ਸ਼ਹਿਰਾਂ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦੇਵਾਂਗੇ: ਜੌੜਾਮਾਜਰਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਅਗਸਤ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇੱਥੋਂ ਦੇ ਸੈਕਟਰ-80 ਸਥਿਤ ਰੀਅਲ ਅਸਟੇਟ ਦੇ ਕਾਰੋਬਾਰੀ ਸਟਾਰ ਲੈਂਡ ਡਿਵੈਲਪਰ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਕੀਤਾ। ਇਸ ਮੌਕੇ ਬੋਲਦਿਆਂ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੰਜਾਬ ਦੇ ਸ਼ਹਿਰੀਕਰਨ ਨੂੰ ਵਧੇਰੇ ਤਰਜੀਹ ਦੇ ਰਹੀ ਹੈ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਜੌੜਾਮਾਜਰਾ ਨੇ ਕਿਹਾ ਕਿ ਸਟਾਰ ਲੈਂਡ ਡਿਵੈਲਪਰ ਦੇ ਐੱਮਡੀ ਤਾਰਾ ਸਿੰਘ ਸਮਾਜ ਸੇਵੀ ਕਾਰਜਾਂ ਵਿੱਚ ਹਮੇਸ਼ਾ ਯਤਨਸ਼ੀਲ ਹਨ ਅਤੇ ਉਨ੍ਹਾਂ ਨੇ ਕਰੋਨਾ ਕਾਲ ਅਤੇ ਹਾਲ ਹੀ ਵਿੱਚ ਪੰਜਾਬ ਵਿੱਚ ਹੜ੍ਹਾਂ ਦੌਰਾਨ ਆਪਣੀ ਟੀਮ ਨਾਲ ਲੋੜਵੰਦਾਂ ਦੀ ਮਦਦ ਕਰਕੇ ਪੁੰਨ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਕਾਲਜਾਂ ਵਿੱਚ ਇਹ ਬਤੌਰ ਚੇਅਰਮੈਨ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਨੇੜੇ ਹੋਣ ਕਾਰਨ ਮੁਹਾਲੀ ਦਾ ਖੇਤਰਫਲ ਲਗਾਤਾਰ ਵਧ ਰਿਹਾ ਹੈ। ਇਸ ਨਾਲ ਜਿੱਥੇ ਮੁਹਾਲੀ ਦੀ ਕਾਇਆ-ਕਲਪ ਹੋਈ ਹੈ ਅਤੇ ਹੋ ਰਹੀ ਹੈ, ਉੱਥੇ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਲਦੀ ਹੀ ਮੁਹਾਲੀ ਵਾਸੀਆਂ ਨੂੰ ਸਿਟੀ ਬੱਸ ਸਰਵਿਸ ਦਾ ਤੋਹਫ਼ਾ ਦੇਣਗੇ। ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਚਨਬੱਧ ਹੈ। ਵੱਖ-ਵੱਖ ਜ਼ਿਲ੍ਹਿਆਂ ’ਚੋਂ ਸਰਵੇਖਣ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਮਾਗਮ ਦੇ ਅਖੀਰ ਵਿੱਚ ਸਟਾਰ ਲੈਂਡ ਡਿਵੈਲਪਰ ਦੇ ਐਮਡੀ ਤਾਰਾ ਸਿੰਘ ਨੇ ਜੌੜਾਮਾਜਰਾ ਸਮੇਤ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।