ਬੇਸਬਾਲ: ਜਲੰਧਰ ਨੂੰ ਹਰਾ ਕੇ ਲੁਧਿਆਣਾ ਦੀ ਟੀਮ ਬਣੀ ਚੈਂਪੀਅਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਨਵੰਬਰ
ਲੁਧਿਆਣਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ 19ਵੀਂ ਸੀਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਲੁਧਿਆਣਾ ਦੀ ਟੀਮ ਨੇ ਜਲੰਧਰ ਨੂੰ 11-0 ਨਾਲ ਹਰਾ ਕੇ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ 12 ਟੀਮਾਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦੌਰਾਨ ਲੜਕੀਆਂ ਦੀਆਂ ਟੀਮਾਂ ਦਰਮਿਆਨ ਹੋਏ ਮੁਕਾਬਲਿਆਂ ’ਚੋਂ ਪਹਿਲੇ ਮੈਚ ਵਿੱਚ ਪਟਿਆਲਾ ਨੇ ਮਾਲੇਰਕੋਟਲਾ ਨੂੰ 4-2 ਨਾਲ, ਦੂਜੇ ਮੈਚ ਵਿੱਚ ਅੰਮ੍ਰਿਤਸਰ ਨੇ ਫਤਿਹਗੜ੍ਹ ਸਾਹਿਬ ਨੂੰ 8-1 ਨਾਲ, ਤੀਜੇ ਮੈਚ ਵਿੱਚ ਫਿਰੋਜ਼ਪੁਰ ਨੇ ਸੰਗਰੂਰ ਨੂੰ 5-3 ਨਾਲ, ਚੌਥੇ ਮੈਚ ਵਿੱਚ ਮੋਗਾ ਨੇ ਕਪੂਰਥਲਾ ਨੂੰ 9-4 ਨਾਲ, ਪੰਜਵੇਂ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 8-0 ਨਾਲ, ਛੇਵੇਂ ਮੈਚ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ 6-2 ਨਾਲ, ਸੱਤਵੇਂ ਮੈਚ ਵਿੱਚ ਫਿਰੋਜ਼ਪੁਰ ਨੇ ਰੂਪ ਨਗਰ ਨੂੰ 4-3 ਨਾਲ ਤੇ ਅੱਠਵੇਂ ਮੈਚ ਵਿੱਚ ਗੁਰਦਾਸਪੁਰ ਨੇ ਮੋਗਾ ਨੂੰ 8-1 ਨਾਲ ਹਰਾਇਆ। ਪਹਿਲੇ ਸੈਮੀਫਾਈਨਲ ਵਿੱਚ ਜਲੰਧਰ ਨੇ ਗੁਰਦਾਸਪੁਰ ਨੂੰ 3-1 ਨਾਲ ਜਦਕਿ ਦੂਜੇ ਸੈਮੀਫਾਈਨਲ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਜਲੰਧਰ ਨੂੰ ਹਰਾ ਕੇ ਚੈਂਪੀਅਨ ਬਣੀ। ਚੈਂਪੀਅਨਸ਼ਿਪ ਵਿੱਚ ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ 5-3 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 14 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 11-3 ਅੰਕਾਂ ਨਾਲ ਜਦਕਿ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਮੋਗਾ ਨੂੰ 6-0 ਨਾਲ ਹਰਾਇਆ। ਫਾਈਨਲ ਵਿੱਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 2-0 ਨਾਲ ਮਾਤ ਦੇ ਕੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲੇ ਵਿੱਚ ਪਟਿਆਲਾ ਨੇ ਮੋਗਾ ਨੂੰ 2-0 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸੈਕਟਰੀ ਇੰਜ. ਹਰਬੀਰ ਸਿੰਘ ਗਿੱਲ ਵੀ ਹਾਜ਼ਰ ਸਨ।