ਚੰਗੀ ਕਮਾਈ ਕਰਨ ਵਾਲੇ ਸ਼ੈਲਰ ਮਾਲਕਾਂ ਨੂੰ ਐਤਕੀਂ ਲੱਗ ਸਕਦੈ ‘ਰਗੜਾ’
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਜੁਲਾਈ
ਕੁਝ ਸਾਲਾਂ ਤੋਂ ਮੋਟੇ ਮੁਨਾਫ਼ੇ ਵਾਲਾ ਕਾਰੋਬਾਰ ਬਣ ਚੁੱਕੀ ਸ਼ੈਲਰ ਸਨਅਤ ਨੂੰ ਐਤਕੀਂ ਮੋਟਾ ਰਗੜਾ ਲੱਗਣ ਦਾ ਅਨੁਮਾਨ ਹੈ। ਇਸ ਵਾਰ ਝੋਨੇ ਦਾ ਸੀਜ਼ਨ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸ਼ੁਰੂ ਨਹੀਂ ਹੋ ਸਕਿਆ। ਚੌਲ ਕੱਢਣ ਦਾ ਕੰਮ ਪਹਿਲਾਂ ਠੱਪ ਰਹਿਣ ਮਗਰੋਂ ਹੁਣ ਕਰੀਬ ਤਿੰਨ ਮਹੀਨੇ ਤੋਂ ਮੁੜ ਕੰਪ ਠੱਪ ਹੋਣ ਕਰਕੇ ਸ਼ੈਲਰਾਂ ’ਚ ਪਿਆ ਝੋਨਾ ਸੁੱਕ ਰਿਹਾ ਹੈ। ਇਹ ਘਾਟੇ ਦਾ ਪ੍ਰਮੁੱਖ ਕਾਰਨ ਬਣੇਗਾ ਜਦਕਿ ਇਸ ਸਮੇਂ ਦੌਰਾਨ ਮਜ਼ਦੂਰਾਂ, ਬਿਜਲੀ, ਫੋਰਮੈਨਾਂ ਤੇ ਹੋਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਆਦਿ ਦਾ ਵੀ ਨੁਕਸਾਨ ਝੱਲਣਾ ਪਵੇਗਾ। ਕਰਜ਼ਾ ਚੁੱਕ ਕੇ ਸ਼ੈਲਰ ਲਾਉਣ ਅਤੇ ਠੇਕੇ ’ਤੇ ਸ਼ੈਲਰ ਲੈਣ ਵਾਲਿਆਂ ਦਾ ਐਤਕੀਂ ਆਰਥਿਕ ਤੌਰ ’ਤੇ ਲੱਕ ਬੁਰੀ ਤਰ੍ਹਾਂ ਟੁੱਟ ਜਾਵੇਗਾ। ਜਗਰਾਉਂ ਇਲਾਕੇ ’ਚ ਸਵਾ ਸੌ ਦੇ ਕਰੀਬ ਸ਼ੈਲਰਾਂ ਵਿੱਚ ਪਿਆ ਹਜ਼ਾਰਾਂ ਗੱਡੀਆਂ ਦਾ ਸਰਕਾਰੀ ਝੋਨਾ ਕਾਲਾ ਹੋ ਰਿਹਾ ਹੈ ਤੇ ਸੁੱਕ ਰਿਹਾ ਹੈ। ਪੂਰੇ ਪੰਜਾਬ ਵਿੱਚ ਹੀ ਤਿੰਨ ਮਹੀਨੇ ਤੋਂ ਚੌਲ ਨਹੀਂ ਚੁੱਕੇ ਜਾ ਰਹੇ। ਪਿਛਲੇ ਸੀਜ਼ਨ ਦਾ ਝੋਨਾ ਨਾ ਚੁੱਕੇ ਜਾਣ ਕਾਰਨ ਆਉਂਦੇ ਸੀਜ਼ਨ ’ਚ ਐੱਫਸੀਆਈ ਵੱਲੋਂ ਖਰੀਦੇ ਜਾਣ ਵਾਲੇ ਝੋਨੇ ਲਈ ਥਾਂ ਖਾਲੀ ਨਹੀਂ ਹੋਵੇਗੀ ਜਿਸ ਕਾਰਨ ਸ਼ੈਲਰ ਮਾਲਕ ਝੋਨਾ ਸ਼ੈਲਰਾਂ ’ਚ ਲਵਾਉਣ ਤੋਂ ਅਸਮਰੱਥ ਹੋਣਗੇ। ਸਿੱਟੇ ਵਜੋਂ ਐਫਸੀਆਈ ਇਸ ਆੜ ’ਚ ਝੋਨੇ ਦੀ ਖਰੀਦ ਘੱਟ ਕਰੇਗੀ।
ਬੀਕੇਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕਿਸਾਨਾਂ ਨੂੰ ਝੋਨੇ ਦੇ ਆਉਂਦੇ ਸੀਜ਼ਨ ’ਚ ਵੱਡੀ ਦਿੱਕਤ ਪੇਸ਼ ਆਉਣ ਵਾਲੀ ਹੈ। ਕਿਸਾਨਾਂ ਦੇ ਨਾਲ ਆੜ੍ਹਤੀ, ਸ਼ੈਲਰ ਮਾਲਕ ਤੇ ਮਜ਼ਦੂਰ ਵੀ ਪ੍ਰਭਾਵਿਤ ਹੋ ਸਕਦੇ ਹਨ। ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇਿਆਂ ਇਹ ਮਸਲਾ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਧਿਆਨ ’ਚ ਲਿਆਂਦਾ ਜਾ ਰਿਹਾ ਹੈ ਤਾਂ ਕਿ ਕੇਂਦਰ ਸਰਕਾਰ ਦੀ ਝੋਨੇ ਦੀ ਸੰਸਾਰ ਵਪਾਰ ਸੰਸਥਾ ਦੀਆ ਹਦਾਇਤਾਂ ਤਹਿਤ ਸਰਕਾਰੀ ਖਰੀਦ ਬੰਦ ਕਰਨ ਦੀ ਨੀਤੀ ਦਾ ਜਥੇਬੰਦ ਜਵਾਬ ਦਿੱਤਾ ਜਾ ਸਕੇ।
ਉੱਚ ਅਧਿਕਾਰੀਆਂ ਤੱਕ ਕੀਤੀ ਪਹੁੰਚ
ਸ਼ੈਲਰ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਅੰਕੁਰ ਗੁਪਤਾ ਦੀ ਅਗਵਾਈ ਹੇਠ ਦਿੱਲੀ ਵਿੱਚ ਕੇਂਦਰੀ ਖੁਰਾਕ ਮੰਤਰੀ ਅਤੇ ਐੱਫਸੀਆਈ ਦੇ ਜਨਰਲ ਮੈਨੇਜਰ ਬੀ ਸ੍ਰੀਨਿਵਾਸਨ ਨੂੰ ਵੀ ਮਿਲ ਕੇ ਆਇਆ ਹੈ। ਇਸ ਮੌਕੇ ਚੌਲ ਚੁੱਕਣ ਲਈ ਸਪੈਸ਼ਲ ਗੱਡੀਆਂ ਭੇਜਣ ਦੀ ਅਪੀਲ ’ਤੇ ਇੱਕ ਸਪੈਸ਼ਲ ਗੱਡੀ ਭੇਜੀ ਗਈ ਹੈ, ਪਰ ਭਵਿੱਖ ਫੇਰ ਵੀ ਧੁੰਦਲਾ ਹੈ।