ਗੇਲਾ
ਅੰਮ੍ਰਿਤਪਾਲ ਕਲੇਰ ਚੀਦਾ
‘‘ਗਿੰਦਰਾ, ਉਏ ਗਿੰਦਰਾ।’’ ਡਾਕੂਆਂ ਦੇ ਜੱਗਸੀਰ ਨੇ ਗਿੰਦਰ ਕੇ ਬੂਹੇ ਅੱਗੇ ਮੋਟਰ ਸਾਈਕਲ ਖੜ੍ਹਾ ਕਰ ਕੇ ਉਸ ਨੂੰ ਉੱਚੀ ਉੱਚੀ ਦੋ ਵਾਰੀ ਆਵਾਜ਼ਾਂ ਮਾਰੀਆਂ। ਆਥਣ ਦਾ ਘੁਸਮੁਸਾ ਜਾ ਹੋ ਰਿਹਾ ਸੀ। ਵਿਸਾਖ ਮਹੀਨੇ ਦੇ ਪਹਿਲੇ ਪੱਖ ਨੇ ਹੀ ਆਪਣੀ ਆਮਦ ਉੱਤੇ ਕਣਕਾਂ ਦਾ ਰੰਗ ਵਟਾ ਦਿੱਤਾ ਸੀ ਅਤੇ ਵਾਢੀ ਲਈ ਦਾਤੀ ਪੈ ਗਈ ਸੀ। ਦੂਰ ਦੂਰ ਤੱਕ ਨਜ਼ਰ ਮਾਰਦੇ ਹੀ ਖੇਤਾਂ ਵਿੱਚ ਸੁਨਹਿਰੀ ਭਾਹ ਮਾਰ ਰਹੀ ਸੀ। ਚੋਗਾ ਚੁਗਣ ਗਏ ਪੰਛੀ ਡੁੱਬ ਰਹੇ ਸੂਰਜ ਨਾਲ ਆਪਣੇ ਆਲ੍ਹਣਿਆਂ ਵੱਲ ਵਹੀਰਾਂ ਘੱਤ ਪਰਤ ਰਹੇ ਸਨ ਪਰ ਅਜੇ ਵੀ ਤੱਤੀ ਲੂਅ ਪਿੰਡੇ ਨੂੰ ਲੂੰਹਦੀ ਸੀ। ਗਿੰਦਰ ਅਜੇ ਹੁਣੇ ਹੀ ਖੇਤੋਂ ਕਣਕ ਵੱਢ ਕੇ ਘਰ ਆਇਆ ਸੀ। ਉਸ ਦੇ ਪਿੰਡੇ ’ਤੇ ਕਣਕ ਦੀ ਸਾਰੇ ਦਿਨ ਦੀ ਪਈ ਕੰਡ ਲੜ ਰਹੀ ਸੀ। ਸਿਰ ’ਤੇ ਬੰਨ੍ਹਿਆ ਸਾਫ਼ਾ ਲਾਹ ਕੇ ਉਸ ਨੇ ਧੌਣ ’ਤੇ ਆਇਆ ਮੁੜ੍ਹਕਾ ਪੂੰਝਿਆ ਤਾਂ ਉਸ ਦੇ ਸਾਫ਼ੇ ਵਿੱਚ ਅੜੇ ਕਸੀਰ ਧੌਣ ਉੱਤੇ ਚੁਭ ਗਏ।
‘‘ਹਾਂ ਬਾਈ, ਕੌਣ ਐ? ਆਉਨਾਂ।’’ ਉਸ ਨੇ ਵਿਹੜੇ ਵਿੱਚੋਂ ਹੀ ਆਵਾਜ਼ ਦਿੱਤੀ ਅਤੇ ਉਸੇ ਸਾਫ਼ੇ ਨੂੰ ਝਾੜ ਕੇ ਲੱਕ ਦੁਆਲੇ ਲਪੇਟ ਲਿਆ।
ਬੂਹਾ ਖੋਲ੍ਹਦਿਆਂ ਹੀ ਗਿੰਦਰ ਬੋਲਿਆ, ‘‘ਜਗਸੀਰ ਬਾਈ ਐ! ਹਾਂ ਬਾਈ, ਕੀ ਹੁਕਮ ਐ?’’ ਗਿੰਦਰ ਨੇ ਸੱਜਾ ਹੱਥ ਆਪਣੇ ਮੱਥੇ ਵੱਲ ਨੂੰ ਉਲਾਰਦਿਆਂ ਪੁੱਛਿਆ।
‘‘ਗਿੰਦਰਾ, ਦੋ ਕਿੱਲੇ ਨਿਆਈਂ ਵਾਲੀ ਕਣਕ ਦੇ ਆਏ ਪਏ ਨੇ, ਕੱਲ੍ਹ ਨੂੰ ਦਾਤੀ ਪਾ ਲਿਓ।’’ ਜਗਸੀਰ ਨੇ ਮੋਟਰ ਸਾਈਕਲ ’ਤੇ ਬੈਠੇ ਨੇ ਕਿਹਾ।
‘‘ਬਾਈ, ਗੱਲ ਅਸਲ ’ਚ ਇਹ ਐ ਕਿ ਮੇਜਰ ਕੇ ਤਿੰਨ ਦਿਨਾਂ ਦਾ ਕੰਮ ਰਹਿ ਗਿਆ, ਤਿੰਨ ਦਿਨ ਅਟਕ ਜਾ, ਫਿਰ ਤੇਰੇ ਲੱਗ ਜਾਂਗੇ। ਉਹ ਵੀ ਬਾਹਲ਼ੇ ਖਹਿੜ ਪੈਗੇ ਬਈ ਪਹਿਲਾਂ ਸਾਡੇ ਵੱਢੋ।’’
ਗਿੰਦਰ ਝੇਪ ਜਿਹੀ ਵਿੱਚ ਮਸਾਂ ਹੀ ਬੋਲਿਆ।
