ਅਡਾਨੀ ਮਾਮਲੇ ਕਾਰਨ ਭਾਰਤ ਨਾਲ ਸਬੰਧਾਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ: ਅਮਰੀਕਾ
ਵਾਸ਼ਿੰਗਟਨ, 22 ਨਵੰਬਰ
ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ’ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਮਗਰੋਂ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਮਜ਼ਬੂਤ ਨੀਂਹ ’ਤੇ ਟਿਕੇ ਹੋਏ ਹਨ ਅਤੇ ਦੋਵੇਂ ਮੁਲਕਾਂ ਦੇ ਰਿਸ਼ਤਿਆਂ ’ਚ ਕੋਈ ਫ਼ਰਕ ਨਹੀਂ ਆਵੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਗੌਤਮ ਅਡਾਨੀ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਜਾਣੂ ਹੈ ਅਤੇ ਉਸ ਨੂੰ ਯਕੀਨ ਹੈ ਕਿ ਇਸ ਮਗਰੋਂ ਪੈਦਾ ਹੋਏ ਹਾਲਾਤ ਨਾਲ ਦੋਵੇਂ ਮੁਲਕ ਸਿੱਝ ਲੈਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਵੀਰਵਾਰ ਨੂੰ ਆਪਣੇ ਰੋਜ਼ਾਨਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਅਡਾਨੀ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਜਾਣੂ ਹੈ। ਪੀਅਰੇ ਨੇ ਕਿਹਾ, ‘‘ਜ਼ਾਹਿਰ ਹੈ ਕਿ ਅਸੀਂ ਇਨ੍ਹਾਂ ਦੋਸ਼ਾਂ ਤੋਂ ਜਾਣੂ ਹਾਂ ਅਤੇ ਮੈਂ ਤੁਹਾਨੂੰ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਲਈ ਐੱਸਈਸੀ (ਸਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ) ਅਤੇ ਡੀਓਜੇ (ਨਿਆਂ ਵਿਭਾਗ) ਨਾਲ ਸੰਪਰਕ ਕਰਨ ਲਈ ਆਖਾਂਗੀ। ਅਮਰੀਕਾ ਅਤੇ ਭਾਰਤ ਦੇ ਸਬੰਧਾਂ ਬਾਰੇ ਮੈਂ ਸਿਰਫ਼ ਇਹੋ ਆਖਾਂਗੀ ਕਿ ਸਾਡਾ ਮੰਨਣਾ ਹੈ ਕਿ ਇਹ ਸਬੰਧ ਸਾਡੇ ਲੋਕਾਂ ਦੇ ਆਪਸੀ ਸਬੰਧਾਂ ਅਤੇ ਕਈ ਆਲਮੀ ਮੁੱਦਿਆਂ ਨੂੰ ਲੈ ਕੇ ਸਹਿਯੋਗ ’ਤੇ ਆਧਾਰਿਤ ਇਕ ਬੇਹੱਦ ਮਜ਼ਬੂਤ ਨੀਂਹ ’ਤੇ ਟਿਕੇ ਹੋਏ ਹਨ।’’ ਉਨ੍ਹਾਂ ਸਥਿਤੀ ਨਾਲ ਸਿੱਝਣ ’ਚ ਦੋਵੇਂ ਮੁਲਕਾਂ ਦੀ ਸਮਰੱਥਾ ’ਤੇ ਭਰੋਸਾ ਜਤਾਇਆ। ਪ੍ਰੈੱਸ ਸਕੱਤਰ ਨੇ ਕਿਹਾ, ‘‘ਸਾਡਾ ਮੰਨਣਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਇਸ ਮੁੱਦੇ ਨੂੰ ਉਸੇ ਤਰ੍ਹਾਂ ਹੱਲ ਕਰ ਲਵਾਂਗੇ ਜਿਵੇਂ ਕਿ ਅਸੀਂ ਹੋਰ ਮੁੱਦਿਆਂ ਦਾ ਹੱਲ ਕੱਢਿਆ ਹੈ।’’ ਅਮਰੀਕੀ ਨਿਆਂ ਵਿਭਾਗ ਨੇ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਡਾਨੀ, ਉਸ ਦੇ ਭਤੀਜੇ ਸਾਗਰ ਅਤੇ ਛੇ ਹੋਰਾਂ ’ਤੇ ਮਹਿੰਗੀ ਸੂਰਜੀ ਊਰਜਾ ਖ਼ਰੀਦਣ ਲਈ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਦੋਸ਼ਾਂ ’ਚ ਅਧਿਕਾਰੀਆਂ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ਤੋਂ ਅਡਾਨੀ ਗਰੁੱਪ ਨੂੰ 20 ਸਾਲ ਤੋਂ ਵਧ ਸਮੇਂ ’ਚ ਦੋ ਅਰਬ ਡਾਲਰ ਤੋਂ ਵਧ ਲਾਭ ਹੋਣ ਦੀ ਉਮੀਦ ਜਤਾਈ ਗਈ ਹੈ। ਉਂਜ ਅਡਾਨੀ ਗਰੁੱਪ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਗਰੁੱਪ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। -ਏਐੱਨਆਈ
ਸਿਆਸੀ ਆਗੂਆਂ ਨੇ ਅਡਾਨੀ ਦੀ ਗ੍ਰਿਫ਼ਤਾਰੀ ਮੰਗੀ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਅਮਰੀਕਾ ’ਚ ਦੋਸ਼ ਲੱਗਣ ਮਗਰੋਂ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਦੋਵੇਂ ਆਗੂਆਂ ਨੇ ਅਡਾਨੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸੰਸਦ ਦੇ ਆਉਂਦੇ ਇਜਲਾਸ ਦੌਰਾਨ ਇਹ ਮੁੱਦਾ ਚੁਕਣਗੇ। ਰਾਹੁਲ ਗਾਂਧੀ ਨੇ ਐਕਸ ’ਤੇ ਲੋਕਾਂ ਨੂੰ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੀ ਖ਼ਤਰਨਾਕ ਖੇਡ ਨੂੰ ਸਮਝਣ, ਜਿਸ ਵਿੱਚ ਉਨ੍ਹਾਂ ਦਾ ਹੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਡਾਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ-ਦੂਜੇ ਦਾ ਬਚਾਅ ਕਰਨ ’ਚ ਲੱਗੇ ਹੋਏ ਹਨ ਪਰ ਆਮ ਭਾਰਤੀਆਂ ਨੂੰ ਉਸ ਦੀ ਕੀਮਤ ਤਾਰਨੀ ਪੈ ਰਹੀ ਹੈ। ਆਰਜੇਡੀ ਮੁਖੀ ਲਾਲੂ ਯਾਦਵ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਗਈ ਮੰਗ ਜਾਇਜ਼ ਹੈ। ਉਧਰ ਬਿਹਾਰ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਨੇ ਐਲਾਨ ਕੀਤਾ ਕਿ ਦੇਸ਼ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਲਈ ਅਡਾਨੀ ਗਰੁੱਪ ਖ਼ਿਲਾਫ਼ ਪਾਰਟੀ ਵੱਲੋਂ ਸ਼ਨਿਚਰਵਾਰ ਨੂੰ ਪਟਨਾ ’ਚ ਰੋਸ ਮਾਰਚ ਕੱਢਿਆ ਜਾਵੇਗਾ। -ਪੀਟੀਆਈ
ਸ਼ੇਅਰ ਬਾਜ਼ਾਰਾਂ ਨੇ ਅਡਾਨੀ ਸਮੂਹ ਮਾਮਲੇ ’ਚ ਸਪੱਸ਼ਟੀਕਰਨ ਮੰਗਿਆ
ਨਵੀਂ ਦਿੱਲੀ: ਘਰੇਲੂ ਸ਼ੇਅਰ ਬਾਜ਼ਾਰਾਂ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਖੁਲਾਸਾ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ’ਚ ਸਪੱਸ਼ਟੀਕਰਨ ਮੰਗਿਆ ਹੈ। ਇਹ ਸਪੱਸ਼ਟੀਕਰਨ ਅਮਰੀਕਾ ’ਚ ਕਥਿਤ ਰਿਸ਼ਵਤ ਮਾਮਲੇ ਅਤੇ ਉਸ ਤੋਂ ਬਾਅਦ ਕੀਨੀਆ ਦੇ ਹਵਾਈ ਅੱਡੇ ਦੇ ਵਿਸਤਾਰ ਸਬੰਧੀ ਸੌਦਾ ਰੱਦ ਕਰਨ ਦੇ ਸਬੰਧ ’ਚ ਮੰਗਿਆ ਗਿਆ ਹੈ। ਅਡਾਨੀ ਸਮੂਹ ਨੇ ਹੁਣ ਤੱਕ ਸ਼ੇਅਰ ਬਾਜ਼ਾਰਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਸਬੰਧੀ ਸੇਬੀ ਦੇ ਅਧਿਕਾਰੀਆਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਖੁਲਾਸਾ ਨਿਯਮਾਂ ਤੇ ਹੋਰ ਕੋਈ ਉਲੰਘਣਾ ਹੈ ਤਾਂ ਰੈਗੂਲੇਟਰ ਨੂੰ ਲਾਜ਼ਮੀ ਤੌਰ ’ਤੇ ਇਸ ਦੀ ਜਾਂਚ ਕਰਨੀ ਹੋਵੇਗੀ ਅਤੇ ਜ਼ਰੂਰੀ ਕਾਰਵਾਈ ਕਰਨੀ ਪਵੇਗੀ। -ਪੀਟੀਆਈ
ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਪਰਤੀ
ਮੁੰਬਈ: ਸਥਾਨਕ ਸ਼ੇਅਰ ਬਾਜ਼ਾਰ ’ਚ ਅੱਜ ਤੇਜ਼ੀ ਪਰਤ ਆਈ ਹੈ ਅਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੇਕਸ 1,961.32 ਅੰਕ ਵੱਧ ਕੇ ਮੁੜ 79 ਹਜ਼ਾਰ ਦੇ ਪੱਧਰ ਤੱਕ ਪਹੁੰਚ ਗਿਆ ਜਦਕਿ ਨਿਫਟੀ ’ਚ ਵੀ 557.35 ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਅਡਾਨੀ ਸਮੂਹ ਦੀਆਂ ਛੇ ਕੰਪਨੀਆਂ ਦੇ ਸ਼ੇਅਰਾਂ ’ਚ ਵੀ ਬੀਤੇ ਦਿਨ ਦੀ ਗਿਰਾਵਟ ਤੋਂ ਬਾਅਦ ਅੱਜ ਉਛਾਲ ਆਇਆ ਹੈ। ਤੀਹ ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਂਸੇਕਸ 2.54 ਫੀਸਦ ਦੇ ਵਾਧੇ ਨਾਲ 1961.32 ਅੰਕ ਵੱਧ ਕੇ 79,117.11 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 2,062.4 ਅੰਕ ਤੱਕ ਵਧ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 2.39 ਫੀਸਦ ਦੇ ਵਾਧੇ ਨਾਲ 557.35 ਅੰਕ ਵੱਧ ਕੇ 23,907.25 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਕੌਮੀ ਰਾਜਧਾਨੀ ’ਚ ਅੱਜ ਸੋਨੇ ਦਾ ਭਾਅ 1100 ਰੁਪਏ ਵੱਧ ਕੇ 84,400 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ ਜਦਕਿ ਚਾਂਦੀ ਵੀ 300 ਰੁਪਏ ਮਹਿੰਗੀ ਹੋ ਕੇ 93,300 ਰੁਪਏ ਪ੍ਰਤੀ ਕਿਲੋ ਹੋ ਗਈ ਹੈ। -ਪੀਟੀਆਈ
ਅਡਾਨੀ ਤੇ ਹੋਰਾਂ ਖ਼ਿਲਾਫ਼ ਜਾਰੀ ਹੋ ਸਕਦੇ ਨੇ ਗ੍ਰਿਫ਼ਤਾਰੀ ਵਾਰੰਟ: ਅਟਾਰਨੀ
