ਅਕਾਲ ਤਖਤ ਦੇ ਜਥੇਦਾਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਸੜਕ ਦਾ ਜਾਇਜ਼ਾ
ਬਲਵਿੰਦਰ ਰੈਤ
ਨੂਰਪੁਰ ਬੇਦੀ, 25 ਨਵੰਬਰ
ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲਿਆਂ ਵੱਲੋਂ ਪ੍ਰਬੰਧਕ ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਕਾਰ ਸੇਵਾ ਰਾਹੀਂ ਬਣਾਈ ਜਾ ਰਹੀ ਆਨੰਦਪੁਰ ਤੋਂ ਗੜ੍ਹਸ਼ੰਕਰ ਮਾਰਗ ’ਤੇ ਕਾਹਨਪੁਰ ਖੂਹੀ ਤੋਂ ਪੋਜੇਵਾਲ ਸੜਕ ਦਾ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਇਜ਼ਾ ਲਿਆ। ਇਸ ਸੜਕ ਦਾ ਨਿਰਮਾਣ ਪਿਛਲੇ ਨੌਂ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਦਾ ਕੁਝ ਕੁ ਹਿੱਸਾ ਮੁਕੰਮਲ ਵੀ ਕਰ ਲਿਆ ਗਿਆ ਹੈ।
ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਵੱਲੋ ਕੀਤੀ ਜਾ ਰਹੀ ਇਸ ਸੇਵਾ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਨਾਲ ਸੰਗਤਾਂ ਦੀ ਦਹਾਕਿਆਂ ਤੋਂ ਮੰਗ ਪੂਰੀ ਹੋਵੇਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਸਾਲ ਹੋਲਾ ਮਹੱਲਾ ਮੌਕੇ ਪੰਜਾਬ ਦੇ ਤਕਰੀਬਨ 16 ਜਿਲ੍ਹਿਆਂ ਦੀ ਸੰਗਤ ਇਸ ਮਾਰਗ ਰਾਹੀਂ ਆਨੰਦਪੁਰ ਸਾਹਿਬ ਪੁਜਦੀ ਹੈ ਪਰ ਲੰਮੇ ਸਮੇਂ ਤੋੰ ਇਸ ਸੜਕ ਨੂੰ ਬਣਾਉਣ ਲਈ ਸਰਕਾਰਾਂ ਵੱਲੋੰ ਕੋਈ ਖਾਸ ਯਤਨ ਨਹੀਂ ਕੀਤੇ ਗਏ। ਹੁਣ ਸੰਗਤ ਦੀ ਮੁਸ਼ਕਲ ਨੂੰ ਦੇਖਦੇ ਹੋਏ ਮਜਬੂਰਨ ਕਾਰ ਸੇਵਾ ਸੰਪਰਦਾ ਵੱਲੋਂ ਆਪਣੇ ਪੱਧਰ ’ਤੇ ਜੋ ਯਤਨ ਕੀਤੇ ਗਏ ਹਨ ਉਹ ਸ਼ਲਾਘਾਯੋਗ ਹਨ। ਉਨ੍ਹਾਂ ਇਸ ਮੌਕੇ ਸੰਗਤ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਸੜਕ ਦੀ ਸੇਵਾ 'ਚ ਸੰਤਾਂ ਮਹਾਂਪੁਰਸ਼ਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋ 16 ਫਰਵਰੀ ਨੂੰ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਅੱਜ 9 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਗ ਦੇ ਡੇਢ ਕਿਲੋਮੀਟਰ ਸੜਕ ਦੇ ਟੋਟੇ ਨੂੰ ਤਿਆਰ ਕਰਕੇ ਸੰਗਤਾਂ ਨੂੰ ਸਮਰਪਤ ਕਰ ਦਿੱਤਾ ਗਿਆ ਹੈ।