ਜੰਮੂ ਕਸ਼ਮੀਰ ’ਚ ਪਛੜੇ ਵਰਗਾਂ ਦਾ ਰਾਖਵਾਂਕਰਨ ਕਾਇਮ ਰੱਖਾਂਗੇ: ਭਾਜਪਾ
ਜੰਮੂ, 24 ਅਗਸਤ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਦੇਵੇਂਦਰ ਸਿੰਘ ਰਾਣਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਾਰਾ 370 ਰੱਦ ਹੋਣ ਤੋਂ ਬਾਅਦ ਵੀ ਪਛੜੇ ਵਰਗਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਕਾਇਮ ਰੱਖੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕਰ ਦੇਵੇਗਾ।
ਉਨ੍ਹਾਂ ਕਿਹਾ ਕਿ ਸ਼ੰਕਰਚਾਰੀਆ ਪਰਬਤ ਦਾ ਨਾਂ ਬਦਲ ਕੇ ‘ਤਖ਼ਤ-ਏ-ਸੁਲੇਮਾਨ’ ਅਤੇ ਹਰਿ ਪਰਬਤ ਦਾ ਨਾਂ ਬਦਲ ਕੇ ‘ਕੋਹ-ਏ-ਮਾਰਾਨ’ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਦੋਵੇਂ ਸਥਾਨ ਪਵਿੱਤਰ ਹਨ ਤੇ ਸਾਡੀ ਆਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਕਾਂਗਰਸ ਨੇ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਕੀਤਾ ਹੈ ਜਿਸ ਨੇ ਆਪਣੇ ਮੈਨੀਫੈਸਟੋ ’ਚ ਐੱਸਸੀ, ਐੱਸਟੀ ਤੇ ਓਬੀਸੀ ਦਾ ਰਾਖਵਾਂਕਰਨ ਹਟਾਉਣ/ਸਮੀਖਿਆ ਕਰਨ ਦੀ ਗੱਲ ਕੀਤੀ ਸੀ, ਭਾਵੇਂ ਉਹ ਸਿਆਸੀ ਰਾਖਵਾਂਕਰਨ ਹੋਵੇ ਜਾਂ ਨੌਕਰੀਆਂ ’ਚ ਰਾਖਵਾਂਕਰਨ।’ ਰਾਣਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਲਈ ਪ੍ਰਤੀਬੱਧ ਹੈ ਅਤੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਨੂੰ ਅਨੁਸੂਚਿਤ ਜਾਤਾਂ, ਗੁੱਜਰਾਂ, ਪਹਾੜੀਆਂ ਤੇ ਹੋਰ ਪਛੜੇ ਵਰਗਾਂ ਦੇ ਲੋਕਾਂ ਦੀ ਕਿਸਮਤ ਨਾਲ ਨਹੀਂ ਖੇਡਣ ਦੇਵਾਂਗੇ।’ ਉਨ੍ਹਾਂ ਕਿਹਾ ਕਿ ਭਾਜਪਾ ਡਾ. ਬੀਆਰ ਅੰਬੇਡਕਰ ਵੱਲੋਂ ਤਿਆਰ ਸੰਵਿਧਾਨ ਨੂੰ ਕਾਇਮ ਰੱਖਣ ਲਈ ਦ੍ਰਿੜ੍ਹ ਹੈ ਅਤੇ ਜੰਮੂ ਖੇਤਰ ਨਾਲ ਕਿਸੇ ਤਰ੍ਹਾਂ ਪੱਖਪਾਤ ਨਹੀਂ ਹੋਣ ਦੇਵੇਗੀ। ਇਸੇ ਦੌਰਾਨ ਕਾਂਗਰਸ ਦਾ ਇੱਕ ਆਗੂ ਤੇ ਇੱਕ ਸਾਬਕਾ ਪੁਲੀਸ ਅਧਿਕਾਰੀ ਆਪਣੇ ਹਮਾਇਤੀ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। -ਪੀਟੀਆਈ