‘‘ਓਏ, ਉਨ੍ਹਾਂ ਦੇ ਤੂੰ ਇੱਕ ਦਿਨ ਵੱਧ ਲਾ ਲਵੀਂ, ਸਾਡੇ ਭਰਜਾਈ ਤੇ ਜਵਾਕਾਂ ਨੂੰ ਘੱਲ ਦੇਵੀਂ ਕੱਲ੍ਹ ਨੂੰ।’’ ਜਗਸੀਰ ਨੇ ਖਚਰੇ ਜਿਹੇ ਹਾਸੇ ਨਾਲ ਕਿਹਾ।
‘‘ਬਾਈ, ਸਾਡੇ ਗ਼ਰੀਬਾਂ ਕੋਲੇ ਤਾਂ ਆਹ ਹੀ ਢਾਈ ਦਿਨ ਹੁੰਦੇ ਆ, ਚਾਰ ਮਣ ਦਾਣੇ ਕੱਠੇ ਕਰਨ ਦੇ। ਚੱਲ ਕੋਈ ਨਾ ਦੇਖਦੇ ਹਾਂ ਤੜਕੇ, ਕਿਹੜੇ ਰਾਜੇ ਦੀ ਪਰਜਾ ਹੁੰਦੀ ਆ।’’ ਗਿੰਦਰ ਨੇ ਬੇਵੱਸੀ ਜਿਹੀ ਜ਼ਾਹਿਰ ਕੀਤੀ। ਅਸਲ ਵਿੱਚ ਗਿੰਦਰ ਜਗਸੀਰ ਕੇ ਨਿਆਈਂ ਵਾਲੇ ਦੋ ਕਿੱਲੇ ਕਣਕ ਦੇ ਵੱਢਣ ਜਾਣਾ ਹੀ ਨਹੀਂ ਸੀ ਚਾਹੁੰਦਾ।
‘‘ਸਾਲ਼ੇ ... ਨੇ, ਰਾਹ ਹੀ ਨਹੀਂ ਦਿੱਤਾ,’’ ਜਗਸੀਰ ਮੂੰਹ ਵਿੱਚ ਹੀ ਬੁੜਬੁੜਾਇਆ ਅਤੇ ਮੋਟਰਸਾਈਕਲ ਨੂੰ ਰੇਸ ਦੇ ਕੇ ਕੌਲੇ ਕੇ ਵਿਹੜੇ ਦੀ ਭੀੜੀ ਗਲੀ ਵਿੱਚੋਂ ਲੰਘ ਗਿਆ।
ਜਗਸੀਰ ਕੇ ਲਾਣੇ ਨੂੰ ਸਾਰੇ ਗੰਗਾ ਪਿੰਡ ਵਿੱਚ ਡਾਕੂਆਂ ਕਾ ਲਾਣਾ ਕਹਿੰਦੇ ਸਨ। ਗੰਗਾ, ਨਥਾਣੇ ਦੇ ਕੋਲ ਛੋਟਾ ਜਿਹਾ ਪਿੰਡ ਹੈ। ਜਗਸੀਰ ਦੇ ਪਿਓ ਹੋਰੀਂ ਦੋ ਭਰਾ ਸਨ, ਜੈਬ ਤੇ ਨੈਬ। ਵੱਡਾ ਜੈਬ ਛੜਾ ਰਹਿ ਗਿਆ ਸੀ। ਛੋਟਾ ਨੈਬ ਕਾਮਾ ਹੋਣ ਕਰਕੇ ਵਿਆਹਿਆ ਗਿਆ ਸੀ। ਨੈਬ ਦੇ ਤਿੰਨ ਜਵਾਕ ਸਨ, ਦੋ ਕੁੜੀਆਂ ਤੇ ਇੱਕ ਮੁੰਡਾ। ਜਗਸੀਰ ਨੈਬ ਦਾ ਹੀ ਪੁੱਤ ਸੀ।
ਜੈਬ ਵੈਲੀ ਸੀ ਅਤੇ ਡਾਕੂਆਂ ਨਾਲ ਰਲ਼ ਗਿਆ ਸੀ। ਨੇੜੇ-ਤੇੜੇ ਦੇ ਪਿੰਡਾਂ ਵਿੱਚ ਜੇ ਕਿਸੇ ਨੇ ਜ਼ਮੀਨ ਦਾ ਕਬਜ਼ਾ ਲੈਣਾ ਹੁੰਦਾ ਤਾਂ ਜੈਬ ਡਾਕੂ ਕੋਲ ਝੱਟ ਖ਼ਬਰ ਪਹੁੰਚ ਜਾਂਦੀ। ਉਹ ਸਾਝਰੇ ਹੀ ਚਿੱਟਾ ਕਲੀਆਂ ਵਾਲਾ ਕੁੜਤਾ ਪਾ, ਨਾਲ ਚਿੱਟਾ ਹੀ ਚਾਦਰਾ, ਤੁਰਲੇ ਵਾਲੀ ਪੱਗ ਬੰਨ੍ਹ ਅਤੇ ਮੁੱਛਾਂ ਨੂੰ ਤਾਅ ਦੇ, ਦੁਨਾਲੀ ਮੋਢੇ ਲਟਕਾ, ਲੱਕ ਨਾਲ ਰੌਂਦਾਂ ਦੀ ਪੇਟੀ ਬੰਨ੍ਹ ਕੇ ਘੋੜੇ ਉੱਤੇ ਸਵਾਰ ਹੋ ਜਾਂਦਾ। ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਅੰਗਿਆਰ ਦਗਦੇ ਸਨ। ਕੁਝ ਪਲ ਵੀ ਉਹਦੀਆਂ ਅੱਖਾਂ ਵੱਲ ਕੋਈ ਸਾਧਾਰਨ ਆਦਮੀ ਝਾਕ ਨਹੀਂ ਸੀ ਸਕਦਾ। ਗੰਗਾ ਦੇ ਆਸੇ-ਪਾਸੇ ਦੇ ਪੰਜਾਹ ਪਿੰਡਾਂ ਦੇ ਲੋਕ ਨਥਾਣਾ, ਨਾਥਪੁਰਾ, ਗਿੱਦੜ, ਢੇਲਵਾਂ, ਪੂਹਲਾ, ਪੂਹਲੀ, ਸੇਮਾ ਆਦਿ ਉਸ ਦੇ ਨਾਂ ਤੋਂ ਤ੍ਰਹਿੰਦੇ ਸਨ। ਜ਼ਮੀਨ ਦਾ ਕਬਜ਼ਾ ਲੈਣ ਪਿੱਛੋਂ ਜ਼ਮੀਨ ਦੇ ਮਾਲਕ ਉਸ ਨੂੰ ਕਿੱਲਾ ਜਾਂ ਦੋ ਕਿੱਲੇ ਜ਼ਮੀਨ ਬਖ਼ਸ਼ਿਸ਼ ਕਰ ਦਿੰਦੇ ਸਨ। ਵੱਢ-ਟੁੱਕ ਤੋਂ ਪਹਿਲਾਂ ਆਬਾਦੀ ਘੱਟ ਹੋਣ ਕਰਕੇ ਉਨ੍ਹਾਂ ਸਮਿਆਂ ਵਿੱਚ ਜ਼ਮੀਨਾਂ ਖੁੱਲ੍ਹੀਆਂ ਹੋਇਆ ਕਰਦੀਆਂ ਸਨ। ਫਿਰ ਹੌਲੀ ਹੌਲੀ ਉਸ ਨੇ ਉਮਰ ਦੇ ਤਕਾਜ਼ੇ ਨਾਲ ਜ਼ਮੀਨਾਂ ਦੇ ਕਬਜ਼ੇ ਲੈਣ ਜਾਣਾ ਛੱਡ ਦਿੱਤਾ, ਪਰ ਪਿੰਡ ਵਿੱਚ ਉਸ ਦਾ ਦਬਦਬਾ ਉਵੇਂ ਹੀ ਕਾਇਮ ਰਿਹਾ। ਹੁਣ ਉਹ ਕੀ ਕਰਦਾ ਕਿ ਪਿੰਡ ਦੇ ਹੀ ਕੁਝ ਥੋੜ੍ਹੀ ਜ਼ਮੀਨ ਵਾਲੇ ਵਿਹੜੇ ਵਾਲਿਆਂ ਦੀ ਜ਼ਮੀਨ ਦੇ ਉਨ੍ਹਾਂ ਨੂੰ ਥੋੜ੍ਹੇ ਪੈਸੇ ਦੇ ਕੇ ਅਤੇ ਵਹੀ ਉੱਤੇ ਦੁੱਗਣੇ ਪੈਸਿਆਂ ਦਾ ਅੰਗੂਠਾ ਲਵਾ ਕੇ ਹੜੱਪਣੀ ਸ਼ੁਰੂ ਕਰ ਦਿੱਤੀ। ਦਲਿਤਾਂ ਦਾ ਛੱਜੂ ਸੱਥ ਵਿੱਚ ਇਹ ਗੱਲ ਬੜੇ ਫ਼ਖਰ ਨਾਲ ਦੱਸਦਾ ਕਿ ਸਾਡੇ ਪੁਰਖਿਆਂ ਨੂੰ ਇਹ ਜ਼ਮੀਨ ਬਖ਼ਸ਼ਿਸ਼ ਵਿੱਚ ਮਿਲੀ ਹੋਈ ਹੈ। ਸਾਡੇ ਬਜ਼ੁਰਗਾਂ ਨੇ ਸਰਦਾਰਾਂ ਨਾਲ ਲੜਾਈਆਂ ਵਿੱਚ ਹਿੱਸਾ ਲਿਆ, ਡਾਂਗ ਨਾਲ ਡਾਂਗ ਖੜਕਾਈ ਤਾਂ ਕਿਤੇ ਜਾ ਕੇ ਸਰਦਾਰਾਂ ਨੇ ਦਿੱਤੀਆਂ ਨੇ ਜ਼ਮੀਨਾਂ।
ਨੈਬ ਨੇ ਜੈਬ ਨੂੰ ਬਹੁਤ ਵਾਰੀ ਸਮਝਾਇਆ ਵੀ, ‘‘ਦੇਖ ਬਾਈ, ਕਬਜ਼ੇ ਲੈ ਲਾ ਜੀ ਸਦਕੇ, ਪਰ ਪਿੰਡ ਵਿੱਚ ਇਹ ਕੰਮ ਨਾ ਕਰ। ਐਵੇਂ ਕਈ ਵਾਰ ਗ਼ਰੀਬ ਦੀ ਦੁਰਸੀਸ ਲੱਗ ਜਾਂਦੀ ਐ।’’
‘‘ਓਏ ਨੈਬਿਆ, ਐਵੇਂ ਡਰੀ ਜਾਨੈਂ। ਮੇਰੀ ਕੋਈ ... ਵਾਅ ਵੱਲ ਨਹੀਂ ਝਾਕ ਸਕਦਾ, ਮੇਰੀ ਤਾਂ ਮੁੱਛ ’ਤੇ ਨਿੰਬੂ ਖੜ੍ਹਦੇ ਆ, ... ਦੀਆਂ ਅੱਖਾਂ ਕੱਢ ਦੂੰ, ਜੇ ਕੋਈ ਮੇਰੇ ਵੰਨੀ ਝਾਕ ਵੀ ਗਿਆ।’’ ਅਤੇ ਜੈਬ ਹੰਕਾਰ ਵਿੱਚ ਆਇਆ ਪੈਰ ਧਰਤੀ ’ਤੇ ਪਟਕਾ ਮਾਰਦਾ। ਉਹਦੇ ਆਪਣੇ ਹੀ ਪੈਰਾਂ ਕਾਰਨ ਧਰਤੀ ਤੋਂ ਉੱਠੀ ਹੋਈ ਧੂੜ ਉਸ ਦੇ ਮੂੰਹ ਉੱਤੇ ਪੈ ਜਾਂਦੀ। ਨੈਬ ਨੀਵੀਂ ਜਿਹੀ ਪਾ ਕੇ ਆਪਣੇ ਕੰਮ ਲੱਗ ਜਾਂਦਾ।
