For the best experience, open
https://m.punjabitribuneonline.com
on your mobile browser.
Advertisement

ਰੂਸ ਦੀ ਜੰਗ ’ਚ ਭਾਰਤੀ ਜਵਾਨ

05:19 AM Jan 15, 2025 IST
ਰੂਸ ਦੀ ਜੰਗ ’ਚ ਭਾਰਤੀ ਜਵਾਨ
Advertisement

ਯੂਕਰੇਨ ਜੰਗ ਵਿੱਚ ਰੂਸ ਤਰਫ਼ੋਂ ਲੜਨ ਵਾਲੇ ਇੱਕ ਹੋਰ ਭਾਰਤੀ ਜਵਾਨ ਦੀ ਮੌਤ ਦੀ ਖ਼ਬਰ ਨੇ ਦੇਸ਼ ਨੂੰ ਇੱਕ ਵਾਰ ਫਿਰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਕਿਸੇ ਦੂਜੇ ਮੁਲਕ ਦੀ ਜੰਗ ਦਾ ਖਾਜਾ ਭਾਰਤੀ ਨੌਜਵਾਨਾਂ ਨੂੰ ਕਿਉਂ ਬਣਾਇਆ ਜਾ ਰਿਹਾ ਹੈ। ਕੇਰਲਾ ਦੇ ਤ੍ਰਿਸੂਰ ਜ਼ਿਲ੍ਹੇ ਦਾ ਵਸਨੀਕ 32 ਸਾਲਾ ਬਿਨੀਲ ਟੀਬੀ ਦੀ ਯੂਕਰੇਨ ਦੇ ਡਰੋਨ ਹਮਲੇ ਵਿੱਚ ਮੌਤ ਹੋ ਗਈ; ਉਸ ਦਾ ਰਿਸ਼ਤੇਦਾਰ ਜੈਨ ਟੀਕੇ ਜ਼ਖ਼ਮੀ ਹੋ ਗਿਆ ਹੈ। ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਹਮਲੇ ਵਿੱਚ ਬਿਨੀਲ ਦੀ ਮੌਤ ਹੋ ਗਈ ਹੈ ਅਤੇ ਜੈਨ ਦਾ ਮਾਸਕੋ ਦੇ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਬਿਆਨ ਵਿੱਚ ਦੱਸਿਆ ਹੈ ਕਿ ਮਾਰੇ ਗਏ ਨੌਜਵਾਨ ਦੀ ਦੇਹ ਵਾਪਸ ਲਿਆਉਣ ਲਈ ਰੂਸੀ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਮਾਮਲਾ ਮਾਸਕੋ ਵਿੱਚ ਰੂਸੀ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ। ਅਹਿਮ ਗੱਲ ਇਹ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਮਾਸਕੋ ਦੌਰੇ ਤੋਂ ਬਾਅਦ ਰੂਸ ਵੱਲੋਂ ਕੁਝ ਭਾਰਤੀ ਨੌਜਵਾਨਾਂ ਨੂੰ ਜੰਗੀ ਡਿਊਟੀਆਂ ਤੋਂ ਫਾਰਗ ਕਰ ਕੇ ਵਾਪਸ ਵਤਨ ਭਿਜਵਾਇਆ ਗਿਆ ਸੀ ਪਰ ਹੁਣ ਜਿਵੇਂ ਖ਼ਬਰਾਂ ਆ ਰਹੀਆਂ ਹਨ, ਉਸ ਤੋਂ ਜ਼ਾਹਿਰ ਹੈ ਕਿ ਅਜੇ ਵੀ ਬਹੁਤ ਸਾਰੇ ਭਾਰਤੀ ਨੌਜਵਾਨ ਰੂਸੀ ਫ਼ੌਜ ਵਿੱਚ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਕੰਮ ਕਰ ਰਹੇ ਹਨ।
ਬਿਨੀਲ ਕੇਰਲਾ ਵਿੱਚ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਮੀਡੀਆ ਰਿਪੋਰਟ ਮੁਤਾਬਿਕ, ਉਨ੍ਹਾਂ ਦੋਵਾਂ ਨੇ ਭਾਰਤ ਵਾਪਸ ਜਾਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ ਪਰ ਰੂਸੀ ਫ਼ੌਜ ਨੇ ਉਨ੍ਹਾਂ ਦਾ ਖਹਿੜਾ ਨਹੀਂ ਛੱਡਿਆ, ਆਖ਼ਿਰਕਾਰ ਇਹ ਭਾਣਾ ਵਾਪਰ ਗਿਆ। ਬਿਨੀਲ ਨੇ ਪਿਛਲੇ ਸਾਲ ਸਤੰਬਰ ਮਹੀਨੇ ਈਮੇਲ ਵਿੱਚ ਦੱਸਿਆ ਸੀ ਕਿ ਉਨ੍ਹਾਂ ਮਾਸਕੋ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ ਪਰ ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਜਬਰੀ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਨਾਲ ਸਬੰਧਿਤ ਕੁਝ ਨੌਜਵਾਨਾਂ ਦੇ ਰੂਸ ਦੀ ਤਰਫ਼ੋਂ ਲੜਦਿਆਂ ਮਾਰੇ ਜਾਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ।
ਪਿਛਲੇ ਸਾਲ ਮੀਡੀਆ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਸੀ ਕਿ ਯੂਕਰੇਨ ਵਿੱਚ ਵੀ ਕਈ ਭਾਰਤੀ ਨੌਜਵਾਨ ਜੰਗ ਵਿੱਚ ਹਿੱਸਾ ਲੈ ਰਹੇ ਹਨ। ਇਸ ਲਿਹਾਜ਼ ਤੋਂ ਜੰਗ ਦੇ ਦੋਵੇਂ ਪਾਸੀਂ ਭਾਰਤੀ ਨੌਜਵਾਨ ਖੜ੍ਹੇ ਹਨ। ਇਹ ਵਾਕਈ ਦੁਖਾਂਤਕ ਸਥਿਤੀ ਹੈ ਤੇ ਦੇਸ਼ ਲਈ ਸ਼ਰਮਸ਼ਾਰੀ ਦੀ ਵੀ ਗੱਲ ਹੈ। ਬੇਰੁਜ਼ਗਾਰੀ ਦੇ ਸਤਾਏ ਸਾਡੇ ਨੌਜਵਾਨ ਗ਼ੈਰ-ਮੁਲਕਾਂ ਦੀਆਂ ਜੰਗਾਂ ਵਿੱਚ ਖਾਜਾ ਬਣ ਰਹੇ ਹਨ। ਚਲਾਕ ਕਿਸਮ ਦੇ ਕੁਝ ਏਜੰਟ ਤੇ ਮਾਨਵ ਤਸਕਰ ਬੇਰੁਜ਼ਗਾਰ ਨੌਜਵਾਨਾਂ ਦੀ ਸਥਿਤੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਧੱਕ ਰਹੇ ਹਨ। ਸਰਕਾਰ ਨੂੰ ਅਜਿਹੇ ਅਨਸਰਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਪਤਾ ਲਾ ਕੇ ਦੱਸਣਾ ਚਾਹੀਦਾ ਹੈ ਕਿ ਹੋਰ ਕਿੰਨੇ ਨੌਜਵਾਨ ਰੂਸ, ਯੂਕਰੇਨ ਜਾਂ ਇਜ਼ਰਾਈਲ ਵਰਗੇ ਮੁਲਕਾਂ ਦੀਆਂ ਜੰਗਾਂ ਲੜ ਰਹੇ ਹਨ।

Advertisement

Advertisement
Advertisement
Author Image

joginder kumar

View all posts

Advertisement