ਡੀਟੀਸੀ ਦੀ ਬੱਸ ਫੁੱਟਪਾਥ ’ਤੇ ਚੜ੍ਹੀ, ਦੋ ਹਲਾਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਇੱਕ ਸੜਕ ਹਾਦਸੇ ਵਿੱਚ ਕਾਂਸਟੇਬਲ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਥਾਣਾ ਸਿਵਲ ਲਾਈਨਜ਼ ਖੇਤਰ ਦੇ ਰਿੰਗ ਰੋਡ ਮੱਠ ਬਾਜ਼ਾਰ ਦੇ ਬਾਹਰ ਇਕ ਬੇਕਾਬੂ ਹੋਈ ਡੀਟੀਸੀ ਦੀ ਬੱਸ ਫੁੱਟਪਾਥ ’ਤੇ ਚੜ੍ਹ ਗਈ। ਇਸ ਦੌਰਾਨ ਬੱਸ ਨੇ ਇੱਕ ਆਮ ਵਿਅਕਤੀ ਅਤੇ ਥਾਣਾ ਸਿਵਲ ਲਾਈਨਜ਼ ਵਿੱਚ ਤਾਇਨਾਤ ਇੱਕ ਪੁਲੀਸ ਕਾਂਸਟੇਬਲ ਨੂੰ ਦਰੜ ਦਿੱਤਾ। ਹਾਦਸੇ ਵਿੱਚ ਪੁਲੀਸ ਮੁਲਾਜ਼ਮ ਅਤੇ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲੀਸ ਨੇ ਦੱਸਿਆ ਕਿ ਰਾਜਧਾਨੀ ਦੇ ਸਿਵਲ ਲਾਈਨਜ਼ ਖੇਤਰ ਵਿੱਚ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀ ਇੱਕ ਬੱਸ ਬੇਕਾਬੂ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕ ਦਿੱਲੀ ਪੁਲੀਸ ਕਾਂਸਟੇਬਲ ਦੀ ਪਛਾਣ ਵਿਕਟਰ (27) ਵਜੋਂ ਹੋਈ ਹੈ ਜੋ ਨਾਗਾਲੈਂਡ ਦਾ ਰਹਿਣ ਵਾਲਾ ਸੀ ਅਤੇ ਉਹ ਗਸ਼ਤ ਡਿਊਟੀ ’ਤੇ ਸੀ। ਉਹ ਜੂਨ 2023 ਤੋਂ ਸਿਵਲ ਲਾਈਨ ਥਾਣੇ ਵਿੱਚ ਤਾਇਨਾਤ ਸੀ ਜਦਕਿ ਦੂਜੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲੀਸ ਅਨੁਸਾਰ ਇਹ ਘਟਨਾ ਰਾਤ 10.15 ਤੋਂ 10.30 ਵਜੇ ਦੇ ਵਿਚਕਾਰ ਵਾਪਰੀ ਜਦੋਂ ਸਰਾਏ ਕਾਲੇ ਖਾਨ ਆਈਐਸਬੀਟੀ-ਨੰਦ ਨਗਰੀ ਰੂਟ ’ਤੇ ਚੱਲ ਰਹੀ ਇੱਕ ਡੀਟੀਸੀ ਬੱਸ ਬੇਕਾਬੂ ਹੋ ਗਈ, ਜਿਸ ਕਾਰਨ ਇਹ ਫੁੱਟਪਾਥ ’ਤੇ ਚੜ੍ਹ ਗਈ, ਫਿਰ ਇੱਕ ਬੋਰਡ ਵਾਲੇ ਖੰਭੇ ਨਾਲ ਟਕਰਾ ਗਈ।
ਪੁਲੀਸ ਅਨੁਸਾਰ ਬੱਸ ਦੇ ਚਾਲਕ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਹਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਦੂਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।