ਜਗਸੀਰ ਦਾ ਪਿਓ ਨੈਬ ਆਪਣੀ ਕਬੀਲਦਾਰੀ ਵਿੱਚ ਉਲਝ ਗਿਆ ਸੀ। ਉਸ ਨੇ ਦੋਵੇਂ ਕੁੜੀਆਂ ਵਿਆਹ ਦਿੱਤੀਆਂ ਸਨ। ਉਦੋਂ ਜਗਸੀਰ ਅਜੇ ਛੋਟਾ ਸੀ।
ਗਿੰਦਰ ਨੇ ਸਵੇਰ ਦੇ ਬਾਲਟੀ ਵਿੱਚ ਧੁੱਪੇ ਪਏ ਕੋਸੇ ਪਾਣੀ ਨਾਲ ਨਹਾ ਕੇ ਰੋਟੀ ਖਾਧੀ ਅਤੇ ਆਪਣੀ ਘਰਵਾਲੀ ਪੰਮੋ ਨੂੰ ਆਵਾਜ਼ ਦਿੱਤੀ, ‘‘ਮਖਿਆਂ ਬੋਲਦੀ ਨੀ, ਐਥੋਂ ਗੁੜ ਦੀ ਡਲੀ ਫੜਾਈਂ, ਸੰਘ ’ਚ ਕੁਰਕਰੀ ਜੀ ਹੋਈ ਜਾਂਦੀ ਆ ਕੰਡ ਦੀ।’’
‘‘ਸਵੇਰ ਦੀ ਤਾਂ ਭੌਂਕੀ ਜਾਂਦੀ ਸੀ ਬਈ ਘਰੇ ਗੁੜ ਨੀ ਹੈਗਾ ਸਵੇਰ ਦੀ ਚਾਹ ਨੂੰ ਵੀ। ਹੁਣ ਭਾਲਦਾ ਭੇਲੀ,’’ ਪੰਮੋ ਨੇ ਖਿੱਝ ਕੇ ਜਵਾਬ ਦਿੱਤਾ।
‘‘ਚੱਲ ਕੋਈ ਨਾ, ਔਖੀ ਭਾਰੀ ਕਿਉਂ ਹੁੰਨੀ ਐਂ! ਹੁਣ ਜਾ ਕੇ ਲੈ ਆਉਨਾ ਬੀਸੇ ਦੀ ਹੱਟੀ ਤੋਂ, ਅਜੇ ਖੁੱਲ੍ਹੀ ਹੋਊ। ਕਿੰਨਾ ਲਿਆਵਾਂ? ’ਕੇਰਾਂ ਅੱਧਾ ਕਿਲੋ ਲਿਆਉਨਾ, ਫਿਰ ਮਗਰੋਂ ਲੈ ਆਵਾਂਗੇ।’’ ਗਿੰਦਰ ਥੱਕਿਆ ਟੁੱਟਿਆ ਬੀਸੇ ਦੀ ਦੁਕਾਨ ਨੂੰ ਹੋ ਤੁਰਿਆ।
‘‘ਬੀਸੇ ਬਾਈ, ਅੱਧਾ ਕਿਲੋ ਗੁੜ ਤੋਲੀਂ, ਪੈਸੇ ਝਰੀਟ ਲਵੀਂ,’’ ਉਸ ਨੇ ਸਿਰ ਦੇ ਪਰਨੇ ਨੂੰ ਠੀਕ ਕਰਦਿਆਂ ਕਿਹਾ।
‘‘ਮੰਦਾ ਚੱਲਦਾ ਗਿੰਦਰਾ, ਪੱਲਾ ਵੀ ਪੂਰਾ ਨੀ ਝੜਦਾ, ਉਧਾਰ ਬੰਦ ਐ ਬਾਈ,’’ ਬੀਸੇ ਨੇ ਮਿੱਠਾ ਜਿਹਾ ਜਵਾਬ ਦੇ ਦਿੱਤਾ।
‘‘ਲਾਲਾ, ਬਸ ਦਸ ਦਿਨ ਹੋ ਠਹਿਰ ਜਾ, ਫਿਰ ਅਗਲਾ ਪਿਛਲਾ ਸਾਰਾ ਹਿਸਾਬ ਨਬੇੜ ਦੂੰ,’’ ਗਿੰਦਰ ਨੇ ਬੀਸੇ ਅੱਗੇ ਲੇਲ੍ਹੜੀਆਂ ਕੱਢਦਿਆਂ ਕਿਹਾ। ਬੀਸੇ ਨੇ ਦਾਰੂ ਕੱਢਣ ਵਾਲਾ ਗੁੜ ਉਸ ਨੂੰ ਤੋਲ ਦਿੱਤਾ।
‘‘ਮਖਿਆਂ ਬੋਲਦੀ ਨੀ, ਐਨੇ ਕੁ ਗੁੜ ਨਾਲ ਹਫ਼ਤਾ ਦਸ ਦਿਨ ਕੱਢ ਲਿਓ, ਫਿਰ ਲੈ ਆਵਾਂਗੇ। ਬੀਸਾ ਐਵੇਂ ਵੱਟੀਆਂ ਜੀਆਂ ਝਾੜਦਾ ਸੀ। ਮੈਂ ਕਿਹਾ ਕਿਤੇ ਨੀ ਪਿੰਡੋਂ ਨਿਕਲਣ ਲੱਗੇ, ਪਾਈ ਪਾਈ ਚੁਕਾ ਦਿਆਂਗੇ।’’
