For the best experience, open
https://m.punjabitribuneonline.com
on your mobile browser.
Advertisement

ਰੇਹੜੀ ਵਾਲਿਆਂ ਨੂੰ ਦੁਕਾਨਾਂ ਲਈ ਥਾਂ ਦੇਵਾਂਗੇ: ਕੇਜਰੀਵਾਲ

09:13 AM Mar 17, 2024 IST
ਰੇਹੜੀ ਵਾਲਿਆਂ ਨੂੰ ਦੁਕਾਨਾਂ ਲਈ ਥਾਂ ਦੇਵਾਂਗੇ  ਕੇਜਰੀਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਰੇਹੜੀ ਫੜ੍ਹੀ ਵਾਲਿਆਂ ਨੂੰ ਦੁਕਾਨਾਂ ਲਈ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਉਣ ਵਾਸਤੇ ਸਰਵੇਖਣ ਕਰਵਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਕੁਝ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ, ਜਿਸ ਮਗਰੋਂ ਰੇਹੜੀ ਵਾਲਿਆਂ ਨੂੰ ਦੁਕਾਨਦਾਰੀ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਹੋਰ ਦੁਕਾਨਦਾਰਾਂ ਤੇ ਆਵਾਜਾਈ ਵਿੱਚ ਅੜਿੱਕਾ ਨਾ ਪਵੇ। ਕੇਜਰੀਵਾਲ ਨੇ ਕਿਹਾ ਕਿ ਇਹ ਸਰਵੇਖਣ ਦਿੱਲੀ ਨਗਰ ਨਿਗਮ (ਐਮਸੀਡੀ) ਕਰੇਗੀ ਅਤੇ ਦੁਕਾਨ ਲਗਾਉਣ ਲਈ ਰੇਹੜੀ ਫੜ੍ਹੀ ਵਾਲਿਆਂ ਨੂੰ ਜਗ੍ਹਾ ਮੁਹੱਈਆ ਕਰਵਾਏਗੀ। ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੁਣ ਨਿਗਮ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਦਿੱਲੀ ਦੇ ਸਾਰੇ ਸਟ੍ਰੀਟ ਵੈਂਡਰਾਂ ਲਈ ਇੱਕ ਵੱਡੀ ਖਬਰ ਹੈ। ਉਨ੍ਹਾਂ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਸੜਕ ਕਿਨਾਰੇ ਵਿਕਰੇਤਾ ਨੂੰ ਕੰਮ ਚਲਾਉਣਾ ਕਿੰਨਾ ਮੁਸ਼ਕਲ ਹੈ। ਕਦੇ ਪੁਲੀਸ ਰੇਹੜੀ ਵਾਲਿਆਂ ਨੂੰ ਤੰਗ ਕਰਦੀ ਹੈ, ਕਦੇ ਕਮੇਟੀ ਤੇ ਕਦੇ ਅਧਿਕਾਰੀ ਆ ਕੇ ਤੰਗ ਕਰਦੇ ਹਨ| ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ’’। ਉਨ੍ਹਾਂ ਕਿਹਾ ਕਿ ਰੇਹੜੀ-ਫੜ੍ਹੀ ਵਾਲਿਆਂ ’ਤੇ ਦੁਕਾਨਾਂ ਲਗਾਉਣ ਵਾਲੇ ਵੀ ਸਾਡੇ ਭਰਾ-ਭੈਣ ਹਨ ਅਤੇ ਉਹ ਬਹੁਤ ਹੀ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ। ਉਨ੍ਹਾਂ ਲੋਕਾਂ ਲਈ ਵੀ ਵਧੀਆ ਪ੍ਰਬੰਧ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਗਲੀਆਂ ਦੀਆਂ ਸਾਰੀਆਂ ਦੁਕਾਨਾਂ ਦਾ ਸਰਵੇਖਣ ਕੀਤਾ ਜਾਵੇਗਾ। ਜਿੱਥੇ ਕਿਤੇ ਵੀ ਗਲੀ-ਮੁਹੱਲੇ ਦੀਆਂ ਦੁਕਾਨਾਂ ਹਨ, ਉੱਥੇ ਸਰਵੇ ਕੀਤਾ ਜਾਵੇਗਾ ਕਿ ਕਿਹੜੇ ਇਲਾਕੇ ਵਿੱਚ ਕਿੰਨੇ ਦੁਕਾਨਦਾਰ ਹਨ, ਕੌਣ ਕਿੱਥੇ ਬੈਠਦਾ ਹੈ, ਕਿਸ ਤਰ੍ਹਾਂ ਦੀਆਂ ਦੁਕਾਨਾਂ ਹਨ। ਇਸ ਸਰਵੇਖਣ ਵਿੱਚ ਕੁਝ ਮਹੀਨੇ ਲੱਗਣਗੇ। ਫਿਰ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਦੁਕਾਨ ਸਥਾਪਤ ਕਰ ਸਕਣਗੇ ਅਤੇ ਕੋਈ ਵੀ ਉਨ੍ਹਾਂ ਤੋਂ ਰਿਸ਼ਵਤ ਨਹੀਂ ਮੰਗ ਸਕੇਗਾ। ਨਾਲ ਹੀ ਪੁਲੀਸ ਵਾਲੇ, ਕਮੇਟੀ ਵਾਲੇ ਅਤੇ ਅਧਿਕਾਰੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਹੀਂ ਕਰ ਸਕਣਗੇ। ਆਸ-ਪਾਸ ਦੇ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ, ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਹਰ ਕੋਈ ਇਸ ਤਰੀਕੇ ਨਾਲ ਆਰਾਮ ਨਾਲ ਬੈਠ ਜਾਵੇਗਾ।’’

Advertisement

ਭਾਜਪਾ ਵੱਲੋਂ ਕੇਜਰੀਵਾਲ ’ਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਗੁਮਰਾਹ ਕਰਨ ਦੇ ਦੋਸ਼

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਤੇ ਉਨ੍ਹਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭਲੀ-ਭਾਂਤ ਜਾਣਦੇ ਹਨ ਕਿ ਕੇਂਦਰ ਸਰਕਾਰ ਦੀ ਸੁਨਿਧੀ ਸਕੀਮ ਦਾ ਲਾਭ ਲੈ ਕੇ ਨਾ ਸਿਰਫ ਦਿੱਲੀ ਬਲਕਿ ਪੂਰੇ ਭਾਰਤ ਦੇ ਰੇਹੜੀ ਫੜ੍ਹੀ ਵਾਲੇ ਪ੍ਰਧਾਨ ਮੰਤਰੀ ਦੇ ਨਾਲ ਹਨ, ਇਸ ਲਈ ਉਹ ਹੁਣ ਫੜ੍ਹੀ ਵਾਲਿਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਹਲਵਾਈਆਂ ਅਤੇ ਹੋਰ ਸਟਰੀਟ ਵੈਂਡਰਾਂ ਨੂੰ ਗੁਮਰਾਹ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਦਿੱਲੀ ਦੇ 1,75,714 ਸਟ੍ਰੀਟ ਵਿਕਰੇਤਾ ਪ੍ਰਧਾਨ ਮੰਤਰੀ ਸੁਨਿਧੀ ਯੋਜਨਾ ਦਾ ਲਾਭ ਉਠਾ ਚੁੱਕੇ ਹਨ ਅਤੇ ਕੁੱਲ 238.51 ਕਰੋੜ ਰੁਪਏ ਦੇ ਕਰਜ਼ੇ ਪ੍ਰਾਪਤ ਕਰ ਚੁੱਕੇ ਹਨ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ 2021-22 ਵਿਚ ਭਾਜਪਾ ਪ੍ਰਸ਼ਾਸਨ ਨੇ ਉਸ ਸਮੇਂ ਦੇ ਤਿੰਨ ਐਮ.ਸੀ.ਡੀਜ਼ ਵਿਚ ਹਾਕਰਾਂ ਲਈ ਸਟ੍ਰੀਟ ਵੈਂਡਰ ਪਾਲਿਸੀ ਨੂੰ ਅੰਤਿਮ ਰੂਪ ਦਿੱਤਾ ਸੀ ਪਰ ਪਿਛਲੇ ਡੇਢ ਸਾਲ ਦੌਰਾਨ ਆਮ ਆਦਮੀ ਪਾਰਟੀ ਪ੍ਰਸ਼ਾਸਨ ਇਸ ਨੀਤੀ ’ਤੇ ਅੜਿਆ ਹੋਇਆ ਹੈ ਅਤੇ ਸਟ੍ਰੀਟ ਵੈਂਡਰ ਪਾਲਿਸੀ ਦੇ ਤਹਿਤ ਲੋੜੀਂਦੇ ਦੂਜੇ ਸਰਵੇਖਣ ਨੂੰ ਅੱਗੇ ਨਹੀਂ ਵਧਾਇਆ ਗਿਆ।ਹੁਣ ਸਿਆਸੀ ਨੁਕਸਾਨ ਦੀ ਭਰਪਾਈ ਕਰਨ ਲਈ ਅਰਵਿੰਦ ਕੇਜਰੀਵਾਲ ਨੇ ਸਟ੍ਰੀਟ ਵੈਂਡਰ ਪਾਲਿਸੀ ਦਾ ਦੂਜਾ ਸਰਵੇ ਪੂਰਾ ਨਾ ਕਰਨ ਦੇ ਬਾਵਜੂਦ ਹਾਕਰਜ਼ ਪਾਲਿਸੀ ਸਰਵੇ ਲਿਆਉਣ ਦੀਆਂ ਝੂਠੀਆਂ ਗੱਲਾਂ ਅਤੇ ਝੂਠੀਆਂ ਉਮੀਦਾਂ ਨਾਲ ਹਾਕਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement