For the best experience, open
https://m.punjabitribuneonline.com
on your mobile browser.
Advertisement

ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਚੰਡੀਗੜ੍ਹ

07:32 AM Nov 15, 2024 IST
ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਚੰਡੀਗੜ੍ਹ
ਚੰਡੀਗੜ੍ਹ ਵਿੱਚ ਦਰੱਖਤਾਂ ’ਤੇ ਪਾਣੀ ਦਾ ਛਿੜਕਾਅ ਕਰਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 14 ਨਵੰਬਰ
ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅੱਜ ਧੁਆਂਖੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅੱਜ ਦੋਵਾਂ ਸੂਬਿਆਂ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਹਵਾ ਏਕਿਊਆਈ ਔਸਤਨ 427 ਨਾਲ ਦੇਸ਼ ਵਿੱਚ ਸਭ ਤੋਂ ਵੱਧ ਗੰਧਲੀ ਰਹੀ ਹੈ। ਚੰਡੀਗੜ੍ਹ ਦੀਆਂ ਸੜਕਾਂ ’ਤੇ ਸਾਰਾ ਦਿਨ ਧੁਆਂਖੀ ਧੁੰਦ ਪਸਰੀ ਰਹੀ ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਚੰਡੀਗੜ੍ਹ ’ਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) ਔਸਤਨ 427 ਦਰਜ ਕੀਤਾ ਗਿਆ ਹੈ, ਜਦਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਏਕਿਊਆਈ ਔਸਤਨ 424 ਰਿਹਾ। ਹਾਲਾਂਕਿ ਸ਼ਾਮ ਸਮੇਂ ਚੰਡੀਗੜ੍ਹ ਦੀ ਹਵਾ ’ਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-22 ਵਿੱਚ ਦੁਪਹਿਰ ਸਮੇਂ ਏਕਿਊਆਈ 460 ਤੇ ਸੈਕਟਰ-25 ਵਿੱਚ 363 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ-53 ਮੁਹਾਲੀ ’ਚ ਏਕਿਊਆਈ ਦਾ ਪੱਧਰ 453 ਦਰਜ ਕੀਤਾ ਗਿਆ ਹੈ।
ਸੰਘਣੀ ਧੁੰਦ ਪੈਣ ਕਰਕੇ ਅੱਜ ਲੋਕਾਂ ਨੂੰ ਵਾਹਨ ਚਲਾਉਣੇ ਮੁਸ਼ਕਲ ਹੋ ਗਏ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਸੜਕਾਂ ’ਤੇ ਦੂਰ ਤੱਕ ਦੇਖ ਸਕਣ ਦੀ ਸਮਰੱਥਾ ਘੱਟ ਗਈ ਸੀ। ਇਸ ਦੌਰਾਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਵਾਹਨ ਚਲਾਉਣ ਸਮੇਂ ਵੀ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਏਕਿਊਆਈ 325, ਲੁਧਿਆਣਾ ’ਚ 211, ਮੰਡੀ ਗੋਬਿੰਦਗੜ੍ਹ ਵਿੱਚ 210, ਬਠਿੰਡਾ ਵਿੱਚ 192, ਰੂਪਨਗਰ ਵਿੱਚ 304, ਜਲੰਧਰ ਵਿੱਚ 190 ਦਰਜ ਕੀਤਾ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ’ਚ 323, ਪੰਚਕੂਲਾ ਵਿੱਚ 299, ਬਹਾਦੁਰਗੜ੍ਹ ਵਿੱਚ 293, ਹਿਸਾਰ ’ਚ 289, ਸੋਨੀਪਤ ਵਿੱਚ 269, ਕੈਥਲ ਵਿੱਚ 246, ਕੁਰੂਕਸ਼ੇਤਰ ਵਿੱਚ 223 ਤੇ ਯਮੁਨਾਨਗਰ ਵਿੱਚ ਏਕਿਊਆਈ 228 ਦਰਜ ਕੀਤਾ ਗਿਆ ਹੈ।

Advertisement

ਮਨੀਸ਼ ਤਿਵਾੜੀ ਨੇ ਸਕੂਲ ਬੰਦ ਕਰਨ ਦੀ ਕੀਤੀ ਮੰਗ

ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵਧਦੇ ਹਵਾ ਪ੍ਰਦੂਸ਼ਣ ਨੂੰ ਧਿਆਨ ’ਚ ਰਖਦਿਆਂ ਸ਼ਹਿਰ ਦੇ ਸਕੂਲ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਐਕਸ ’ਤੇ ਲਿਖਿਆ ਕਿ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੈ, ਜਿਸ ਕਰਕੇ ਲੋਕਾਂ ਨੂੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਯੂਟੀ ਦੇ ਪ੍ਰਸ਼ਾਸਕ ਨੂੰ ਸਕੂਲਾਂ ਵਿੱਚ ਛੁੱਟੀਆਂ ਕਰ ਦੇਣੀ ਚਾਹੀਦੀਆਂ ਹਨ।

Advertisement

ਦਿੱਲੀ ’ਚ ਪੰਜਵੀਂ ਤੱਕ ਆਨਲਾਈਨ ਕਲਾਸਾਂ ਲੱਗਣਗੀਆਂ

ਨਵੀਂ ਦਿੱਲੀ: ਦਿੱਲੀ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਅਗਲੇ ਹੁਕਮਾਂ ਤੱਕ ਪੰਜਵੀਂ ਕਲਾਸ ਤੱਕ ਆਨਲਾਈਨ ਕਲਾਸਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਆਤਿਸ਼ੀ ਨੇ ਐਕਸ ’ਤੇ ਇਹ ਐਲਾਨ ਕਰਦਿਆਂ ਕਿਹਾ, ‘‘ਵਧਦੇ ਪ੍ਰਦੂਸ਼ਣ ਦੇ ਪੱਧਰ ਕਾਰਨ ਅਗਲੇ ਹੁਕਮਾਂ ਤੱਕ ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ ਆਨਲਾਈਨ ਕਲਾਸਾਂ ਲਗਾਉਣਗੇ।’’ ਇਸੇ ਦੌਰਾਨ ਕੌਮੀ ਰਾਜਧਾਨੀ ਵਿੱਚ ਉਸਾਰੀ ਤੇ ਭੰਨਤੋੜ ਦੀਆਂ ਗਤੀਵਿਧੀਆਂ, ਸਾਰੀਆਂ ਅੰਤਰ-ਰਾਜੀ ਬੱਸਾਂ, ਖਣਨ ਨਾਲ ਸਬੰਧਤ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। -ਪੀਟੀਆਈ

ਸੁਪਰੀਮ ਕੋਰਟ ਦਿੱਲੀ ਪ੍ਰਦੂਸ਼ਣ ਨਾਲ ਸਬੰਧਤ ਪਟੀਸ਼ਨ ’ਤੇ 18 ਨੂੰ ਕਰੇਗੀ ਸੁਣਵਾਈ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ’ਤੇ ਰੋਕ ਲਗਾਉਣ ਦੇ ਉਪਾਵਾਂ ਨੂੰ ਲਾਗੂ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ 18 ਨਵੰਬਰ ਲਈ ਤਤਕਾਲ ਸੂਚੀਬੱਧ ਕਰਨ ’ਤੇ ਸਹਿਮਤੀ ਜਤਾਈ ਹੈ। ਅਦਾਲਤ ਨੂੰ ਅਪੀਲ ਕੀਤੀ ਗਈ ਕਿ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਨਾ ਬਣ ਜਾਵੇ ਇਸ ਲਈ ਪਟੀਸ਼ਨ ਨੂੰ ਤਤਕਾਲ ਸੂਚੀਬੱਧ ਕੀਤਾ ਜਾਵੇ। ਇਸ ਮਗਰੋਂ ਅਦਾਲਤ ਨੇ ਦਿੱਲੀ ਵਿੱਚ ਪ੍ਰਦੂਸ਼ਣ ਨਾਲ ਸਬੰਧਿਤ ਪਟੀਸ਼ਨ ’ਤੇ 18 ਨਵੰਬਰ ਨੂੰ ਸੁਣਵਾਈ ਕਰਨ ’ਤੇ ਸਹਿਮਤੀ ਜਤਾਈ। ਸੀਨੀਅਰ ਵਕੀਲ ਅਪਰਾਜਿਤਾ ਸਿੰਘ, ਜਿਸ ਨੂੰ ਨਿਆਂ ਮਿੱਤਰ ਨਿਯੁਕਤ ਕੀਤਾ ਗਿਆ ਹੈ, ਨੇ ਜਸਟਿਸ ਅਭੈ ਐੱਸ. ਓਕਾ ਅਤੇ ਅਗਸਤੀਨ ਜੌਰਜ ਮਸੀਹ ਦੇ ਬੈਂਚ ਤੋਂ ਦਿੱਲੀ ਵਿੱਚ ਮੌਜੂਦਾ ਸਥਿਤੀ ਨੂੰ ਦੇਖਦਿਆਂ ਤਤਕਾਲ ਸੁਣਵਾਈ ਦੀ ਮੰਗ ਕੀਤੀ ਸੀ। ਇਸ ਮਗਰੋਂ ਬੈਂਚ ਨੇ ਕਿਹਾ ਕਿ 18 ਨਵੰਬਰ ਨੂੰ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ। -ਪੀਟੀਆਈ

Advertisement
Author Image

sukhwinder singh

View all posts

Advertisement