ਗਿੰਦਰ ਨੇ ਅਗਲੇ ਹੀ ਸਾਹ ਪੰਮੋ ਨੂੰ ਕਿਹਾ, ‘‘ਕਿਵੇਂ ਕਰੀਏ ਕੱਲ੍ਹ ਨੂੰ ਫਿਰ? ਡਾਕੂਆਂ ਦੇ ਜਾਣਾ ਕਿ ਨਹੀਂ? ਜੇ ਸੱਚ ਪੁੱਛੇਂ ਤਾਂ ਮੇਰਾ ਉੱਕਾ ਹੀ ਦਿਲ ਨਹੀਂ ਕਰਦਾ,’’ ਗਿੰਦਰ ਨੇ ਪੰਮੋ ਦਾ ਮੂੰਹ ਸੁੰਘਣਾ ਚਾਹਿਆ। ਪੰਮੋ ਚੁੱਪ ਕਰ ਗਈ, ਉਸ ਨੇ ਕੋਈ ਹੁੰਗਾਰਾ ਨਾ ਦਿੱਤਾ।
ਤਾਰਿਆਂ ਭਰੀ ਟਿਕੀ ਰਾਤ ਗਿੰਦਰ ਦੇ ਮਨ ਵਿੱਚ ਉੱਠੇ ਤੂਫ਼ਾਨ ਨੂੰ ਠੱਲ੍ਹ ਨਹੀਂ ਸੀ ਰਹੀ। ਉਹ ਵਾਣ ਦੇ ਮੰਜੇ ਉੱਤੇ ਪਿਆ ਤਾਰਿਆਂ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਸੀ। ਜਗਸੀਰ ਕੇ ਨਿਆਈਂ ਵਾਲੇ ਦੋ ਕਿੱਲੇ ਸੁਤੇ ਸਿਧ ਉਸ ਦੀ ਬੇਚੈਨੀ ਵਧਾ ਰਹੇ ਸਨ। ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਪਿਆਂ ਪਿਆਂ ਉਸ ਦੀ ਸੁਰਤ ਗੇਲੇ ਵੱਲ ਚਲੀ ਗਈ।
ਗੇਲਾ ਛੜਾ ਸੀ। ਨਾਂ ਤਾਂ ਉਸ ਦਾ ਗੁਰਮੇਲ ਸੀ ਪਰ ਸਾਰੇ ਉਸ ਨੂੰ ਗੇਲਾ ਕਹਿੰਦੇ ਸਨ। ਆਪਣੀ ਜਵਾਨੀ ਦੇ ਦਿਨਾਂ ਵਿੱਚ ਸਾਰੇ ਵਿਹੜੇ ਵਾਲਿਆਂ ਉੱਤੇ ਉਸ ਦਾ ਰੋਅਬ ਸੀ। ਲੜਾਈ ਵਿੱਚ ਡਾਂਗ ਚਲਾਉਣ ਦਾ ਧਨੀ ਸੀ। ਇਸੇ ਹੁਨਰ ਕਰਕੇ ਉਸ ਨੂੰ ਆਸੇ-ਪਾਸੇ ਦੇ ਪਿੰਡਾਂ ਵਾਲੇ ਜ਼ਮੀਨ ਦੇ ਕਬਜ਼ੇ ਉੱਤੇ ਲੈ ਕੇ ਜਾਂਦੇ ਸਨ। ਗਿੰਦਰ ਨੂੰ ਯਾਦ ਆਇਆ ਕਿ ਬਾਪੂ ਦੱਸਦਾ ਹੁੰਦਾ ਸੀ, ‘‘ਨਾਲ ਲਾਗੇ ਪਿੰਡ ਨਾਥਪੁਰੇ ਦੇ ਜ਼ਿਮੀਂਦਾਰਾਂ ਦੀ ਜ਼ਮੀਨ ਆਪਣੇ ਪਿੰਡ (ਗੰਗਾ) ਸੀ। ਮੁਜ਼ਾਰਿਆਂ ਨੇ ਉਹ ਜ਼ਮੀਨ ਨੱਪ ਲਈ। ਕਬਜ਼ਾ ਲੈਣ ਲਈ ਜ਼ਿਮੀਂਦਾਰਾਂ ਦੇ ਨਾਲ ਗੇਲਾ ਵੀ ਸੀ। ਕਹਿੰਦੇ ਪੂਰਾ ਘੰਟਾ ਡਾਂਗਾ ਚੱਲੀਆਂ। ਅਖੀਰ ਨੂੰ ਮੁਜ਼ਾਰੇ ਜ਼ਮੀਨ ਛੱਡ ਕੇ ਭੱਜ ਗਏ। ਫਿਰ ਉਦੋਂ ਨਾਥਪੁਰੇ ਦੇ ਸਰਦਾਰਾਂ ਨੇ ਨਿਆਈਂ ਵਾਲੇ ਦੋ ਕਿੱਲੇ ਜ਼ਮੀਨ ਗੇਲੇ ਨੂੰ ਬਖ਼ਸ਼ਿਸ਼ ਕਰ ਦਿੱਤੀ। ਗੇਲੇ ਦੀ ਵਿਆਹ ਦੀ ਉਮਰ ਲੰਘ ਚੁੱਕੀ ਸੀ। ਉਸ ਨੇ ਆਪਣੇ ਭਾਣਜੇ ਨੂੰ ਘਰ ਮਿਹਰ ਰੱਖ ਲਿਆ। ਭਾਣਜੇ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ। ਉਮਰ ਦੇ ਤਕਾਜ਼ੇ ਨਾਲ ਉਸ ਤੋਂ ਬਹੁਤਾ ਕੰਮ ਧੰਦਾ ਨਾ ਹੁੰਦਾ। ਹੁਣ ਉਹ ਜੈਬ ਡਾਕੂ ਕੋਲ ਜਾਣ ਲੱਗ ਪਿਆ ਸੀ। ਜੈਬ ਵੀ ਉਹਨੂੰ ਮੁਸਕੜੀਏਂ ਹੱਸ ਕੇ ਬਿਠਾਉਂਦਾ। ਉਸ ਦੇ ਹਾਸੇ ਵਿੱਚ ਤਿਹੁ ਨਹੀਂ ਸਗੋਂ ਧੋਖਾ ਸੀ। ਇੱਕ ਦਿਨ ਗੇਲਾ ਉਸ ਕੋਲ ਚੁੱਪਚਾਪ ਜਿਹੇ ਆ ਕੇ ਬੈਠ ਗਿਆ। ਭਾਂਪ ਜੈਬ ਵੀ ਗਿਆ ਕਿ ਲੱਗਦਾ ਮੁਰਗਾ ਆਪੇ ਹੀ ਫਸ ਗਿਆ। ਉਸ ਨੇ ਪੈਰ ਵਿੱਚ ਪਾਏ ਜੋੜੇ ਨੂੰ ਲਾਹ ਕੇ ਝਾੜਿਆ ਅਤੇ ਨਿੰਮੋਝੂਣਾ ਜਿਹਾ ਹੋ ਕੇ ਕਿਹਾ, ਜੈਬ ਸਿੰਹਾਂ, ਕੁਝ ਰੁਪਿਆਂ ਦੀ ਲੋੜ ਐ।’ ‘ਗੇਲਿਆ, ਜੈਬ ਦੇ ਹੁੰਦਿਆਂ ਤੂੰ ਥੁੜ੍ਹ ਕੇ ਬੈਠੇਂ? ਦਸ ਕਿੰਨੇ ਰੁਪੀਏ ਚਾਹੀਦੇ ਨੇ?’ ਜੈਬ ਨੇ ਮੁੱਛਾਂ ਨੂੰ ਤਾਅ ਦੇ ਕੇ ਗਹਿਰੀ ਅੱਖ ਨਾਲ ਗੇਲੇ ਵੱਲ ਝਾਕ ਕੇ ਕਿਹਾ। ‘ਵੱਡੇ ਬਾਈ ਸੌ ਕੁ ਰੁਪਈਏ ਚਾਹੀਦੇ ਸੀ।’ ਇੰਨਾ ਕਹਿ ਕੇ ਗੇਲੇ ਨੇ ਨੀਵੀਂ ਜਿਹੀ ਪਾ ਲਈ।
ਉਸ ਸਮੇਂ ਚਾਂਦੀ ਦੇ ਰੁਪਈਏ ਹੋਇਆ ਕਰਦੇ ਸਨ। ਜੈਬ ਅੰਦਰਲੀ ਸਬ੍ਹਾਤ ਵਿੱਚ ਗਿਆ ਅਤੇ ਤੌੜੇ ’ਚੋਂ ਚਾਂਦੀ ਦੇ ਰੁਪਈਏ ਬੁੱਕ ਭਰ ਕੇ ਸਾਫ਼ੇ ਦੇ ਲੜ ’ਚ ਪਾ ਲਏ। ਬਾਹਰ ਮੰਜੇ ’ਤੇ ਆ ਕੇ ਇੱਕ ਇੱਕ ਰੁਪਿਆ ਗਿਣ ਕੇ ਗੇਲੇ ਨੂੰ ਦੇ ਦਿੱਤੇ ਅਤੇ ਵਹੀ ’ਤੇ ਅੰਗੂਠਾ ਲਵਾ ਲਿਆ। ਕਰਦੇ ਕਰਾਉਂਦੇ ਗੇਲੇ ਨੇ ਸਾਲ ਵਿੱਚ ਤਿੰਨ ਚਾਰ ਵਾਰੀ ਜੈਬ ਤੋਂ ਰੁਪਈਏ ਲੈ ਲਏ। ਜੈਬ ਵਹੀ ਉੱਤੇ ਗੇਲੇ ਤੋਂ ਦੁੱਗਣੇ ਪੈਸਿਆਂ ਦਾ ਅੰਗੂਠਾ ਲਵਾ ਲੈਂਦਾ। ਇੱਕ ਦਿਨ ਗੇਲਾ ਫਿਰ ਪੈਸੇ ਮੰਗਣ ਆ ਗਿਆ। ਜੈਬ ਦੇ ਤੇਵਰ ਬਦਲ ਗਏ। ਗੇਲੇ ਨੂੰ ਦੇਖਦੇ ਹੀ ਉਸ ਨੇ ਕਿਹਾ, ‘ਕਿਧਰ ਮੂੰਹ ਚੱਕਿਆ ਉਏ ...?’ ਗੇਲਾ ਇਕਦਮ ਠਠੰਬਰ ਗਿਆ ਅਤੇ ਮਸਾਂ ਹੀ ਬੋਲਿਆ, ‘ਬਾਈ, ਰੁਪਈਆਂ ਦੀ ਲੋੜ ਸੀ’। ‘ਕਿਹੜੇ ਉਏ ਰੁਪਈਏ? ਭਾਜਾ ਇੱਥੋਂ ... ਰੁਪਈਆਂ ਦਾ। ਨਾਲੇ ਗੱਲ ਸੁਣ ਲਾ, ਉਹ ਨਿਆਂਈਂ ਵਾਲੇ ਦੋ ਕਿੱਲੇ ਸਾਡੇ ਹੋਗੇ ਨੇ। ਜੇ ਉਸ ਵਿੱਚ ਪੈਰ ਵੀ ਧਰਿਆ ਲੱਤਾਂ ਵੱਢ ਦੂੰ,’ ਜੈਬ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਸੀ। ‘ਬਾਈ ਤੂੰ ਤਾਂ ਮੇਰਾ ਵੱਡਾ ਭਾਈ ਐ,’ ਗੇਲੇ ਦੀਆਂ ਖਾਨਿਓਂ ਗਈਆਂ ਅਤੇ ਸ਼ਬਦ ਉਸ ਦੇ ਗਲੇ ਵਿੱਚ ਅਟਕ ਗਏ। ‘ਕਿਹੜਾ ਭਾਈ ਉਏ? ਅਖੇ, ਜਾਤ ਦੀ ਕੋੜ੍ਹ ਕਿਰਲੀ, ਸ਼ਤੀਰਾਂ ਨੂੰ ਜੱਫੇ। ਦਫ਼ਾ ਹੋ ਜਾ ਇੱਥੋਂ, ਮੁੜ ਕੇ ਨਾ ਦਿਸੀਂ ਇੱਧਰ।’
ਗੇਲੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬਹੁਤਾ ਹੇਜ ਜਤਾਉਣ ਵਾਲਾ ਜੈਬ ਅੱਜ ਭੇੜੀਏ ਦਾ ਰੂਪ ਧਾਰਨ ਕਰ ਗਿਆ ਸੀ। ਉਸ ਦੀਆਂ ਅੱਖਾਂ ਮੂਹਰੇ ਨ੍ਹੇਰਾ ਆ ਗਿਆ। ਉਹ ਭਾਰੇ ਕਦਮੀਂ ਕੌਲੇ ਕੇ ਵਿਹੜੇ ਵੱਲ ਨੂੰ ਹੋ ਤੁਰਿਆ।’’
‘‘ਮਖਿਆਂ, ਅਜੇ ਜਾਗਦਾ ਪਿਐਂ? ਨੀਂਦ ਨੀ ਆਈ?’’ ਪੰਮੋ ਨੇ ਤਾਰਿਆਂ ਵੰਨੀ ਬਿਟਰ ਬਿਟਰ ਝਾਕਦੇ ਗਿੰਦਰ ਨੂੰ ਹਲੂਣਾ ਦੇ ਕੇ ਪੁੱਛਿਆ। ਗਿੰਦਰ ਤ੍ਰਭਕ ਗਿਆ, ‘‘ਨਹੀਂ, ਕੁਝ ਨਹੀਂ।’’
ਪੰਮੋ ਪਾਣੀ ਦਾ ਗਿਲਾਸ ਪੀ ਕੇ ਪੈ ਗਈ। ਗਿੰਦਰ ਦੀ ਸੁਰਤੀ ਫਿਰ ਗੇਲੇ ਵਿੱਚ ਪਹੁੰਚ ਗਈ।
ਅੱਠ ਨੌਂ ਮਹੀਨਿਆਂ ਬਾਅਦ ਗੇਲੇ ਦਾ ਭਾਣਜਾ ਅਤੇ ਉਹਦਾ ਪਰਿਵਾਰ ਗੇਲੇ ਨੂੰ ਛੱਡ ਕੇ ਆਪਣੇ ਪਿੰਡ ਚਲੇ ਗਏ। ਅਖੇ, ਅਸੀਂ ਤਾਂ ਰੇਤ ਦੀ ਮੁੱਠੀ ਦੀ ਖ਼ਾਤਰ ਆਏ ਸੀ। ਜੇ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕੀ ਕਰਨਾ ਇੱਥੇ ਰਹਿ ਕੇ। ਹੁਣ ਗੇਲਾ ’ਕੱਲਾ ਰਹਿ ਗਿਆ ਸੀ। ਦੋ ਮਹੀਨੇ ਆਵਦੇ ਛੱਤੜੇ ਹੇਠਾਂ ਚੁੱਪਚਾਪ ’ਕੱਲਾ ਪਿਆ ਰਿਹਾ। ਗੁਆਂਢੀ ਜੇ ਰੋਟੀ ਦੇ ਦਿੰਦੇ ਤਾਂ ਉਹ ਖਾ ਲੈਂਦਾ, ਨਹੀਂ ਉਵੇਂ ਹੀ ਪਿਆ ਰਹਿੰਦਾ। ਹੁਣ ਉਹ ਕਮਲ਼ਾ ਹੋਇਆ ਗਲ਼ੀਆਂ ਵਿੱਚ ਆਪਮੁਹਾਰੇ ਬੋਲਦਾ ਅਤੇ ਘੁੰਮਦਾ ਰਹਿੰਦਾ।
‘‘ਬਹੂ ਕਦੋਂ ਆਊਗੀ, ਰੋਟੀ ਕਿੱਥੋਂ ਖਾਵਾਂਗੇ, ਬਹੂ ਕਿੱਥੇ ਬੈਠੂਗੀ, ਮੰਜਾ ਕਿੱਥੇ ਡਾਹਾਂਗੇ, ਪੀੜ੍ਹੀ ਕਿੱਥੇ ਡਾਹਾਂਗੇ।’’
