ਅਗਲੇ ਵਿੱਤੀ ਵਰ੍ਹੇ ਤੋਂ ਖੇਡਾਂ ਲਈ ਵੱਡਾ ਬਜਟ ਰੱਖਾਂਗੇ: ਭਗਵੰਤ ਮਾਨ
ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਵਿੱਤੀ ਵਰ੍ਹੇ ਤੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਖੇਡਾਂ ਵਾਸਤੇ ਵੱਡਾ ਬਜਟ ਰੱਖੇਗੀ ਤਾਂ ਜੋ ਸੂਬੇ ਵਿੱਚ ਖੇਡ ਸਭਿਆਚਾਰ ਪ੍ਰਫੁੱਲਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ‘ਰੁਜ਼ਗਾਰ ਮਿਸ਼ਨ’ ਵੀ ਜਵਾਨੀ ਨੂੰ ਸਹੀ ਮੋੜਾ ਦੇਣ ਲਈ ਹੈ ਤੇ ਇਸੇ ਤਹਿਤ ਹਰ ਵਰ੍ਹੇ ਪੁਲੀਸ ’ਚ ਰੈਗੂਲਰ 2100 ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਅੱਜ ਆਪਣੀ ਰਿਹਾਇਸ਼ ’ਤੇ ਨਵੇਂ ਬਣੇ ਆਡੀਟੋਰੀਅਮ ’ਚ 11 ਖਿਡਾਰੀਆਂ ਨੂੰ ਪੀਸੀਐੱਸ ਅਤੇ ਪੀਪੀਐੱਸ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰੀ ਨੌਕਰੀਆਂ ਨੇ ਪਰਵਾਸ ਨੂੰ ਪੁੱਠਾ ਗੇੜ ਦਿੱਤਾ ਹੈ, ਉਸੇ ਤਰ੍ਹਾਂ ਖੇਡਾਂ ਦੇ ਖੇਤਰ ’ਚ ਵੀ ਤਬਦੀਲੀ ਆਵੇਗੀ। ਦੂਜੇ ਸੂਬਿਆਂ ਦੇ ਖਿਡਾਰੀ ਵੀ ਪੰਜਾਬ ਸਰਕਾਰ ਦਾ ਹਿੱਸਾ ਬਣਨ ਵਾਸਤੇ ਤਿਆਰ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਾਕੀ ਦੀ ਪੁਰਾਣੀ ਸ਼ਾਨ ਬਹਾਲ ਕਰੇਗੀ। ਉਨ੍ਹਾਂ ਕਿਹਾ ਪੰਜਾਬ ਦਾ ਅੰਨਦਾਤਾ ਦੇਸ਼ ਦਾ ਢਿੱਡ ਭਰਦਾ ਹੈ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਪੰਜਾਬ ਦੇ ਸੂਰਬੀਰ ਪੁੱਤਰਾਂ ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੂਬਾ ਦੇਸ਼ ਲਈ ਖਿਡਾਰੀ ਵੀ ਪੈਦਾ ਕਰਦਾ ਹੈ। ਉਨ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪਹਿਲੇ ਮੁੱਖ ਮੰਤਰੀਆਂ ਨੇ ਖੇਡਾਂ ਪ੍ਰਤੀ ਉਦਾਸੀਨ ਰਵੱਈਆ ਅਪਣਾਈ ਰੱਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੌਮਾਂਤਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਾਰੇ 100 ਫੀਸਦੀ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਮੁਹਿੰਮ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸਭ ਤੋਂ ਅਸਰਦਾਰ ਸਾਧਨ ਹੋ ਸਕਦਾ ਹੈ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅੱਜ ਦੀਆਂ ਨਿਯੁਕਤੀਆਂ ਉਭਰਦੇ ਖਿਡਾਰੀਆਂ ਨੂੰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਗੀਆਂ। ਮੁੱਖ ਮੰਤਰੀ ਨੇ ਸਮਾਗਮ ਮਗਰੋਂ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ। ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੇ 2021 ਵਿੱਚ ਤਮਗਾ ਜਿੱਤਿਆ ਸੀ ਪਰ ਅੱਜ ਇਹ ਨੌਕਰੀ ਮਿਲੀ ਹੈ। ਬਾਕੀ ਖਿਡਾਰੀਆਂ ਨੇ ਵੀ ਆਪਣਾ ਤਜਰਬੇ ਵੀ ਸਾਂਝੇ ਕੀਤੇ। ਅੱਜ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ ਅਤੇ ਦਿਲਪ੍ਰੀਤ ਸਿੰਘ (ਹਾਕੀ ਤੋਂ) ਅਤੇ ਹਰਮਨਪ੍ਰੀਤ ਕੌਰ (ਕ੍ਰਿਕਟ) ਤੇ ਤੇਜਿੰਦਰ ਤੂਰ (ਸ਼ਾਟ ਪੁੱਟ) ਨੂੰ ਪੀਪੀਐੱਸ ਅਤੇ ਚਾਰ ਹਾਕੀ ਖਿਡਾਰੀਆਂ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਨੂੰ ਪੀਸੀਐੱਸ ਨਿਯੁਕਤ ਕੀਤਾ ਗਿਆ ਹੈ।
ਨੌਜਵਾਨ ਜੇਲ੍ਹਾਂ ’ਚੋਂ ਬਾਹਰ ਆ ਕੇ ਉਸਾਰੂ ਕੰਮਾਂ ’ਚ ਲੱਗਣ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਜੇਲ੍ਹਾਂ ਵਿਚ ਜਾਣ, ਬਸ਼ਰਤੇ ਕੋਈ ਕਾਨੂੰਨ ਨਾ ਤੋੜੇ। ਸਰਕਾਰ ਤਾਂ ਇਹ ਸੋਚ ਰੱਖ ਰਹੀ ਹੈ ਕਿ ਜੇਲ੍ਹਾਂ ’ਚੋਂ ਬਾਹਰ ਆਉਣ ਵਾਲੇ ਉਸਾਰੂ ਕੰਮਾਂ ’ਚ ਜੁਟਣ, ਨਾ ਕਿ ਧਮਕੀਆਂ ਜਾਂ ਗੈਗਸਟਰਾਂ ਵਾਲੇ ਰਾਹ ਪੈਣ। ਔਰਤਾਂ ਨੂੰ ਮੰਦਾ ਬੋਲਣ ਵਾਲਿਆਂ ਨੂੰ ਤਾਂ ਗੁਰੂ ਨਾਨਕ ਦੇਵ ਨੇ ਵੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੇਲ੍ਹਾਂ ਹੀ ਭਰੀਆਂ ਪਈਆਂ ਹਨ ਤੇ ਉਹ ਚਾਹੁੰਦੇ ਹਨ ਕਿ ਜੇਲ੍ਹਾਂ ਖਾਲੀ ਹੋਣ।
‘ਭਗਤ ਿਸੰਘ, ਸਰਾਭਾ ਤੇ ਊਧਮ ਸਿੰਘ ਨੂੰ ਵੀ ਭਾਰਤ ਰਤਨ ਦਿੱਤਾ ਜਾਵੇ’
ਚੰਡੀਗੜ੍ਹ (ਟਨਸ): ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ‘ਭਾਰਤ ਰਤਨ’ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਭਾਰਤ ਰਤਨ’ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਵਰਗਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਉਹ ਲੋਕ ਸਭਾ ਮੈਂਬਰ ਰਹਿੰਦਿਆਂ ਸੰਸਦ ’ਚ ਵੀ ਇਹ ਮੁੱਦਾ ਚੁੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੇਸ਼ ਭਗਤਾਂ ਨੂੰ ‘ਭਾਰਤ ਰਤਨ’ ਦੇਣ ਨਾਲ ਇਸ ਐਵਾਰਡ ਦੀ ਇੱਜ਼ਤ ਵਧੇਗੀ ਤੇ ਲੋਕ ਵੀ ਕਹਿਣਗੇ ਕਿ ਯੋਗ ਵਿਅਕਤੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਹੈ।