ਜੇਵਰ ਹਵਾਈ ਅੱਡੇ ਨੇੜਲੇ ਜ਼ਿਲ੍ਹਿਆਂ ’ਚ ਤਿਆਰ ਕਰਾਂਗੇ ਨਵਾਂ ਮਾਸਟਰ ਪਲਾਨ: ਖੱਟਰ
ਪੱਤਰ ਪ੍ਰੇਰਕ
ਫਰੀਦਾਬਾਦ, 20 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੇਵਰ ਹਵਾਈ ਅੱਡੇ ਦੇ ਆਉਣ ਨਾਲ ਫਰੀਦਾਬਾਦ ਅਤੇ ਪਲਵਲ ਜ਼ਿਲ੍ਹੇ ’ਚ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹੀਆਂ ਹਨ| ਅਜਿਹੇ ਵਿੱਚ ਜੇਵਰ ਦੇ ਨਾਲ ਲੱਗਦੇ ਹਰਿਆਣਾ ਦੇ ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ ਦੇ ਯੋਜਨਾਬੱਧ ਵਿਕਾਸ ਲਈ ਯਮੁਨਾ ਖੇਤਰ ਨੂੰ ਕੰਟਰੋਲ ਖੇਤਰ ਐਲਾਨ ਕੇ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਨੇ ਫਰੀਦਾਬਾਦ ਮੈਟਰੋਪੌਲੀਟਨ ਵਿਕਾਸ ਅਥਾਰਟੀ (ਐੱਫਐੱਮਡੀਏ) ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਵੱਲੋਂ 2023-24 ਲਈ ਕੁੱਲ 878.23 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੀਟਿੰਗ ਦੌਰਾਨ ‘ਐੱਫਐੱਮਡੀਏ’ ਮੁੱਖ ਕਾਰਜਕਾਰੀ ਅਧਿਕਾਰੀ ਏ. ਸ੍ਰੀਨਿਵਾਸ ਵੱਲੋਂ ਵਿਕਾਸ ਏਜੰਡਾ ਪੇਸ਼ ਕੀਤਾ ਗਿਆ, ਜਿਸ ਨੂੰ ਮੁੱਖ ਮੰਤਰੀ ਨੇ ਸ਼ਹਿਰ ਦੇ ਵਿਕਾਸ ਅਤੇ ਵੱਡੀ ਪੱਧਰ ’ਤੇ ਜਨਤਾ ਦੇ ਲਾਭ ਲਈ ਪ੍ਰਵਾਨਗੀ ਦਿੱਤੀ।
ਮੀਟਿੰਗ ਵਿੱਚ 3000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਪਾਣੀ ਦੀ ਉਪਲੱਬਧਤਾ 330 ਐੱਮਐੱਲਡੀ ਹੈ ਅਤੇ ਐੱਫਐੱਮਡੀਏ ਦੁਆਰਾ 12 ਨਵੇਂ ਬਰਸਾਤੀ ਖੂਹਾਂ ਦਾ ਨਿਰਮਾਣ ਚੱਲ ਰਿਹਾ ਹੈ, ਜੋ ਸਪਲਾਈ ਸਮਰੱਥਾ ਨੂੰ 450 ਐੱਮਐੱਲਡੀ ਤੱਕ ਲੈ ਜਾਵੇਗਾ। ਮੀਟਿੰਗ ਵਿੱਚ ਵਾਧੂ 22 ਬਰਸਾਤੀ ਖੂਹਾਂ, 70 ਟਿਊਬਵੈੱਲਾਂ ਅਤੇ ਬੂਸਟਿੰਗ ਸਟੇਸ਼ਨਾਂ ਦੀ ਉਸਾਰੀ ਕਰ ਕੇ ਸਾਲ 2031 ਤੱਕ ਜਲ ਸਪਲਾਈ ਨੂੰ 450 ਐੱਮਐੱਲਡੀ ਤੋਂ ਵਧਾ ਕੇ 700 ਐੱਮਐੱਲਡੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਬਡਖਲ ਅਤੇ ਐੱਨਆਈਟੀ ਹਲਕਿਆਂ ਵਿੱਚ ਜਲ ਸਪਲਾਈ ਨੂੰ ਪੂਰਕ ਕਰਨ ਲਈ ਪਿੰਡ ਬਸੰਤਪੁਰ ਵਿੱਚ ਪੰਜ ਬਰਸਾਤੀ ਖੂਹ ਲਗਾਉਣ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਦਿੱਤੀ ਗਈ। ਸੱਤ ਨਵੇਂ ਐੱਸਟੀਪੀ, ਪੰਪਿੰਗ ਸਟੇਸ਼ਨ ਅਤੇ 287 ਕਿਲੋਮੀਟਰ ਲੰਬਾਈ ਦੀ ਮੁੱਖ ਸੀਵਰ ਲਾਈਨ ਦਾ ਨਿਰਮਾਣ, 32 ਫਰੀਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਵਿੱਚ ਸੀਵਰੇਜ ਸਿਸਟਮ ਦੇ ਪੁਨਰਵਾਸ ਅਤੇ ਅਪਗ੍ਰੇਡੇਸ਼ਨ ਲਈ ਇੰਟਰਮੀਡੀਏਟ ਪੰਪਿੰਗ ਸਟੇਸ਼ਨਾਂ ਦੀ ਮੁਰੰਮਤ, 25 ਕਿਲੋਮੀਟਰ ਨਵੀਂ ਮੁੱਖ ਸੀਵਰ ਲਾਈਨ, 90 ਕਿਲੋਮੀਟਰ ਮੁੱਖ ਸੀਵਰ ਲਾਈਨ ਨੂੰ ਅਥਾਰਿਟੀ ਵੱਲੋਂ ਮਨਜ਼ੂਰੀ ਦਿੱਤੀ ਗਈ। ਆਗਰਾ ਨਹਿਰ ਦੇ ਚਾਰ ਮਾਰਗੀ 20 ਕਿਲੋਮੀਟਰ ਲੰਬੀ ਸੜਕ ਹੋਵੇਗੀ। ਇਸ ਰੂਟ ਰਾਹੀਂ, ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਯਾਤਰੀਆਂ ਨੂੰ ਦਿੱਲੀ, ਨੋਇਡਾ ਅਤੇ ਮੇਰਠ, ਬੁਲੰਦਸ਼ਹਿਰ ਜਾਂ ਯਮੁਨਾ ਐਕਸਪ੍ਰੈਸਵੇਅ ਦੇ ਨਾਲ-ਨਾਲ ਫਰੀਦਾਬਾਦ-ਜੇਵਰ ਏਅਰਪੋਰਟ ਰੋਡ ਤੱਕ ਪਹੁੰਚ ਹੋਵੇਗੀ।