ਇੱਕ ਦਿਨ ਉਸ ਨੂੰ ਕੀ ਸੁੱਝਿਆ ਕਿ ਰੂੜੀ ਤੋਂ ਲਾਲ ਰੰਗ ਦੀਆਂ ਲੀਰਾਂ ਚੁੱਕ ਲਈਆਂ। ਉਨ੍ਹਾਂ ਨੂੰ ਸੋਟੀ ’ਤੇ ਲਪੇਟ ਕੇ ਬੰਨ੍ਹ ਲਿਆ। ਬੀਹੀਆਂ ਵਿੱਚ ਉੱਚੀ ਉੱਚੀ ਬੋਲਦਾ ਫਿਰੇ, ‘‘ਅੱਜ ਬਹੂ ਆਊਗੀ, ਪੀੜ੍ਹੀ ਕਿੱਥੇ ਡਾਹਾਂਗੇਂ, ਜੈਬ ਤੇਰਾ ਕੱਖ ਨਾ ਰਹੇ, ਤੈਨੂੰ ਅੰਬਰੋਂ ਪੱਥਰ ਪੈਣ, ਤੈਨੂੰ ਲਾਲ ਬਾਬਾ ਚੱਕ ਲੇ।’’
ਹੁਣ ਉਹ ਲੰਘਦੇ ਜਾਂਦੇ ਦੇ ਮੂਹਰੇ ਹੋ ਕੇ ਲੀਰਾਂ ਲਪੇਟੀ ਸੋਟੀ ਦਿਖਾ ਕੇ ਕਹਿਣ ਲੱਗ ਜਾਂਦਾ, ‘‘ਮੇਰੇ ਕੋਲ ਲਾਲ ਬਾਬਾ ਹੈ। ਆਹ ਦੇਖ, ਜੈਬ ਨੂੰ ਅੰਬਰੋਂ ਪੱਥਰ ਪੈਣਗੇ, ਮੈਨੂੰ ਲਾਲ ਬਾਬੇ ਨੇ ਦੱਸਿਆ।’’
ਫਿਰ ਉਹੀ ਧੁਨ ਛੇੜ ਲੈਂਦਾ, ‘‘ਬਹੂ ਕਦੋਂ ਆਊਗੀ, ਪੀੜ੍ਹੀ ਕਿੱਥੇ ਡਾਹਾਂਗੇ, ਮੰਜਾ ਕਿੱਥੇ ਡਾਹਾਂਗੇ, ਬਹੂ ਕਿੱਥੇ ਬੈਠੂਗੀ।’’
ਵਿਸਾਖ ਮਹੀਨੇ ਦਾ ਅੱਧ ਸੀ। ਗੇਲਾ ਰਾਤ ਨੂੰ ਜੈਬ ਕੇ ਦਰਵਾਜ਼ੇ ਅੱਗੇ ਆ ਕੇ ਬੈਠ ਗਿਆ ਅਤੇ ਸਵੇਰੇ ਨੂੰ ਮੁੱਕਿਆ ਪਿਆ ਸੀ। ਲੀਰਾਂ ਸੋਟੀ ਨਾਲੋਂ ਖੋਲ੍ਹ ਗੁੱਟ ’ਤੇ ਬੰਨ੍ਹੀਆਂ ਹੋਈਆਂ ਸਨ। ਵਿਹੜੇ ਵਾਲਿਆਂ ਨੇ ਚੁੱਕ ਕੇ ਸਸਕਾਰ ਕਰ ਦਿੱਤਾ। ਉਸੇ ਦਿਨ ਪਿਛਲਾ ਕੁ ਪਹਿਰ ਸੀ। ਤਪਾੜ ਪਿਆ ਮਾਰਦਾ ਸੀ। ਜੈਬ ਨਿਆਈਂ ਵਾਲੀ ਜ਼ਮੀਨ ਵਿੱਚ ਲਾਂਗਾਂ ’ਕੱਠਾ ਕਰਦੇ ਦਿਹਾੜੀਆਂ ਕੋਲ ਗੇੜਾ ਮਾਰਨ ਚਲਾ ਗਿਆ। ਛੋਟੀ ਜਿਹੀ ਬੱਦਲੀ ਪੂਰਬ ’ਚੋਂ ਉੱਠੀ ਅਤੇ ਦੇਖਦੇ ਹੀ ਦੇਖਦੇ ਕਣੀਆਂ ਪੈਣ ਲੱਗ ਗਈਆਂ। ਜੈਬ ਅਜੇ ਲਾਂਗੇ ਦੀ ਮੰਡਲੀ ਕੋਲ ਗਿਆ ਹੀ ਸੀ ਕਿ ਇਕਦਮ ਜ਼ੋਰ ਦੀ ਬਿਜਲੀ ਕੜਕੀ। ਅੱਖਾਂ ਚੁੰਧਿਆਉਂਦੀ ਰੌਸ਼ਨੀ ਦੀ ਤਾਰ ਤੇਜ਼ੀ ਨਾਲ ਧਰਤੀ ਵੱਲ ਆਈ। ਬਹੁਤ ਜ਼ੋਰ ਦੀ ਖੜਕਾ ਹੋਇਆ। ਦੇਖਦੇ ਹੀ ਦੇਖਦੇ ਲਾਂਗੇ ਦੀਆਂ ਲਾਟਾਂ ਆਸਮਾਨ ਛੂਹਣ ਲੱਗੀਆਂ। ਪਿੰਡ ਵਿੱਚ ਰੌਲਾ ਪੈ ਗਿਆ ਕਿ ਜੈਬ ਉੱਤੇ ਬਿਜਲੀ ਡਿੱਗ ਪਈ, ਥਾਏਂ ਹੀ ਸੜ ਗਿਆ ਤੇ ਨਾਲੇ ਸਾਰਾ ਲਾਂਗਾ ਸੁਆਹ ਹੋ ਗਿਆ।
ਗਿੰਦਰ ਨੇ ਲੰਮਾ ਹਾਉਕਾ ਭਰਿਆ। ਮੱਥੇ ’ਤੇ ਆਇਆ ਮੁੜ੍ਹਕਾ ਪਰਨੇ ਨਾਲ ਪੂੰਝਿਆ। ਆਸਮਾਨ ਵੱਲ ਤੱਕਿਆ। ਉਸ ਨੂੰ ਪੂਰਬ ਵੱਲ ਸੂਹੀ ਭਾਹ ਮਾਰਦੀ ਦਿਸੀ।
ਸੰਪਰਕ: 99157-80980