ਪੱਛਮੀ ਬੰਗਾਲ: ਪੰਚਾਇਤੀ ਚੋਣ ਹਿੰਸਾ ’ਚ 12 ਹਲਾਕ
ਕੋਲਕਾਤਾ, 8 ਜੁਲਾਈ
ਪੱਛਮੀ ਬੰਗਾਲ ’ਚ ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਖ਼ੂਨ-ਖ਼ਰਾਬਾ ਹੋਇਆ ਜਿਸ ’ਚ 12 ਵਿਅਕਤੀ ਮਾਰੇ ਗਏ। ਸਾਰੀਆਂ ਪਾਰਟੀਆਂ ਨੇ ਇਕ-ਦੂਜੇ ’ਤੇ ਹਿੰਸਾ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਵਿੱਚ ਤ੍ਰਿਣਮੂਲ ਕਾਂਗਰਸ ਦੇ 8, ਭਾਜਪਾ, ਸੀਪੀਐੱਮ, ਕਾਂਗਰਸ ਅਤੇ ਆਈਐੱਸਐੱਫ ਦੇ ਇਕ-ਇਕ ਵਰਕਰ ਸ਼ਾਮਲ ਹਨ। ਪੰਚਾਇਤੀ ਚੋਣਾਂ ਦਾ ਪਿਛਲੇ ਮਹੀਨੇ 8 ਜੂਨ ਨੂੰ ਅਮਲ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਬੰਗਾਲਵਿੱਚ ਹੁਣ ਤੱਕ ਕੁੱਲ ਮਿਲਾ ਕੇ 32 ਜਾਨਾਂ ਜਾ ਚੁੱਕੀਆਂ ਹਨ। ਚੋਣਾਂ ਦੇ ਨਤੀਜੇ 11 ਜੁਲਾਈ ਨੂੰ ਆਉਣਗੇ। ਮਾਹਿਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਲਈ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ। ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ ’ਤੇ ਬੈਲੇਟ ਬਕਸੇ ਚੋਰੀ ਹੋਣ ਅਤੇ ਉਨ੍ਹਾਂ ਨੂੰ ਸਾੜੇ ਜਾਣ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। ਕਈ ਥਾਵਾਂ ’ਤੇ ਸਿਆਸੀ ਕਾਰਕੁਨਾਂ ਖ਼ਿਲਾਫ਼ ਲੋਕ ਰੋਹ ਵੀ ਦੇਖਿਆ ਗਿਆ। ਮੁਰਸ਼ਿਦਾਬਾਦ, ਨਾਦੀਆ ਅਤੇ ਕੂਚ ਬਿਹਾਰ ਜ਼ਿਲ੍ਹਿਆਂ ’ਚ ਹਿੰਸਾ ਦੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ। ਉਂਜ ਦੱਖਣੀ 24 ਪਰਗਨਾ ਦੇ ਭੰਗਾਰ ਅਤੇ ਪੂਰਬੀ ਮੇਦਨੀਪੁਰ ਦੇ ਨੰਦੀਗ੍ਰਾਮ ’ਚ ਵੀ ਹਿੰਸਾ ਹੋਈ।
ਸੂੁਬੇ ਦੀਆਂ 73,887 ਪੰਚਾਇਤੀ ਸੀਟਾਂ ’ਤੇ ਵੋਟਾਂ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ ਅਤੇ ਕਰੀਬ 2.06 ਲੱਖ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਬੈਲੇਟ ਬਕਸਿਆਂ ’ਚ ਬੰਦ ਹੋ ਗਿਆ। ਟੀਐੱਮਸੀ ਦੇ ਸੀਨੀਅਰ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ,‘‘ਬੀਤੀ ਰਾਤ ਤੋਂ ਹੀ ਕਈ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਭਾਜਪਾ, ਸੀਪੀਐੱਮ ਅਤੇ ਕਾਂਗਰਸ ਨੇ ਸਾਡੇ ਖ਼ਿਲਾਫ਼ ਗੰਢ-ਤੁਪ ਕੀਤੀ ਹੈ।’’ ਉਨ੍ਹਾਂ ਕੇਂਦਰੀ ਬਲਾਂ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ। ਭਾਜਪਾ ਆਗੂ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਮੰਗ ਕੀਤੀ ਕਿ ਸੂਬੇ ’ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਉਨ੍ਹਾਂ ਧਮਕੀ ਦਿੱਤੀ ਕਿ ਉਹ ਹਿੰਸਾ ਖ਼ਿਲਾਫ਼ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਾਲੀਘਾਟ ਸਥਿਤ ਰਿਹਾਇਸ਼ ਵੱਲ ਮਾਰਚ ਕੱਢਣਗੇ। ਉਂਜ ਟੀਐੱਮਸੀ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਹਿੰਸਾ ’ਚ ਸ਼ਾਮਲ ਹੁੰਦੀ ਤਾਂ ਉਨ੍ਹਾਂ ਦੇ ਆਪਣੇ ਵਰਕਰ ਹੀ ਕਿਉਂ ਮਾਰੇ ਜਾਂਦੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਪਹਿਲਾਂ ਹੀ ਹਾਰ ਮੰਨ ਲਈ ਹੈ ਅਤੇ ਹੁਣ ਉਹ ਹਿੰਸਾ ਦੁਆਲੇ ਬਿਰਤਾਂਤ ਘੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ’ਚ 60 ਹਜ਼ਾਰ ਤੋਂ ਜ਼ਿਆਦਾ ਬੂਥ ਹਨ ਅਤੇ ਸਿਰਫ਼ 60 ਕੁ ਬੂਥਾਂ ’ਤੇ ਹੀ ਚੋਣ ਅਮਲ ਦੌਰਾਨ ਅੜਿੱਕਾ ਪੈਣ ਦੀਆਂ ਘਟਨਾਵਾਂ ਵਾਪਰੀਆਂ ਹਨ। ਕਾਂਗਰਸ ਆਗੂ ਕੌਸਤਵ ਬਾਗਚੀ ਨੇ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਕੋਲ ਪਹੁੰਚ ਕਰਦਿਆਂ ਮੰਗ ਕੀਤੀ ਕਿ ਹਿੰਸਾ ਕਾਰਨ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣ। ਸੀਪੀਐੱਮ ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਖੇਤਾਂ ’ਚ ਖੁੱਲ੍ਹੇ ਪਏ ਬੈਲੇਟ ਬਕਸੇ ਦੀ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ,‘‘ਵੋਟਿੰਗ ਖ਼ਤਮ! ਬੂਥਾਂ ਦੇ ਇਕ ਬਕਸੇ ਦੀ ਹਾਲਤ ਦੇਖੋ। ਇਹ ਤਸਵੀਰ ਡਾਇਮੰਡ ਹਾਰਬਰ ਦੀ ਹੈ।’’ -ਪੀਟੀਆਈ
ਰਾਜਪਾਲ ਨੇ ਕਾਫ਼ਲਾ ਰੋਕ ਕੇ ਲੋਕਾਂ ਦਾ ਦਰਦ ਸੁਣਿਆ
ਰਾਜਪਾਲ ਸੀ ਵੀ ਆਨੰਦ ਬੋਸ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ ਅਤੇ ਹਿੰਸਾ ਦੌਰਾਨ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਲੋਕਾਂ ਨੇ ਰਾਹ ’ਚ ਮੇਰੇ ਕਾਫ਼ਲੇ ਨੂੰ ਰੋਕ ਦਿੱਤਾ। ਉਨ੍ਹਾਂ ਮੈਨੂੰ ਹੱਤਿਆਵਾਂ ਹੋਣ, ਗੁੰਡਿਆਂ ਵੱਲੋਂ ਪੋਲਿੰਗ ਬੂਥਾਂ ’ਤੇ ਨਾ ਜਾਣ ਦੇਣ ਅਤੇ ਪ੍ਰੀਜ਼ਾਇਡਿੰਗ ਅਫ਼ਸਰਾਂ ਵੱਲੋਂ ਕੋਈ ਗੱਲ ਨਾ ਸੁਣੇ ਜਾਣ ਦੀਆਂ ਸ਼ਿਕਾਇਤਾਂ ਕੀਤੀਆਂ। ਇਹ ਲੋਕਤੰਤਰ ਲਈ ਬਹੁਤ ਪਵਿੱਤਰ ਦਿਹਾੜਾ ਹੈ। ਇਹ ਭਾਵੇਂ ਇੱਕਾ-ਦੁੱਕਾ ਘਟਨਾਵਾਂ ਹਨ ਪਰ ਇਨ੍ਹਾਂ ’ਤੇ ਲਗਾਮ ਲਗਣੀ ਚਾਹੀਦੀ ਹੈ।’’
ਪੰਚਾਇਤੀ ਚੋਣ ਹਿੰਸਾ ਦੀ ਆਲੋਚਨਾ
