ਹਾਕੀ ਖਿਡਾਰੀਆਂ ਸ਼ੁਭਦੀਪ ਤੇ ਨਵਦੀਪ ਦਾ ਪਿੰਡ ਪੁੱਜਣ ’ਤੇ ਸਵਾਗਤ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 27 ਸਤੰਬਰ
ਪਿੰਡ ਕੋਠਾ ਗੁਰੂ ਦੇ ਦੋ ਨੌਜਵਾਨਾਂ ਸ਼ੁਭਦੀਪ ਸਿੰਘ ਤੇ ਨਵਦੀਪ ਸਿੰਘ ਵੱਲੋਂ ਉਡੀਸਾ ਵਿੱਚ ਹੋਏ ਹਾਕੀ ਅੰਡਰ-19 ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਸੋਨੇ ਦਾ ਤਗ਼ਮਾ ਜਿੱਤਣ ਉਪਰੰਤ ਪਿੰਡ ਪਹੁੰਚਣ ’ਤੇ ਸਤਿਕਾਰ ਕਮੇਟੀ, ਜਨਤਕ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ੁਭਦੀਪ ਸਿੰਘ ਅਤੇ ਨਵਦੀਪ ਸਿੰਘ ਖੁੱਲ੍ਹੀ ਗੱਡੀ ਵਿੱਚ ਸਵਾਰ ਸਨ। ਉਨ੍ਹਾਂ ਨਾਲ ਨਗਰ ਨਿਵਾਸੀਆਂ ਨੇ ਵੱਡੇ ਕਾਫਲੇ ਨਾਲ ਪਿੰਡ ਦਾ ਚੱਕਰ ਲਗਾਇਆ। ਇਕੱਤਰ ਪਿੰਡ ਵਾਸੀਆਂ ਨੇ ਖੁਸ਼ੀ ਵਿੱਚ ਪਟਾ ਕੇ ਚਲਾਏ ਤੇ ਲੱਡੂ ਵੰਡੇ। ਇਸ ਮੌਕੇ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਅਤੇ ਨਵਦੀਪ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ ਹੈ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਅਵਤਾਰ ਸਿੰਘ ਤਾਰਾ, ਪਾਲਾ ਢਿੱਲੋਂ ਅਤੇ ਦਿਲਬਾਗ ਬਾਗੀ ਨੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਕਾਲਾ ਬਲਾਹੜਵਾਲਾ, ਗੁਰਜੰਟ ਸਰਦਾਰ, ਬੂਟਾ ਢਿੱਲੋਂ, ਗੁਰਚਰਨ ਗਿੱਲ ਤੇ ਮਨਦੀਪ ਸਿੰਘ ਫੌਜੀ ਹਾਜ਼ਰ ਸਨ।