For the best experience, open
https://m.punjabitribuneonline.com
on your mobile browser.
Advertisement

ਦੌਲਤਾਂ ਵਾਲੇ: ਵੱਡੇ ਪਰਿਵਾਰਾਂ ਦਾ ‘ਸੋਨਾ’ ਚਮਕਣ ਲੱਗਾ

07:57 AM May 14, 2024 IST
ਦੌਲਤਾਂ ਵਾਲੇ  ਵੱਡੇ ਪਰਿਵਾਰਾਂ ਦਾ ‘ਸੋਨਾ’ ਚਮਕਣ ਲੱਗਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਮਈ
ਲੋਕ ਸਭਾ ਚੋਣਾਂ ਦੇ ਪਿੜ ਵਿੱਚ ਕੁੱਦੇ ਵੱਡੇ ਪਰਿਵਾਰਾਂ ਕੋਲ ਬੇਤਹਾਸ਼ਾ ਸੋਨਾ ਹੈ ਜਦੋਂਕਿ ਗ਼ਰੀਬ ਦੇ ਪੀਪੇ ਵਿਚ ਐਨਾ ਆਟਾ ਨਹੀਂ ਹੁੰਦਾ। ਉਮੀਦਵਾਰਾਂ ਨੇ ਸੰਪਤੀ ਦੇ ਜੋ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ਅਨੁਸਾਰ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਗਹਿਣਿਆਂ ਦੇ ਮਾਮਲੇ ’ਚ ਝੰਡੀ ਹੈ। ਉਨ੍ਹਾਂ ਬਾਦਲ ਪਰਿਵਾਰ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਹੁਣ ਸੋਨੇ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਹੈ ਤਾਂ ਇਨ੍ਹਾਂ ਉਮੀਦਵਾਰਾਂ ਦੇ ਸੋਨੇ ਦੇ ਭਾਅ ਨੂੰ ਬਰੇਕ ਲੱਗੀ ਹੋਈ ਹੈ।
ਅਰਵਿੰਦ ਖੰਨਾ ਦੇ ਪਰਿਵਾਰ ਕੋਲ ਇਸ ਵੇਲੇ 10.68 ਕਰੋੜ ਰੁਪਏ ਦੇ ਗਹਿਣੇ ਹਨ ਜਦੋਂਕਿ 2012 ਵਿੱਚ ਇਸ ਪਰਿਵਾਰ ਕੋਲ 4.69 ਕਰੋੜ ਰੁਪਏ ਦੇ ਗਹਿਣੇ ਸਨ। ਅਰਵਿੰਦ ਖੰਨਾ ਦੀ ਪਤਨੀ ਕੋਲ ਇਸ ਵੇਲੇ 4.83 ਕਰੋੜ ਰੁਪਏ ਦੇ ਗਹਿਣੇ ਹਨ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲ ਇਸ ਵੇਲੇ 7.03 ਕਰੋੜ ਰੁਪਏ ਦੇ ਗਹਿਣੇ ਹਨ ਜਦੋਂਕਿ ਸਾਲ 2019 ਦੀਆਂ ਚੋਣਾਂ ਵੇਲੇ ਵੀ ਬੀਬੀ ਬਾਦਲ ਕੋਲ 7.03 ਕਰੋੜ ਦੇ ਗਹਿਣੇ ਸਨ।