ਕੋਲਕਾਤਾ: ਸਾਰੀਆਂ ਸਿਆਸੀ ਪਾਰਟੀਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੱਛਮੀ ਬੰਗਾਲ ਵਿੱਚ ਚੱਲ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ’ਚ ਹੋਈ ਹਿੰਸਾ ਦੀ ਆਲੋਚਨਾ ਕੀਤੀ ਹੈ। ਹਾਲਾਂਕਿ, ਭਾਜਪਾ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਹੈ। ਕਾਬਜ਼ ਧਿਰ ਤ੍ਰਿਣਮੂਲ ਕਾਂਗਰਸ ਜਿਸ ਦੇ ਚੋਣ ਹਿੰਸਾ ਵਿੱਚ ਛੇ ਸਮਰਥਕਾਂ ਦੀ ਮੌਤ ਹੋ ਚੁੱਕੀ ਹੈ, ਨੇ ਵਿਰੋਧੀ ਧਿਰ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਹੈ। ਟੀਐੱਮਸੀ ਨੇ ਵੋਟਰਾਂ ਨੂੰ ਬਚਾਉਣ ਵਿੱਚ ਅਸਫਲ ਰਹਿਣ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਆਲੋਚਨਾ ਵੀ ਕੀਤੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਦੋਸ਼ ਲਗਾਇਆ ਕਿ ਟੀਐੱਮਸੀ ਦੇ ਗੁੰਡੇ ਆਜ਼ਾਦ ਘੁੰਮ ਰਹੇ ਹਨ ਅਤੇ ਲੋਕ ਫ਼ਤਵੇ ਨੂੰ ਲੁੱਟਿਆ ਜਾ ਰਿਹਾ ਹੈ। ਸੀਪੀਆਈ (ਐੱਮ) ਦੇ ਪੱਛਮੀ ਬੰਗਾਲ ਦੇ ਸਕੱਤਰ ਐੱਮ.ਡੀ. ਸਲੀਮ ਨੇ ਦਾਅਵਾ ਕੀਤਾ ਕਿ ਕੇਂਦਰੀ ਸੁਰੱਖਿਆ ਬਲਾਂ ਦੀ ਸਹੀ ਢੰਗ ਨਾਲ ਤਾਇਨਾਤੀ ਨਹੀਂ ਕੀਤੀ ਗਈ ਹੈ। ਸੂਬੇ ਦੇ ਸੀਨੀਅਰ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ, ‘‘ਲੰਘੀ ਰਾਤ ਤੋਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲ ਰਹੀ ਹੈ। ਭਾਜਪਾ, ਸੀਪੀਆਈ (ਐੱਮ) ਤੇ ਕਾਂਗਰਸ ਨੇ ਮਿਲੀਭੁਗਤ ਕੀਤੀ ਸੀ ਅਤੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਸੀ। ਆਖ਼ਰਕਾਰ ਉਹ ਕਿੱਥੇ ਤਾਇਨਾਤ ਹਨ? ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਕੇਂਦਰੀ ਬਲ ਕਿੱਥੇ ਹਨ? ਟੀਐੱਮਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਅੱਠ ਜੂਨ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਦੇ ਬਾਅਦ ਤੋਂ 27 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ 17 ਜਣੇ ਤ੍ਰਿਣਮੂਲ ਕਾਂਗਰਸ ਦੇ ਹਨ ਜੋ ਕੁੱਲ ਮੌਤਾਂ ਦਾ 60 ਫ਼ੀਸਦ ਤੋਂ ਵੱਧ ਹੈ।ਇਸ ਵਿੱਚ ਕਿਹਾ ਗਿਆ ਹੈ, ‘‘ਜੇਕਰ ਤ੍ਰਿਣਮੂਲ ਕਾਂਗਰਸ ਅਸਲ ਵਿੱਚ ਹਿੰਸਾ ਭੜਕਾਉਂਦੀ ਹੈ ਜਿਵੇਂ ਕਿ ਮੀਡੀਆ ਦੋਸ਼ ਲਗਾ ਰਿਹਾ ਹੈ, ਤਾਂ ਉਸ ਦੇ ਕਾਰਕੁਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਅਤੇ ਉਨ੍ਹਾਂ ਦੀਆਂ ਹੱਤਿਆਵਾਂ ਕਿਉਂ ਕੀਤੀਆਂ ਜਾਂਦੀਆਂ ਹਨ? ਵਿਰੋਧੀ ਧਿਰ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਮੀਡੀਆ ਵਿੱਚ ਆਪਣੇ ਸਹਿਯੋਗੀਆਂ ਦਾ ੲਿਸਤੇਮਾਲ ਕਰ ਕੇ ਇਹ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਰਹੀ ਹੈ ਕਿ ਹਿੰਸਾ ਨੇ ਚੋਣਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੂਰੇ ਪੱਛਮੀ ਬੰਗਾਲ ਵਿੱਚ 60 ਹਜ਼ਾਰ ਤੋਂ ਜ਼ਿਆਦਾ ਬੂਥ ਹਨ ਪਰ ਸਿਰਫ 60 ਬੂਥਾਂ ’ਤੇ ਹੀ ਵੋਟਿੰਗ ਪ੍ਰਕਿਰਿਆ ਦੌਰਾਨ ਵਿਘਨ ਪਿਆ ਹੈ ਅਤੇ ਹਿੰਸਾ ਦੀ ਇਕ ਵੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ।
ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਮੰਗ ਕੀਤੀ ਕਿ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ। ਉਨ੍ਹਾਂ ਕਿਹਾ, ‘‘ਸੂਬਾ ਸਰਕਾਰ ਅਧੀਨ ਆਜ਼ਾਦ ਤੇ ਨਿਰਪੱਖ ਚੋਣਾਂ ਹੋਣੀਆਂ ਬਹੁਤ ਮੁਸ਼ਕਲ ਹਨ। ਇਹ ਤਾਂ ਹੀ ਸੰਭਵ ਹੈ ਜਦੋਂ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਜਾਂ ਧਾਰਾ 355 ਦਾ ਇਸਤੇਮਾਲ ਕੀਤਾ ਜਾਵੇ।’’ ਸੰਵਿਧਾਨ ਦੀ ਧਾਰਾ 355 ਵਿੱਚ ਕਿਹਾ ਗਿਆ ਹੈ ਕਿ ਸੂਬਿਆਂ ਨੂੰ ਅੰਦਰੂਨੀ ਅਸ਼ਾਂਤੀ ਤੇ ਬਾਹਰੀ ਹਮਲਿਆਂ ਤੋਂ ਬਚਾਉਣਾ ਕੇਂਦਰ ਦਾ ਫ਼ਰਜ਼ ਹੈ। ਭਾਜਪਾ ਆਗੂ ਰਾਹੁਲ ਸਿਨਹਾ ਨੇ ਦਾਅਵਾ ਕੀਤਾ ਕਿ ਸੂਬਾਈ ਚੋਣ ਕਮਿਸ਼ਨ ਸੂਬੇ ਦੀ ਤ੍ਰਿਣਮੂਲ ਕਾਂਕਰਸ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰ ਰਿਹਾ ਹੈ ਅਤੇ ਉਹ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਸੀਪੀਆਈ (ਐੱਮ) ਆਗੂ ਸਲੀਮ ਨੇ ਕਿਹਾ, ‘‘ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੇਂਦਰੀ ਬਲਾਂ ਦੀ ਉਚਿਤ ਢੰਗ ਨਾਲ ਤਾਇਨਾਤੀ ਨਹੀਂ ਕੀਤੀ ਗਈ ਹੈ। ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਸੁਜਾਨ ਚਕਰਬਰਤੀ ਨੇ ਦਾਅਵਾ ਕੀਤਾ, ‘‘ਹਥਿਆਰਾਂ ਦਾ ਧੜੱਲੇ ਨਾਲ ਇਸਤੇਮਾਲ ਹੋ ਰਿਹਾ ਹੈ ਅਤੇ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਸੱਤਾ ਧਿਰ ਤ੍ਰਿਣਮੂਲ ਕਾਂਗਰਸ ਦਾ ਹੱਥ ਹੈ।’’
ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਚੋਣਾਂ ਇਕ ਮਜ਼ਾਕ ਬਣ ਗਈਆਂ ਹਨ ਕਿਉਂਕਿ ਟੀਐੱਮਸੀ ਦੇ ਗੁੰਡੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਲੋਕ ਫ਼ਤਵਾ ਲੁੱਟਿਆ ਜਾ ਰਿਹਾ ਹੈ। -ਪੀਟੀਆਈ