ਮੁਹਾਲੀ ਨੂੰ ਵਿਸ਼ਵ ਦੇ ਚੋਣਵੇਂ ਸ਼ਹਿਰਾਂ ’ਚ ਸ਼ਾਮਲ ਕਰਾਂਗੇ: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 30 ਨਵੰਬਰ
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-74 ਅਤੇ ਸੈਕਟਰ-90 ਨੂੰ ਵੰਡਦੀ ਸੜਕ ਦਾ ਉਦਘਾਟਨ ਕਰ ਕੇ ਆਵਾਜਾਈ ਲਈ ਆਮ ਲੋਕਾਂ ਨੂੰ ਸਮਰਪਿਤ ਕੀਤੀ। ਇਹ ਸੜਕ ਬਣਨ ਨਾਲ ਸ਼ਹਿਰ ਵਾਸੀਆਂ ਦੀ ਪਿਛਲੇ 17 ਸਾਲਾਂ ਦੀ ਲੰਮੀ ਉਡੀਕ ਅੱਜ ਖ਼ਤਮ ਹੋ ਗਈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸੜਕ ’ਤੇ ਆਵਾਜਾਈ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਵਿਧਾਇਕ ਨੇ ਕਿਹਾ ਕਿ ਇਸ ਸੜਕ ਨੂੰ ਲਾਂਡਰਾਂ ਜੰਕਸ਼ਨ ਨਾਲ ਜੋੜਨ ਵਾਲਾ ਹਿੱਸਾ ਵੀ ਜਲਦ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਕਾਸ ਪੱਖੋਂ ਮੁਹਾਲੀ ਨੂੰ ਵਿਸ਼ਵ ਦੇ ਚੋਣਵੇਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਹਰ ਕਦਮ ਚੁੱਕ ਰਹੀ ਹੈ। ਦੇਸ਼ ਜਾਂ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦੀ ਇਸ ਪਹਿਲੀ ਪਸੰਦ ਮੁਹਾਲੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਡਾ. ਐੱਸਐੱਸ ਭੰਵਰਾ, ਪਰਮਜੀਤ ਸਿੰਘ, ਸਟੇਟ ਐਵਾਰਡੀ ਫੂਲਰਾਜ ਸਿੰਘ, ‘ਆਪ’ ਵਾਲੰਟੀਅਰ ਕੁਲਦੀਪ ਸਿੰਘ ਸਮਾਣਾ, ਗੁਰਮੀਤ ਕੌਰ, ਹਰਮੇਸ਼ ਸਿੰਘ ਕੁੰਭੜਾ, ਰਣਦੀਪ ਸਿੰਘ ਬੈਦਵਾਨ, ਜਸਪਾਲ ਸਿੰਘ, ਡਾ. ਕੁਲਦੀਪ ਸਿੰਘ, ਆਰਪੀ ਸ਼ਰਮਾ, ਆਰਐੱਸ ਢਿੱਲੋਂ, ਧੀਰਜ ਕੁਮਾਰ ਗੌਰੀ, ਕੁਲਦੀਪ ਸਿੰਘ ਧੀਮਾਨ, ਅਕਬਿੰਦਰ ਸਿੰਘ ਗੋਸਲ, ਅਮਨਦੀਪ ਸਿੰਘ ਸੋਨਾ, ਤਰਲੋਚਨ ਸਿੰਘ ਮਟੌਰ, ਸੁਖਚੈਨ ਸਿੰਘ, ਅਰੁਣ ਗੋਇਲ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ ਬਾਕਰਪੁਰ ਸਣ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।