ਹਰਸਿਮਰਤ ਕੌਰ ਬਾਦਲ ਨੇ ਜਦੋਂ ਸਾਲ 2009 ਵਿੱਚ ਪਹਿਲੀ ਚੋਣ ਲੜੀ ਸੀ ਤਾਂ ਉਦੋਂ ਉਨ੍ਹਾਂ ਕੋਲ 14.93 ਕਿੱਲੋ ਸੋਨਾ ਤੇ ਚਾਂਦੀ ਸੀ ਜਿਸ ਦੀ ਕੀਮਤ 1.94 ਕਰੋੜ ਦੱਸੀ ਗਈ ਸੀ। ਬਾਦਲ ਪਰਿਵਾਰ ਕੋਲ ਇਸ ਵੇਲੇ 198.49 ਕਰੋੜ ਰੁਪਏ ਦੀ ਸੰਪਤੀ ਹੈ ਜਦੋਂਕਿ 2019 ਵਿੱਚ ਉਨ੍ਹਾਂ ਕੋਲ 217 ਕਰੋੜ ਦੀ ਸੰਪਤੀ ਸੀ। ਪਹਿਲੀ ਚੋਣ ਸਮੇਂ ਹਰਸਿਮਰਤ ਕੌਰ ਬਾਦਲ ਕੋਲ 60 ਕਰੋੜ ਰੁਪਏ ਦੀ ਸੰਪਤੀ ਸੀ ਜੋ ਕਿ 2014 ਵਿੱਚ ਵਧ ਕੇ 108 ਕਰੋੜ ਹੋ ਗਈ ਸੀ। ਉਨ੍ਹਾਂ ਦੇ ਮੁਕਾਬਲੇ ਵਿੱਚ ਚੋਣ ਲੜ ਰਹੀ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਕੋਲ 42.84 ਲੱਖ ਰੁਪਏ ਦੇ ਹੀ ਗਹਿਣੇ ਹਨ। ਉਂਜ, ਪਰਮਪਾਲ ਕੌਰ ਸਿੱਧੂ ਦੇ ਪਰਿਵਾਰ ਦੀ ਕੁੱਲ ਦੌਲਤ 7.85 ਕਰੋੜ ਰੁਪਏ ਦੀ ਹੈ। ਦੂਜੇ ਪਾਸੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਕੋਲ ‘ਮਹਾਰਾਣੀ’ ਹੋਣ ਦੇ ਬਾਵਜੂਦ 1.73 ਕਰੋੜ ਰੁਪਏ ਦੇ ਗਹਿਣੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਰਿਵਾਰ ਕੋਲ 36.85 ਲੱਖ ਦੇ ਹੀ ਗਹਿਣੇ ਹਨ। ਕੈਬਨਿਟ ਮੰਤਰੀ ਅਤੇ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਰਿਵਾਰ ਕੋਲ ਹੁਣ 3.73 ਕਰੋੜ ਰੁਪਏ ਦੀ ਜਾਇਦਾਦ ਹੈ। ਮੀਤ ਹੇਅਰ ਦੀ ਖ਼ੁਦ ਦੀ ਸੰਪਤੀ 48.13 ਲੱਖ ਰੁਪਏ ਦੀ ਹੈ ਜਦੋਂਕਿ ਉਨ੍ਹਾਂ ਦੀ ਪਤਨੀ ਦੀ ਜਾਇਦਾਦ 3.25 ਕਰੋੜ ਦੀ ਹੈ। ਮੀਤ ਹੇਅਰ ਦੀ ਪਤਨੀ ਕੋਲ 1.32 ਕਰੋੜ ਦੇ ਗਹਿਣੇ ਹਨ।
ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਕੋਲ 31.28 ਲੱਖ ਰੁਪਏ ਦੇ ਗਹਿਣੇ ਹਨ ਜਦੋਂਕਿ ਉਨ੍ਹਾਂ ਦੀ ਕੁੱਲ ਸੰਪਤੀ 1.74 ਕਰੋੜ ਰੁਪਏ ਦੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਪਰਿਵਾਰ ਕੋਲ 27.78 ਲੱਖ ਰੁਪਏ ਦੇ ਗਹਿਣੇ ਹਨ। ਸਿੰਗਲਾ ਦੀ ਕੁੱਲ ਸੰਪਤੀ 29.4 ਕਰੋੜ ਰੁਪਏ ਦੀ ਹੈ। ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਕੋਲ 3.60 ਲੱਖ ਰੁਪਏ ਦੇ ਗਹਿਣੇ ਹਨ। ਸਾਹੋਕੇ ਦੇ ਪਰਿਵਾਰ ਕੋਲ ਕੁੱਲ 16.32 ਕਰੋੜ ਰੁਪਏ ਦੀ ਸੰਪਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×