ਕਮਜ਼ੋਰ ਹੁੰਦਾ ਰੁਪਿਆ
ਰੁਪਏ ਦੀ ਕੀਮਤ ਰਿਕਾਰਡ ਪੱਧਰ ਤੱਕ ਡਿੱਗ ਗਈ ਹੈ ਅਤੇ ਇਸ ਨੇ 86 ਪ੍ਰਤੀ ਡਾਲਰ ਦਾ ਖ਼ਤਰਨਾਕ ਨਿਸ਼ਾਨ ਪਾਰ ਕਰ ਲਿਆ ਹੈ। ਇਸ ਗਿਰਾਵਟ ਨੇ ਸੰਭਾਵੀ ਆਰਥਿਕ ਮੰਦੀ, ਵਧਦੇ ਵਪਾਰ ਘਾਟੇ ਅਤੇ ਬਾਹਰੀ ਸੰਤੁਲਨ ਵਿਗੜਨ ਬਾਰੇ ਖ਼ਦਸ਼ਿਆਂ ਨੂੰ ਹਵਾ ਦਿੱਤੀ ਹੈ। ਮਜ਼ਬੂਤ ਡਾਲਰ ਅਤੇ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਨੇ ਰੁਪਏ ਨੂੰ 2023 ਤੋਂ ਬਾਅਦ ਪਹਿਲੀ ਵਾਰ ਇੰਨਾ ਜਿ਼ਆਦਾ ਥੱਲੇ ਸੁੱਟਿਆ ਹੈ। ਇਸ ਦੀ ਹਾਲਾਂਕਿ ਉਮੀਦ ਜਤਾਈ ਗਈ ਸੀ ਪਰ ਇਹ ਹੁਣ ਸ਼ੇਅਰਾਂ ਅਤੇ ਬਾਂਡਾਂ ਉੱਤੇ ਵਧੇਰੇ ਬੋਝ ਪਾ ਰਿਹਾ ਹੈ। ਰੁਪਿਆ ਭਾਵੇਂ ਏਸ਼ੀਆ ਦੀ ਸਭ ਤੋਂ ਸਥਿਰ ਕਰੰਸੀ ਬਣਿਆ ਹੋਇਆ ਹੈ ਪਰ ਇਹ ਗਿਰਾਵਟ ਦਰਾਮਦ ਕੀਮਤਾਂ ਨੂੰ ਤੇਜ਼ ਕਰ ਕੇ ਮਹਿੰਗਾਈ ਦਾ ਖ਼ਤਰਾ ਖੜ੍ਹਾ ਕਰ ਸਕਦੀ ਹੈ। ਆਲਮੀ ਤੇ ਘਰੇਲੂ ਦਬਾਅ ਕਾਰਨ ਰੁਪਿਆ ਦਸੰਬਰ ਤੋਂ ਹੁਣ ਤੱਕ 2 ਪ੍ਰਤੀਸ਼ਤ ਤੋਂ ਵੱਧ ਹੇਠਾਂ ਖਿਸਕਿਆ ਹੈ। ਮਹਿੰਗਾਈ ’ਤੇ ਕਾਬੂ ਰੱਖਣ ਦੇ ਪੱਖ ਤੋਂ ਦਰਾਮਦਕਾਰਾਂ ਲਈ ਇਸ ਨੇ ਅਚਾਨਕ ਕਈ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਦੂਜੇ ਪਾਸੇ, ਬਰਾਮਦਕਾਰਾਂ ਲਈ ਇਹ ਵੱਧ ਮੁਕਾਬਲੇਬਾਜ਼ ਬਣਨ ਦਾ ਮੌਕਾ ਹੈ ਕਿਉਂਕਿ ਦੁਨੀਆ ਹੁਣ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਜਪੋਸ਼ੀ ਲਈ ਤਿਆਰ ਹੋ ਰਹੀ ਹੈ। ਕਿਆਸਆਰਾਈਆਂ ਹਨ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਕਾਰਵਾਈਆਂ ਆਉਣ ਵਾਲੇ ਸਮਿਆਂ ’ਚ ਕੌਮਾਂਤਰੀ ਬਾਜ਼ਾਰਾਂ ’ਚ ਅਨਿਸ਼ਚਿਤਤਾ ਨੂੰ ਹੋਰ ਵਧਾ ਸਕਦੀਆਂ ਹਨ।
