ਪੂੰਜੀਪਤੀਆਂ ਦੇ ਹੱਲੇ ਖ਼ਿਲਾਫ਼ ਲੜਨ ਦੀ ਜਾਚ ਸਿਖਾਉਂਦੈ ਰੰਗਮੰਚ: ਨਵਸ਼ਰਨ
ਲਖਵੀਰ ਸਿੰਘ ਚੀਮਾ/ਪਰਸ਼ੋਤਮ ਬੱਲੀ
ਬਰਨਾਲਾ/ਟੱਲੇਵਾਲ, 27 ਸਤੰਬਰ
ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਅ ਜੀ ਗੁਰਸ਼ਰਨ ਸਿੰਘ ਦੀ ਬਰਸੀ ਨੂੰ ਇਨਕਲਾਬੀ ਰੰਗ ਮੰਚ ਦਿਹਾੜਾ ਵਜੋਂ ਮਨਾਉਂਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਆਗੂਆਂ ਨੇ ਗੁਰਸ਼ਰਨ ਭਾਅ ਜੀ ਦੀ ਤਸਵੀਰ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਮੋਮਬੱਤੀਆਂ ਹੱਥ ਵਿੱਚ ਫੜ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਮੁੱਖ ਵਕਤਾ ਗੁਰਸ਼ਰਨ ਸਿੰਘ ਦੀ ਧੀ ਸਮਾਜਿਕ ਜਮਹੂਰੀ ਕਾਰਕੁਨ ਡਾ. ਨਵਸ਼ਰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਦਾ ਰੰਗਮੰਚ ਲੋਕਾਂ ਵਿੱਚੋਂ ਉੱਗਿਆ, ਜਵਾਨ ਹੋਇਆ ਅਤੇ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਉੱਪਰ ਝੁੱਲ ਰਹੇ ਜਬਰ ਦੇ ਝੱਖੜ ਅਤੇ ਪੂੰਜੀਪਤੀਆਂ ਵੱਲੋਂ ਬੋਲੇ ਜਾ ਰਹੇ ਹੱਲੇ ਖ਼ਿਲਾਫ਼ ਲੜਨ ਦੀ ਰੰਗ ਮੰਚ ਜਾਚ ਸਿਖਾਉਂਦਾ ਹੈ। ਉਨ੍ਹਾਂ ਦੇਸ਼ ਵਿੱਚ ਬੋਲਣ ਅਤੇ ਪ੍ਰਗਟਾਵੇ ਦੀ ਖੋਹੀ ਜਾ ਰਹੀ ਆਜ਼ਾਦੀ ਲਈ ਸਾਰੇ ਵਰਗਾਂ ਅਤੇ ਸੰਘਰਸ਼ੀ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਮਾਗਮ ’ਚ ਲੋਕ ਸੰਗੀਤ ਮੰਡਲੀ ਭਦੌੜ, ਜੁਗਰਾਜ ਧੌਲਾ, ਇਨਕਲਾਬੀ ਕਵਿਸ਼ਰੀ ਜਥਾ ਰਸੂਲਪੁਰ, ਇਕਬਾਲ ਉਦਾਸੀ, ਲਖਵਿੰਦਰ ਠੀਕਰੀਵਾਲ, ਮਿਲਖਾ ਸਿੰਘ, ਅਜਮੇਰ ਅਕਲੀਆ ਨੇ ਸਮਾਗਮ ਨੂੰ ਸੰਗੀਤਮਈ ਕੀਤਾ। ਸਮਾਗਮ ਦੇ ਅੰਤ ਵਿੱਚ ਨਵੇਂ ਫ਼ੌਜਦਾਰੀ ਕਾਨੂੰਨ ਰੱਦ ਕਰਨ, ਭਗਤ ਸਿੰਘ ਦੇ ਜਨਮ ਦਿਨ ਨੂੰ ਫੈਸਟੀਵਲ ’ਚ ਤਬਦੀਲ ਕਰਨਾ ਬੰਦ ਕਰਨ, ਕਲਕੱਤਾ ਦੀ ਧਰਤੀ ’ਤੇ ਔਰਤਾਂ ਦੀ ਜਬਰ ਖ਼ਿਲਾਫ਼ ਗੂੰਜੀ ਆਵਾਜ਼ ਬੁਲੰਦ ਕਰਨ, ਰੰਗ ਮੰਚ ਦਾ ਸਰਕਾਰੀਕਰਨ ਬੰਦ ਕਰਨ, ਜੰਗਲ ਜਲ ਜ਼ਮੀਨ ਬੋਲੀ ਸਾਹਿਤ ਇਤਿਹਾਸ ਨਾਲ ਖਿਲਵਾੜ ਬੰਦ ਕਰਨ, ਐਨਆਈਏ ਦੇ ਛਾਪੇ ਬੰਦ ਕਰਨ, ਪੱਤਰਕਾਰਾਂ ਤਰਕਸ਼ੀਲਾਂ ਜਮਹੂਰੀ ਕਾਮਿਆਂ ’ਤੇ ਜਬਰ ਕਰਨਾ ਬੰਦ ਕਰਨ, ਫਲਸਤੀਨੀ ਲੋਕਾਂ ਦਾ ਨਸਲੀ ਘਾਣ ਕਰਨਾ ਬੰਦ ਕਰਨ ਆਦਿ ਮਤਿਆਂ ਨੂੰ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਾਸ ਕੀਤਾ ਗਿਆ।
ਅਮੋਲਕ ਸਿੰਘ ਵੱਲੋਂ ਕਲਮ, ਕਲਾ ਤੇ ਲੋਕਾਂ ਦੀ ਗਲਵੱਕੜੀ ’ਤੇ ਜ਼ੋਰ
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕਰਦੇ ਹੋਏ ਕਲਮ, ਕਲਾ ਤੇ ਲੋਕਾਂ ਦੀ ਗਲਵੱਕੜੀ ’ਤੇ ਜ਼ੋਰ ਦਿੱਤਾ। ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ‘ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ’ ਨਾਟਕ ਖੇਡਿਆ ਗਿਆ।