ਨਿਊਯਾਰਕ: ਭਾਰਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਸੱਤ ਹੋਰਾਂ ਖ਼ਿਲਾਫ਼ ਅਮਰੀਕਾ ਦੀ ਅਦਾਲਤ ’ਚ ਲੱਗੇ ਦੋਸ਼ਾਂ ਦਾ ਮਾਮਲਾ ਕਾਫੀ ਅੱਗੇ ਵਧ ਸਕਦਾ ਹੈ ਅਤੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੇ ਨਾਲ ਹਵਾਲਗੀ ਦੀਆਂ ਕੋਸ਼ਿਸ਼ਾਂ ਵੀ ਹੋ ਸਕਦੀਆਂ ਹਨ। ਕਰੋੜਾਂ ਡਾਲਰ ਦੀ ਰਿਸ਼ਵਤਖੋਰੀ ਦੇ ਮਾਮਲੇ ’ਚ ਅਮਰੀਕਾ ਦੀ ਅਦਾਲਤ ’ਚ ਦੀਵਾਨੀ ਅਤੇ ਫੌਜਦਾਰੀ ਦੋਸ਼ ਲਾਏ ਜਾਣ ਮਗਰੋਂ ਇਥੇ ਉੱਘੇ ਅਟਾਰਨੀ ਨੇ ਇਹ ਗੱਲ ਆਖੀ। ਭਾਰਤੀ-ਅਮਰੀਕੀ ਵਕੀਲ ਰਵੀ ਬੱਤਰਾ ਨੇ ਵੀਰਵਾਰ ਨੂੰ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਮਰੀਕੀ ਅਟਾਰਨੀ ਬ੍ਰਾਇਨ ਪੀਸ ਨੂੰ ਅਡਾਨੀ ਅਤੇ ਸੱਤ ਹੋਰਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਅਤੇ ਉਥੇ ਭੇਜੇ ਜਾਣ ਦਾ ਅਧਿਕਾਰ ਹੈ ਜਿਥੇ ਉਹ ਰਹਿੰਦੇ ਹਨ।’’ ਉਨ੍ਹਾਂ ਕਿਹਾ, ‘‘ਜੇ ਉਸ ਮੁਲਕ ਨਾਲ ਹਵਾਲਗੀ ਸੰਧੀ ਹੈ, ਜਿਵੇਂ ਭਾਰਤ ਨਾਲ ਹੈ ਤਾਂ ਮੁਲਕਾਂ ਵਿਚਕਾਰ ਦੁਵੱਲੇ ਸਮਝੌਤੇ ਮੁਤਾਬਕ ਮੂਲ ਦੇਸ਼ ਨੂੰ ਅਮਰੀਕਾ ਵੱਲੋਂ ਹਵਾਲਗੀ ਮੰਗੇ ਗਏ ਵਿਅਕਤੀ ਨੂੰ ਸੌਂਪਣਾ ਚਾਹੀਦਾ ਹੈ। ਇਹ ਇਕ ਅਮਲ ਹੈ ਜਿਸ ਦਾ ਮੂਲ ਦੇਸ਼ ਨੂੰ ਆਪਣੇ ਕਾਨੂੰਨਾਂ ਮੁਤਾਬਕ ਪਾਲਣ ਕਰਨਾ ਚਾਹੀਦਾ ਹੈ।’’ ਭਾਰਤ-ਅਮਰੀਕਾ ਹਵਾਲਗੀ ਸੰਧੀ ’ਤੇ 1997 ’ਚ ਦਸਤਖ਼ਤ ਕੀਤੇ ਗਏ ਸਨ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਪੀਸ ਨੇ ਅਡਾਨੀ, ਉਸ ਦੇ ਭਤੀਜੇ ਸਾਗਰ (ਅਡਾਨੀ ਗਰੀਨ ਐਨਰਜੀ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ) ਅਤੇ ਉਸ ਦੇ ਸਾਬਕਾ ਸੀਈਓ ਵਿਨੀਤ ਐੱਸ ਜੈਨ ਖ਼ਿਲਾਫ਼ ਪੰਜ ਮਾਮਲਿਆਂ ’ਚ ਦੋਸ਼ ਆਇਦ ਕਰਨ ਦਾ ਐਲਾਨ ਕੀਤਾ ਹੈ।
ਬੱਤਰਾ ਨੇ ਕਿਹਾ ਕਿ ਜਦੋਂ ਅਮਰੀਕੀ ਬਾਜ਼ਾਰਾਂ ਦਾ ਮਾਮਲਾ ਹੁੰਦਾ ਹੈ ਤਾਂ ਮੁਲਕ ਦੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਜਦਕਿ ਅੱਠ ਮੁਲਜ਼ਮਾਂ ਕੋਲ ਸੰਵਿਧਾਨਕ ਤੌਰ ’ਤੇ ਬੇਗੁਨਾਹੀ ਸਾਬਤ ਕਰਨ ਦਾ ਪੂਰਾ ਮੌਕਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਵਿਦੇਸ਼ੀ ਭ੍ਰਿਸ਼ਟ ਆਚਰਣ ਐਕਟ ਵਿਦੇਸ਼ੀ ਅਧਿਕਾਰੀਆਂ ਨੂੰ ਕੰਮ ਦੇ ਬਦਲੇ, ਗ਼ੈਰਕਾਨੂੰਨੀ ਕੰਮ ਕਰਨ ਜਾਂ ਗਲਤ ਲਾਭ ਹਾਸਲ ਕਰਨ ਲਈ ਭੁਗਤਾਨ ਕਰਨ ’ਤੇ ਰੋਕ ਲਗਾਉਂਦਾ ਹੈ। -ਪੀਟੀਆਈ