ਪੱਛਮੀ ਬੰਗਾਲ: ਅਧੀਰ ਰੰਜਨ ਚੌਧਰੀ ਨੇ ਕਾਂਗਰਸ ਦੀ ਸੂਬਾ ਪ੍ਰਧਾਨੀ ਛੱਡੀ
ਕੋਲਕਾਤਾ, 21 ਜੂਨ
ਅਧੀਰ ਰੰਜਨ ਚੌਧਰੀ ਨੇ ਸ਼ੁੱਕਵਾਰ ਨੂੰ ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਵੱਲੋਂ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਾੜੇ ਪ੍ਰਦਰਸ਼ਨ ਨੂੰ ਲੈ ਕੇ ਸੂਬਾ ਪੱਧਰੀ ਇਕਾਈ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਐਲਾਨ ਸਾਹਮਣੇ ਆਇਆ ਹੈ। ਹਾਲਾਂਕਿ ਕਾਂਗਰਸ ਵੱਲੋਂ ਇਸ ਸਬੰਧੀ ਹਾਲੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਆਪਣੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਚੌਧਰੀ ਨੇ ਕਿਹਾ ਉਹ ਸਿਰਫ਼ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਸਨ। ਜਦੋਂ ਤੋਂ ਮਲਿਕਾਰਜੁਨ ਖੜਗੇ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਹਨ ਉਦੋਂ ਤੋਂ ਕੋਈ ਸੂਬਾ ਪ੍ਰਧਾਨ ਨਹੀਂ ਹੈ। ਉਨ੍ਹਾਂ ਕਿਹਾ ਹੁਣ ਜਦੋਂ ਪੱਕਾ ਸੂਬਾ ਪ੍ਰਧਾਨ ਲੱਗੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ।
ਬਹਿਰਾਮਪੁਰ ਹਲਕੇ ਤੋਂ ਪੰਜ ਵਾਰ ਲੋਕ ਸਭਾ ਮੈਂਬਰ ਰਹੇ ਚੌਧਰੀ ਨੂੰ ਹਾਲੀਆ ਲੋਕ ਸਭਾ ਚੌਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਯੂਸਫ਼ ਪਠਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਦੇ ਤ੍ਰਿਣਮੂਲ ਨਾਲ ਸਬੰਧਾਂ ਨੂੰ ਲੈ ਕੇ ਚੌਧਰੀ ਅਤੇ ਪਾਰਟੀ ਹਾਈਕਮਾਂਡ ਵਿਚਕਾਰ ਮਤਭੇਦ ਸਾਹਮਣੇ ਆ ਰਹੇ ਸਨ।
ਚੌਧਰੀ ਤ੍ਰਿਣਮੂਲ ਕਾਂਗਰਸ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਹਨ ਅਤੇ ਸੀਪੀਐਮ ਦੀ ਅਗਵਾਈ ਵਾਲੇ ਖੱਬੇ-ਪੱਖੀ ਮੋਰਚੇ ਨਾਲ ਪਾਰਟੀ ਦੇ ਗੱਠਜੋੜ ਬਾਰੇ ਵੀ ਖੁਲ੍ਹ ਕੇ ਬੋਲਦੇ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਨਾਲ ਚੌਧਰੀ ਦੇ ਮਤਭੇਦ ਸਾਹਮਣੇ ਆਏ ਸਨ। ਅਧੀਰ ਰੰਜਨ ਚੌਧਰੀ ਦੇ ਅਸਤੀਫ਼ੇ ਤੋਂ ਬਾਅਦ ਪੱਛਮੀ ਬੰਗਾਲ ਦੇ ਨਵੇਂ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਪੱਛਮੀ ਬੰਗਾਲ 'ਚ ਮਾਲਦਾ ਦੱਖਣ ਤੋਂ ਕਾਂਗਰਸ ਦੀ ਇੱਕੋ ਇਕ ਲੋਕ ਸਭਾ ਮੈਂਬਰ ਇਸ਼ਾ ਖਾਨ ਚੌਧਰੀ ਸੂਬਾ ਇਕਾਈ ਦੇ ਸਿਖਰਲੇ ਅਹੁਦੇ ਲਈ ਸਭ ਤੋਂ ਅੱਗੇ ਹੈ। -ਆਈਏਐੱਨਐੱਸ