ਚੀਨ ਨਾਲ ਸਰਹੱਦੀ ਵਿਵਾਦ ਖ਼ੁਦ ਨਿਬੇੜਾਂਗੇ: ਜੈਸ਼ੰਕਰ
ਟੋਕੀਓ, 29 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਨਾਲ ਸਰਹੱਦੀ ਵਿਵਾਦ ’ਚ ਕਿਸੇ ਤੀਜੀ ਧਿਰ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮੁੱਦਾ ਦੋਵੇਂ ਮੁਲਕਾਂ ਦਾ ਹੈ ਅਤੇ ਉਹ ਇਸ ਦਾ ਰਲ ਕੇ ਕੋਈ ਰਾਹ ਲੱਭਣਗੇ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ, ‘‘ਭਾਰਤ ਅਤੇ ਚੀਨ ਵਿਚਕਾਰ ਮਸਲੇ ਦੇ ਹੱਲ ਲਈ ਅਸੀਂ ਹੋਰ ਮੁਲਕਾਂ ਵੱਲ ਨਹੀਂ ਦੇਖ ਰਹੇ ਹਾਂ।’’ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਆਏ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਚੀਨ ਨਾਲ ਰਿਸ਼ਤੇ ਸੁਖਾਵੇਂ ਨਹੀਂ ਹਨ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਇਸ ਮਹੀਨੇ ਦੋ ਵਾਰ ਹੋ ਚੁੱਕੀਆਂ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਹੋਰ ਮੁਲਕਾਂ ਦਾ ਭਾਰਤ-ਚੀਨ ਸਬੰਧਾਂ ’ਚ ਹਿੱਤ ਹੋ ਸਕਦਾ ਹੈ ਕਿਉਂਕਿ ਅਸੀਂ ਦੋਵੇਂ ਵੱਡੇ ਮੁਲਕ ਹਾਂ ਅਤੇ ਸਾਡੇ ਸਬੰਧਾਂ ਦਾ ਦੁਨੀਆ ਦੇ ਬਾਕੀ ਮੁਲਕਾਂ ’ਤੇ ਵੀ ਅਸਰ ਪੈਂਦਾ ਹੈ। ਪਰ ਅਸੀਂ ਮਸਲੇ ਦੇ ਨਿਬੇੜੇ ਲਈ ਹੋਰ ਮੁਲਕਾਂ ਵੱਲ ਨਹੀਂ ਦੇਖ ਰਹੇ ਹਾਂ।’’ ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਮਈ 2020 ਤੋਂ ਰਿਸ਼ਤਿਆਂ ’ਚ ਉਸ ਸਮੇਂ ਤਰੇੜ ਆਈ ਸੀ ਜਦੋਂ ਲੱਦਾਖ਼ ’ਚ ਦੋਵੇਂ ਮੁਲਕਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਸਨ। ਇਸ ਮਗਰੋਂ ਸਫ਼ਾਰਤੀ ਅਤੇ ਫੌਜੀ ਪੱਧਰ ’ਤੇ ਸਰਹੱਦੀ ਮਸਲੇ ਦੇ ਨਿਬੇੜੇ ਲਈ ਲਗਾਤਾਰ ਗੱਲਬਾਤ ਜਾਰੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਕੁਆਡ ਫ਼ੁਰਸਤ ’ਚ ਗੱਲਬਾਤ ਦਾ ਕੋਈ ਜ਼ਰੀਆ ਨਹੀਂ ਹੈ ਸਗੋਂ ਇਹ ਅਮਲੀ ਤੌਰ ’ਤੇ ਹੱਲ ਕੱਢਣ ਦਾ ਢੁੱਕਵਾਂ ਪਲੈਟਫਾਰਮ ਹੈ। ਮੀਟਿੰਗ ਦੌਰਾਨ ਜੈਸ਼ੰਕਰ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਜਪਾਨ ਦੇ ਵਿਦੇਸ਼ ਮੰਤਰੀ ਯੋਕੋ ਕਾਮੀਕਾਵਾ ਅਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈੱਨੀ ਵੋਂਗ ਵੀ ਹਾਜ਼ਰ ਸਨ। ਜੈਸ਼ੰਕਰ ਨੇ ਕਿਹਾ ਕਿ ਸਾਡੀਆਂ ਜਲ ਸੈਨਾਵਾਂ ’ਚ ਮਾਨਵੀ ਸਹਾਇਤਾ ਅਤੇ ਆਫ਼ਤਾਂ ਬਾਰੇ ਰਾਹਤਾਂ ਦੀ ਝਲਕ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੌਰੀਸ਼ਸ ’ਚ ਛੇਤੀ ਹੀ ਪੁਲਾੜ ਆਧਾਰਿਤ ਵਾਤਾਵਰਨ ਚਿਤਾਵਨੀ ਪ੍ਰਣਾਲੀ ਲਾਂਚ ਕੀਤੀ ਜਾਵੇਗੀ। ਹਿੰਦ-ਪ੍ਰਸ਼ਾਂਤ ਟਾਪੂਆਂ ’ਤੇ ਆਫ਼-ਗਰਿੱਡ ਸੋਲਰ ਪ੍ਰਾਜੈਕਟ ਲੱਗ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਚਾਰੋਂ ਮੁਲਕਾਂ ਦਾ ਸੁਨੇਹਾ ਹੈ ਕਿ ਸਾਰੇ ਜਮਹੂਰੀ, ਬਹੁਲਵਾਦੀ ਸਮਾਜ ਅਤੇ ਅਰਥਚਾਰੇ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਤ ਖ਼ਿੱਤੇ ਲਈ ਰਲ ਕੇ ਕੰਮ ਕਰ ਰਹੇ ਹਨ। -ਪੀਟੀਆਈ
‘ਕੋਈ ਵੀ ਮੁਲਕ ਦੂਜੇ ’ਤੇ ਹਾਵੀ ਨਾ ਹੋਵੇ’
ਟੋਕੀਓ, 29 ਜੁਲਾਈ
ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਚੀਨ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਲੈ ਕੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਅਜਿਹਾ ਖ਼ਿੱਤਾ ਬਣਾਉਣ ਦਾ ਅਹਿਦ ਲਿਆ ਜਿਥੇ ਕੋਈ ਵੀ ਮੁਲਕ ਦੂਜੇ ’ਤੇ ਹਾਵੀ ਨਾ ਹੋਵੇ। ਉਨ੍ਹਾਂ 26/11 ਦੇ ਮੁੰਬਈ ਅਤੇ ਪਠਾਨਕੋਟ ਸਮੇਤ ਹੋਰ ਦਹਿਸ਼ਤੀ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਨੂੰ ਬਿਨਾ ਕਿਸੇ ਦੇਰੀ ਦੇ ਸਜ਼ਾਵਾਂ ਦਿਵਾਈਆਂ ਜਾਣ।
ਵਿਦੇਸ਼ ਮੰਤਰੀਆਂ ਨੇ ਇਕ ਸਾਂਝੇ ਬਿਆਨ ’ਚ ਮੁਲਕਾਂ ਦੀ ਆਜ਼ਾਦੀ, ਮਨੁੱਖੀ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ, ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ਦਾ ਸਨਮਾਨ ਕਰਨ ਦਾ ਵੀ ਸੱਦਾ ਦਿੱਤਾ। ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀਆਂ ਨੇ ਚੀਨ ਦਾ ਸਿੱਧੇ ਤੌਰ ’ਤੇ ਨਾਮ ਲਏ ਬਿਨਾਂ ਪੂਰਬੀ ਅਤੇ ਦੱਖਣੀ ਚੀਨ ਸਾਗਰ ’ਚ ਹਾਲਾਤ ’ਤੇ ਗੰਭੀਰ ਚਿੰਤਾ ਜਤਾਈ ਅਤੇ ਕਿਸੇ ਵੀ ਅਜਿਹੀ ਇਕਤਰਫ਼ਾ ਕਾਰਵਾਈ ਪ੍ਰਤੀ ਕੁਆਡ ਦੇ ਸਖ਼ਤ ਵਿਰੋਧ ਨੂੰ ਦੁਹਰਾਇਆ ਜਿਸ ਰਾਹੀਂ ਤਾਕਤ ਜਾਂ ਦਬਾਅ ਨਾਲ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਆਡ ਨੇ ਹਿੰਦ-ਪ੍ਰਸ਼ਾਂਤ ਮੈਰੀਟਾਈਮ ਡੋਮੇਨ ਅਵੇਅਰਨੈੱਸ (ਆਈਪੀਐੱਮਡੀਏ) ਪ੍ਰੋਗਰਾਮ ਨੂੰ ਹਿੰਦ ਮਹਾਸਾਗਰ ਖ਼ਿੱਤੇ ’ਚ ਫੈਲਾਉਣ ਦੀ ਯੋਜਨਾ ਦਾ ਐਲਾਨ ਕੀਤਾ। ਕੁਆਡ ਨੇ ਇਹ ਵੀ ਕਿਹਾ ਕਿ ਉਹ ਗੁਰੂਗ੍ਰਾਮ ’ਚ ਹਿੰਦ ਮਹਾਸਾਗਰ ਖ਼ਿੱਤੇ ਲਈ ਭਾਰਤ ਦੇ ਇਨਫਰਮੇਸ਼ਨ ਫਿਊਜ਼ਨ ਸੈਂਟਰ ਖੋਲ੍ਹਣ ਵਾਸਤੇ ਵੀ ਕੰਮ ਕਰ ਰਿਹਾ ਹੈ। -ਪੀਟੀਆਈ
ਚੀਨ ਨੇ ਕੁਆਡ ਮੁਲਕਾਂ ’ਤੇ ਟਕਰਾਅ ਪੈਦਾ ਕਰਨ ਦੇ ਲਾਏ ਦੋਸ਼
ਪੇਈਚਿੰਗ:
ਚੀਨ ਨੇ ਅਮਰੀਕਾ ਅਤੇ ਭਾਰਤ ਸਮੇਤ ਕੁਆਡ ਮੁਲਕਾਂ ’ਤੇ ਦੋਸ਼ ਲਾਇਆ ਹੈ ਕਿ ਉਹ ਬਿਨਾ ਕਿਸੇ ਕਾਰਨ ਦੇ ਤਣਾਅ ਪੈਦਾ ਕਰ ਰਹੇ ਹਨ। ਚੀਨ ਨੇ ਏਸ਼ੀਆ ਪ੍ਰਸ਼ਾਂਤ ਖ਼ਿੱਤੇ ’ਚ ਹੋਰ ਮੁਲਕਾਂ ਦਾ ਵਿਕਾਸ ਰੋਕਣ ਲਈ ਟਕਰਾਅ ਪੈਦਾ ਕਰਨ ਦੇ ਵੀ ਦੋਸ਼ ਲਾਏ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਕੁਆਡ ਮੁਲਕਾਂ ਦੇ ਸਾਂਝੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਏਸ਼ੀਆ ਪ੍ਰਸ਼ਾਂਤ ਖ਼ਿੱਤੇ ’ਚ ਸ਼ਾਂਤੀ, ਵਿਕਾਸ ਅਤੇ ਸਥਿਰਤਾ ਦੇ ਆਲਮੀ ਰੁਝਾਨ ਖ਼ਿਲਾਫ਼ ਹੈ। ਲਿਨ ਨੇ ਕਿਹਾ ਕਿ ਛੋਟੇ ਦਾਇਰੇ ਬਣਾ ਕੇ ਆਪਸੀ ਭਰੋਸੇ ਅਤੇ ਸਹਿਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਚੀਨ ਮੁਲਕਾਂ ਵਿਚਕਾਰ ਸਹਿਯੋਗ ਅਤੇ ਖੇਤਰੀ ਵਿਕਾਸ, ਸਥਿਰਤਾ ਤੇ ਖੁਸ਼ਹਾਲੀ ਦੇ ਸੁਖਾਵੇਂ ਮਾਹੌਲ ’ਚ ਯਕੀਨ ਰਖਦਾ ਹੈ। ਚੀਨੀ ਤਰਜਮਾਨ ਨੇ ਕਿਹਾ ਕਿ ਕੁਝ ਖਾਸ ਮੁਲਕ ਆਪਣੇ ਫ਼ੌਜੀ ਬੇੜੇ ਭੇਜ ਕੇ ਮਤਭੇਦ ਅਤੇ ਟਕਰਾਅ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। -ਪੀਟੀਆਈ