ਪੱਛਮੀ ਬੰਗਾਲ: ਬੀਰਭੂਮ ਜ਼ਿਲ੍ਹੇ ’ਚ ਝੜਪ ਮਗਰੋਂ 21 ਗ੍ਰਿਫ਼ਤਾਰ
ਸੁਰੀ (ਪੱਛਮੀ ਬੰਗਾਲ), 15 ਮਾਰਚ
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਦੋ ਸਮੂਹਾਂ ਵਿਚਾਲੇ ਝੜਪ ਦੇ ਸਬੰਧ ਵਿੱਚ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਝੜਪ ਸੈਂਥੀਆ ਥਾਣਾ ਖੇਤਰ ਵਿੱਚ ਹੋਈ।
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਮੁਤਾਬਕ, ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਵਧਣ ਤੋਂ ਰੋਕਣ ਲਈ ਸੂਬਾ ਸਰਕਾਰ ਵੱਲੋਂ ਸੈਂਥੀਆ ਸ਼ਹਿਰ ਅਤੇ ਇਸ ਦੇ ਨਾਲ ਲੱਗਦੀਆਂ ਪੰਜ ਹੋਰ ਪੰਚਾਇਤਾਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਹਾਲਾਤ ਨੂੰ ਕਾਬੂ ਹੇਠ ਲਿਆ। ਉਦੋਂ ਤੋਂ ਇਲਾਕੇ ਵਿੱਚ ਸਥਿਤੀ ਕਾਬੂ ਹੇਠ ਹੈ। ਅਧਿਕਾਰੀ ਨੇ ਦੱਸਿਆ ਕਿ ਹਿੰਸਾ ਵਿੱਚ ਦੋਵੇਂ ਗੁੱਟਾਂ ਦੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। -ਪੀਟੀਆਈ
ਦਲਿਤ ਮੁਹੱਲੇ ਵਿੱਚ ਜ਼ਬਰੀ ਰੰਗ ਲਗਾਉਣ ਕਾਰਨ ਪੱਥਰਬਾਜ਼ੀ, 10 ਜ਼ਖ਼ਮੀ
ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਹੋਲੀ ਮੌਕੇ ਦਲਿਤ ਭਾਈਚਾਰੇ ਦੇ ਮੁਹੱਲੇ ਵਿੱਚ ਜ਼ਬਰੀ ਰੰਗ ਲਗਾਏ ਜਾਣ ਦੇ ਵਿਰੋਧ ਵਿੱਚ ਪੱਥਰਬਾਜ਼ੀ ਹੋਈ ਜਿਸ ਵਿੱਚ 10 ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਦੱਸਿਆ ਕਿ ਇਸ ਮਾਮਲੇ ਵਿੱਚ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜੈਂਤ ਥਾਣਾ ਖੇਤਰ ਦੇ ਬਾਟੀ ਪਿੰਡ ਵਿੱਚ ਕਥਿਤ ਉੱਚ ਜਾਤੀ ਨਾਲ ਸਬੰਧਤ ਰਾਹੁਲ ਆਪਣੇ ਕੁਝ ਦੋਸਤਾਂ ਨਾਲ ਦਲਿਤ ਇਲਾਕੇ ਵਿੱਚ ਪਹੁੰਚਿਆ ਅਤੇ ਲੋਕਾਂ ’ਤੇ ਜ਼ਬਰਦਸਤੀ ਰੰਗ ਲਾਉਣਾ ਸ਼ੁਰੂ ਕਰ ਦਿੱਤਾ।
ਅਧਿਕਾਰੀ ਅਨੁਸਾਰ, ਪਿੰਡ ਵਾਸੀਆਂ ਨੇ ਰੋਸ ਵਜੋਂ ਰਾਹੁਲ ਅਤੇ ਉਸਦੇ ਦੋਸਤਾਂ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਵਾਬ ਵਿੱਚ ਰਾਹੁਲ ਅਤੇ ਉਸਦੇ ਦੋਸਤਾਂ ਨੇ ਵੀ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਪੱਥਰਬਾਜ਼ੀ ਵਿੱਚ ਦਸ ਜਣੇ ਜ਼ਖਮੀ ਹੋ ਗਏ। ਅਧਿਕਾਰੀ ਅਨੁਸਾਰ, ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਗੁੱਲਾ ਉਰਫ ਕ੍ਰਿਸ਼ਨਕੁਮਾਰ, ਦਿਨੇਸ਼, ਪ੍ਰਦੀਪ, ਰਾਜੂ, ਸੰਤੋਸ਼, ਚੰਦਰਪਾਲ, ਬੰਟੂ, ਕਰਨ ਅਤੇ ਮਾਨਵੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸ਼ੈਲੇਂਦਰ ਉਰਫ਼ ਨਥੂਆ ਸਣੇ 24 ਜਣਿਆਂ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। -ਪੀਟੀਆਈ