ਰੁਪਏ ਵਿੱਚ ਆਈ ਗਿਰਾਵਟ ਭਾਰਤੀ ਰਿਜ਼ਰਵ ਬੈਂਕ ਨੂੰ ਦਰਾਂ ’ਚ ਕਟੌਤੀ ਕਰਨ ਤੋਂ ਫਿਲਹਾਲ ਰੋਕ ਸਕਦੀ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ। ਦਸੰਬਰ ਵਿੱਚ ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ (5.22 ਪ੍ਰਤੀਸ਼ਤ) ਉੱਤੇ ਪਹੁੰਚਣ ਦੇ ਬਾਵਜੂਦ ਇਹ ਹੋ ਸਕਦਾ ਹੈ ਹਾਲਾਂਕਿ ਮਹਿੰਗਾਈ ਦਰ ਵਿੱਚ ਕਮੀ ਮੁੱਖ ਤੌਰ ’ਤੇ ਖ਼ੁਰਾਕੀ ਪਦਾਰਥਾਂ ਦੇ ਭਾਅ ਘਟਣ ਕਾਰਨ ਆਈ ਹੈ। ਰਾਸ਼ਟਰ ਹਿੱਤ ’ਚ ਇਹੀ ਹੋਵੇਗਾ ਕਿ ਸਿਆਸਤ ਨੂੰ ਭਵਿੱਖ ਦਾ ਰੁਖ਼ ਤੈਅ ਨਾ ਕਰਨ ਦਿੱਤਾ ਜਾਵੇ। ਸੰਦੇਸ਼ ਇਹੀ ਹੈ ਕਿ ਸ਼ਾਂਤ ਰਹਿੰਦਿਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਅੱਗੇ ਵਧਣ ਦਾ ਰਾਹ ਦੱਸਣ ਵਾਲੇ ਸਾਰੇ ਵੱਖ-ਵੱਖ ਵਿਚਾਰਾਂ ਨੂੰ ਢੁੱਕਵੀਂ ਥਾਂ ਦਿੱਤੀ ਜਾਵੇ। ਜ਼ਾਹਿਰ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਦੇ ਦਾਅਵਿਆਂ ਦੇ ਨਾਲ-ਨਾਲ ਹਕੀਕਤ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਅਤੇ ਰੁਪਏ ਦੀ ਮਜ਼ਬੂਤੀ ਲਈ ਕਦਮ ਉਠਾਉਣੇ ਚਾਹੀਦੇ ਹਨ।
ਅਮਰੀਕਾ ਆਧਾਰਿਤ ਇੱਕ ਫਰਮ ਨੇ ਪੇਸ਼ੀਨਗੋਈ ਕੀਤੀ ਸੀ ਕਿ ਨੇੜਲੇ ਤੋਂ ਦਰਮਿਆਨੇ ਕਾਲ ਵਿੱਚ ਹੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਡਿੱਗ ਕੇ 88 ਤੱਕ ਜਾ ਸਕਦੀ ਹੈ। ਹੁਣ ਜਦੋਂ ਕੇਂਦਰ ਸਰਕਾਰ ਦਾ ਬਜਟ ਪੇਸ਼ ਹੋਣ ਵਾਲਾ ਹੈ ਤਾਂ ਇਸ ਸੂਰਤ ਵਿੱਚ ਵਿਰੋਧੀ ਧਿਰ ਨੂੰ ਸਰਕਾਰ ’ਤੇ ਹਮਲਾ ਕਰਨ ਦਾ ਇੱਕ ਹੋਰ ਮੁੱਦਾ ਮਿਲ ਸਕਦਾ ਹੈ। ਇਸ ਮਾਮਲੇ ’ਤੇ ਸਿਆਸੀ ਰੱਸਾਕਸ਼ੀ ਚੱਲਦੀ ਰਹੇਗੀ ਪਰ ਸਾਰਿਆਂ ਦਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ ਕਿ ਆਰਥਿਕ ਮੰਦੀ ਦੇ ਮਜ਼ਬੂਤ ਹੁੰਦੇ ਜਾ ਰਹੇ ਰੁਝਾਨਾਂ ਦਾ ਸਾਹਮਣਾ ਕਰਨ ਲਈ ਕਿਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਮੁਤੱਲਕ ਵਡੇਰੀ ਆਮ ਸਹਿਮਤੀ ਬਣਾਈ ਜਾਵੇ।