: principalsarwansingh@gmail.com

Advertisement
Author Image

joginder kumar

View all posts

Advertisement
Advertisement
×